ਬਾਬਾ ਜੀ ਨਾਲ ਮੇਰੀ ਸਾਂਝ

ਬਾਬਾ ਜੀ ਨਾਲ ਮੇਰੀ ਸਾਂਝ

ਮਲਵਿੰਦਰ ਜੀਤ ਸਿੰਘ ਵੜੈਚ ਨੇ ਪੰਜਾਬ ਦੀ ਇਤਿਹਾਸਕਾਰੀ ਵਿਚ ਨਿਵੇਕਲੀਆਂ ਪੈੜਾਂ ਪਾਈਆਂ ਹਨ। ਉਨ੍ਹਾਂ ਨੇ ਗ਼ਦਰ ਪਾਰਟੀ, ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਅਤੇ ਪੰਜਾਬ ਦੇ ਇਤਿਹਾਸ ਦੀਆਂ ਹੋਰ ਘਟਨਾਵਾਂ ਬਾਰੇ ਵੱਡਮੁੱਲੀਆਂ ਰਚਨਾਵਾਂ ਰਚੀਆਂ ਅਤੇ ਜਾਣਕਾਰੀ ਇਕੱਤਰ ਕੀਤੀ। ਮਲਵਿੰਦਰ ਜੀਤ ਸਿੰਘ ਨੂੰ ਬਾਬਾ ਸੋਹਣ ਸਿੰਘ ਭਕਨਾ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਬਾਬਾ ਜੀ ਦੀ 87 ਸਫ਼ਿਆਂ ਦੀ ਆਪ ਬੀਤੀ ‘ਜੀਵਨ ਸੰਗਰਾਮ: ਆਤਮ ਕਥਾ’ ਮਲਵਿੰਦਰ ਜੀਤ ਸਿੰਘ ਹੋਰਾਂ ਨੇ 1967 ਵਿਚ ਯੁਵਕ ਕੇਂਦਰ ਦੀ ਤਰਫ਼ੋਂ ਛਾਪੀ।

ਮਲਵਿੰਦਰ ਜੀਤ ਸਿੰਘ ਵੜੈਚ ਅਭੁੱਲ ਯਾਦਾਂ

ਮੇਰੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ’ਚ ਬਤੌਰ ਪ੍ਰੋਫ਼ੈਸਰ ਸ਼ੁਰੂਆਤ ਤੋਂ ਕੋਈ ਸਾਢੇ ਤਿੰਨ ਕੁ ਸਾਲ ਮਗਰੋਂ ਸ਼ਹੀਦ ਭਗਤ ਸਿੰਘ ਦੇ ਭਾਣਜੇ (ਬੀਬੀ ਅਮਰ ਕੌਰ ਦੇ ਸਪੁੱਤਰ) ਇਲੈਕਟਰੀਕਲ ਇੰਜੀਨੀਅਰਿੰਗ ਬਰਾਂਚ ’ਚ ਦਾਖ਼ਲ ਹੋਏ ਤੇ ਮੈਂ ਉਨ੍ਹਾਂ ਨੂੰ ਮੂਹਰਲੇ ਬੈਂਚ ’ਤੇ ਬੈਠਿਆ ਦੇਖਿਆ। ਪਹਿਲੀ ਨਜ਼ਰੇ ਹੀ ਮੈਨੂੰ ਪ੍ਰਭਾਵਿਤ ਕਰ ਗਏ। ਝਬਦੇ ਹੀ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਦਾ ਪਤਾ ਲੱਗਾ ਤਾਂ ਡੂੰਘੀ ਸਾਂਝ ਦਾ ਸਮਝੋ ਨੀਂਹ ਪੱਥਰ ਰੱਖਿਆ ਗਿਆ। ਮੈਂ ਤਾਂ ਗ਼ਦਰ ਪਾਰਟੀ ਦੇ 1964 ਵਾਲੇ ਗੋਲਡਨ ਜੁਬਲੀ ਸਮਾਗਮ ’ਤੇ ਜਲੰਧਰ ਦੇਸ਼ਭਗਤ ਹਾਲ ’ਚ ਜਾਣੋਂ ਰਹਿ ਗਿਆ, ਪਰ ਅਜ਼ੀਜ਼ ਜਗਮੋਹਨ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਰੇ ਸਮਾਗਮ ’ਚ ਹਾਜ਼ਰੀ ਭਰੀ ਤੇ ਨਵੀਂ ਜਾਣਕਾਰੀ ਨੋਟ ਵੀ ਕੀਤੀ। (ਮੌਕਾ ਮੇਲ ਹੀ ਸੀ ਕਿ ਗ਼ਦਰ ਪਾਰਟੀ ਦੀ ਗੋਲਡਨ ਜੁਬਲੀ, ਦੇਸ਼ਭਗਤ ਹਾਲ, ਜਲੰਧਰ ਵਿਖੇ ਮਾਰਚ 1964 ਵਿਚ ਮਨਾਈ ਗਈ)। ਫ਼ਾਰਗ਼ ਹੋ ਕੇ ਉਹ ਜਦੋਂ ਮੈਨੂੰ ਮਿਲੇ ਤਾਂ ਗੱਲ ਇੱਥੋਂ ਸ਼ੁਰੂ ਕੀਤੀ ਕਿ ਸਾਰੇ ਬਾਬਿਆਂ ’ਚੋਂ ਮੈਂ ਬਾਬਾ ਭਕਨਾ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ, ਖ਼ਾਸ ਕਰਕੇ ਜਦੋਂ ਉਨ੍ਹਾਂ ਵੰਗਾਰ ਵਾਲੀ ਸੁਰ ’ਚ ਕਿਹਾ, ‘‘ਨੌਜਵਾਨੋ! ਭਾਵੇਂ ਮੈਂ 94 ਵਰ੍ਹਿਆਂ ਦਾ ਹੋ ਗਿਆ ਹਾਂ, ਪਰ ਮੈਂ ਤੁਹਾਡਾ ਵਿਰਸਾ ਸੰਭਾਲ ਕੇ ਰੱਖਿਆ ਹੋਇਐ ਤੇ ਜਿੰਨਾ ਚਿਰ ਤੁਸੀਂ ਮੈਥੋਂ ਇਹ ਲੈ ਨਹੀਂ ਜਾਂਦੇ, ਮੈਂ ਮਰਨਾ ਨਹੀਂ।’’ ਜਗਮੋਹਨ ਨੇ ਖੁਲਾਸਾ ਕੀਤਾ ਕਿ ਇਸ ਬਾਬੇ ਦੇ ਬੋਲ ਅੱਜ ਏਸ ਉਮਰੇ ਸਾਨੂੰ ਐਨਾ ਟੁੰਬ ਰਹੇ ਨੇ ਤਾਂ ਜਦੋਂ ਇਹ ਭਰ ਜਵਾਨ ਹੋਵੇਗਾ, ਉਦੋਂ ਕੀ ਭਾਂਬੜ ਬਾਲਦਾ ਹੋਵੇਗਾ? ਉਸ ਨੇ ਮੈਨੂੰ ਇਹ ਕੁਝ ਦੱਸਿਆ ਤਾਂ ਲੱਗਾ ਕਿ ਸਾਨੂੰ ਛੇਤੀ ਤੋਂ ਛੇਤੀ ਬਾਬੇ ਕੋਲ ਜਾਣਾ ਚਾਹੀਦਾ ਹੈ, ਪਰ ਫਿਰ ਇਹ ਸੋਚਿਆ ਕਿ ਸਾਡੇ ਪੱਲੇ ਅਜਿਹਾ ਕੀ ਕੁਝ ਹੈ, ਜੀਹਦੇ ਸਿਰ ’ਤੇ ਅਸੀਂ ਇਹਦੇ ਹੱਕਦਾਰ ਬਣੀਏ? ਮੁੱਕਦੀ ਗੱਲ, ਮੇਰੀ ਜਕੋਤੱਕੀ ’ਚ ਹੀ ਸਵਾ ਦੋ ਸਾਲ ਬੀਤ ਗਏ। ਅਖੀਰ 1966 ਦੀਆਂ ਗਰਮੀ ਦੀਆਂ ਛੁੱਟੀਆਂ ਦੌਰਾਨ 5 ਜੂਨ 1966 ਦੀ ਰਾਤ ਨੂੰ ਮੈਂ, ਜਗਮੋਹਨ ਅਤੇ ਮੇਰੇ ਭਾਣਜੇ ਰਾਜਿੰਦਰ ਚੀਮਾ ਨੇ ਗੱਡੀ ਫੜ ਕੇ 06-06-1966 ਨੂੰ ਸਵੇਰੇ 6 ਕੁ ਵਜੇ ਬਾਬਾ ਜੀ ਦੇ ਦਰ ’ਤੇ ਦਸਤਕ ਜਾ ਦਿੱਤੀ। ਬਾਬਾ ਜੀ ਬੜੇ ਪਿਆਰ ਨਾਲ ਮਿਲੇ। ਚੂੰਕਿ ਅਸੀਂ ਰਾਹ ’ਚ ਹੀ ਇਕ ਵਗਦੇ ਖੂਹ ਤੋਂ ਨਹਾ-ਧੋਕੇ ਆਏ ਸੀ ਜੋ ਗਿੱਲੇ ਤੌਲੀਏ ਤੇ ਕੱਛਿਆਂ ਤੋਂ ਜ਼ਾਹਰ ਸੀ, ਉਨ੍ਹਾਂ ਫੌਰਨ ਚਾਹ-ਪਾਣੀ ਨਾਲ ਟਹਿਲ-ਸੇਵਾ ਕੀਤੀ। ਉਨ੍ਹਾਂ ਇਹ ਵੀ ਨੋਟ ਕਰ ਲਿਆ ਕਿ ਅਸੀਂ ਪਿੰਡ ਵਾਲੇ ਪਾਸੇ ਦੀ ਬਜਾਏ ਦੁਰਾਡੇ ਰਸਤਿਓਂ ਆਏ ਹਾਂ। ਚਾਹ-ਪਾਣੀ ਤੋਂ ਫਾਰਗ ਹੋ ਕੇ ਜਦੋਂ ਮੈਂ ਆਪਣੀ, ਜਗਮੋਹਨ ਅਤੇ ਰਾਜਿੰਦਰ ਦੀ ਪਛਾਣ ਕਰਾਈ ਤਾਂ ਇਕਦਮ ਫਿੱਸ ਪਏ। ਅੱਖਾਂ ਤੋਂ ਰੁਮਾਲ ਨਾਲ ਅੱਥਰੂ ਪੂੰਝ ਕੇ ਕਿਹਾ ਕਿ ਸਾਨੂੰ (ਮੈਨੂੰ) ਤਾਂ ਮੌਤ ਨੇ ਵੀ ਨਹੀਂ ਸੀ ਕਬੂਲਿਆ। ਫਿਰ ਸੁਰਤ ਸੰਭਾਲਦਿਆਂ ਸਾਥੋਂ ਵਾਰੀ ਵਾਰੀ ਵਧੇਰੇ ਵਾਕਫ਼ੀਅਤ ਲਈ... ਪਰ ਸਾਨੂੰ ਇਹ ਜਾਣ ਕੇ ਹੱਦੋਂ ਪਰ੍ਹੇ ਖ਼ੁਸ਼ੀ ਦੇ ਨਾਲ ਨਿਰਾਸ਼ਾ ਵੀ ਹੋਈ ਕਿ ਐਡੀ ਮਹਾਨ ਹਸਤੀ ਨੇ ਸ਼ਰ੍ਹੇਆਮ ਹੋਕਾ ਦਿੱਤਾ ਹੈ ਤੇ ਸਵਾ ਦੋ ਸਾਲਾਂ ਦੌਰਾਨ ਕੋਈ ਵੀ ਨਹੀਂ ਬਹੁੜਿਆ। ਬਾਬਾ ਜੀ ਨੇ ਗੱਲੀ-ਕੱਥੀਂ ਪਤਾ ਲਾ ਲਿਆ ਕਿ ਮੈਂ ਉਨ੍ਹਾਂ ਦੇ ਕੰਮ ਦਾ ਬੰਦਾ ਹਾਂ, ਉਹ ਇਸ ਲਈ ਕਿ ਬਾਬਾ ਜੀ ਸਿਰਫ਼ ਉਰਦੂ ਵਿੱਚ ਲਿਖਣ ਦੇ ਆਦੀ ਸਨ, ਜੋ ਹੁਣ ਕੋਈ ਨਹੀਂ ਜਾਣਦਾ ਤੇ ਇਸ ਲਈ ਉਨ੍ਹਾਂ ਦੀਆਂ ਲਿਖਤਾਂ ਦੇ ਪੰਜਾਬੀ (ਜਾਂ ਫੇਰ ਹਿੰਦੀ ਜਾਂ ਅੰਗਰੇਜ਼ੀ) ’ਚ ਅਨੁਵਾਦ ਦੀ ਬਹੁਤ ਲੋੜ ਸੀ - ਕੁੱਲ ਮਿਲਾ ਕੇ ਮੇਰੀ ਮੁਨਸ਼ੀ ਦੀ ਨੌਕਰੀ ‘ਪੱਕੀ’ ਹੋ ਗਈ ਜੋ ਮੇਰੀ ਜੀਵਨ ਭਰ ਦੀ ਪਛਾਣ ਹੋ ਨਿਬੜੀ। ਬਾਬਾ ਜੀ ਨੇ ਸਾਨੂੰ ਵਿਦਾ ਕਰਨ ਸਮੇਂ ਸਕੂਲ ਨੇੜੇ ਕੱਚੇ ਲਾਂਘੇ ’ਤੇ ਆਪਣੇ ਵੱਲੋਂ ਲਗਵਾਏੇ ਸ਼ਿਲਾਲੇਖ ਦੇ ਦਰਸ਼ਨ ਕਰਾਏ।

ਮਲਵਿੰਦਰ ਜੀਤ ਸਿੰਘ ਵੜੈਚ

ਕੁਝ ਕੁ ਦਿਨਾਂ ਮਗਰੋਂ ਜਦੋਂ ਅਜ਼ੀਜ਼ ਜਗਮੋਹਨ ਉੱਥੇ ਗਏ ਤਾਂ ਵਾਪਸ ਆ ਕੇ ਉਨ੍ਹਾਂ ਦੱਸਿਆ ਕਿ ਬਾਬਾ ਜੀ ਤੁਹਾਨੂੰ ‘‘ਯਾਦ ਕਰਦੇ ਸੀ’’ ਤੇ ਮੈਂ ਬਗ਼ੈਰ ਢਿੱਲ ਦੇ ਪਹਿਲੇ ਸ਼ਨਿੱਚਰਵਾਰ ਜਾ ਹਾਜ਼ਰੀ ਭਰੀ। ਚਾਹ-ਪਾਣੀ ’ਤੋਂ ਵਿਹਲੇ ਹੋਏ ਤਾਂ ਬਾਬਾ ਜੀ ਆਪ ਤਾਂ ਮੰਜੇ ’ਤੇ ਬਿਰਾਜ ਗਏ ਤੇ ਮੈਨੂੰ ਸਾਹਮਣੇ ਕੁਰਸੀ ’ਤੇ ਬਿਠਾ ਲਿਆ। ਸੱਜੇ ਹੱਥ ਦੀ ਅੰਗੂਠੇ ਨਾਲ ਦੀ ਉਂਗਲੀ ਉੱਘਰਦਿਆਂ ਤੇ ਮੇਰੀਆਂ ਅੱਖਾਂ ’ਚ ਮੇਰੀ ਅੰਤਰਆਤਮਾ ਨੂੰ ਟੁੰਬਦੇ ਹੋਏ ਬੋਲੇ, ‘‘ਵੇਖੋ, ਅੱਜ ਤੋਂ ਤੁਸੀਂ ਮੇਰੇ ਪ੍ਰੋਫ਼ੈਸਰ ਤੇ ਮੈਂ ਤੁਹਾਡਾ ਨੌਜਵਾਨ ਸ਼ਾਗਿਰਦ। ਮੈਂ ਜੋ ਲਿਖਤ ਪੜ੍ਹ ਕੇ ਸੁਣਾਉਣ ਲੱਗਾਂ, ਉਸ ਨੂੰ ਹੂ-ਬ-ਹੂ ਇਸ ਤਰ੍ਹਾਂ ਈ ਸੁਣਿਉਂ ਜਿਵੇਂ ਮੈਂ ਤੁਹਾਡਾ ਨੌਜਵਾਨ ਸ਼ਾਗਿਰਦ ਹੋਵਾਂ!’’ ਮੈਂ ਮੁਸ਼ਕਿਲ ਨਾਲ ਸੰਭਲਦਿਆਂ ਆਪਣੀ ਲੱਤ ’ਤੇ ਚੂੰਢੀ ਭਰਨ ਨੂੰ ਫਿਰਾਂ ਕਿ ਸੱਚਮੁੱਚ ਮੈਂ ਉਸ ਮਹਾਨ ਜ਼ਿੰਦਾ ਸ਼ਹੀਦ ਦੇ ਸਨਮੁੱਖ ਬੈਠਾ ਹਾਂ...। ਖ਼ੈਰ! ਮੈਂ ਉਸ ਪੈਂਫ਼ਲਿਟ ਦਾ ਖਰੜਾ ਸੰਭਾਲਿਆ ਤੇ ਪੜ੍ਹਣਾ ਸ਼ੁਰੂ ਕਰਨ ਤੋਂ ਪਹਿਲਾਂ ਬਾਬੇ ਨੇ ਜ਼ੋਰ ਦੇ ਕੇ ਕਿਹਾ, ‘‘ਮੇਰਾ ਅਹਿਦ ਹੈ ਕਿ ਕੁਝ ਵੀ ਛਾਪਣੋਂ ਪਹਿਲਾਂ ਕਿਸੇ ਆਜ਼ਾਦ ਵਿਅਕਤੀ ਦੀ ਰਾਇ ਸਰਪਰ ਲੈ ਲਵਾਂ ਕਿ ਵਾਕਈ ਇਹ ਕੁਝ ਛਾਪਣਾ ਚਾਹੀਦੈ ਤੇ ਇਸੇ ਰੂਪ ’ਚ ਹੀ। ਇਹ ਦੋਵੇਂ ਸ਼ਰਤਾਂ ਪੂਰੀਆਂ ਹੋਣ ’ਤੇ ਹੀ ਇਹਨੂੰ ਛਾਪਣੈ।’’ ਉਨ੍ਹਾਂ ਅਖੀਰ ਤਕ ਇਸ ਨੂੰ ਮੁਕਾ ਕੇ ਹੀ ਸਾਹ ਲਿਆ। ਵੈਸੇ ਸਫ਼ਿਆਂ ਦੇ ਹਿਸਾਬ ਨਾਲ ਇਹ ਕਿਤਾਬਚਾ ਹੀ ਸੀ। ਮੈਂ ਉੱਥੋਂ ਮੁੜਣ ਤੋਂ ਪਹਿਲਾਂ ਤਾਂ (ਸੁਭਾਵਿਕ ਤੌਰ ’ਤੇ) ਪੰਜਾਬੀ ਵਿੱਚ ਹੀ ਤਰਜਮਾ ਕੀਤਾ ਤੇ ਜਾ ਹਾਜ਼ਰੀ ਭਰੀ। ਬਾਬਾ ਜੀ ਨੇ ਆਪਣਾ ਖਰੜਾ ਮੂਹਰੇ ਰੱਖਦਿਆਂ ਮੇਰਾ ਤਰਜਮਾ ਸੁਣਿਆ ਤਾਂ ਮੈਨੂੰ ਅਥਾਹ ਖ਼ੁਸ਼ੀ ਹੋਈ ਕਿ ਸਿਵਾਏ ਛੁਟ-ਪੁਟ ਉਕਾਈਆਂ ਦੇ ਮੇਰਾ ਉਲਥਾ ਪਾਸ ਹੋ ਗਿਆ (ਸਮਝੋ ਪੱਪੂ ਪਾਸ ਹੋ ਗਿਆ)। ਕੁਝ ਕੁ ਦਿਨਾਂ ਮਗਰੋਂ ਅਸੀਂ ਦੋਵੇਂ ਮੀਆਂ-ਬੀਵੀ ਇਕੱਠੇ ਭਕਨੇ ਗਏ ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਜਿੱਥੇ ਮੀਆਂ ਬੀਵੀ (ਕਾਮਰੇਡ ਸਤਪਾਲ ਤੇ ਵਿਮਲਾਾ ਡਾਂਗ ਵਾਂਗ) ਇਕੱਠੇ ਮੈਦਾਨ ’ਚ ਆਉਣ ਤਾਂ ਉਹਦੀ ਕੋਈ ਰੀਸ ਨਹੀਂ। ਜ਼ਿਕਰਯੋਗ ਹੈ ਕਿ ਮੈਂ ਛੇਤੀ ਹੀ ਮਨ ਬਣਾ ਲਿਆ ਕਿ ਨੌਕਰੀ ਛੱਡ ਕੇ ਇਧਰ ਹੀ ਜੁਟ ਜਾਵਾਂ, ਪਰ ਬਾਬਾ ਜੀ ਨੇ ਰੋਕ ਦਿੱਤਾ ਤੇ ਕਿਹਾ ਕਿ ਸਾਡੇ ਵੇਲੇ ਹੋਰ ਸਨ, ਹੁਣ ਉਹ ਨਹੀਂ। ਸਭ ਤੋਂ ਪਹਿਲਾਂ ਬਤੌਰ ਅਧਿਆਪਕ ਆਪਣੇ ਫ਼ਰਜ਼ ਨਾਲ ਨਿਆਂ ਕਰੋ, ਆਪਣੇ ਘਰ ਪਰਿਵਾਰ ਦਾ ਪੂਰਾ ਖ਼ਿਆਲ ਰੱਖੋ, ਆਪਣੀ ਸਿਹਤ ਵੱਲੋਂ ਚੁਸਤ-ਦਰੁਸਤ ਰਹੋ ਅਤੇ ਇਹ ਕੁਝ ਕਰਦਿਆਂ ਜੋ ਵੀ ਬਣੇ-ਸਰੇ ਉਹਦੇ ’ਚ ਕੁਤਾਹੀ ਨਾ ਕਰੋ, ਪਰ ਕਿਸੇ ਹਾਲਤ ’ਚ ਲੋਕਾਂ ਦੇ ਗਾਈਡ ਨਹੀਂ ਬਣਨਾ। ਤੁਸੀਂ ਸਿਰਫ਼ ਇਹੋ ਵਿਰਸਾ ਹੀ ਉਨ੍ਹਾਂ ਮੂਹਰੇ ਰੱਖਣੈ। ਅੱਗੋਂ ਉਨ੍ਹਾਂ ਕੀ ਕਰਨੈ (ਜਾਂ ਨਹੀਂ) ਇਹ ਸਭ ਉਨ੍ਹਾਂ ’ਤੇ ਛੱਡ ਦਿਓ। ਕਿਸੇ ਹਾਲਤ ਵਿਚ ਵੀ ਚੌਧਰ ਤੋਂ ਬਚੇ ਰਹਿਣਾ ਤਾਂ ਫਿਰ ਲੰਮੇ ਤੌਰ ’ਤੇ ਤੁਹਾਡਾ ਕੰਮ ਚੜ੍ਹਦੀਆਂ ਤੋਂ ਚੜ੍ਹਦੀਆਂ ਕਲਾ ’ਚ ਜਾਏਗਾ।

ਰਚਨਾ ‘ਜੀਵਨ ਸੰਗਰਾਮ’ ਦੀ

ਮੈਂ ਜਦੋਂ ਬਾਬਾ ਜੀ ਪਾਸੋਂ ਉਨ੍ਹਾਂ ਦੇ ਜੀਵਨ ਦੀਆਂ ਇਨਕਲਾਬੀ ਸਰਗਰਮੀਆਂ ਬਾਰੇ ਸੁਣਿਆ ਤਾਂ ਇਹ ਕਹੇ ਬਿਨਾਂ ਨਾ ਰਹਿ ਸਕਿਆ ਕਿ ਇਹ ਸਭ ਕੁਝ ਤਾਂ ਲੋਕਾਈ ਨੂੰ ਤੇ ਖ਼ਾਸਕਰ ਨੌਜਵਾਨਾਂ ਨੂੰ ਦੱਸਣਾ ਚਾਹੀਦੈ। ਇਹ ਸੁਣ ਕੇ ਉਨ੍ਹਾਂ ਦਾ ਟਕਸਾਲੀ ਜੁਆਬ ਸੀ, ‘‘ਮੇਰੀ ਧਾਰਨਾ ਹੈ ਕਿ ਜਿੰਨਾ ਚਿਰ ਕੋਈ ਇਨਸਾਨ ਜਿਉਂਦਾ ਹੈ ਓਨੀ ਦੇਰ ਨਾ ਤਾਂ ਉਹਦਾ ਜਨਮ ਦਿਨ ਜਾਂ ਹੋਰ ਉਤਸਵ ਮਨਾਉਣਾ ਚਾਹੀਦੈ, ਕਿਉਂ ਜੋ ਕੀ ਪਤੈ ਉਹ ਮਰਨੋਂ ਪਹਿਲਾਂ ਕੋਈ ਅਜਿਹੀ ਹਰਕਤ ਕਰੇ ਕਿ ਲੋਕੀ ਵਾਹੋ-ਦਾਹੀ ਆਖਣ ‘ਲਓ ਇਹਨੇ ਕੀ ਕਰਤੂਤ ਕਰ ਵਿਖਾਈ ਏ’!’’ ਮੈਂ ਸੁਣ ਕੇ ਕਿਹਾ ਬਾਬਾ ਜੀ ਜੇ ਇਹੀ ਗੱਲ ਹੈ ਤਾਂ ਤੁਸੀਂ ਵੀ ਮੌਲਾਨਾ ਆਜ਼ਾਦ ਵਾਂਗ ਲਿਖ ਦੇਣਾ ਕਿ ਇਹ ਮੇਰੀ ਮੌਤ ਤੋਂ ਪਿੱਛੇ ਹੀ ਛਾਪੀ ਜਾਵੇ। ਬਾਬਾ ਜੀ ਨੂੰ ਹੋਰ ਕੋਈ ਦਲੀਲ ਨਾ ਅਹੁੜੀ ਤੇ ਕਹਿਣ ਲੱਗੇ, ‘‘ਖ਼ੈਰ! ਮੈਂ ਹੋਰ ਸੋਚ ਲਵਾਂ।’’ ਅਖੀਰ ਜਦੋਂ ਖਰੜਾ ਮੁਕੰਮਲ ਹੋ ਗਿਆ ਤਾਂ ਕਹਿਣ ਲੱਗੇ, ‘‘ਇਹਨੂੰ ਇਸੇ ਤਰ੍ਹਾਂ ਹੀ ਪਈ ਰਹਿਣ ਦਿਉ।’’ ਕੁਝ ਕੁ ਅਰਸੇ ਪਿੱਛੋਂ ਕਹਿਣ ਲੱਗੇ ਕਿ ਛਾਪ ਦਿਓ। ਮੈਂ ਹੈਰਾਨਗੀ ਨਾਲ ਪੁੱਛਿਆ, ‘‘ਇੰਜ ਕਿਉਂ?’’ ਤਾਂ ਕਹਿਣ ਲੱਗੇ, ‘‘ਇਕ ਤਾਂ ਇਹ ਕਿ ਕੋਈ ਮੇਰੇ ਵਾਂਗ ਵਿਗੜਿਆ ਹੋਇਆ ਨੌਜਵਾਨ ਸ਼ਾਇਦ ਸੋਚ ਲਵੇ ਕਿ ਜੇ ਸੋਹਨ ਸਿੰਘ ਦਸ ਸਾਲ (16-26 ਸਾਲ) ਅੱਯਾਸ਼ੀ ਕਰਕੇ ਸੁਧਰ ਸਕਦਾ ਹੈ ਤਾਂ ਹੋ ਸਕਦੈ ਮੈਂ ਵੀ ਸੁਧਰ ਜਾਵਾਂ ਤੇ ਦੂਜੇ ਥਾਈਂ ਜੋ ਕੁਝ ਮੈਂ ਲਿਖਿਆ ਉਹ ਸਾਡੇ ਆਜ਼ਾਦੀ ਸੰਗਰਾਮ ਦਾ ਹਿੱਸਾ ਹੈ। ਕੱਲ੍ਹ ਨੂੰ ਜੇ ਕੋਈ ਇਹ ਕਹੇ ਕਿ ਬੁੱਢਾ ਗੱਪ ਮਾਰ ਗਿਐ, ਤਾਂ ਮੈਂ ਖ਼ੁਦ ਉਹਦਾ ਜਵਾਬ ਦੇ ਸਕਾਂ।’’ ਸੱਚਮੁੱਚ ਹੋਇਆ ਵੀ ਇੰਜ ਹੀ! ਪਰ, ਇਸ ਪ੍ਰਸੰਗ ’ਚ ਨਿਵੇਕਲੀ ਗੱਲ ਬਾਬਾ ਜੀ ਦਾ ਇਕ ਨੌਜਵਾਨ ਦੀਆਂ ਛਪੀਆਂ ਹੋਈਆਂ ਟਿੱਪਣੀਆਂ ਦਾ ਪ੍ਰਤੀਕਰਮ ਸੀ। ਉਸ ਯੁਵਕ ਨੇ ਦੋਸ਼ ਲਾਇਆ ਕਿ ਇਕ ਵਿਗੜੇ ਨੌਜਵਾਨ ਨੂੰ ਨਾਮਧਾਰੀ ਬਾਬਾ ਕੇਸਰ ਨੇ ‘ਸੁਧ’ ਕਰ ਦਿੱਤਾ ਜਿਸ ਨੇ ਫਿਰ ਪਿੱਛੋਂ ਜਾ ਕੇ ਗ਼ਦਰ ਪਾਰਟੀ ਬਣਾਈ ਜਿਸ ਦਾ ਜ਼ਿਕਰ ਸਿਰਫ਼ ਵਿਖਾਵੇ ਮਾਤਰ ਕੀਤਾ ਗਿਆ ਹੈ। ਉਹਦਾ ਭਾਵ ਸੀ ਕਿ ਗ਼ਦਰ ਪਾਰਟੀ ਦੇ ਚਾਰ-ਪੰਜ ਸਾਲਾਂ ਦੇ ਟਾਕਰੇ ਬਾਬੇ ਨੇ ਕਮਿਊਨਿਸਟ ਲਹਿਰ ’ਚ ਐਨਾ ਪੈਂਡਾ ਤੈਅ ਕੀਤਾ ਹੈ ਤੇ ਉਹਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ।’’ ਬਾਬਾ ਜੀ ਨੇ ਕਿਹਾ, ‘‘ਮੈਨੂੰ ਤੁਹਾਡੀ ਟਿੱਪਣੀ ਪੜ੍ਹ ਕੇ ਖ਼ੁਸ਼ੀ ਵੀ ਹੋਈ ਹੈ ਤੇ ਅਫ਼ਸੋਸ ਵੀ। ਖ਼ੁਸ਼ੀ ਇਸ ਗੱਲ ਦੀ ਕਿ ਅਜੋਕਾ ਨੌਜਵਾਨ ਕਿਸੇ ਵੀ ਗੱਲ ਨੂੰ ਅੱਖਾਂ ਮੀਟ ਕੇ ਨਹੀਂ ਮੰਨ ਲੈਂਦਾ ਤੇ ਦੁੱਖ ਇਸ ਗੱਲ ਦਾ ਨਹੀਂ ਕਿ ਮੇਰੀ ਰਚਨਾ ਦੀ ਨੁਕਤਾਚੀਨੀ ਹੋਈ ਹੈ, ਬੇਸ਼ੱਕ ਜੇ ਮੈਨੂੰ ਲਿਖਣ ਦਾ ਹੱਕ ਹੈ ਤਾਂ ਨੁਕਤਾਚੀਨੀ ਕਰਨ ਵਾਲੇ ਨੂੰ ਵੀ ਬਰਾਬਰ ਦਾ ਹੱਕ ਹਾਸਲ ਹੈ। ਦੁੱਖ ਸਿਰਫ਼ ਇਸ ਗੱਲ ਦਾ ਹੈ ਕਿ ਛਾਪਣੋਂ ਪਹਿਲਾਂ ਉਸ ਨੌਜਵਾਨ ਨੂੰ ਮੈਥੋਂ ਪੁੱਛਣਾ ਚਾਹੀਦਾ ਸੀ ਕਿ ਮੈਂ ਅਜਿਹਾ ਕਿਉਂ ਕੀਤੈ? ਜੇ ਮੇਰੇ ਜਵਾਬ ਤੋਂ ਉਹ ਸੰਤੁਸ਼ਟ ਨਾ ਹੁੰਦਾ ਤਾਂ ਉਹ ਬੇਸ਼ੱਕ ਛਾਪ ਦੇਂਦਾ।’’ ਗੱਲ ਅਸਲ ’ਚ ਇਹ ਸੀ ਕਿ ਪਿਛਲੇਰੇ ਦੌਰ ਵੇਲੇ ਦੇ ਕਈ ਸਾਥੀ ਅਜੇ ਜੀਵਤ ਸਨ ਜੋ ਉਹਦੇ ਨਾਲ ਨਿਆਂ ਕਰ ਸਕਦੇ ਸੀ, ਜਿੱਥੇ ਕਿ ਮੂਲ ਗ਼ਦਰ ਲਹਿਰ ਬਾਰੇ ਲਿਖਣ ਲਈ ਕੋਈ ਵਿਰਲਾ ਹੀ ਉਪਲੱਬਧ ਸੀ। ‘‘ਜਦੋਂਕਿ ਮੇਰੀ ਹਰ ਰਚਨਾ ਦਾ ਮੂਲ ਖਰੜਾ ਮੇਰੇ ਹੱਥ ਹੁੰਦਾ ਸੀ ਤੇ ਨੌਜਵਾਨ ਆਪਣਾ ਅਨੁਵਾਦ ਪੜ੍ਹਦਾ ਜਾਂਦਾ ਤੇ ਮੈਂ ਨੀਝ ਨਾਲ ਵਾਚਦਾ ਰਹਿੰਦਾ ਤਾਂ ਕਿ ਰਤਾ ਜਿੰਨੀ ਉਕਾਈ ਵੀ ਨਾ ਰਹੇ, ਇਸ ਤੋਂ ਪਿੱਛੋਂ ਹੀ ਉਹਨੂੰ ਛਾਪਿਆ ਜਾਂਦਾ ਸੀ।’’ * * * ਬਾਬਾ ਜੀ ਨੇ ‘ਜੀਵਨ ਕਰਤੱਵ’ ਨਾਂ ਦਾ ਪੈਂਫਲਿਟ ਲਿਖਿਆ। ਉਨ੍ਹਾਂ ਇਸ ਦਾ ਸਿਰਲੇਖ ‘ਧਰਮ’ ਦਿੱਤਾ ਸੀ, ਪਰ ਮੈਂ ਜਦੋਂ ਤਰਜਮਾ ਕਰ ਰਿਹਾ ਸਾਂ, ਮੈਨੂੰ ਜਾਪਿਆ ਕਿ ਲਫ਼ਜ਼ ‘ਧਰਮ’ ਦੇ ਕਈ ਰੂਪ ਹਨ ਜੋ ਪਾਠਕਾਂ ਨੂੰ ਘੁੰਮਣਘੇਰੀ ’ਚ ਪਾ ਦੇਣਗੇ। ਸੋ ਮੈਂ ਆਪਣੇ ਆਪ ਹੀ ਇਹਦਾ ਸਿਰਲੇਖ ‘ਜੀਵਨ ਕਰਤੱਵ’ ਥਾਪ ਕੇ ਛਪਵਾ ਦਿੱਤਾ। ਜਦੋਂ ਬਾਬਾ ਜੀ ਨੇ ਕਿਹਾ ਕਿ ‘‘ਤੁਸੀਂ ਬਿਲਕੁਲ ਠੀਕ ਹੀ ਕੀਤਾ ਹੈ।’’ ਤਾਂ ਮੈਨੂੰ ਹਾਰਦਿਕ ਸੰਤੁਸ਼ਟੀ ਹੋਈ। 16 ਨਵੰਬਰ 1967 ਨੂੰ ਬਾਬਾ ਜੀ ਨੇ ਆਪਣੇ ਨੌਜਵਾਨ ‘ਜਰਨੈਲ’ (ਕਰਤਾਰ ਸਿੰਘ ਸਰਾਭਾ) ਨੂੰ ਯਾਦ ਕਰਦਿਆਂ ਇਹ ਪੈਂਫ਼ਲਿਟ ਛਪਵਾਇਆ ਸੀ। ਬਾਬਾ ਜੀ ਦੇ ਰੋਮ ਰੋਮ ’ਚ ਸਰਾਭਾ ਵਸਿਆ ਹੋਇਆ ਸੀ। ਸ਼ਾਇਦ ਹੀ ਕਦੇ ਬਾਬਾ ਜੀ ਉਹਦੀ ਬਰਸੀ ’ਤੇ ਐਨਾ ਪੰਧ ਕਰਕੇ ਉਹਦੇ ਪਿੰਡ ਨਾ ਪਹੁੰਚੇ ਹੋਣ ਤੇ ਅਖੀਰ 16 ਨਵੰਬਰ 1968 ਨੂੰ ਲੁਧਿਆਣਾ ਸ਼ਹਿਰ ’ਚ ਉਹਦਾ ਬਰਸੀ ਸਮਾਗਮ ਹੀ ਉਨ੍ਹਾਂ ਲਈ ਘਾਤਕ ਹੋ ਨਿੱਬੜਿਆ। ਉਸ ਦਿਨ ਲੁਧਿਆਣੇ ਦੇ ਗਿੱਲ ਰੋਡ ਲੇਬਰ ਚੌਕ ’ਤੇ ਸਮਾਗਮ ਵਿੱਢਿਆ ਗਿਆ ਜਿੱਥੇ ਲਗਭਗ ਸਾਰੇ ਜੀਵਤ ਬਾਬੇ, ਰਾਜਾ ਮਹਿੰਦਰ ਪ੍ਰਤਾਪ, ਕਾਮਰੇਡ ਤੇਜਾ ਸਿੰਘ ਸੁਤੰਤਰ ਵਰਗੀਆਂ ਪ੍ਰਸਿੱਧ ਹਸਤੀਆਂ ਹਾਜ਼ਰ ਸਨ, ਪਰ ਸਰੋਤੇ ਟਾਵੇਂ-ਟਾਵੇਂ ਹੀ। ਬਾਬਾ ਜੀ ਨੇ ਪੈਂਦਿਆਂ ਸਾਰ ਹੀ ਕਿਹਾ, ‘‘ਕੀ ਅਸੀਂ (ਮੈਂ) ਇਹੋ ਦਿਨ ਵੇਖਣ ਲਈ ਹੀ ਬਚੇ ਰਹੇ - ਮੇਰਾ ਜਰਨੈਲ ਕਰਤਾਰ ਤੇ ਇਹ ਹਾਜ਼ਰੀ!’’ ਉਨ੍ਹਾਂ ਦਾ ਇਸ਼ਾਰਾ ਕਮਿਊਨਿਸਟ ਲਹਿਰ ਦੀ ਪਾਟੋ-ਧਾੜ ਵੱਲ ਸੀ। ਉਸ ਰਾਤ ਬਾਬਾ ਜੀ ਨਾਲ ਬਾਬਾ ਹਰੀ ਸਿੰਘ ਉਸਮਾਨ ਅਤੇ ਬਾਬਾ ਮੁਨਸ਼ੀ ਸਿੰਘ ‘ਦੁਖੀ’ ਵੀ ਮੇਰੇ ਕਾਲਜ ਵਾਲੇ ਮਕਾਨ ’ਚ ਹੀ ਠਹਿਰੇ ਸਨ। ਬਾਬਾ ਜੀ ਸਾਰੀ ਰਾਤ ਬੇਚੈਨ ਹੀ ਰਹੇ ਤੇ ਸਵੇਰੇ ਕਾਮਰੇਡ ਸੁਤੰਤਰ ਦੀ ਜੀਪ ’ਚ ਪਿੰਡ ਨੂੰ ਰਵਾਨਾ ਹੋ ਗਏ। ਫਿਰ ਕੁਝ ਹੀ ਦਿਨਾਂ ਮਗਰੋਂ ਅਖ਼ਬਾਰ ’ਚ ਖ਼ਬਰ ਆਈ ਕਿ ਬਾਬਾ ਜੀ ਨੂੰ ਨਮੂਨੀਆ ਹੋ ਗਿਆ ਹੈ। ਅਸੀਂ ਫੌਰੀ ਖ਼ਬਰ ਲੈਣ ਲਈ ਪਿੰਡ ਪਹੁੰਚੇ ਤਾਂ ਕੁਝ ਤਸੱਲੀ ਜਿਹੀ ਹੋਈ ਕਿ ਘੱਟੋ-ਘੱਟ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ। ਜਿਵੇਂ ਉਨ੍ਹਾਂ ਦਾ ਸੁਭਾਅ ਸੀ, ਉਨ੍ਹਾਂ ਨੇ ਸਾਨੂੰ ਮੀਆਂ-ਬੀਵੀ ਨੂੰ ਕਿਹਾ, ‘‘ਬੀਬਾ, ਤੁਸੀਂ ਕਿਉਂ ਖੇਚਲ ਕੀਤੀ ਏ, ਹੁਣ ਜਾਉ ਤੇ ਆਪਣੇ ਫ਼ਰਜ਼ ਨਿਭਾਉ।’’ ਫੇਰ ਮੈਂ ਆਪਣੀਆਂ ਨਵੰਬਰ-ਦਸੰਬਰ ਦੀਆਂ ਛੁੱਟੀਆਂ ਦੌਰਾਨ ਬਾਬਾ ਜੀ ਨਾਲ ਪਿੰਡ ਅਤੇ ਫਿਰ ਸਿਵਲ ਹਸਪਤਾਲ ਅੰਮ੍ਰਿਤਸਰ ਰਿਹਾ। ਇਸ ਦੌਰਾਨ ਜਿਹੜਾ ਵੀ ਉਨ੍ਹਾਂ ਦਾ ਹਾਲ-ਚਾਲ ਪੁੱਛੇ, ਉਹ ਲੁਧਿਆਣੇ ਵਾਲੇ ਸਮਾਗਮ ਦਾ ਜ਼ਿਕਰ ਹੀ ਕਰਨ ਤੇ ਕਹਿਣ, ‘‘ਅੰਤਰਰਾਸ਼ਟਰੀ ਕਮਿਊਨਿਸਟ ਲਹਿਰ ਦੀ ਫੁੱਟ ਨੇ ਸਾਮਰਾਜਵਾਦ ਦੀ ਉਮਰ ਲੰਮੀ ਕਰ ਦਿੱਤੀ ਏ ਤੇ ਕੌਮੀ ਲਹਿਰ ਦੀ ਫੁੱਟ ਨੇ ਦੇਸੀ ਸਰਮਾਏਦਾਰੀ ਦੀ... ਤੇ ਮੇਰੀ ਉਮਰ ਛੋਟੀ ਕਰ ਦਿੱਤੀ ਏ।’’ ਖੁਸ਼ਕਿਸਮਤੀ ਨਾਲ ਇਹ ਗੱਲਾਂ ਟੇਪ-ਰਿਕਾਰਡਡ ਵੀ ਹਨ ਜੋ ਉਨ੍ਹਾਂ ਦੇ ਪਿੰਡ ਦੇ ਦੇਸ਼ਭਗਤ ਮਿੱਤਰ ਸਰਦਾਰ ਸੂਰਤ ਸਿੰਘ ਜੀ ਦਾ ਸੀ। ਇੱਕ ਦਿਨ ਹਸਪਤਾਲ ’ਚ ਮੈਂ ਉਨ੍ਹਾਂ ਨੂੰ ਦੁੱਧ ਪੀਣ ਲਈ ਕਿਹਾ ਤਾਂ ਕਹਿੰਦੇ, ‘‘ਮੇਰੀ ਜਨਤਾ ਭੁੱਖੀ ਮਰ ਰਹੀ ਏ।’’ ਪਹਿਲਾਂ ਜਦੋਂ ਕਾਮਰੇਡ ਸਤਪਾਲ ਡਾਂਗ ਨੇ ਗਵਰਨਰ ਨੂੰ ਮਿਲ ਕੇ (ਉਦੋਂ ਪੰਜਾਬ ’ਚ ਗਵਰਨਰ ਰਾਜ ਸੀ) ਉਨ੍ਹਾਂ ਨੂੰ ਸਪੈਸ਼ਲ ਵਾਰਡ ’ਚ ਸ਼ਿਫਟ ਕਰਨ ਲਈ ਕਿਹਾ ਤਾਂ ਕਹਿਣ ਲੱਗੇ, ‘‘ਮੈਂ ਕਿਸੇ ਕੀਮਤ ’ਤੇ ਵੀ ਆਪਣੇ ‘ਜਨਤਕ ਵਾਰਡ’ ਨੂੰ ਬੇਦਾਵਾ ਦੇ ਕੇ ਨਹੀਂ ਜਾਣਾ।’’ ਇੱਕ ਦਿਨ ਦਵਾਈ ਲੈਣ ਲੱਗਿਆਂ ਨਾਂਹ-ਨੁੱਕਰ ਕਰਨ ਲੱਗੇ ਤਾਂ ਮੈਨੂੰ ਸੁੱਝਿਆ ਤੇ ਕਿਹਾ, ‘‘ਬਾਬਾ ਜੀ, ਤੁਸੀਂ ਇੱਥੇ ਮਰੀਜ਼ ਹੋ ਤੇ ਮਰੀਜ਼ ਦਾ ਕਰਤੱਵ ਹੈ ਦਵਾਈ ਲੈਣਾ।’’ ਉਨ੍ਹੀਂ ਦਿਨੀਂ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਵੀ ਕਿਧਰੋਂ ਹਵਾਈ ਅੱਡੇ ਤੋਂ ਸਿੱਧੇ ਬਾਬਾ ਜੀ ਦੀ ਖ਼ਬਰ ਲੈਣ ਲਈ ਆਏ (ਉਹ ਪਹਿਲਾ ਭਕਨੇ ਵੀ ਖ਼ਬਰ ਲੈਣ ਆਏ ਸਨ) ਤਾਂ ਇਤਫ਼ਾਕ ਨਾਲ ਉਹ ਵੇਲਾ ਮੁਲਾਕਾਤੀਆਂ ਲਈ ਖੁੱਲ੍ਹਾ ਨਹੀਂ ਸੀ। ਕਰਮਚਾਰੀ ਉਨ੍ਹਾਂ ਨੂੰ ਅੰਦਰ ਆਉਣੋਂ ਮਨ੍ਹਾ ਕਰ ਰਹੇ ਸਨ। ਸਬੱਬ ਨਾਲ ਮੈਨੂੰ ਪਤਾ ਲੱਗਾ ਤੇ ਮੈਂ ਜਾ ਕੇ ਹਸਪਤਾਲ ਦੇ ਕਰਮਚਾਰੀਆਂ ਦੇ ਕੰਨਾਂ ਵਿੱਚ ਕਿਹਾ ਕਿ ਐਡੀ ਮਹਾਨ ਸ਼ਖ਼ਸੀਅਤ ਨੂੰ ਮਨ੍ਹਾ ਕਰਨਾ ਵਾਜਬ ਨਹੀਂ ਤਾਂ ਉਨ੍ਹਾਂ ਨੂੰ ਅੰਦਰ ਆਉਣ ਦਿੱਤਾ ਗਿਆ। ਜਦੋਂ ਮੈਂ ਉਨ੍ਹਾਂ ਨੂੰ ਵਿਦਾ ਕਰਨ ਲਈ ਗਿਆ ਤਾਂ ਉਨ੍ਹਾਂ ਫਰਮਾਇਆ, ‘‘ਪਹਿਲਾਂ ਤਾਂ ਸਾਡੀ ਅਰਦਾਸ ਹੈ ਕਿ ਬਾਬਾ ਜੀ ਸਿਹਤਯਾਬ ਹੋ ਜਾਣ। ਨਹੀਂ ਤਾਂ ਇਨ੍ਹਾਂ ਦੇ ਅੰਤਮ ਸਵਾਸ ਇਨ੍ਹਾਂ ਦੇ ਆਸ਼ਰਮ ’ਚ ਹੀ ਗੁਜ਼ਰਨ...’’ ਤੇ ਵਾਕਈ ਉਹ ਸੌ ਫ਼ੀਸਦੀ ਠੀਕ ਕਹਿ ਰਹੇ ਸਨ। ਮੈਨੂੰ ਯਾਦ ਆਇਆ ਕਿ ਜਦੋਂ ਬਾਬਾ ਜੀ ਦੇ ਕੰਨੀਂ ਉਨ੍ਹਾਂ ਨੂੰ ਹਸਪਤਾਲ ਲੈ ਜਾਣ ਦੀ ਭਿਣਕ ਪਈ ਤਾਂ ਕਹਿੰਦੇ, ‘‘ਇਹ ਕੀ ਡਰਾਮਾ ਰਚਿਆ ਜਾ ਰਿਹੈ!’’ ਉਂਜ ਮੈਨੂੰ ਜਾਪ ਰਿਹਾ ਸੀ ਕਿ ਬਾਬਾ ਜੀ ‘ਚਲੇ ਜਾਣ’ ਦੀ ਰਉਂ ’ਚ ਨੇ। ਬਾਬਾ ਜੀ ਨੇ ਮੈਨੂੰ ਦੋ-ਤਿੰਨ ਵਾਰੀ ਕਿਹਾ ਕਿ ਜਾਉ ਆਪਣੀ ਕਾਲਜ ਦੀ ਡਿਊਟੀ ਕਰੋ। ਮੈਂ ਮੁਸ਼ਕਿਲ ਨਾਲ ਉਨ੍ਹਾਂ ਨੂੰ ਮਨਾਉਣ ’ਚ ਸਫ਼ਲ ਹੋਇਆ ਕਿ ਵਾਕਈ ਅੱਜਕੱਲ੍ਹ ਕਾਲਜ ਬੰਦ ਹੈ। ਇੱਕ ਦਿਨ ਆਸ਼ਰਮ ’ਚ ਭਾਵੁਕ ਹੋ ਕੇ ਕਹਿਣ ਲੱਗੇ, ‘‘ਤੁਸੀਂ ਮੇਰੀ ਬੜੇ ਪਿਆਰ ਨਾਲ ਸੇਵਾ ਕਰ ਰਹੇ ਓ।’’ ਮੇਰਾ ਮੋੜਵਾਂ ਜਵਾਬ ਸੀ, ‘‘ਜੇ ਤੁਸੀਂ ਮੇਰੀ ਥਾਂ ’ਤੇ ਹੁੰਦੇ ਤੇ ਮੈਂ ਤੁਹਾਡੀ ’ਚ ਤਾਂ ਫਿਰ ਕਹਿੰਦੇ?’’ ‘‘ਭਾਈ, ਮਨੁੱਖਤਾ ਤਾਂ ਇਹ ਹੀ ਕਹਿੰਦੀ ਏ।’’ ਕਈ ਅਹਿਮ ਮੁੱਦਿਆਂ ਬਾਰੇ ਉਨ੍ਹਾਂ ਦੀ ਸੋਚ ਬੜੀ ਸਪਸ਼ਟ ਸੀ ਜਿਵੇਂ ਉਹ ਕਹਿੰਦੇ ਸਨ ਕਿ ਸੱਚੀ ਸੁੱਚੀ ਸਿਆਸਤ ’ਚ ਦੌਲਤ ਜਾ ਤਾਂ ਸਕਦੀ ਏ, ਆ ਨਹੀਂ ਸਕਦੀ ਤੇ ਕਿਸੇ ਆਗੂ ਦੀ ਸਹੀ ਕਸਵੱਟੀ ਇਹੋ ਈ ਏ ਕਿ ਸਿਆਸਤ ’ਚ ਆਉਣ ਵੇਲੇ ਉਹਦੀ ਮਾਲੀ ਹੈਸੀਅਤ ਕੀ ਸੀ ਤੇ ਹੁਣ ਕੀ ਏ? ਇਸੇ ਤਰ੍ਹਾਂ ਹੀ ਜਦੋਂ ਅਸੀਂ ਉਨ੍ਹਾਂ ਨੂੰ ਮਿਲੇ ਤਾਂ ਉਨ੍ਹਾਂ ਦੇ ਪੈਰ ਛੂਹੇ। ਜਦੋਂ ਤੁਰਨ ਲੱਗਿਆਂ ਉਨ੍ਹਾਂ ਦੇ ਪੈਰਾਂ ਵੱਲ ਅਹੁੜੇ ਤਾਂ ਕਹਿਣ ਲੱਗੇ, ‘‘ਨਾ ਭਾਈ, ਹੁਣ ਅਸੀਂ ਸਾਥੀ ਆਂ।’’

ਸੰਪਰਕ: 0172-2556314/ 6576116

ਬਾਬਾ ਜੀ ਦੁਆਰਾ ਲਿਖੇ ਗਏ ਪੈਂਫਲਿਟ

  1. ਇਨਕਲਾਬੀ ਲਹਿਰ
  2. ਭਾਰਤ ਵਿੱਚ ਇਸਤਰੀ ਜਾਤੀ - ਇਸ ਰਚਨਾ ’ਚ ਬਾਬਾ ਜੀ ਦੇ ‘ਮਾਤਾਵਾਂ ਦੀ ਸਰਦਾਰੀ’ ਦੇ ਸੰਕਲਪ ਅਨੁਸਾਰ ਇਹ ਮਤ ਸੀ ਕਿ ਮਨੁੱਖਤਾ ਦਾ ਕਲਿਆਣ ਮਾਤਾ ਦੀ ਸਰਦਾਰੀ ਨਾਲ ਹੀ ਸੰਭਵ ਹੋ ਸਕੇਗਾ।
  3. ਗ਼ਰੀਬੀ - ਇਹ ਪੈਂਫਲਿਟ ਉਨ੍ਹਾਂ ਮੇਰੀ ਫਰਮਾਇਸ਼ ’ਤੇ ਲਿਖਿਆ ਸੀ, ਜਦ ਮੈਂ ਉਨ੍ਹਾਂ ਨੂੰ ਕਿਹਾ ਕਿ ਬਾਬਾ ਜੀ ਤੁਹਾਡੀਆਂ ਹੁਣ ਤਕ ਦੀਆਂ ਸਾਰੀਆਂ ਲਿਖਤਾਂ ਕੇਵਲ ਪੜ੍ਹੇ-ਲਿਖੇ ਵਰਗ ਲਈ ਨੇ ਤੇ ਘੱਟੋ-ਘੱਟ ਇੱਕ ਤਾਂ ਸਾਧਾਰਨ ਜਨਤਾ ਲਈ ਲਿਖੋ।
  4. ਜੀਵਨ ਕਰਤੱਵ
  5. ਮੇਰਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਾ
  6. ਪ੍ਰਾਕਿਰਤੀ ਤੇ ਆਤਮਵਾਦ - ਬਾਬਾ ਜੀ ਅਨੁਸਾਰ ਸੱਚੇ ਆਸਤਕ ਤੇ ਸੱਚੇ ਨਾਸਤਕ ਦੋਹਾਂ ਦਾ ਮਕਸਦ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨਾ ਹੀ ਹੈ।
  7. ਨੌਜਵਾਨਾਂ ਨਾਲ ਸਵਾਲ-ਜਵਾਬ - ਇਸ ਵਿੱਚ ਜੋ ਨੌਜਵਾਨ ਉਨ੍ਹਾਂ ਨਾਲ ਵਾਦ-ਸੰਵਾਦ ਕਰਦੇ ਰਹੇ ਹਨ, ਉਨ੍ਹਾਂ ਦਾ ਸੰਗ੍ਰਹਿ ਹੈ। ਹੋਰਨਾਂ ਲਿਖਤਾਂ ਵਾਂਗ ਇਹ ਉਨ੍ਹਾਂ ਦੀ ਕਲਮੀ ਰਚਨਾ ਨਹੀਂ।
  8. ਪ੍ਰੋਫ਼ੈਸਰ ਪ੍ਰੇਮ ਸਿੰਘ ਬਜਾਜ ਹੋਰਾਂ ਦਾ ਲੰਮਾ ਇੰਟਰਵਿਉਂ- ਇਹ ਵੱਡੀ ਰਚਨਾ ਹੈ ਜਿਸ ਦੀ ਬਾਬਾ ਜੀ ਨੇ ਲਫ਼ਜ਼-ਬਲਫ਼ਜ਼ ਪ੍ਰੋੜਤਾ ਕੀਤੀ ਹੋਈ ਹੈ।

- ਪੇਸ਼ਕਸ਼: ਮ.ਜ.ਸ. ਵੜੈਚ

ਕਾਲੇ ਪਾਣੀ ਤੋਂ ਚਿੱਠੀ

ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਲਿਆਂਦੇ ਗਏ ਬਾਬਾ ਸੋਹਣ ਸਿੰਘ ਭਕਨਾ (ਖੱਬੇ) ਅਤੇ ਸਾਥੀ।

(ਸੋਹਣ ਸਿੰਘ ਕੈਦੀ ਕਾਲੇ ਪਾਣੀ, ‘ਭਕਨਾ, ਜ਼ਿਲ੍ਹਾ ਅੰਮ੍ਰਿਤਸਰ ਵਾਸੀ’ ਦੀ ਆਪਣੀ ਸੁਪਤਨੀ ਵੱਲ) ਮੇਰੀ ਪ੍ਰਿਯਾ ਜੀ ਸਤਿ ਸ੍ਰੀ ਅਕਾਲ। ਅਸੀਂ ਹੁਣ ਜਲਦੀ ਆਪਣੇ ਮੁਲਕ ਦੀ ਕਿਸੇ ਜੇਲ੍ਹ ਵਿਚ ਕਾਲੇ ਪਾਣੀਓਂ ਆ ਜਾਵਾਂਗੇ। ਤੂੰ ਮੇਰੀ ਰਿਹਾਈ ਬਾਬਤ ਸਰਕਾਰ ਵੱਲ ਕੋਈ ਵੀ ਅਰਜ਼ੀ ਨਾ ਭੇਜੀਂ’। ਮੇਰੇ ਖਿਆਲ ਵਿਚ ਤੂੰ ਇੱਕ ਜਾਂ ਦੋ ਸਾਲ ਵਿਚ ਪੰਜਾਬੀ ਪੜ੍ਹਨਾ-ਲਿਖਣਾ ਸਿੱਖ ਕੇ ਆਪਣੀਆਂ ਲਿਖੀਆਂ-ਪੜ੍ਹੀਆਂ ਭੈਣਾਂ ਨਾਲ ਮਿਲ ਕੇ ਇਸਤਰੀ ਜਾਤੀ ਦੀ ਸੇਵਾ ਕਰਨ ਲਈ ਆਪਣੇ ਦਿਲ ਵਿਚ ਪੱਕਾ ਨਿਸ਼ਚਾ ਕਰ ਲੈ। ਇਸ ਵੇਲੇ ਇਸਤਰੀ ਜਾਤੀ ਦੀ ਬੜੀ ਦੁਰਦਸ਼ਾ ਹੋ ਰਹੀ ਹੈ ਅਤੇ ਹਮੇਸ਼ਾ ਇਸਤਰੀਆਂ, ਮਰਦਾਂ ਦੀਆਂ ਜੁੱਤੀਆਂ ਹੀ ਖਾਂਦੀਆਂ ਰਹਿੰਦੀਆਂ ਹਨ ਅਤੇ ਆਪਣੀ ਲਿਆਕਤ ਅਤੇ ਸ਼ੁਭ ਗੁਣਾਂ ਨਾਲ ਆਦਮੀਆਂ ’ਤੇ ਕਾਬੂ ਨਹੀਂ ਪਾ ਸਕਦੀਆਂ ਹਨ। ਜੇਕਰ ਤੂੰ ਮੈਦਾਨ ਵਿਚ ਆ ਜਾਵੇਂ ਤਾਂ ਮੈਂ ਇਸਤਰੀ ਸੁਧਾਰ ਵਿਚ ਤੇਰੀ ਅੱਛੀ ਤਰ੍ਹਾਂ ਮੱਦਦ ਕਰਾਂਗਾ। ਤੁਹਾਡੇ ਨਾਲ ਹੋ ਕੇ ਤੁਹਾਡੇ ਹੱਕਾਂ ਲਈ ਆਪਣੀ ਜਾਤੀ (ਮਨੁੱਖਾਂ) ਨਾਲ ਮੈਂ ਜ਼ਰੂਰ ਲੜਾਂਗਾ, ਕਿਉਂਕਿ ਮੈਨੂੰ ਇਨਸਾਫ਼ ਨਾਲ ਪਿਆਰ ਹੈ। ਤੂੰ ਲੋਕ ਲਾਜ ਨੂੰ ਪਰ੍ਹੇ ਸੁੱਟ ਕੇ ਮੈਦਾਨ ਵਿਚ ਆ ਜਾ। ਲੋਕ ਲਾਜ ਬੁਰੇ ਕੰਮਾਂ ਲਈ ਹੋਣੀ ਚਾਹੀਦੀ ਹੈ ਨਾ ਕਿ ਭਲੇ ਕੰਮਾਂ ਲਈ। ਇਸਤਰੀ ਅਤੇ ਪਤੀ ਵਿਚਕਾਰ ਪ੍ਰੇਮ ਅਤੇ ਧਰਮ ਦਾ ਹੀ ਨਾਤਾ ਹੁੰਦਾ ਹੈ, ਇਸ ਲਈ ਮੇਰਾ ਹੱਕ ਹੈ ਕਿ ਮੈਂ ਧਰਮ ਦੇ ਕੰਮਾਂ ਲਈ ਤੈਨੂੰ ਪ੍ਰੇਰਿਤ ਕਰਾਂ। ਨਾਲ ਹੀ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਹਾਂ ਕਿ ਤੇਰਾ ਵੀ ਹੱਕ ਹੈ ਕਿ ਤੂੰ ਮੈਨੂੰ ਸ਼ੁਭ ਕੰਮਾਂ ਲਈ ਹੁਕਮ ਕਰੇਂ। ਮੈਂ ਹਰ ਵੇਲੇ ਧਰਮ ਪ੍ਰਤੀ ਤੇਰੇ ਹੁਕਮਾਂ ਨੂੰ ਮੰਨਣ ਲਈ ਤਿਆਰ ਹਾਂ। ਮੈਂ ਹੁਣ ਤੈਨੂੰ ਆਪਣੀਆਂ ਭੈਣਾਂ ਦੀ ਸੇਵਾ ਕਰਨ ਦੀ ਜਾਚ ਦੱਸਦਾ ਹਾਂ ਕਿ ਤੂੰ ਕਿਸੇ ਪਾਠਸ਼ਾਲਾ ਵਿਚ ਜਾ ਕੇ ਬੇਨਤੀ ਕਰ ਕਿ ਮੇਰਾ ਪਤੀ ਦੇਸ਼ ਦੀ ਸੇਵਾ ਦੇ ਜੁਰਮ ਵਿਚ ਉਮਰ ਕੈਦ ਹੈ, ਹੁਣ ਮੈਂ ਵੀ ਆਪਣੇ ਪਤੀ ਦੀ ਤਰ੍ਹਾਂ ਬਾਕੀ ਉਮਰ ਕੌਮ ਦੀ ਸੇਵਾ ਵਿਚ ਬਤੀਤ ਕਰਨੀ ਚਾਹੁੰਦੀ ਹਾਂ। ਮੈਨੂੰ ਝਾੜੂ ਅਤੇ ਲੰਗਰ ਦੀ ਸੇਵਾ ਬਖਸ਼ ਦਿਓ ਅਤੇ ਨਾਲ ਹੀ ਵਿੱਦਿਆ ਦਾ ਦਾਨ ਵੀ ਦਿਓ। ਨਹੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਵਿਚ ਇਸ ਸਬੰਧੀ ਬੇਨਤੀ ਕਰਨੀ, ਮੈਨੂੰ ਪੱਕੀ ਉਮੀਦ ਹੈ ਕਿ ਉਹ ਕੋਈ ਨਾ ਕੋਈ ਪ੍ਰਬੰਧ ਕਰ ਦੇਵੇਗੀ।

ਸੋਹਣ ਸਿੰਘ ਕੈਦੀ ਕਾਲਾ ਪਾਣੀ 38367 ਮਿਤੀ 14 ਜੁਲਾਈ, 1921 ਇਹ ਚਿੱਠੀ ਅਖ਼ਬਾਰ ‘ਅਕਾਲੀ’ ਤੇ ‘ਪ੍ਰਦੇਸੀ’ ਵਿਚ ਛਪੀ।

ਕਰਨਾ ਦੇਸ਼ ਨੂੰ ਝਟ ਆਜ਼ਾਦ ਬਾਬਾ

(ਬਾਬਾ ਸੋਹਣ ਸਿੰਘ ਭਕਨਾ ਦੀ ਰਿਹਾਈ ਉੱਤੇ) ਅਰਸ਼ ਫਰਸ਼ ਕੰਬੇ ਤੇਰੇ ਦੁਖ ਸੁਨ ਕੇ, ਯਾਦ ਆਵੰਦਾ ਭਗਤ ਪ੍ਰਲਾਦ ਬਾਬਾ। ਲਖਾਂ ਨਿਕਲੇ ਤਿਆਗ ਘਰ ਬਾਰ ਤਾਈਂ, ਜਦੋਂ ਵਜਿਆ ਗ਼ਦਰ ਦਾ ਨਾਦ ਬਾਬਾ। ਹੋ ਕੇ ਮੇਘ ਕੁਰਬਾਨੀਆਂ ਵਰਸਿਆ ਤੂੰ, ਕੀਤਾ ਦੇਸ ਨੂੰ ਫੇਰ ਅਬਾਦ ਬਾਬਾ। ਜਿਥੇ ਜ਼ੁਲਮ ਦਾ ਬਿਰਛ ਪਸਾਰ ਜਾਵੇ, ਹੁੰਦਾ ਮੋਹਲਤਾਂ ਨਾਲ ਬਰਬਾਦ ਬਾਬਾ। ਨੈਹਰ ਲੈਹਰ ਅਜ਼ਾਦੀ ਦੀ ਮਾਰੇ ਠਾਠਾਂ, ਚੀਰੇ ਪਰਬਤਾਂ ਨੂੰ ਵਾਂਗ ਫਰਿਹਾਦ ਬਾਬਾ। ‘‘ਹਮਦਮ’’ ਤੇਰੀਆਂ ਉੱਚ ਕੁਰਬਾਨੀਆਂ ਨੇ, ਕਰਨਾ ਦੇਸ਼ ਨੂੰ ਝਟ ਅਜ਼ਾਦ ਬਾਬਾ।

(ਹਜ਼ਾਰਾ ਸਿੰਘ ਹਮਦਮ, ਅਗਸਤ 1930)

* * *

ਪੈਂਦਾ ਮੁਲ ਆ ਫੇਰ ਕੁਰਬਾਨੀਆਂ ਦਾ

(ਇਹ ਕਵਿਤਾ ਜਿੰਦਾ ਸ਼ਹੀਦ ਸ੍ਰੀ ਬਾਬਾ ਸੋਹਣ ਸਿੰਘ ਜੀ (ਭਕਨਾ) ਦੀ ਭੇਟਾ ਕੀਤੀ ਜਾਂਦੀ ਹੈ।) ਤੇਰੇ ਦਰਸ ਦੀਦਾਰ ਦੇ ਦੇਖਣੇ ਨੂੰ, ਤਕ ਰਹੇ ਸੀ ਸਭ ਸਰੀਰ ਬਾਬਾ। ਤੇਰੇ ਬੰਦ ਖਲਾਸ ਦੀ ਖੁਸ਼ਖਬਰੀ, ਆਈ ਤਾਰ ਸਮੁੰਦਰਾਂ ਚੀਰ ਬਾਬਾ। ਪਿਆਰੇ ਜੇਲ੍ਹ ਤਪੱਸਵੀ ਜੀ ਸੇਵ ਤੇਰੀ, ਹੋਈ ਸੋਲ੍ਹਾਂ ਸਾਲ ਅਖੀਰ ਬਾਬਾ। ਘਰ ਬਾਰ ਪਰਵਾਰ ਵਿਸਾਰ ਦਿਤਾ, ਸਾਡੇ ਤੋੜਨੇ ਲਈ ਜੰਜੀਰ ਬਾਬਾ। ਤੇਰਾ ਦ੍ਰਿੜ੍ਹ ਵਿਸ਼ਵਾਸ ਤੇ ਅਣਖ ਸੇਵਾ, ਬੰਨ੍ਹੇ ਹੌਂਸਲਾ ਮਰਦ ਜ਼ਨਾਨੀਆਂ ਦਾ। ਪੈਂਦੀ ਦੇਵਣੀ ਸਿਰਾਂ ਦੀ ਫੀਸ ਪਹਿਲੇ, ਪੈਂਦਾ ਮੁਲ ਫਿਰ ਆ ਕੁਰਬਾਨੀਆਂ ਦਾ। ਵੈਰੀ ਕੰਬਦੇ ਗ਼ਦਰ ਦਾ ਨਾਮ ਸੁਣ ਕੇ, ਸੇਵਾ ਤੁਧ ਦੀ ਬੇਨਜੀਰ ਬਾਬਾ। ਵਧਨ ਹੌਂਸਲੇ ਦੇਖ ਕੇ ਗ਼ਦਰੀਆਂ ਦੇ, ਪ੍ਰੇਮ ਏਕਤਾ ਦੀ ਤਸਵੀਰ ਬਾਬਾ। ਜੇਹੜਾ ਹੋਵੇ ਸ਼ਹੀਦ ਸੋ ਪਾਸ ਹੋਵੇ, ਸਾੜੇ ਵਾਂਗ ਪਤੰਗ ਸਰੀਰ ਬਾਬਾ। ਆਖਰ ਫਿਰਨਗੇ ਕੌਮ ਦੇ ਭਾਗ ਆ ਕੇ, ਜਦੋਂ ਘਤਿਆ ਗ਼ਦਰ ਵਹੀਰ ਬਾਬਾ। ਗਲਨਾ ਕਠਨ ਕੁਠਾਲੀ ਦੇ ਵਿਚ ਔਖਾ, ਇਹ ਕੰਮ ਨਹੀਂ ਕੋਈ ਆਸਾਨੀਆਂ ਦਾ। ਕਰਕੇ ਜਾਨ ਕੁਰਬਾਨ ਦਿਖਲਾ ਦੇਵੇ, ਪੈਂਦਾ ਮੁਲ ਫਿਰ ਆ ਕੁਰਬਾਨੀਆਂ ਦਾ। ਦਿਨੇ ਰਾਤ ਸਰੀਰ ਨਾ ਚੈਨ ਪਾਵੇ, ਮਾਰੇ ਕਸ ਕੇ ਪ੍ਰੇਮ ਦੇ ਤੀਰ ਬਾਬਾ। ਲਾ ਕੇ ਚਿਣੰਗ ਚਵਾਤੜੀ ਸੁਆਹ ਹੋਏ, ਪਾਟੀ ਖਫਣੀ ਬਣੇ ਫਕੀਰ ਬਾਬਾ। ਸੰਤੋਖ ਸਿੰਘ ਤੇ ਸਿੰਘ ਕਰਤਾਰ ਹੋਰੀਂ, ਖੁਲ੍ਹੇ ਦਿਲ ਆਜ਼ਾਦ ਜ਼ਮੀਰ ਬਾਬਾ। ਭਗਤ ਸਿੰਘ ਤੇ ਮਾਸਟਰ ਦੱਤ ਜੇਹੇ, ਸਫਲ ਕਰ ਚਲੇ ਮਾਈਆਂ ਦੇ ਸ਼ੀਰ ਬਾਬਾ। ਸੇਵਾ ਕੌਮ ਦੇ ਜੇਡ ਨਾ ਹੋਰ ਕੋਈ, ਏਥੇ ਕੰਮ ਨਹੀਂ ਬੇਈਮਾਨੀਆਂ ਦਾ। ਪਹਿਲੇ ਜਿਹਲ ਸਕੂਲ ’ਚੋਂ ਪਾਸ ਹੋ ਕੇ, ਪੈਂਦਾ ਮੁਲ ਫੇਰ ਆ ਕੁਰਬਾਨੀਆਂ ਦਾ। ਬਖ਼ਸ਼ੀਂ ਸਿਦਕ ਭਰੋਸੇ ਦਾ ਦਾਨ ਸਾਨੂੰ, ਫਟੜ ਸੀਨਿਆਂ ਦੀ ਤੂੰ ਅਕਸੀਰ ਬਾਬਾ। ਸਾਨੂੰ ਆਜ਼ਜ਼ ਸਮਝ ਕੇ ਬਖ਼ਸ਼ ਲੈਣਾ, ਹੋਈ ਸੇਵਕਾਂ ਤੋਂ ਜੇ ਤਕਸੀਰ ਬਾਬਾ। ਤੇਰੇ ਮਿਸ਼ਨ ਨੂੰ ਸਿਰੇ ਚੜਾਵਨੇ ਲਈ, ਸਦਾ ਚਰਨਧੂੜ ਦਾਮਨਗੀਰ ਬਾਬਾ। ਸੇਵਾ ਕੌਮ ਦੀ ਸਿਰਾਂ ਦੇ ਨਾਲ ਨਿਭੇ, ਲਗ ਜਾਵੇ ਭੀ ਅਰਥ ਸਰੀਰ ਬਾਬਾ। ਆਓ! ਆਓ! ਗਰੀਬਾਂ ਦੇ ਬਾਦਸ਼ਾਹ ਜੀ, ਕਰੀਏ ਬਿਸਤਰਾ ਗੋਲ ਬਰਤਾਨੀਆ ਦਾ। ਪਹਿਲੇ ਵਾਂਗ ਮਨਸੂਰ ਕੁਰਬਾਨ ਹੋਵੇ, ਪੈਂਦਾ ਮੁਲ ਫੇਰ ਆ ਕੁਰਬਾਨੀਆਂ ਦਾ।

(ਨਿਧਾਨ ਸਿੰਘ, ਅਗਸਤ 1930)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All