ਬਾਬਾ ਜਵਾਲਾ ਸਿੰਘ ਠੱਠੀਆਂ

ਬਰਸੀ 9 ਮਈ ਨੂੰ

ਦਲਜੀਤ ਰਾਏ ਕਾਲੀਆ ਪ੍ਰਸਿੱਧ ਗ਼ਦਰੀ ਆਗੂ ਬਾਬਾ ਜਵਾਲਾ ਸਿੰਘ ਦਾ ਜਨਮ 1876 ਈਸਵੀ ਵਿੱਚ ਸ੍ਰੀ ਘਨੱਈਆ ਸਿੰਘ ਦੇ ਘਰ ਪਿੰਡ ਠੱਠੀਆਂ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦੇ ਮੁੱਢਲੇ ਜੀਵਨ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਉਹ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੋਰਨਾਂ ਪੰਜਾਬੀਆਂ ਵਾਂਗ ਆਰਥਿਕ ਖੁਸ਼ਹਾਲੀ ਦੀ ਤਲਾਸ਼ ਵਿੱਚ ਵਿਦੇਸ਼ ਚਲੇ ਗਏ। ਉਹ 1905 ਵਿੱਚ ਚੀਨ ਪਹੁੰਚ ਗਏ। ਇੱਥੋਂ ਪਨਾਮਾ, ਮੈਕਸਿਕੋ ਦੇ ਰਸਤੇ 1908 ਵਿੱਚ ਕੈਲੇਫੋਰਨੀਆ (ਅਮਰੀਕਾ) ਜਾ ਪੁੱਜੇ। ਕੁਝ ਸਮੇਂ ਬਾਅਦ ਉਨ੍ਹਾਂ ਸੈਕਰਾਮੈਂਟੋ ਨੇੜੇ ਦਰਿਆ ਹੋਲਟਵਿੱਲ ਦੇ ਕੰਢੇ ’ਤੇ 500 ਏਕੜ ਜ਼ਮੀਨ ਪਟੇ ’ਤੇ ਲੈ ਕੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਇਸ ਫਾਰਮ ਵਿੱਚ ਉਨ੍ਹਾਂ ਦੇ ਭਾਈਵਾਲ ਬਾਬਾ ਵਿਸਾਖਾ ਸਿੰਘ ਦਦੇਹਰ ਅਤੇ ਭਾਈ ਸੰਤੋਖ ਸਿੰਘ ਸਨ। ਬਾਬਾ ਜੀ ਦੇ ਫਾਰਮ ’ਤੇ ਆਲੂਆਂ ਦੀ  ਫ਼ਸਲ ਬਹੁਤ ਹੁੰਦੀ ਸੀ, ਜਿਸ ਕਰਕੇ ਕੈਲੇਫੋਰਨੀਆ ਵਿੱਚ ਉਨ੍ਹਾਂ ਨੂੰ ਆਲੂਆਂ ਦੇ ਬਾਦਸ਼ਾਹ ਕਿਹਾ ਜਾਣ ਲੱਗ ਪਿਆ। ਬਾਬਾ ਜਵਾਲਾ ਸਿੰਘ ਧਾਰਮਿਕ ਵਿਚਾਰਾਂ ਵਾਲੇ ਗੁਰਸਿੱਖ ਸਨ। ਉਨ੍ਹਾਂ ਅਮਰੀਕਾ ਵਿੱਚ ਬਾਬਾ ਵਿਸਾਖਾ ਸਿੰਘ ਦਦੇਹਰ ਅਤੇ ਹੋਰਨਾਂ ਨਾਲ ਮਿਲ ਕੇ ਪੈਸੇਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਕਾਇਮ ਕੀਤੀ ਅਤੇ ਕੈਲੇਫੋਰਨੀਆ ਦੇ ਸ਼ਹਿਰ ਸਟਾਕਟੋਨ ਵਿੱਚ ਗੁਰਦੁਆਰਾ ਵੀ ਬਣਾਇਆ। ਇਸ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਜਵਾਲਾ ਸਿੰਘ ਅਤੇ ਖਜ਼ਾਨਚੀ ਵਿਸਾਖਾ ਸਿੰਘ ਦਦੇਹਰ ਸਨ। ਇਹ ਗੁਰਦੁਆਰਾ ਬਾਅਦ ਵਿੱਚ ਰਾਜਸੀ ਸਰਗਰਮੀਆਂ ਦੇ ਕੇਂਦਰ ਅਤੇ ਇਨਕਲਾਬੀਆਂ ਦੀ ਠਹਿਰ ਵਜੋਂ ਬਹੁਤ ਪ੍ਰਸਿੱਧ ਹੋਇਆ। 21 ਅਪਰੈਲ 1913 ਨੂੰ ਅਮਰੀਕਾ ਵਿੱਚ ਗ਼ਦਰ ਪਾਰਟੀ ਕਾਇਮ ਹੋ ਚੁੱਕੀ ਸੀ ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਅਤੇ ਖਜ਼ਾਨਚੀ ਪੰਡਤ ਕਾਂਸ਼ੀ ਰਾਮ ਸਨ। ਗ਼ਦਰ ਅਖ਼ਬਾਰ ਦੀ ਪ੍ਰਕਾਸ਼ਨਾਂ ਤੋਂ ਬਾਅਦ ਪਾਰਟੀ ਦਾ ਪ੍ਰਚਾਰ ਬਹੁਤ ਵੱਧ ਗਿਆ ਸੀ ਅਤੇ ਉਸ ਨੂੰ ਸਰਬ ਅਮਰੀਕੀ ਜਥੇਬੰਦੀ ਬਨਾਉਣ ਲਈ ਉਪਰਾਲੇ ਜਾਰੀ ਸਨ। ਦਸੰਬਰ 1913 ਦੀਆਂ ਵੱਡੇ ਦਿਨਾਂ ਦੀਆਂ ਛੁੱਟੀਆਂ ਦੌਰਾਨ ਕੈਲੇਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਵਿੱਚ ਪਰਵਾਸੀ ਭਾਰਤੀਆਂ ਦੀ ਵਿਸ਼ਾਲ ਕਾਨਫਰੰਸ ਬਾਬਾ ਵਿਸਾਖਾ ਸਿੰਘ ਦਦੇਹਰ ਅਤੇ ਬਾਬਾ ਜਵਾਲਾ ਸਿੰਘ ਦੇ ਉੱਦਮ ਨਾਲ ਹੋਈ। ਇਸ ਕਾਨਫਰੰਸ ਵਿੰਚ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ, ਜਨਰਲ ਸਕੱਤਰ ਲਾਲਾ ਹਰਦਿਆਲ, ਖਜ਼ਾਨਚੀ ਪੰਡਤ ਕਾਂਸ਼ੀ ਰਾਮ ਅਤੇ ਆਰਗੇਨਾਈਜ਼ਰ ਸਕੱਤਰ ਮੁਨਸ਼ੀ ਰਾਮ ਸ਼ਾਮਲ ਹੋਏ। ਕਾਨਫਰੰਸ ਵਿੱਚ ਪਾਰਟੀ ਨੂੰ ਸਰਬ ਅਮਰੀਕੀ ਬਨਾਉਣ ਦਾ ਫੈਸਲਾ ਹੋਇਆ। ਕੈਲੇਫੋਰਨੀਆ ਤੋਂ ਬਾਬਾ ਜਵਾਲਾ ਸਿੰਘ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾ ਲਿਆ ਗਿਆ ਅਤੇ ਪਹਿਲਾਂ ਬਣੀ ਐਗਜ਼ੈਕਟਿਵ ਕਮੇਟੀ ਵਿੱਚ ਵੀ ਵਾਧਾ ਕੀਤਾ ਗਿਆ। ਗ਼ਦਰ ਲਹਿਰ ਦੇ ਹੋ ਰਹੇ ਵਿਕਾਸ ਤੋਂ ਅਮਰੀਕਾ ਅਤੇ ਕੈਨੇਡਾ ਦੇ ਗੋਰੇ ਅਧਿਕਾਰੀ ਭੈ-ਭੀਤ ਸਨ। ਅਮਰੀਕਾ ਸਰਕਾਰ ਨੇ ਗ਼ਦਰ ਲਹਿਰ ਨੂੰ ਖੁੰਡਿਆਂ ਕਰਨ ਲਈ 25 ਮਾਰਚ, 1914 ਨੂੰ ਪਾਰਟੀ ਦੇ ਜਨਰਲ ਸਕੱਤਰ ਲਾਲਾ ਹਰਦਿਆਲ ਵਿਰੁੱਧ ਕੇਸ ਬਣਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪਾਰਟੀ ਨੇ ਉਸੇ ਦਿਨ ਜ਼ਮਾਨਤ ਦੇ ਕੇ ਉਨ੍ਹਾਂ ਨੂੰ ਰਿਹਾਅ ਕਰਵਾ ਲਿਆ। ਪਰ ਉਨ੍ਹਾਂ ਨੂੰ ਗੁਪਤ ਤੌਰ ’ਤੇ ਅਮਰੀਕਾ ਵਿਚੋਂ ਭੇਜ ਦਿੱਤਾ ਗਿਆ। ਲਾਲਾ ਹਰਦਿਆਲ ਤੋਂ ਬਾਅਦ ਭਾਈ ਸੰਤੋਖ ਸਿੰਘ ਨੂੰ ਗ਼ਦਰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ। ਅੰਗਰੇਜ਼ਾਂ ਦੀ ਸੋਚ ਅਨੁਸਾਰ ਲਾਲਾ ਹਰਦਿਆਲ ਦੇ ਚਲੇ ਜਾਣ ਪਿੱਛੋਂ ਪਾਰਟੀ ਦਾ ਕੰਮ ਮੱਧਮ ਨਾ ਪਿਆ। ਸਗੋਂ ਪਾਰਟੀ ਦੀਆਂ ਇਨਕਲਾਬੀ ਸਰਗਰਮੀਆਂ ਵੱਧ ਗਈਆਂ। ਬਾਬਾ ਜਵਾਲਾ ਸਿੰਘ ਦੇ ਫਾਰਮ ’ਤੇ ਮਾਸਟਰ ਊਧਮ ਸਿੰਘ ਕਸੇਲ ਦੀ ਦੇਖ-ਰੇਖ ਹੇਠ ਪਰਵਾਸੀ ਭਾਰਤੀਆਂ ਲਈ ਫੌਜੀ ਸਿਖਲਾਈ, ਬੰਬ ਬਨਾਉਣ ਅਤੇ ਚਲਾਉਣ ਬਾਰੇ ਸਿਖਲਾਈ ਕੈਂਪ ਖੋਲ੍ਹ ਦਿੱਤਾ ਗਿਆ। ਭਾਰਤੀਆਂ ਨੂੰ ਹਥਿਆਰਬੰਦ ਬਗ਼ਾਵਤ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਜਾਣ ਲੱਗ ਪਿਆ। ਉਧਰ 5 ਅਗਸਤ, 1914 ਦੇ ਗ਼ਦਰ ਅਖ਼ਬਾਰ ਵਿੱਚ ਐਲਾਨ-ਏ-ਜੰਗ ਛਾਪ ਕੇ ਗ਼ਦਰੀਆਂ ਨੂੰ ਦੇਸ਼ ਪਹੁੰਚਣ ਲਈ ਕਹਿ ਦਿੱਤਾ ਗਿਆ। ਇਸ ਸਮੇਂ ਦੇਸ਼ ਵੱਲ ਵਹੀਰਾਂ ਘੱਤਣ ਵਾਲੇ ਗ਼ਦਰੀਆਂ ਵਿਚੋਂ ਜਵਾਲਾ ਸਿੰਘ ਪ੍ਰਮੁੱਖ ਸਨ। 29 ਅਗਸਤ, 1914 ਨੂੰ ਬਾਬਾ ਕੇਸਰ ਸਿੰਘ ਠੱਠਗੜ੍ਹ ਅਤੇ ਬਾਬਾ ਜਵਾਲਾ ਸਿੰਘ ਠੱਠੀਆਂ (ਦੋਵੇਂ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ) ਦੀ ਅਗਵਾਈ ਹੇਠ 60-70 ਗ਼ਦਰੀਆਂ ਦਾ ਜਥਾ ‘ਕੋਰੀਆਂ’ ਨਾਮੀ ਜਹਾਜ਼ ’ਤੇ ਭਾਰਤ ਲਈ ਰਵਾਨਾ ਹੋ ਗਿਆ। ਰਸਤੇ ਵਿੱਚ ਹਾਂਗ-ਕਾਂਗ ਤੋਂ ਕੋਰੀਆ ਜਹਾਜ਼ ਦੇ ਮੁਸਾਫਰ ਤੋਸ਼ਾਮਾਰੂ ਜਹਾਜ਼ ਵਿੱਚ ਸਵਾਰ ਹੋ ਕੇ 29 ਅਕਤੂਬਰ, 1914 ਨੂੰ ਕਲਕੱਤੇ ਪਹੁੰਚੇ। ਕਲਕੱਤੇ ਵਿੱਚ ਜਹਾਜ਼ ਦੀ ਤਲਾਸ਼ੀ ਇੰਦਰ ਸਿੰਘ ਸੋਢੀ ਫੌਜੀ ਅਫਸਰ ਦੀ ਟੀਮ ਨੇ ਲਈ ਅਤੇ ਜਹਾਜ਼ ਦੇ ਮੁਸਾਫਰਾਂ ਨੂੰ ਫੌਜੀ ਪਹਿਰਿਆਂ ਹੇਠ ਪੰਜਾਬ ਵੱਲ ਤੋਰ ਦਿੱਤਾ ਗਿਆ। ਪੰਜਾਬ ਪਹੁੰਚਣ ’ਤੇ ਬਾਬਾ ਜਵਾਲਾ ਸਿੰਘ ਨੂੰ 2 ਨਵੰਬਰ, 1914 ਨੂੰ ਕੁਝ ਹੋਰ ਸਾਥੀਆਂ ਸਮੇਤ ਮਿੰਟਗੁਮਰੀ ਜੇਲ੍ਹ ਭੇਜ ਦਿੱਤਾ ਗਿਆ। ਇੱਥੋਂ ਉਨ੍ਹਾਂ ਨੂੰ  23 ਨਵੰਬਰ ਨੂੰ ਪਾਲ ਸਿੰਘ ਮਰਹਾਣਾ ਅਤੇ ਇੰਦਰ ਸਿੰਘ ਦੇ ਨਾਲ ਬੇੜੀ, ਹਥੱਕੜੀ ਲਾ ਕੇ ਮੀਆਂਵਾਲੀ ਜੇਲ੍ਹ ਭੇਜ ਦਿੱਤਾ ਗਿਆ। ਉੱਥੋਂ ਉਨ੍ਹਾਂ ਨੂੰ ਲਾਹੌਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਫਰਵਰੀ 1915 ਵਿੱਚ ਗ਼ਦਰ ਦੀ ਅਸਫਲਤਾ ਪਿੱਛੋਂ ਗ਼ਦਰੀਆਂ ਉੱਪਰ ਲਾਹੌਰ ਸਾਜ਼ਿਸ਼ ਕੇਸ ਤਹਿਤ ਮੁਕੱਦਮੇ ਚਲਾਏ ਗਏ। ਇਸ ਸਮੇਂ ਉਨ੍ਹਾਂ ਨੂੰ ਲਾਹੌਰ ਸਾਜ਼ਿਸ਼ ਕੇਸ ਪਹਿਲੇ ਵਿੱਚ ਰੱਖ ਲਿਆ ਗਿਆ। ਇਹ ਮੁਕੱਦਮਾ 26 ਅਪਰੈਲ, 1915 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਸ਼ੁਰੂ ਹੋਇਆ। ਸੁਣਵਾਈ ਕਰਨ ਲਈ ਤਿੰਨ ਮੈਂਬਰੀ ਟ੍ਰਿਬਿਊਨਲ ਪ੍ਰਧਾਨ ਜੱਜ ਮੇਜਰ ਇਰਵਨ ਸਨ। ਟੀ.ਪੀ. ਏਲਿਸ ਅਤੇ ਰਾਏ ਬਹਾਦਰ ਸ਼ਿਵ ਨਰਾਇਣ ਟ੍ਰਿਬਿਊਨਲ ਦੇ ਦੋ ਹੋਰ ਮੈਂਬਰ ਸਨ। ਟ੍ਰਿਬਿਊਨਲ ਨੇ 13 ਸਤੰਬਰ ਨੂੰ ਸਜ਼ਾਵਾਂ ਸੁਣਾ ਦਿੱਤੀਆਂ। ਬਾਬਾ ਜਵਾਲਾ ਸਿੰਘ ਨੂੰ 26 ਹੋਰ ਗ਼ਦਰੀਆਂ ਨਾਲ ਕੈਦ ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਦਿੱਤੀ ਗਈ। ਮੁਕੱਦਮੇ ਦੇ ਦੌਰਾਨ ਬਾਬਾ ਜਵਾਲਾ ਸਿੰਘ ਨੂੰ ਅਦਾਲਤ ਦੀ ਹੱਤਕ ਕਰਨ ਦੇ ਦੋਸ਼ ਵਿੱਚ ਤੀਹ ਬੈਂਤਾਂ ਦੀ ਸਜ਼ਾ ਵੱਖਰੇ ਤੌਰ ’ਤੇ ਦਿੱਤੀ ਗਈ। ਬਾਬਾ ਜੀ ਨੇ ਇਹ ਸਜ਼ਾ ਖਿੜ੍ਹੇ ਮੱਥੇ ਸਹਾਰੀ। ਬਾਬਾ ਜੀ ਨੂੰ ਹੋਰਨਾਂ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਕਾਲੇ ਪਾਣੀ ਭੇਜ ਦਿੱਤਾ ਗਿਆ।  ਬਾਬਾ ਜੀ ਨੇ ਛੇ ਸਾਲ ਅੰਡੇਮਾਨ ਜੇਲ੍ਹ ਵਿੱਚ ਬਿਤਾਏ। ਉਨ੍ਹਾਂ ਦੇਸ਼ ਦੀਆਂ ਕਈ ਹੋਰਨਾਂ ਜੇਲ੍ਹਾਂ ਵਿੱਚ ਵੀ ਕੈਦ ਦੀ ਸਜ਼ਾ ਭੁਗਤੀ। 1933 ਵਿੱਚ ਬਾਬਾ ਜਵਾਲਾ ਸਿੰਘ ਜੇਲ੍ਹ ਤੋਂ ਰਿਹਾਅ ਹੋ ਕੇ ਪੰਜਾਬ ਆਏ ਤਾਂ ਉਨ੍ਹਾਂ ਆਉਂਦਿਆਂ ਸਾਰ ਹੀ ਕਿਰਤੀ ਕਿਸਾਨ ਲਹਿਰ ਦੀ ਅਗਵਾਈ ਆਪਣੇ ਹੱਥਾਂ ਹੇਠ ਲੈ ਲਈ। 1934 ਵਿੱਚ ਬਾਬਾ ਜੀ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੇ ਐਕਟਿੰਗ ਪ੍ਰਧਾਨ ਬਣਾਏ ਗਏ। ਉਨ੍ਹਾਂ ਪੰਜਾਬ ਵਿੱਚ ਕਿਸਾਨ ਸਭਾ ਦੀ ਨੀਂਹ ਰੱਖੀ। ਉਨ੍ਹਾਂ ਨੂੰ 1935 ਵਿੱਚ ਇੱਕ ਸਾਲ ਲਈ ਕੈਦ ਦੀ ਸਜ਼ਾ ਅਤੇ ਢਾਈ ਸੌ ਰੁਪਏ ਜੁਰਮਾਨਾ ਕੀਤਾ ਗਿਆ। ਉਹ 1937 ਵਿੱਚ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਬਣੇ। ਇਸ ਸਮੇਂ ਉਨ੍ਹਾਂ ਨੀਲੀ ਬਾਰ ਦੇ ਮੁਜ਼ਾਹਰਿਆਂ ਦੇ ਹੱਕਾਂ ਲਈ ਸੰਘਰਸ਼ ਕੀਤਾ। 1938 ਵਿੱਚ ਬਾਬਾ ਜੀ ਸਰਬ ਹਿੰਦ ਕਿਸਾਨ ਸਭਾ ਦੇ ਅਜਲਾਸ ਵਿੱਚ ਸ਼ਾਮਲ ਹੋਣ ਲਈ ਕੋਮੀਲਾ (ਬੰਗਾਲ) ਜਾ ਰਹੇ ਸਨ ਤਾਂ ਰਸਤੇ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਲਾਹੌਰ ਦੇ ਮਿਊ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਹ 9 ਮਈ, 1938 ਨੂੰ  ਆਪਣੀ ਜੀਵਨ ਯਾਤਰਾ ਸਮਾਪਤ ਕਰ ਗਏ।  ਸੰਪਰਕ: 94174-55968

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All