ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ

ਵਰਿੰਦਰ ਸਿੰਘ ਨਿਮਾਣਾ ਅਜ਼ੀਮ ਸ਼ਖ਼ਸ

ਪੰਜਾਬ ਦੇ ਬਹੁਪੱਖੀ ਵਿਕਾਸ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੋਦਲਾਂ ਪਿੰਡ ਨਾਲ ਸਬੰਧਿਤ ਬਨਸਪਤੀ ਵਿਗਿਆਨੀ, ਕੁਸ਼ਲ ਪ੍ਰਸ਼ਾਸਕ, ਲੋਕਧਾਰਾ ਖੋਜੀ, ਕਲਾ, ਸਾਹਿਤ ਤੇ ਕਲਾਕਾਰਾਂ ਦੇ ਸਰਪ੍ਰਸਤ ਵਜੋਂ ਜਾਣੇ ਜਾਂਦੇ ਡਾ. ਮਹਿੰਦਰ ਸਿੰਘ ਰੰਧਾਵਾ ਦਾ ਨਾਂ ਮੋਹਰੀਆਂ ਵਿਚ ਸ਼ੁਮਾਰ ਹੈ। ਆਪਣੀ ਕਾਰਜ ਸ਼ੈਲੀ ਤੇ ਆਮ ਲੋਕਾਈ ਲਈ ਹਮਦਰਦੀ ਰੱਖਣ ਵਾਲੇ ਇਸ ਸ਼ਖ਼ਸ ਦੀ ਉਪਮਾ ਲਈ ਜਿੰਨੇ ਵਿਸ਼ੇਸ਼ਣ ਕਲਮਕਾਰਾਂ ਵੱਲੋਂ ਵਰਤੇ ਗਏ ਹਨ, ਸ਼ਾਇਦ ਹੀ ਪੰਜਾਬ ਦੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਲਈ ਵਰਤੇ ਗਏ ਹੋਣ। ਉੱਘੇ ਲੇਖਕ ਤੇ ਕਾਲਮਨਵੀਸ ਖੁਸ਼ਵੰਤ ਸਿੰਘ ਦਾ ਕਹਿਣਾ ਹੈ, ‘‘ਪੰਜਾਬ ਜਿੰਨਾ ਇਸ ਬੰਦੇ ਦਾ ਰਿਣੀ ਹੈ, ਓਨਾ ਕਿਸੇ ਹੋਰ ਪੰਜਾਬੀ ਦਾ ਨਹੀਂ। ਕਿਸੇ ਵੀ ਹੋਰ ਸਮਕਾਲੀ ਭਾਰਤੀ ਨਾਲੋਂ ਰੰਧਾਵੇ ਨੇ ਆਪਣੇ ਦੇਸ਼ ਦੇ ਸਭਿਆਚਾਰਕ ਪੱਖਾਂ ਨੂੰ ਰੁਸ਼ਨਾਉਣ ਦਾ ਵਧੇਰੇ ਉੱਦਮ ਕੀਤਾ।’’ ਕਰਤਾਰ ਸਿੰਘ ਦੁੱਗਲ ਨੇ ਡਾ. ਰੰਧਾਵਾ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਤੇ ਬਲਵੰਤ ਗਾਰਗੀ ਨੇ ਪੰਜਾਬੀ ਕਲਚਰ ਦਾ ਸ਼ਾਹਜਹਾਂ ਕਹਿ ਕੇ ਵਡਿਆਇਆ। ਪੰਜਾਬੀ ਦੀ ਉੱਘੀ ਨਾਵਲਕਾਰ ਦਲੀਪ ਕੌਰ ਟਿਵਾਣਾ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ‘ਦੋਆਬੇ ਦਾ ਤੂਫ਼ਾਨੀ ਚੋਅ’ ਦੀ ਉਪਮਾ ਦਿੰਦਿਆਂ ਲਿਖਦੀ ਹੈ ਕਿ ‘‘ਮੈਂ ਹੁਸ਼ਿਆਰਪੁਰ ਦੇ ਚੋਆਂ ਬਾਰੇ ਸੁਣਿਆ ਹੋਇਆ ਸੀ, ਪਰ ਇਨ੍ਹਾਂ ਚੋਆਂ ਦੀ ਰਫ਼ਤਾਰ ਦਾ ਗਿਆਨ ਮੈਨੂੰ ਡਾ. ਰੰਧਾਵਾ ਨੂੰ ਜਾਨਣ ਉਪਰੰਤ ਹੀ ਹੋਇਆ। ਸ੍ਰੀ ਰੰਧਾਵਾ ਦਾ ਲੇਖਕ ਮਿੱਤਰ, ਭਾਰਤ ’ਚ ਪਹਿਲਾ ਅਮਰੀਕੀ ਸਫ਼ੀਰ ਤੇ ਅਰਥ-ਸ਼ਾਸਤਰੀ ਜੋਨ ਕੈਨਿਥ ਗਾਲਬਰੇਥ ਡਾ. ਰੰਧਾਵਾ ਦੀ ਬਹੁਪੱਖੀ ਸ਼ਖ਼ਸੀਅਤ, ਸਿਰਜਨਾਤਮਕ ਰੁਚੀ ਤੇ ਸੋਚ ਦੇ ਦਾਇਰੇ ਦੀ ਵਿਸ਼ਾਲਤਾ ਕਾਰਨ ਉਨ੍ਹਾਂ ਨੂੰ ‘ਵਿਸ਼ਵ ਨਾਗਰਿਕ’ ਕਿਹਾ ਕਰਦਾ ਸੀ। ਅਮਰੀਕਾ ਦੀ ਵਾਸ਼ਿੰਗਟਨ ਲਾਇਬਰੇਰੀ ’ਚ ਡਾ. ਮਹਿੰਦਰ ਸਿੰਘ ਰੰਧਾਵਾ ਦੀਆਂ ਪੁਸਤਕਾਂ ਦੀ ਮੌਜੂਦਗੀ ਹੀ ਬਹੁਤ ਕੁਝ ਬਿਆਨ ਕਰਦੀ ਹੈ। ਚੋਆਂ ਤੇ ਅੰਬਾਂ ਦੇ ਇਲਾਕੇ ਨਾਲ ਸਬੰਧਿਤ ਇਸ ਸ਼ਖ਼ਸ ਨੇ ਵੱਖ ਵੱਖ ਉੱਚੇ ਅਹੁਦਿਆਂ ’ਤੇ ਪਹੰਚ ਕੇ ਆਪਣੇ ਪੇਂਡੂ ਕਿਸਾਨੀ ਪਿਛੋਕੜ, ਸਾਦਗੀ, ਕੁਦਰਤੀ ਖ਼ੂਬਸੁਰਤੀ ਨਾਲ ਸਾਂਝ ਤੇ ਲੋਕ-ਪੱਖੀ ਪਹੁੰਚ ਨੂੰ ਸਦਾ ਬਰਕਰਾਰ ਰੱਖਿਆ। ਡਾ. ਮਹਿੰਦਰ ਸਿੰਘ ਰੰਧਾਵਾ ਨੇ ਆਮ ਲੋਕਾਈ, ਕਿਸਾਨੀ, ਕਲਾ, ਸਭਿਆਚਾਰ ਤੇ ਸਾਹਿਤ ਦੀ ਬਿਹਤਰੀ ਲਈ ਨਿਸੁਆਰਥ, ਇਮਾਨਦਾਰੀ ਤੇ ਦ੍ਰਿੜ੍ਹਤਾ ਨਾਲ ਵੱਖੋ ਵੱਖਰੇ ਕਾਰਜਾਂ ਨੂੰ ਨੇਪਰੇ ਚਾੜ੍ਹਿਆ। ਡਾ. ਰੰਧਾਵਾ ਦੇ ਪਿਤਾ ਸ. ਸ਼ੇਰ ਸਿੰਘ ਰੰਧਾਵਾ ਤਹਿਸੀਲਦਾਰ ਹੋਣ ਕਰਕੇ ਪਰਿਵਾਰ ਨੂੰ ਕੋਈ ਮਾਲੀ ਸੰਕਟ ਨਹੀਂ ਸੀ, ਪਰ ਕਿਸਾਨੀ ਤੇ ਪੇਂਡੂ ਪਿਛੋਕੜ ਹੋਣ ਕਰਕੇ ਉਨ੍ਹਾਂ ਨੂੰ ਖੇਤੀ ਰਹਿਤਲ ਤੇ ਪੇਂਡੂ ਲੋਕਾਂ ਦੇ ਸੰਕਟਾਂ ਦੀ ਪੂਰੀ ਸਮਝ ਸੀ। 1932 ’ਚ ਆਈਸੀਐੱਸ ਦੀ ਪ੍ਰੀਖਿਆ ਪਾਸ ਕਰਨ ਪਿੱਛੋਂ ਜਿੱਥੇ ਵੀ ਉਨ੍ਹਾਂ ਨੂੰ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ, ਉਨ੍ਹਾਂ ਹਮੇਸ਼ਾਂ ਪੇਂਡੂ ਵਿਕਾਸ ਨੂੰ ਤਰਜੀਹ ਦਿੱਤੀ। ਆਪ ਬੀਤੀ ’ਚ ਉਹ ਲਿਖਦੇ ਹਨ, ‘‘ਹਿੰਦੋਸਤਾਨ ਪਿੰਡਾਂ ’ਚ ਵਸਦਾ ਹੈ ਤੇ ਜਿਸ ਵਿਚ ਦੇਸ਼ ਸੇਵਾ ਦਾ ਜਜ਼ਬਾ ਹੋਵੇ, ਉਸ ਲਈ ਗ੍ਰਾਮ ਸੁਧਾਰ ਤੋਂ ਅੱਛਾ ਕਿਹੜਾ ਕੰਮ ਹੋ ਸਕਦਾ ਹੈ।’’ ਉਹ ਚਾਹੁੰਦੇ ਸਨ ਕਿ ਕਿਸਾਨ ਖੁਸ਼ਹਾਲ ਹੋਣ, ਚੰਗੇ ਮਕਾਨਾਂ ’ਚ ਰਹਿਣ, ਇਨ੍ਹਾਂ ਦੇ ਬੱਚੇ ਪੜ੍ਹੇ ਲਿਖੇ ਹੋਣ ਤੇ ਪਿੰਡਾਂ ਦਾ ਵਾਤਾਵਰਣ ਸੋਹਣਾ ਹੋਵੇ। ਇਸੇ ਕਰਕੇ ਉਨ੍ਹਾਂ ਨੇ ਖੇਤੀ ਅਤੇ ਖੇਤੀ ਦੇ ਖਰਚਿਆਂ ਵਾਰੇ ਅਨੇਕਾਂ ਤਜਰਬੇ ਕੀਤੇ। ਕਿਸਾਨਾਂ ਨੂੰ ਫ਼ਸਲਾਂ ਦਾ ਠੀਕ ਭਾਅ ਦਿਵਾਉਣ ਤੇ ਪੰਜਾਬ ’ਚ ਹਰਾ ਇਨਕਲਾਬ ਲਿਆਉਣ ਦਾ ਸਿਹਰਾ ਡਾ. ਮਹਿੰਦਰ ਸਿੰਘ ਰੰਧਾਵਾ ਸਿਰ ਬੱਝਦਾ ਹੈ। 1947 ਦੀ ਵੰਡ ਕਾਰਨ ਉਜਾੜੇ ਦਾ ਸੰਤਾਪ ਭੋਗ ਰਹੇ ਲੱਖਾਂ ਪੰਜਾਬੀਆਂ ਨੂੰ ਮੁੜ ਵਸਾਉਣ ਦਾ ਗੁੰਝਲਦਾਰ ਕਾਰਜ ਬੜੀ ਜ਼ਿੰਮੇਵਾਰੀ, ਦੂਰਅੰਦੇਸ਼ੀ ਤੇ ਯੋਜਨਾਬੱਧ ਤਰੀਕੇ ਨਾਲ ਨਿਭਾਉਣ ਦੀ ਇਤਿਹਾਸਕ ਭੂਮਿਕਾ ਲਈ ਉਹ ਹਮੇਸ਼ਾਂ ਪੰਜਾਬੀਆਂ ਦੇ ਦਿਲਾਂ ’ਤੇ ਉੱਕਰੇ ਰਹਿਣਗੇ। ਵੰਡ ਦੇ ਦੁਖਦ ਵਰਤਾਰੇ ਬਾਰੇ ਡਾ. ਰੰਧਾਵਾ ਲਿਖਦੇ ਹਨ, ‘‘ਮੇਰੀ ਪੰਜਾਬੀ ਸ਼ਰਨਾਰਥੀਆਂ ਨਾਲ ਅਥਾਹ ਹਮਦਰਦੀ ਸੀ, ਕਿਉਂਕਿ ਮੈਂ ਮਹਿਸੂੁਸ ਕਰਦਾ ਹਾਂ ਕਿ ਇਸ ਵੰਡ ਦੇ ਫ਼ੈਸਲੇ ’ਚ ਮੇਰਾ ਵੀ ਹਿੱਸਾ ਹੈ ਤੇ ਇਹ ਮੇਰੀ ਇਖ਼ਲਾਕੀ ਜ਼ਿੰਮੇਵਾਰੀ ਹੈ ਕਿ ਜੋ ਲੋਕ ਇਸ ਵੰਡ ਦੇ ਫ਼ੈਸਲੇ ਕਰਕੇ ਉੱਜੜ ਪੁੱਜੜ ਕੇ ਪਾਕਿਸਤਾਨੋਂ ਆਏ ਹਨ, ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।’’ ਉਨ੍ਹਾਂ 1949 ’ਚ ਮੁੜ-ਵਸੇਬਾ ਮਹਿਕਮੇ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਲੱਗ ਕੇ ਜਲੰਧਰ ਵਿਚ ਸੱਤ ਹਜ਼ਾਰ ਪਟਵਾਰੀਆਂ, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਦੀ ਮਦਦ ਨਾਲ 40 ਲੱਖ ਵਿਅਕਤੀਆਂ ਨੂੰ ਦੋ ਸਾਲਾਂ ’ਚ ਆਬਾਦ ਕਰਵਾਇਆ। ਇਹੀ ਸ਼ਰਨਾਰਥੀ ਜ਼ਿਮੀਂਦਾਰ ਪਿੱਛੋਂ ਜਾ ਕੇ ਪੰਜਾਬ ਦੇ ਹਰੇ ਇਨਕਲਾਬ ਦੇ ਮੋਢੀ ਸਾਬਤ ਹੋਏ। ਪੰਜਾਬੀ ਸ਼ਰਨਾਰਥੀਆਂ ਨੂੰ ਮੁੜ ਵਸਾਉਣ ਦੇ ਤਜਰਬਿਆਂ ਅਤੇ ਅਹਿਸਾਸਾਂ ’ਤੇ ਅਧਾਰਿਤ ਡਾ. ਰੰਧਾਵਾ ਨੇ ਅਕਤੂਬਰ 1954 ਵਿਚ ‘ਆਊਟ ਆਫ਼ ਦਿ ਐਸ਼ਜ਼’ ਪੁਸਤਕ ਵੀ ਲਿਖੀ ਜਿਸ ਦਾ ਮੰਤਵ ਸੀ ਕਿ ਅਗਲੀਆਂ ਪੀੜ੍ਹੀਆਂ ਆਪਣੇ ਪੁਰਖਿਆਂ ਨਾਲ ਵਾਪਰੇ ਘੋਰ ਦੁਖਾਂਤ ਨੂੰ ਚੰਗੀ ਤਰ੍ਹਾਂ ਸਮਝ ਸਕਣ।

ਮਹਿੰਦਰ ਸਿੰਘ ਰੰਧਾਵਾ, ਬਲਰਾਜ ਸਾਹਨੀ ਅਤੇ ਮੋਹਨ ਸਿੰਘ।

ਡਾ. ਰੰਧਾਵਾ ਮਹਿਸੂਸ ਕਰਦੇ ਸਨ ਕਿ ਸਮਾਜ ਵਿਚ ਜਾਗਰੂਕਤਾ ਲਿਆਉਣ ਲਈ ਲੋਕਾਂ ’ਚ ਪੁਸਤਕ ਸਭਿਆਚਾਰ ਪੈਦਾ ਕਰਨ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ 1951 ’ਚ ਅੰਬਾਲਾ ਡਿਵੀਜ਼ਨ ਦੇ ਕਮਿਸ਼ਨਰ ਦੀਆਂ ਸੇਵਾਵਾਂ ਦੌਰਾਨ ਪੰਜਾਬ ’ਚ ਲਾਇਬਰੇਰੀਆਂ ਦਾ ਜਾਲ ਵਿਛਾਉਣ ਲਈ ਵਿਸ਼ੇਸ਼ ਧਿਆਨ ਦਿੱਤਾ। ਉਨ੍ਹਾਂ ਨੇ ਅੰਬਾਲਾ ਜ਼ਿਲ੍ਹੇ ਦੇ ਵੱਖ ਵੱਖ ਸ਼ਹਿਰਾਂ ਦੀਆਂ ਮਿਉਂਸਿਪਲ ਕਮੇਟੀਆਂ ਨੂੰ ਹਦਾਇਤਾਂ ਦੇ ਕੇ ਪੁਰਾਣੀਆਂ ਇਮਾਰਤਾਂ ਨੂੰ ਸ਼ਿੰਗਾਰ ਸੰਵਾਰ ਕੇ ਲਾਇਬਰੇਰੀਆਂ ਤੇ ਰੀਡਿੰਗ ਰੂਮ ਤਿਆਰ ਕਰਵਾਏ। ਪੈਸੇ ਦੀ ਕਮੀ ਦੂਰ ਕਰਨ ਲਈ ਸਭਿਆਚਾਰਕ ਮੇਲਾ, ਤਸਵੀਰਾਂ ਦੀ ਨੁਮਾਇਸ਼ ਲਗਾਈ। ਮੇਲੇ ਤੋਂ ਤਿੰਨ ਲੱਖ ਰੁਪਏ ਇਕੱਠੇ ਕਰਕੇ ਨਵੀਆਂ ਲਾਇਬਰੇਰੀਆਂ ਲਈ ਕੁਰਸੀਆਂ ਮੇਜ਼ ਬਣਵਾ ਕੇ ਭੇਜੇ। ਪਿੰਡਾਂ ’ਚ ਲਾਇਬਰੇਰੀਆਂ ਬਣਾਉਣ ਦਾ ਮਕਸਦ ਇਹ ਸੀ ਕਿ ਪਿੰਡਾਂ ਦੇ ਲੋਕ ਕਿਤਾਬਾਂ ਤੋਂ ਗਿਆਨ ਦੀ ਰੌਸ਼ਨੀ ਲੈ ਕੇ ਆਪਣੀ ਜ਼ਿੰਦਗੀ ਦੀਆਂ ਰਾਹਾਂ ਰੁਸ਼ਨਾਉਣ ਤੇ ਅੰਧ-ਵਿਸ਼ਵਾਸ ਦੀ ਦਲਦਲ ’ਚੋਂ ਬਾਹਰ ਨਿਕਲ ਸਕਣ। 1966 ’ਚ ਉਹ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਲੱਗੇ ਤਾਂ ਇਸ ਸ਼ਹਿਰ ਦੀ ਨੁਹਾਰ ਬਦਲਣ ਦੇ ਨਾਲ ਨਾਲ ਲੋਕਾਂ ’ਚ ਪੁਸਤਕ ਸਭਿਆਚਾਰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਸੈਕਟਰ 17 ਵਿਚ ਇਕ ਪੂਰਾ ਬਲਾਕ ਹੀ ਪੁਸਤਕਾਂ ਦੀਆਂ ਦੁਕਾਨਾਂ ਲਈ ਰਾਖਵਾਂ ਕਰਵਾ ਦਿੱਤਾ ਤੇ ਨਿਯਮ ਬਣਵਾਇਆ ਕਿ ਇੱਥੇ ਸਿਰਫ਼ ਪੁਸਤਕਾਂ ਹੀ ਵਿਕਿਆ ਕਰਨਗੀਆਂ। ਇਸ ਬਲਾਕ ’ਚ ਅੱਜ ਵੀ ਪੁਸਤਕਾਂ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਉਹ ਆਖਦੇ ਸਨ ਕਿ ਪੰਜਾਬੀਆਂ ਨੂੰ ਖਾਣ ਤੇ ਪਹਿਨਣ ਦਾ ਹੀ ਸ਼ੌਕ ਹੈ, ਪੜ੍ਹਨ ਦਾ ਨਹੀਂ। ਉਨ੍ਹਾਂ ਦਾ ਵਿਚਾਰ ਸੀ ਕਿ ਅਮੀਰ ਲੋਕ ਜਿੰਨਾ ਪੈਸਾ ਵਿਸਕੀਆਂ, ਕਲੱਬਾਂ, ਆਪਣੀਆਂ ਪਤਨੀਆਂ ਦੀ ਸੱਜ-ਧੱਜ ਤੇ ਗਹਿਣੇ ਕੱਪੜਿਆਂ ’ਤੇ ਖਰਚਦੇ ਹਨ, ਉਸ ਦਾ ਚੌਥਾ ਹਿੱਸਾ ਵੀ ਕਿਤਾਬਾਂ ਤੇ ਚਿੱਤਰਾਂ ’ਤੇ ਖ਼ਰਚਣ ਤਾਂ ਇਨ੍ਹਾਂ ਦੀਆਂ ਰੂਹਾਂ ਵੀ ਸੂਖ਼ਮ ਖ਼ਿਆਲਾਂ ਤੇ ਜਜ਼ਬਿਆਂ ਨੂੰ ਸਮਝਣ ਲੱਗ ਪੈਣ। ਪੰਜਾਬੀਆਂ ਵੱਲੋਂ ਅੱਜ ਵੀ ਆਪਣੇ ਵਿਆਹ ਸ਼ਾਦੀਆਂ, ਸਮਾਜਿਕ ਧਾਰਮਿਕ ਕਾਰਜਾਂ ਉੱਤੇ ਵਿੱਤੋਂ ਵਧ ਕੇ ਕੀਤੀ ਜਾਂਦੀ ਫਜ਼ੂਲ ਖਰਚੀ ਤੇ ਦਿਖਾਵੇ ਦੀ ਹੋੜ੍ਹ ਦੇ ਚੱਲ ਰਹੇ ਵਰਤਾਰੇ ਉੱਤੇ ਡਾ. ਰੰਧਾਵਾ ਵੱਲੋਂ ਬਹੁਤ ਸਮਾਂ ਪਹਿਲਾਂ ਕੀਤੀ ਗਈ ਟਿੱਪਣੀ ਹੁਣ ਵੀ ਬਹੁਤ ਵਜ਼ਨਦਾਰ ਜਾਪਦੀ ਹੈ। ਉਨ੍ਹਾਂ ਦੀ ਪਤਨੀ ਇਕਬਾਲ ਕੌਰ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ‘‘ਸੰਜਮੀ ਸਨ, ਪਰ ਕਿਤਾਬਾਂ ਜਾਂ ਪੇਟਿੰਗਜ਼ ਖ਼ਰੀਦਣ ਵੇਲੇ ਫੱਟ ਪੈਸੇ ਕੱਢ ਲੈਂਦੇ ਸਨ।’’ ਸੰਜਮ ਘਰ ਦੇ ਖ਼ਰਚੇ ਉੱਤੇ ਹੀ ਚੱਲਦਾ ਸੀ। ਭਾਵੇਂ ਡਾ. ਰੰਧਾਵਾ ਨੇ ਵਿਗਿਆਨ ਵਿਸ਼ੇ ’ਚ ਉੱਚ ਵਿੱਦਿਆ ਹਾਸਲ ਕੀਤੀ ਤੇ ਪ੍ਰਸ਼ਾਸਨ ਦੇ ਪ੍ਰਬੰਧ ’ਚ ਉੱਚੇ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ, ਪਰ ਉਨ੍ਹਾਂ ਸਾਹਿਤ ਤੇ ਕਲਾ ਨੂੰ ਮਾਣਨ ਦਾ ਸ਼ੌਕ ਵੀ ਬਰਕਰਾਰ ਰੱਖਿਆ। ਉਨ੍ਹਾਂ ਆਪ ਵੀ ਬਹੁਤ ਕੁਝ ਲਿਖਿਆ ਤੇ ਲਿਖਣ ਵਾਲਿਆਂ ਨੂੰ ਪ੍ਰੇਰਿਆ ਵੀ। ਲੇਖਕਾਂ ਦਾ ਸਨਮਾਨ ਕੀਤਾ ਤੇ ਮਹਾਨ ਲੇਖਕਾਂ ਦੀਆਂ ਲਿਖਤਾਂ ਨੂੰ ਸੰਭਾਲਿਆ ਵੀ। ਡਾ. ਰੰਧਾਵਾ ਦੀਆਂ ਲਿਖਤਾਂ ਤੇ ਪ੍ਰਕਾਸ਼ਨਾਵਾਂ ਵਿਚੋਂ ਉਨ੍ਹਾਂ ਦੀ ਸਾਹਿਤ, ਕਲਾ ਤੇ ਸਭਿਆਚਾਰ ਨਾਲ ਜਨੂੰਨ ਦੀ ਹੱਦ ਤਕ ਮੁਹੱਬਤ ਸਪੱਸ਼ਟ ਝਲਕਦੀ ਹੈ। ਫੁੱਲਾਂ ਤੇ ਰੁੱਖਾਂ ’ਚ ਦਿਲਚਸਪੀ ਤੇ ਅਥਾਹ ਪਿਆਰ ਨੂੰ ਉਨ੍ਹਾਂ ‘ਸੁੰਦਰ ਰੁੱਖ ਤੇ ਬਾਗ ਬਗੀਚੇ’ ਨਾਮੀ ਪੁਸਤਕ ’ਚ ਬਿਆਨ ਕੀਤਾ ਹੈ। ਉਨ੍ਹਾਂ ਸਮੁੱਚੇ ਭਾਰਤ ਦੀ ਖੇਤੀਬਾੜੀ ਬਾਰੇ ਚਾਰ ਜਿਲਦਾਂ ’ਚ ਮਹਾਨ ਪੁਸਤਕ ਦੀ ਰਚਨਾ ਕੀਤੀ। ਉਨ੍ਹਾਂ ਨੇ ਪੰਜਾਬ, ਕਾਂਗੜਾ, ਕੁੱਲੂ ਤੇ ਹਰਿਆਣਾ ਦੇ ਲੋਕ ਗੀਤਾਂ ਬਾਰੇ ਵੀ ਬੜਾ ਕੁਝ ਲਿਖਿਆ। ‘ਪੰਜਾਬ’ ਨਾਂ ਦੀ ਸੰਪਾਦਤ ਪੁਸਤਕ ’ਚ ਉਨ੍ਹਾਂ ਨੇ ਪੰਜਾਬ ਦੇ ਇਤਿਹਾਸ, ਭੂਗੋਲ, ਕਲਾ, ਸਭਿਆਚਾਰ ਤੇ ਵਿਰਾਸਤ ਸਬੰਧੀ ਵੱਖ ਵੱਖ ਵਿਦਵਾਨਾਂ ਦੇ ਲੇਖਾਂ ਨੂੰ ਸ਼ਾਮਿਲ ਕੀਤਾ। ‘ਕਾਂਗੜਾ’ ਪੁਸਤਕ ’ਚ ਕਾਂਗੜੇ ਦੀ ਕਲਾ, ਸਾਹਿਤ ਤੇ ਇਤਿਹਾਸ ਸਬੰਧੀ ਨਿੱਗਰ ਸਮੱਗਰੀ ਸ਼ਾਮਲ ਹੈ। ਦੇਵਿੰਦਰ ਸਤਿਆਰਥੀ ਨਾਲ ਸਾਂਝੇ ਤੌਰ ’ਤੇ ਸੰਪਾਦਤ ‘ਪੰਜਾਬੀ ਲੋਕ ਗੀਤ’ ਪੰਜਾਬ ਦੇ ਲੋਕ ਗੀਤਾਂ ਨੂੰ ਸਮਝਣ ਤੇ ਘੋਖਣ ਲਈ ਅਮੀਰ ਸਾਹਿਤਕ ਖ਼ਜ਼ਾਨਾ ਹੈ। ਉਨ੍ਹਾਂ ਨੇ ਕਾਂਗੜਾ ਤੇ ਬਸੋਲੀ ਦੇ ਚਿੱਤਰਾਂ ਬਾਰੇ ਵੀ ਕਿਤਾਬਾਂ ਲਿਖੀਆਂ। ਚਿੱਤਰਾਂ ਦੀ ਖੋਜ ਬਾਰੇ ਆਪਣੇ ਅਨੁਭਵ ਨੂੰ ਉਨ੍ਹਾਂ ਅੰਗਰੇਜ਼ੀ ਪੁਸਤਕ ‘ਚਿਤਰਾਂ ਦੀ ਭਾਲ ਵਿਚ ਪੱਛਮੀ ਹਿਮਾਲਾ ਦੇ ਸਫ਼ਰ’ ਵਿਚ ਦਰਜ ਕੀਤਾ। ਰਿਆਸਤੀ ਚਿੱਤਰਾਂ ਤੋਂ ਇਲਾਵਾ ਇਕ ਪੁਸਤਕ ਬਾਬਰਨਾਮਾ ਦੇ ਚਿੱਤਰਾਂ ਬਾਰੇ ਵੀ ਲਿਖੀ। ਬੁੱਤ ਕਲਾ ਬਾਰੇ ਉਨ੍ਹਾਂ ‘ਭਾਰਤੀ ਬੁੱਤ ਕਲਾ’ ਨਾਂ ਦੀ ਪੁਸਤਕ ਲਿਖੀ। ਇਨ੍ਹਾਂ ਤੋਂ ਇਲਾਵਾ ਡਾ. ਰੰਧਾਵਾ ਨੇ ਵੱਖ ਵੱਖ ਵਿਸ਼ਿਆਂ ’ਤੇ ਕਈ ਪੁਸਤਕਾਂ ਲਿਖੀਆਂ। ਸਾਹਿਤਕਾਰਾਂ ਬਾਰੇ ਉਨ੍ਹਾਂ ਦਾ ਮੱਤ ਸੀ ਕਿ ਇਹ ਸਮਾਜ ਦਾ ਚੇਤੰਨ ਅਤੇ ਜਾਗ੍ਰਿਤ ਭਾਗ ਹੈ, ਜਿਹੜਾ ਮੁਲਕ ਇਨ੍ਹਾਂ ਦੀ ਇੱਜ਼ਤ ਨਹੀਂ ਕਰਦਾ ਉਹ ਕਦੇ ਤਰੱਕੀ ਨਹੀਂ ਕਰ ਸਕਦਾ। ਆਜ਼ਾਦੀ ਪਿੱਛੋਂ ਪੰਜਾਬ ਰਾਜ ਦੀ ਨਵੀਂ ਬਣੀ ਰਾਜਧਾਨੀ ਚੰਡੀਗੜ੍ਹ ਦੇ ਨਕਸ਼ ਸੰਵਾਰਨ ਤੇ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਡਾ. ਮਹਿੰਦਰ ਸਿੰਘ ਰੰਧਾਵਾ ਨੇ ਬੜੀ ਮਿਹਨਤ ਕੀਤੀ। ਲੋਕਾਂ ਨੂੰ ਕਲਾ ਤੇ ਸਭਿਆਚਾਰ ਨਾਲ ਜੋੜਨ ਦੇ ਮੰਤਵ ਨਾਲ ਉਨ੍ਹਾਂ ਚੰਡੀਗੜ੍ਹ ’ਚ ਪੰਜਾਬ ਕਲਾ ਭਵਨ ਦੀ ਸਥਾਪਨਾ ਕਰਵਾਈ। ਚੰਡੀਗੜ੍ਹ ਨੂੰ ਸੋਹਣਾ ਬਣਾਉਣ ਲਈ ਫੁੱਲਾਂ ਦੀਆਂ ਬੇਸ਼ੁਮਾਰ ਵੰਨਗੀਆਂ ਤੇ ਸਦਾਬਹਾਰ ਦਰੱਖਤਾਂ ਨਾਲ ਸ਼ਿੰਗਾਰਨ ਦਾ ਕੰਮ ਬੜੀ ਦਿਲਚਸਪੀ ਨਾਲ ਕੀਤਾ। ਦੱਸਦੇ ਹਨ ਕਿ ਸ਼ਹਿਰ ਦੇ ਕੇਂਦਰ ’ਚ 30 ਏਕੜ ਦੇ ਰਕਬੇ ’ਚ ਗੁਲਾਬ ਦੇ ਫੁੱਲਾਂ ਦੇ ਬਾਗ਼ ’ਚ ਇਕ ਲੱਖ ਤੋਂ ਵੱਧ ਦੀ ਗਿਣਤੀ ’ਚ ਸਜਾਵਟੀ ਪੌਦੇ ਲਗਵਾਏ ਜਿਨ੍ਹਾਂ ’ਚੋਂ 50,000 ਦੇ ਕਰੀਬ ਗੁਲਾਬ ਦੇ ਪੌਦੇ ਹਨ। ਚੰਡੀਗੜ੍ਹ ’ਚ ਹੀ ਰੋਡ ਓਵਰਸੀਅਰ ਨੇਕ ਚੰਦ ਸੈਣੀ ਵੱਲੋਂ ਉਸ ਸਮੇਂ ਚੋਆਂ ’ਚੋਂ ਲੱਭੇ ਪੱਥਰਾਂ ਨਾਲ ਦਿਖਾਈ ਕਲਾਕਾਰੀ ਤੋਂ ਪ੍ਰਭਾਵਿਤ ਹੋ ਕੇ ਡਾ. ਰੰਧਾਵਾ ਨੇ ‘ਪੱਥਰਾਂ ਦੇ ਬਾਗ਼’ (ਰੌਕ ਗਾਰਡਨ) ਲਈ ਕੈਪੀਟਲ ਪ੍ਰੋਜੈਕਟ ਵੱਲੋਂ ਫੰਡ ਦਿਵਾਇਆ ਜੋ ਅੱਜ ਕਾਫ਼ੀ ਮਸ਼ਹੂਰ ਹੈ। ਪੰਜਾਬੀ ਭਾਸ਼ਾ ਦੀ ਤਰੱਕੀ ਵਿਚ ਡਾ. ਰੰਧਾਵਾ ਵੱਲੋਂ ਪਾਇਆ ਯੋਗਦਾਨ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਬੜੇ ਮਾਣ ਨਾਲ ਆਪਣੀ ਮਾਂ ਬੋਲੀ ਨੂੰ ਅਪਣਾਇਆ, ਆਪਣੀਆਂ ਕਿਰਤਾਂ ਨੂੰ ਆਪਣੀ ਮਾਂ ਬੋਲੀ ਵਿਚ ਛਪਵਾਇਆ। ਡਾ. ਰੰਧਾਵਾ ਨੂੰ ਵਿਦੇਸ਼ਾਂ ’ਚ ਰਹਿਣ ਦਾ ਮੌਕਾ ਵੀ ਮਿਲਿਆ ਤੇ ਵੱਡੀ ਤੋਂ ਵੱਡੀ ਅਫ਼ਸਰੀ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਉਨ੍ਹਾਂ ਆਪਣੇ ਉੱਚੇ ਸਰਕਾਰੀ ਰੁਤਬੇ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਤੇ ਸਭਿਆਚਾਰ ਨਾਲ ਮੋਹ ’ਤੇ ਕਦੇ ਵੀ ਹਾਵੀ ਨਹੀਂ ਹੋਣ ਦਿੱਤਾ ਸਗੋਂ ਆਪਣੇ ਅਹੁਦਿਆਂ ਤੇ ਸਹੂਲਤਾਂ ਨੂੰ ਮਾਂ ਬੋਲੀ ਦੀ ਸੇਵਾ ਤੇ ਤਰੱਕੀ ਲਈ ਵਰਤਿਆ। ਉਹ ਮਾਂ ਬੋਲੀ ਦੀ ਸ਼ਕਤੀ ਤੇ ਸਮਰੱਥਾ ਤੋਂ ਚੰਗੀ ਤਰ੍ਹਾਂ ਜਾਣੂੰ ਸਨ। ਰੰਧਾਵਾ ਦੇ ਉੱਦਮ ਤੇ ਪ੍ਰੇਰਨਾ ਨੇ ਇਕ ਵਾਰੀ ਪੰਜਾਬੀ ਤ੍ਰਿੰਞਣ ਮਘਾ ਦਿੱਤੇ ਅਤੇ ਗਿੱਧਿਆਂ ਵਿਚ ਨਵੀਂ ਗਮਕ ਪੈਦਾ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਲਛਮਣ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਪੁੱਛਿਆ ਕਿ ਕੋਈ ਅਜਿਹੀ ਸਕੀਮ ਦੱਸੋ ਜਿਸ ਨਾਲ ਦੁਨੀਆਂ ਮੈਨੂੰ ਯਾਦ ਕਰੇ। ਡਾ. ਰੰਧਾਵਾ ਨੇ ਸੂਬੇ ’ਚ ਪੰਜਾਬੀ ਨੂੰ ਦਫ਼ਤਰੀ ਭਾਸ਼ਾ ਬਣਾਉਣ ਤੇ ਪਿੰਡਾਂ ਨੂੰ ਸੜਕਾਂ ਨਾਲ ਮਿਲਾਉਣ ਵਾਸਤੇ ਲਿੰਕ ਸੜਕਾਂ ਬਣਾਉਣ ਦੀ ਸਲਾਹ ਦੇ ਕੇ ਪੰਜਾਬ ਤੇ ਪੰਜਾਬੀ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ। ਸਕੂਲੀ ਪੱਧਰ ’ਤੇ ਭੰਗੜਾ ਮੁਕਾਬਲਿਆਂ ਦੀ ਯੋਜਨਾ ਵੀ ਡਾ. ਰੰਧਾਵਾ ਦੇ ਦਿਮਾਗ਼ ਦੀ ਕਾਢ ਸੀ। ਇਸ ਯੋਜਨਾ ਤਹਿਤ ਹੀ ਭੰਗੜੇ ਦੀਆਂ ਟੀਮਾਂ ਬਣਾਈਆਂ ਗਈਆਂ ਤੇ ਲੜਕੀਆਂ ਲਈ ਸਕੂਲਾਂ ’ਚ ਗਿੱਧੇ ਨੂੰ ਵੀ ਮਾਨਤਾ ਮਿਲੀ। ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਨੂੰ ਸ਼ੁਰੂ ਕਰਵਾਉਣ ਲਈ ਡਾ. ਮਹਿੰਦਰ ਸਿੰਘ ਰੰਧਾਵਾ ਦੀ ਜੱਦੋਜਹਿਦ ਤੇ ਦ੍ਰਿੜ੍ਹ ਇਰਾਦੇ ਨੂੰ ਵੀ ਸੱਚੀ-ਸੁੱਚੀ ਪੱਤਰਕਾਰੀ ਦੇ ਖੇਤਰ ’ਚ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। ਜ਼ਿੰਦਗੀ ਭਰ ਵੱਡੀਆਂ ਪ੍ਰਾਪਤੀਆਂ ਦੇ ਨਾਲ ਨਾਲ ਜਦੋਂ ਉਨ੍ਹਾਂ ਸਵੈ-ਜੀਵਨੀ ‘ਆਪ ਬੀਤੀ’ ਲਿਖੀ ਤਾਂ ਉਨ੍ਹਾਂ ਆਪਣੇ ਜੱਦੀ ਇਲਾਕੇ ਦੀ ਸਾਦਗੀ ਤੇ ਕੁਦਰਤੀ ਖ਼ੂਬਸੁਰਤੀ ਨੂੰ ਸ਼ਿੱਦਤ ਨਾਲ ਬਿਆਨ ਕੀਤਾ। ‘ਪਿੰਡ ਦੀਆਂ ਰੌਣਕਾਂ’ ਅਧਿਆਇ ’ਚ ਅਸੀਂ ਉਨ੍ਹਾਂ ਦੀ ਸਾਹਿਤਕ ਤੇ ਕਲਾਤਮਿਕ ਸੂਖ਼ਮਤਾ ਦੇ ਨਮੂਨੇ ਦੇਖ ਸਕਦੇ ਹਾਂ। ਉਹ ਲਿਖਦੇ ਹਨ: ‘‘ਕਿੰਨੇ ਸੋਹਣੇ ਹਨ ਹੁਸ਼ਿਆਰਪੁਰ ਦੇ ਪਿੰਡ। ਸਾਰੇ ਹੁਸ਼ਿਆਰਪੁਰ ’ਚ ਇਹ ਹੀ ਇਲਾਕਾ ਹੈ ਜਿੱਥੇ ਮੈਦਾਨਾਂ ਤੋਂ ਹਿਮਾਲਿਆ ਦੀਆਂ ਬਰਫ਼ ਨਾਲ ਢਕੀਆਂ ਚੋਟੀਆਂ ਏਨੀਆਂ ਸਾਫ਼ ਦਿਖਾਈ ਦਿੰਦੀਆਂ ਹਨ। ਚਾਰੇ ਪਾਸੇ ਅੰਬਾਂ ਦੇ ਬਾਗ਼ ਤੇ ਟਾਹਲੀ ਦੀਆਂ ਝਿੜੀਆਂ। ... ਅੰਬ ਮੁੱਕੇ ਤਾਂ ਮੱਕੀ ਦੀਆਂ ਛੱਲੀਆਂ ਪੱਕੀਆਂ। ਖੇਤਾਂ ਵਿਚ ਛਾਪਿਆਂ ਦੀ ਅੱਗ ਬਾਲ ਕੇ ਛੱਲੀਆਂ ਭੁੰਨ ਚੱਬਣੀਆਂ ਤੇ ਘਰ ਆ ਕੇ ਖੱਟੀ ਲੱਸੀ ਦਾ ਗਲਾਸ ਲੂਣ ਤੇ ਕਾਲੀ ਮਿਰਚ ਪਾ ਕੇ ਪੀ ਲੈਣਾ। ਛੱਲੀਆਂ ਪੱਕਣੀਆਂ ਤਾਂ ਮੁਰਮਰੇ ਝਿਊਰੀ ਦੀ ਭੱਠੀ ’ਤੇ ਭੁੰਨਾਉਣੇ, ਹੋਰ ਪੱਕ ਜਾਵਣ ਤਾਂ ਖਿੱਲਾਂ। ਸਿਆਲਾਂ ਨੂੰ ਵੇਲਣੇ ’ਤੇ ਹਵਾ ਤੱਤੇ ਗੁੜ ਤੇ ਰਾਬ ਦੀ ਮਹਿਕ ਨਾਲ ਭਰ ਜਾਣੀ। ਕਿੰਨੀ ਸੁਆਦਲੀ ਹੈ ਤੱਤੇ ਤੱਤੇ ਗੁੜ ਤੇ ਰਾਬ ਦੀ ਮਹਿਕ? ਮੈਨੂੰ ਹਾਲੇ ਤਾਈਂ ਵੀ ਯਾਦ ਆਉਂਦੀ ਹੈ। ਰਾਤ ਨੂੰ ਭੱਠੀ ਕੋਲ ਹੀ ਕੰਬਲ ਵਲ੍ਹੇਟ ਕੇ ਖੋਰੀ ’ਤੇ ਪੈ ਜਾਣਾ ਤੇ ਜੱਟਾਂ ਦੀਆਂ ਗੱਲਾਂ ਸੁਣਨੀਆਂ।’’

ਵਰਿੰਦਰ ਸਿੰਘ ਨਿਮਾਣਾ

ਪਹਾੜਾਂ ਦੀ ਸ਼ਾਂਤੀ ਤੇ ਕੁਦਰਤੀ ਸੁਹੱਪਣ ਨਾਲ ਡਾ. ਮਹਿੰਦਰ ਸਿੰਘ ਰੰਧਾਵਾ ਦਾ ਲਗਾਓ ਸਾਰੀ ਉਮਰ ਬਰਕਰਾਰ ਰਿਹਾ। ਧੌਲਾਧਾਰ ਦੀਆਂ ਬਰਫ਼ ਲੱਦੀਆਂ ਟੀਸੀਆਂ ਉਨ੍ਹਾਂ ਦੇ ਦਿਲ ਨੂੰ ਹਮੇਸ਼ਾ ਧੂਹ ਪਾਉਂਦੀਆਂ ਰਹੀਆਂ। ਉਨ੍ਹਾਂ ਦੇ ਆਪਣੇ ਸ਼ਬਦਾਂ ’ਚ ‘‘ਹੁਸ਼ਿਆਰਪੁਰ ਜ਼ਿਲ੍ਹੇ ਵਿਚ ਆਪਣੇ ਪਿੰਡ ਘਰ ਦੀ ਛੱਤ ’ਤੇ ਖਲੋਤਾ ਮੈਂ ਕਈ ਵਾਰ ਇਸ ਬਰਫ਼ ਦੀ ਧਾਰ ਨੂੰ ਵੇਖ ਕੇ ਸੋਚਾਂ ਵਿਚ ਡੁੱਬ ਜਾਂਦਾ ਸਾਂ। ਮੇਰੇ ਉੱਤੇ ਇਸ ਦਾ ਹਮੇਸ਼ਾ ਜਾਦੂ ਵਰਗਾ ਅਸਰ ਹੁੰਦਾ ਹੈ ਤੇ ਮੈਂ ਇਸ ਨੂੰ ਸਤਿਕਾਰ ਤੇ ਚਾਵਾਂ ਭਰਪੂਰ ਦਿਲ ਨਾਲ ਵੇਖਦਾ ਰਹਿੰਦਾ। ਫਿਰ ਮੈਂ ਇਸ ਬਰਫ਼ ਦੀ ਧਾਰ ਦਾ ਦ੍ਰਿਸ਼ ਬਨਖੰਡੀ ਦੇ ਇਕਾਂਤਮਈ ਬੰਗਲੇ ’ਤੇ ਦੇਖਿਆ ਜਿਹੜਾ ਹੁਸ਼ਿਆਰਪੁਰ ਤੋਂ ਊਨਾ ਜਾਣ ਵਾਲੀ ਪਹਾੜੀ ਸੜਕ ’ਤੇ ਬਣਿਆ ਹੋਇਆ ਹੈ। ਮੈਨੂੰ ਜਾਪਿਆ ਜਿਵੇਂ ਇਹ ਬੰਗਲਾ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਕਿਸੇ ਬਾਜ਼ ਦਾ ਆਲ੍ਹਣਾ ਹੈ ਤੇ ਇੱਥੇ ਮੈਂ ਧੌਲਾਧਾਰ ਦੀ ਅਦੁੱਤੀ ਛੱਬ ਨੂੰ ਮਾਣਦਾ ਨਹੀਂ ਥੱਕਿਆ।’’ ਕੁਦਰਤ ਨਾਲ ਏਨੀ ਡੂੰਘੀ ਸਾਂਝ ਤੇ ਮੁਹੱਬਤ ਦੀ ਬਦੌਲਤ ਹੀ ਡਾ. ਮਹਿੰਦਰ ਸਿੰਘ ਰੰਧਾਵਾ ਨੇ ਕਲਾ, ਸਾਹਿਤ, ਸਭਿਆਚਾਰ ਤੇ ਵਿਰਾਸਤ ਨਾਲ ਏਨਾ ਗਹਿਰਾ ਰਿਸ਼ਤਾ ਜੋੜਿਆ ਕਿ ਉਹ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਬਿਹਤਰੀ ਲਈ ਯਤਨਸ਼ੀਲ ਰਹੇ। ਆਪਣੇ ਜੱਦੀ ਇਲਾਕੇ ਦੀ ਭੂੁਗੋਲਿਕ ਨਿਆਮਤ ਭਾਵ ਦੇਸੀ ਅੰਬ ਹਮੇਸ਼ਾਂ ਉਨ੍ਹਾਂ ਦੀ ਰੂਹ ’ਚ ਵਸੇ ਰਹੇ। ਅੰਬਾਂ ਬਾਰੇ ਉਨ੍ਹਾਂ ਲਿਖਿਆ: ‘‘ਸਾਡੇ ਹੁਸ਼ਿਆਰਪੁਰੀਆਂ ਦੇ ਬਹਿਸ਼ਤ ਵਿਚ ਤਾਂ ਮਿੱਠੇ ਅੰਬ ਹੀ ਹਨ ਤੇ ਇਨ੍ਹਾਂ ਨੂੰ ਕਿਹੜੀ ਚੀਜ਼ ਮਾਤ ਕਰ ਸਕਦੀ ਹੈ? ਸਾਡੇ ਮੁਸਲਮਾਨ ਭਰਾਵਾਂ ਨੂੰ ਪਤਾ ਨਹੀਂ ਅਗਲੇ ਜਨਮ ’ਚ ਹੂਰਾਂ ਲੱਭਣ ਕਿ ਨਾ ਲੱਭਣ, ਪਰ ਸਾਡਾ ਬਹਿਸ਼ਤ ਤਾਂ ਸਾਡੇ ਕੋਲ ਹੈ ਤੇ ਹਰ ਤੀਸਰੇ ਸਾਲ ਸਾਵਣ ਭਾਦਰੋਂ ਦਿਆਂ ਮਹੀਨਿਆਂ ਵਿਚ ਅਸੀਂ ਇਨ੍ਹਾਂ ਨੂੰ ਮਾਣ ਸਕਦੇ ਹਾਂ।’’ ਉਹ ਹਰ ਸਾਲ ਅੰਬਾਂ ਦੀ ਰੁੱਤੇ ਆਪਣੇ ਜੱਦੀ ਪਿੰਡ ਬੋਦਲਾਂ ਬਾਲਟੀ ਭਰ ਕੇ ਅੰਬ ਚੂਪਣ ਲਈ ਜਾਂਦੇ ਤੇ ਚੂਪਣ ਵਾਲੇ ਦੇਸੀ ਅੰਬਾਂ ਦੀਆਂ ਕਿਸਮਾਂ ਦੀ ਸ਼ਨਾਖ਼ਤ ਕਰਿਆ ਕਰਦੇ। ਉਨ੍ਹਾਂ ਮੁਤਾਬਿਕ ਅੰਬਾਂ ਦੇ ਬਾਗ਼ ਹੁਸ਼ਿਆਰਪੁਰ ਦੇ ਵਸਨੀਕਾਂ ਨੂੰ ਨਾ ਸਿਰਫ਼ ਜਿਸਮਾਨੀ ਖੁਰਾਕ ਦਿੰਦੇ ਹਨ, ਇਨ੍ਹਾਂ ਤੋਂ ਪੇਂਡੂ ਜਨਤਾ ਨੂੰ ਰੂਹਾਨੀ ਖੁਰਾਕ ਵੀ ਮਿਲਦੀ ਹੈ। ਉਨ੍ਹਾਂ ਮੁਤਾਬਿਕ ਅੰਬ ਸੱਚਮੁੱਚ ਹੀ ਸਵਰਗ ਦਾ ਫਲ ਹੈ। ਉਨ੍ਹਾਂ ਨੂੰ ਨੇੜਿਓ ਤੱਕਣ ਵਾਲਿਆਂ ਮੁਤਾਬਿਕ ਬਰਸਾਤਾਂ ਦੇ ਦਿਨਾਂ ਵਿਚ ਉੱਚੇ ਕੱਦ ਕਾਠ, ਅੰਗਰੇਜ਼ਾਂ ਵਰਗੀ ਸੂਰਤ, ਸਿਰ ’ਤੇ ਹੈਟ ਤੇ ਹੱਥ ’ਚ ਸੋਟੀ ਫੜ ਇਸ ਇਲਾਕੇ ਦੇ ਵਗਦੇ ਚੋਆਂ ਦੇ ਕੰਢੇ ਦੂਰ ਦੂਰ ਤੱਕ ਪਾਣੀਆਂ ਨਾਲ ਬਣੀਆਂ ਬਰੇਤੀਆਂ ਤੇ ਚੋਆਂ ਦੀ ਦੂਰ ਦੂਰ ਤਕ ਪਸਰੀ ਲੰਮੀ ਚੁੱਪ ਦਾ ਲੁਤਫ਼ ਲੈਂਦੇ ਰਹਿੰਦੇ ਸਨ। ਇਸ ਇਲਾਕੇ ਦੀ ਸਾਦਗੀ, ਅੰਬਾਂ ਤੇ ਟਾਹਲੀਆਂ ਨਾਲ ਸਜੇ ਕੁਦਰਤੀ ਸੁਹੱਪਣ ਤੇ ਇਕਾਂਤ ਨੂੰ ਮਾਣਦੇ ਡਾ. ਰੰਧਾਵਾ ਇਕ ਤਰ੍ਹਾਂ ‘ਚੋਆਂ ਤੇ ਅੰਬਾਂ ਦੇ ਦੇਸ਼ ਦੇ ਬਾਦਸ਼ਾਹ’ ਜਾਪਦੇ ਸਨ। ਇਸ ਇਲਾਕੇ ਦੀ ਭੂਗੋਲਿਕ ਸੌਗਾਤ ਅੰਬਾਂ ਦੀ ਖੁਸ਼ਬੋਈ ਤੇ ਸੁਆਦ ਅਗਲੀਆਂ ਨਸਲਾਂ ਵੀ ਮਾਣ ਸਕਣ, ਇਸ ਲਈ ਡਾ. ਰੰਧਾਵਾ ਨੇ 1972 ’ਚ ਪੰਜਾਬ ਖੇਤੀਬਾੜੀ, ਲੁਧਿਆਣਾ ਦੇ ਉਪ-ਕੁਲਪਤੀ ਵਜੋਂ ਸੇਵਾਵਾਂ ਦੌਰਾਨ ਆਪਣੇ ਪਿੰਡ ਤੋਂ ਥੋੜ੍ਹੀ ਦੂਰ ਦਸੁੂਹਾ ਹੁਸ਼ਿਆਰਪੁਰ ਮੁੱਖ ਸੜਕ ’ਤੇ ਪਿੰਡ ਗੰਗੀਆਂ ਵਿਖੇ ਫਲ ਖੋਜ ਕੇਂਦਰ ਸਥਾਪਿਤ ਕਰਵਾਇਆ। ਉਨ੍ਹਾਂ ਹੁਸ਼ਿਆਰਪੁਰ ਤੇ ਪੰਜਾਬ ਦੇ ਹੋਰ ਥਾਵਾਂ ’ਚ ਸਰਵੇਖਣ ਕਰਵਾ ਕੇ ਦੇਸੀ ਅੰਬਾਂ ਦੀਆਂ ਸੁਆਦ, ਬਣਤਰ ਤੇ ਆਕਾਰ ਪੱਖੋਂ ਵਧੀਆ ਕਿਸਮਾਂ ਨੂੰ ਇਸ ਕੇਂਦਰ ’ਚ ਸੰਭਾਲ ਦਿੱਤਾ। ਇਸ ਫਲ ਕੇਂਦਰ ’ਚ ਤਕਰੀਬਨ 48 ਏਕੜ ਰਕਬੇ ’ਚ ਅੰਬਾਂ ਦੀਆਂ ਦੇਸੀ ਕਿਸਮਾਂ ਤੇ ਹੋਰ ਫਲਦਾਰ ਪੌਦੇ ਤਿਆਰ ਕੀਤੇ ਜਾਂਦੇ ਹਨ। ਅੰਬਾਂ ਦੀਆਂ ਦੇਸੀ ਕਿਸਮਾਂ ’ਚੋਂ ਕੂਕਿਆਂ ਦੀ ਛੱਲੀ, ਬਿਜਰੌਰ ਦੀ ਬੱਡ, ਹਰਿਆਣਾ ਦੀ ਕੰਘੀ, ਸੰਧੂਰੀ ਛੱਲੀ, ਬਿਜੌਰ ਦੀ ਛੱਲੀ, ਗੁਰਮੇਲ ਦੇ ਅੰਬ, ਜਹਾਨਖੇਲਾਂ ਵਾਲਾ ਅੰਬ ਆਪਣੀ ਬਣਤਰ, ਵਿਲੱਖਣ ਸੁਆਦ ਤੇ ਖੁਸ਼ਬੋ ਕਰਕੇ ਫ਼ਲਾਂ ਦੇ ਸ਼ੌਕੀਨ ਬੰਦੇ ਦੀ ਰੂਹ ਵਿਚ ਲਹਿ ਜਾਣ ਦੀ ਸਮਰੱਥਾ ਰੱਖਦੀਆਂ ਹਨ। ਉਨ੍ਹਾਂ ਦੇ ਜੱਦੀ ਪਿੰਡ ਬੋਦਲਾਂ ਨੇੜੇ ਕਸਬਾ ਗੜ੍ਹਦੀਵਾਲਾ ਵਿਖੇ 1966 ’ਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਖੋਲ੍ਹੇ ਖਾਲਸਾ ਕਾਲਜ ਲਈ ਡਾ. ਰੰਧਾਵਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਤੇ ਉਨ੍ਹਾਂ ਨੂੰ ਕਾਲਜ ਦੇ ਸੰਸਥਾਪਕ ਹੋਣ ਦਾ ਮਾਣ ਮਿਲਿਆ। ਡਾ. ਸਰਦਾਰਾ ਸਿੰਘ ਜੌਹਲ ਨੇ ਠੀਕ ਕਿਹਾ ਹੈ ਕਿ ‘‘ਪੰਜਾਬ ਦਾ ਇਹ ਸਪੂਤ ਸਾਰੀ ਉਮਰ ਪੰਜਾਬ ਦੀ ਮਿੱਟੀ ਅਤੇ ਪਾਣੀ ਦਾ ਦੇਣਾ ਦੇਂਦਾ ਰਿਹਾ।

ਸੰਪਰਕ: 70877-87700

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All