ਬਹੁਤ ਗਿਆਨਵਾਨ ਸਨ ਮੁਗ਼ਲ ਸ਼ਹਿਜ਼ਾਦੀਆਂ…

ਬਹੁਤ ਗਿਆਨਵਾਨ ਸਨ ਮੁਗ਼ਲ ਸ਼ਹਿਜ਼ਾਦੀਆਂ…

ਪੜ੍ਹਦਿਆਂ-ਸੁਣਦਿਆਂ / ਸੁਰਿੰਦਰ ਸਿੰਘ ਤੇਜ

ਵੀ.ਐਸ. ਨਾਇਪਾਲ

ਮੁਸਲਿਮ ਸਮਾਜ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਬਹੁਤ ਭਰਮ ਭੁਲੇਖੇ ਪਾਏ ਜਾਂਦੇ ਹਨ। ਭਾਰਤ ਉੱਤੇ ਸਭ ਤੋਂ ਪਹਿਲਾਂ ਇਸਲਾਮੀ ਹਕੂਮਤ ਸਥਾਪਿਤ ਕਰਨ ਵਾਲੇ ਗ਼ੁਲਾਮਸ਼ਾਹੀ (ਮਮਲੂਕ) ਘਰਾਣੇ ਦੇ ਸੁਲਤਾਨ ਸ਼ਮਸੂਦੀਨ ਅਲਤਮਸ਼ ਦੀ ਬੇਟੀ ਰਜ਼ੀਆ ਨੇ ਭਾਵੇਂ 1236 ਤੋਂ 1240 ਤਕ ਦਿੱਲੀ ਦੀ ਸਲਤਨਤ ਉੱਤੇ ਰਾਜ ਕੀਤਾ, ਫਿਰ ਵੀ ਆਮ ਪ੍ਰਭਾਵ ਇਹੋ ਹੈ ਕਿ ਸ਼ਾਹੀ ਔਰਤਾਂ ਦੀ ਭੂਮਿਕਾ ਸਿਰਫ਼ ਜ਼ਨਾਨੇ ਤਕ ਹੀ ਸੀਮਤ ਹੁੰਦੀ ਸੀ, ਰਾਜ ਪ੍ਰਬੰਧ ਵਿੱਚ ਉਨ੍ਹਾਂ ਦਾ ਨਾ ਦਖ਼ਲ ਸੀ ਅਤੇ ਨਾ ਹੀ ਕੋਈ ਰੋਲ ਸੀ। ਅਸਲੀਅਤ ਇਹ ਨਹੀਂ ਸੀ। ਇਸਲਾਮੀ ਰਾਜ ਘਰਾਣਿਆਂ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਅਸਲੀਅਤ ਸਾਹਮਣੇ ਲਿਆਉਂਦੀ ਹੈ ਇਰਾ ਮੁਖੋਟੀ ਦੀ ਕਿਤਾਬ ‘ਡੌਟਰਜ਼ ਆਫ਼ ਦਿ ਸਨ’। ਦਿੱਲੀ ਦੀ ਜੰਮਪਲ ਇਰਾ ਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਭਾਵੇਂ ਨੇਚੁਰਲ ਸਾਇੰਸਜ਼ ਦਾ ਅਧਿਐਨ ਕੀਤਾ, ਪਰ ਦਿੱਲੀ ਪਰਤਣ

ਇਰਾ ਮੁਖੋਟੀ ਅਤੇ ਉਸਦੀ ਪੁਸਤਕ ਦਾ ਕਵਰ।

’ਤੇ ਇਸੇ ਅਧਿਐਨ ਨਾਲ ਸਬੰਧਿਤ ਖੋਜ ਕਾਰਜ ਕਰਦਿਆਂ ਉਸ ਦੀ ਰੁਚੀ ਦਿੱਲੀ ਦੇ ਇਤਿਹਾਸ ਵੱਲ ਹੋ ਗਈ। ਇਸੇ ਨਾਟਕੀ ਮੋੜ ਨੇ ਪਹਿਲਾਂ ਭਾਰਤੀ ਮਿਥਿਹਾਸ ਤੇ ਇਤਿਹਾਸ ਵਿੱਚ ਸ਼ਕਤੀਸ਼ਾਲੀ ਯੋਗਦਾਨ ਪਾਉਣ ਵਾਲੀਆਂ ਇਸਤਰੀਆਂ ਬਾਰੇ ਪੁਸਤਕ ‘ਹਿਰੋਇਨਜ਼: ਪਾਵਰਫੁਲ ਇੰਡੀਅਨ ਵਿਮੈੱਨ ਆਫ਼ ਮਿਥ ਐਂਡ ਹਿਸਟਰੀ’ ਵਜੂਦ ਵਿੱਚ ਲਿਆਂਦੀ ਅਤੇ ਫਿਰ ਉਸੇ ਨਾਲ ਜੁੜੀ ਖੋਜ ਨੇ ਅੱਗੇ ਮੁਗ਼ਲ ਸਾਮਰਾਜ ਨਾਲ ਸਬੰਧਿਤ ਸ਼ਕਤੀਸ਼ਾਲੀ ਇਸਤਰੀਆਂ ਬਾਰੇ ਪੁਸਤਕ ਦੀ ਬੁਨਿਆਦ ਰੱਖੀ। ‘ਡੌਟਰਜ਼ ਆਫ਼ ਦਿ ਸਨ’ ਬਾਬਰ ਦੀ ਭੈਣ ਖ਼ਾਨਜ਼ਾਦਾ (ਕਈ ਇਤਿਹਾਸਕਾਰ ਉਸ ਨੂੰ ਖਾਨਜ਼ੰਦਾ ਵੀ ਲਿਖਦੇ ਆ ਰਹੇ ਹਨ) ਤੋਂ ਲੈ ਕੇ ਔਰੰਗਜ਼ੇਬ ਦੀਆਂ ਭੈਣਾਂ ਜਹਾਂਆਰਾਂ ਤੇ ਰੌਸ਼ਨਆਰਾ ਤਕ ਦੇ ਕਾਰਨਾਮਿਆਂ ਦੀ ਕਹਾਣੀ ਹੈ। 276 ਪੰਨਿਆਂ ਦੀ ਇਸ ਕਿਤਾਬ ਵਿੱਚ ਲੇਖਿਕਾ ਨੇ ਆਪਣੇ ਅਧਿਐਨ ਨੂੰ ਸਿਰਫ਼ ਰਾਣੀਆਂ ਤੇ ਸ਼ਹਿਜ਼ਾਦੀਆਂ ਤਕ ਹੀ ਸੀਮਤ ਨਹੀਂ ਰੱਖਿਆ ਸਗੋਂ ਦੁੱਧ ਚੁੰਘਾਵੀਆਂ, ਖਿਡਾਵੀਆਂ, ਅਹਿਮ ਕਨੀਜ਼ਾਂ ਤੇ ਰਖੇਲਾਂ ਦੇ ਵੀ ਜ਼ਨਾਨੇ ਅੰਦਰਲੇ ਮਹੱਤਵ ਅਤੇ ਸ਼ਾਹੀ ਦਰਬਾਰਾਂ ਉੱਤੇ ਉਨ੍ਹਾਂ ਦੇ ਅਸਰ ਰਸੂਖ਼ ਦੇ ਵੇਰਵੇ ਪੇਸ਼ ਕੀਤੇ ਹਨ। ਪੁਸਤਕ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਸਲਤਨਤਾਂ ਨੂੰ ਸਿਰਜਣ, ਮਜ਼ਬੂਤੀ ਬਖ਼ਸ਼ਣ ਅਤੇ ਇਨ੍ਹਾਂ ਦਾ ਜੀਵਨ ਕਾਲ ਲੰਮੇਰਾ ਬਣਾਉਣ ਲਈ ਜੇਕਰ ਪੁਰਸ਼ਾਂ ਦੀ ਭਰਪੂਰ ਹਿੱਸੇਦਾਰੀ ਰਹੀ ਤਾਂ ਔਰਤਾਂ ਦੀ ਭਾਈਵਾਲੀ ਵੀ ਇਸ ਪੱਖੋਂ ਕਦੇ ਘੱਟ ਨਹੀਂ ਰਹੀ।

ਸ਼ਾਹਮੁਖੀ ’ਚ ਛਪੀ ਪੁਸਤਕ ਅਤੇ ਜਸਬੀਰ ਭੁੱਲਰ।

ਛੋਟੀ ਉਮਰ ਵਿੱਚ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਦੇ ਬਾਵਜੂਦ ਜੇਕਰ ਬਾਬਰ ਨੂੰ ਕਿਸੇ ਨੇ ਹਕੂਮਤ ਤੇ ਯੁੱਧ-ਕਲਾ ਦੇ ਗੁਰ ਸਿਖਾਏ ਤਾਂ ਉਹ ਉਸਦੀ ਦਾਦੀ ਆਇਸਾਨ (ਅਹਿਸਾਨ) ਦੌਲਤ ਬੇਗ਼ਮ ਸੀ। ਇਸੇ ਤਰ੍ਹਾਂ ਬਾਬਰ ਦੀ ਭੈਣ ਖ਼ਾਨਜ਼ਾਦਾ ਬੇਗ਼ਮ ਨੇ ਦੋ ਅਹਿਮ ਸਮਿਆਂ ਦੌਰਾਨ ਬਾਬਰ ਦੀ ਜ਼ਿੰਦਗੀ ਬਚਾਈ ਅਤੇ ਆਪਣੀਆਂ ਖ਼ੁਸ਼ੀਆਂ ਦੀ ਕੁਰਬਾਨੀ ਦੇ ਕੇ ਆਪਣੇ ਭਰਾ ਨੂੰ ਹਿੰਦੋਸਤਾਨ ਦਾ ਪਾਦਸ਼ਾਹ ਬਣਨ ਦੇ ਰਾਹ ਪਾਇਆ। ਬਾਬਰ ਦਾ ਵਾਰਿਸ ਹਮਾਯੂੰ ਹਮੇਸ਼ਾਂ ਆਪਣੀ ਭੂਆ ਦਾ ਕ੍ਰਿਤਾਰਥ ਰਿਹਾ। ਚੜ੍ਹਦੀ ਜਵਾਨੀ ਵਿੱਚ ਉਸ ਨੂੰ ਭਟਕਣ ਤੇ ਰਾਜ ਧਰਮ ਤੋਂ ਥਿੜਕਣ ਤੋਂ ਰੋਕਣ ਪੱਖੋਂ ਖਾਨਜ਼ਾਦਾ ਬੇਗ਼ਮ ਹੀ ਉਸਦੀ ਸੇਧਗਾਰ ਸਾਬਤ ਹੋਈ। ਇਸੇ ਤਰ੍ਹਾਂ ਹਮਾਯੂੰ ਦੀ ਮਤਰੇਈ ਭੈਣ ਗੁਲਬਦਨ ਬੇਗ਼ਮ ਨੇ ਨਾ ਸਿਰਫ਼ ਵੱਡੇ ਭਰਾ ਦੀ ਜੀਵਨੀ (ਹਮਾਯੂੰਨਾਮਾ) ਲਿਖੀ ਸਗੋਂ ਹਰ ਮੁਸੀਬਤ ਵਿੱਚ ਉਸਦਾ ਸਹਾਰਾ ਬਣਦੀ ਰਹੀ। ਆਇਸਾਨ ਦੌਲਤ ਬੇਗ਼ਮ, ਦਿਲਦਾਰ ਬੇਗ਼ਮ, ਬੇਗਾ ਬੇਗ਼ਮ, ਮਹਿਮ ਬੇਗ਼ਮ, ਹਰਖਾ ਬਾਈ, ਸਲੀਮਾ ਸੁਲਤਾਨ ਬੇਗ਼ਮ, ਦਿਲਰਸ ਬਾਨੋ, ਜਾਂ ਧਰਮ ਮਾਵਾਂ ਜੀਜੀ ਅਨਾਗਾ ਜਾਂ ਮਹਮ ਅਨਾਗਾ (ਅੰਗਾ) ਦੇ ਨਾਮ ਭਾਵੇਂ ਸਕੂਲਾਂ-ਕਾਲਜਾਂ ਦੀਆਂ ਇਤਿਹਾਸ ਪੁਸਤਕਾਂ ਵਿੱਚ ਦਰਜ ਨਹੀਂ, ਫਿਰ ਵੀ ਇਨ੍ਹਾਂ ਸਾਰੀਆਂ ਸ਼ਾਹੀ ਇਸਤਰੀਆਂ ਨੇ ਸਮੇਂ ਸਮੇਂ ਆਪਣੀ ਸੂਝ ਬੂਝ, ਵਫ਼ਾਦਾਰੀ, ਰਸੂਖ਼ ਤੇ ਤਾਕਤ ਦੇ ਜ਼ਰੀਏ ਮੁਗ਼ਲ ਬਾਦਸ਼ਾਹਾਂ ਦੀਆਂ ਨੀਤੀਆਂ ਤੇ ਸੋਚ ਨੂੰ ਪ੍ਰਭਾਵਿਤ ਕੀਤਾ। ਇੰਜ ਹੀ ਜ਼ੇਬ-ਉਨ-ਨਿਸਾ ਤੇ ਜ਼ੀਨਤ-ਉਨ-ਨਿਸਾ ਨੇ ਆਪਣੇ ਪਿਤਾ ਬਾਦਸ਼ਾਹ ਔਰੰਗਜ਼ੇਬ ਅੰਦਰ ਸ਼ਖ਼ਸੀ ਸੁਧਾਰ ਲਿਆਉਣ ਅਤੇ ਸੰਕਟਾਂ ਸਮੇਂ ਉਸਦਾ ਮਾਨਸਿਕ ਸਹਾਰਾ ਬਣਨ ਦੀ ਭੂਮਿਕਾ ਬਾਖ਼ੂਬੀ ਨਿਭਾਈ। ਕਿਤਾਬ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਪੂਰਬ ਦੀ ਇਸਤਰੀ ਪੱਛਮੀ ਦੇਸ਼ਾਂ ਦੀਆਂ ਇਸਤਰੀਆਂ ਨਾਲੋਂ ਕਿਤੇ ਵੱਧ ਪ੍ਰਗਤੀਸ਼ੀਲ ਤੇ ਗਿਆਨਵਾਨ ਸੀ। ਇਸਦੇ ਬਾਵਜੂਦ ਸਾਡੀ ਲੋਕ-ਸੋਚ ਇਸਤਰੀ ਨੂੰ ਛੁਟਿਆ ਕੇ ਹੀ ਵੇਖਦੀ ਰਹੀ। * * * ਜਸਬੀਰ ਭੁੱਲਰ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਫ਼ੌਜ ਵਿੱਚੋਂ ਕਰਨਲ ਦੇ ਰੁਤਬੇ ਤੋਂ ਸੇਵਾਮੁਕਤ ਹੋਣ ਦੇ ਬਾਵਜੂਦ ਆਪਣੀ ਸਾਹਿਤਕ ਪਛਾਣ ਨੂੰ ਸਿਰਫ਼ ‘ਜਸਬੀਰ ਭੁੱਲਰ’ ਤਕ ਮਹਿਦੂਦ ਰੱਖਣਾ ਉਨ੍ਹਾਂ ਦੀ ਹਲੀਮੀ ਦਾ ਵੀ ਪ੍ਰਤੀਕ ਹੈ ਅਤੇ ਜ਼ਮੀਨ ਨਾਲ ਜੁੜੇ ਹੋਣ ਦਾ ਵੀ। ਇਸੇ ਹਲੀਮੀ ਦੀ ਖੁਸ਼ਬੋ ਉਨ੍ਹਾਂ ਦੀ ਲਿਖਣ ਸ਼ੈਲੀ ਵਿੱਚ ਵੀ ਵਸੀ ਹੋਈ ਹੈ ਅਤੇ ਉਨ੍ਹਾਂ ਦੀ ਆਪਣੀ ਸ਼ਖ਼ਸੀਅਤ ਵਿੱਚ ਵੀ। ਉਨ੍ਹਾਂ ਦੀ ਵਾਰਤਕ ਸ਼ੈਲੀ ਤੋਂ ਕਾਇਲ ਹੋਏ ਬਿਨਾਂ ਨਹੀਂ ਰਿਹਾ ਜਾ ਸਕਦਾ। ਉਨ੍ਹਾਂ ਦੀ ਸਾਹਿਤਕ ਸਵੈ ਜੀਵਨੀ (ਧੁੱਪ ਛਾਂ ਦੀਆਂ ਕਾਤਰਾਂ) ਦੇ ਇੱਕ ਸੰਖੇਪ ਜਹੇ ਅੰਸ਼ ਤੋਂ ਉਨ੍ਹਾਂ ਦੀ ਲੇਖਣ ਸ਼ੈਲੀ ਦੀ ਖ਼ੂਬਸੂਰਤੀ ਦਾ ਅਹਿਸਾਸ ਹੋ ਜਾਂਦਾ ਹੈ: ‘‘ਸਿੱਕਮ ਦੇ ਲੰਗਥੂ ਨਾਂ ਦੇ ਇਲਾਕੇ ਵਿੱਚ ਮੈਂ ਬਹੁਤ ਬਰਫ਼ ਵੇਖੀ ਸੀ। ਬਰਫ਼ ਕਦੀ ਰੂੰ ਦੇ ਫੰਬਿਆਂ ਵਾਂਗ ਡਿੱਗਦੀ ਸੀ ਤੇ ਕਦੇ ਦਾਣਾ ਖੰਡ ਵਾਂਗੂੰ। ਮੇਰੇ ਕਮਰੇ ਦੀ ਛੱਤ ਤੋਂ ਬਰਫ਼ ਦੀਆਂ ਸਲਾਖਾਂ ਹੇਠਾਂ ਨੂੰ ਲਮਕਦੀਆਂ ਰਹਿੰਦੀਆਂ ਸਨ। ਕਦੀ ਕਦਾਈਂ ਸਲਾਖਾਂ ਆਪਣੇ ਹੀ ਭਾਰ ਨਾਲ ਟੁੱਟ ਕੇ ਨਰਮ ਬਰਫ਼ ਦੀ ਛਾਤੀ ਵਿੱਚ ਖੰਜਰ ਵਾਂਗ ਖੁੱਭ ਜਾਂਦੀਆਂ ਸਨ। ਕਮਰੇ ਅੰਦਰ ਬੁਖ਼ਾਰੀ ਦੀ ਸੁਰ ਸੁਰ ਹੁੰਦੀ ਰਹਿੰਦੀ ਸੀ। ਕਮਰਾ ਕੁਝ ਨਿੱਘਾ ਹੋ ਜਾਂਦਾ ਤਾਂ ਬਾਰੀ ਦੇ ਸ਼ੀਸ਼ੇ ਤੋਂ ਜੰਮੀ ਬਰਫ਼ ਪਿਘਲ ਜਾਂਦੀ ਸੀ। ਖਿੜਕੀ ’ਚੋਂ ਕੰਚਨਜੰਗਾ ਦੀ ਚੋਟੀ ਵਿਖਾਈ ਦਿੰਦੀ ਸੀ। ਖਿੜਕੀ ਤੋਂ ਹੇਠਾਂ ਨਜ਼ਰ ਜਾਵੇ ਤਾਂ ਹਜ਼ਾਰਾਂ ਫੁੱਟ ਡੂੰਘੀ ਖੱਡ ਸੀ। ਨਜ਼ਰ ਦੀ ਪਹੁੰਚ ਤਕ ਸੰਘਣਾ ਜੰਗਲ ਤੇ ਵਿੰਗ ਤੜਿੰਗੀ ਲਕੀਰ ਵਾਂਗ ਦਿਸਦੀ ਨਦੀ ਸੀ।’’ ਭੁੱਲਰ ਹੋਰਾਂ ਦੀਆਂ ਕਹਾਣੀਆਂ, ਨਾਵਲਾਂ, ਕਵਿਤਾਵਾਂ ਤੇ ਸ਼ਬਦ ਚਿੱਤਰਾਂ ਨੂੰ ਜਿੰਨੇ ਚਾਅ ਤੇ ਸ਼ਿੱਦਤ ਨਾਲ ਸਾਡੇ ਏਧਰ ਪੜ੍ਹਿਆ ਤੇ ਸਲਾਹਿਆ ਜਾਂਦਾ ਹੈ, ਓਨਾ ਹੀ ਅਦਬ ਸਤਿਕਾਰ ਲਹਿੰਦੇ ਪੰਜਾਬ ਵਿੱਚ ਵੀ ਉਨ੍ਹਾਂ ਨੂੰ ਮਿਲਦਾ ਆ ਰਿਹਾ ਹੈ। ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ ਨੇ ਬਾਲਾਂ ਲਈ ਉਨ੍ਹਾਂ ਦੇ ਨਾਵਲ ‘ਪਤਾਲ ਦੇ ਬੌਣੇ’ ਨੂੰ ਹਾਲ ਹੀ ਵਿੱਚ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ਕੀਤਾ ਹੈ। ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਇਸਦਾ ਲਿਪੀਅੰਤਰ ਅਸ਼ਰਫ਼ ਸੁਹੇਲ ਨੇ ਕੀਤਾ। ਇਹ ਜਸਬੀਰ ਭੁੱਲਰ ਦੀ ਪੰਜਵੀਂ ਕਿਤਾਬ ਹੈ ਜੋ ਪੰਜਾਬੀ ਬਾਲ ਅਦਬੀ ਬੋਰਡ ਵੱਲੋਂ ਸ਼ਾਹਮੁਖੀ ਵਿੱਚ ਛਾਪੀ ਗਈ ਹੈ। * * * ਨੋਬੇਲ ਪੁਰਸਕਾਰ ਜੇਤੂ ਅੰਗਰੇਜ਼ੀ ਸਾਹਿਤਕਾਰ ਵੀ.ਐੱਸ ਨਾਇਪਾਲ ਐਤਵਾਰ ਨੂੰ ਚਲਾਣਾ ਕਰ ਗਿਆ। ਜੋ ਲੱਜ਼ਤ ਉਸਦੀ ਲੇਖਣੀ ਵਿੱਚ ਸੀ, ਉਹ ਅੰਗਰੇਜ਼ੀ ਵਿੱਚ ਲਿਖਣ ਵਾਲੇ ਉਸਦੇ ਕਿਸੇ ਵੀ ਸਮਕਾਲੀ ਦੀ ਲੇਖਣੀ ਵਿੱਚੋਂ ਮਹਿਸੂਸ ਨਹੀਂ ਹੋਈ। ਉਸ ਨੇ ਜਿੱਥੇ ‘ਏ ਹਾਊਸ ਫਾਰ ਮਿਸਟਰ ਬਿਸਵਾਸ’, ‘ਗੁਰੀਲਾਜ਼’, ‘ਏ ਬੈਂਡ ਇਨ ਦਾ ਰਿਵਰ’, ‘ਇਨ ਏ ਫਰੀ ਸਟੇਟ’ ਵਰਗੇ ਬਾਕਮਾਲ ਨਾਵਲ ਲਿਖੇ, ਉੱਥੇ ਬਹੁਤ ਸਾਰੀਆਂ ਕਹਾਣੀਆਂ ਤੇ ਨਿਬੰਧ ਵੀ ਲਿਖੇ। ਸਭ ਤੋਂ ਵੱਧ ਚਰਚਾ ਸਮਕਾਲੀ ਵਿਸ਼ਿਆਂ ਬਾਰੇ ਉਸ ਦੀਆਂ ਪਤਰਕਾਰਿਤਾ ਆਧਾਰਿਤ ਪੁਸਤਕਾਂ ਦੀ ਰਹੀ। ਪਾਠਕ ਦੇ ਤੌਰ ’ਤੇ ਨਾਇਪਾਲ ਨਾਲ ਮੇਰੀ ਪਹਿਲੀ ‘ਜਾਣ ਪਛਾਣ’ 1976 ਵਿੱਚ ਸੈਕੰਡ-ਹੈਂਡ ਰਸਾਲਿਆਂ ਵਾਲੇ ਇੱਕ ਸਟਾਲ ਤੋਂ ਖ਼ਰੀਦੇ ਰਸਾਲੇ ਰਾਹੀਂ ਹੋਈ। ਇਸ ਵਿੱਚ ਉਸ ਦੀ ਲੰਬੀ ਇੰਟਰਵਿਊ ਛਪੀ ਹੋਈ ਸੀ। ਇਸੇ ਇੰਟਰਵਿਊ ਤੋਂ ਪਤਾ ਲੱਗਿਆ ਕਿ ਉਸ ਦਾ ਪੂਰਾ ਨਾਂ ਵਿਦਿਆਧਰ ਸੂਰਜਪ੍ਰਸਾਦ ਨਾਇਪਾਲ ਹੈ, ਉਹ ਕੈਰੇਬੀਅਨ ਜਜ਼ਰਿਆਈ ਮੁਲਕ ਤੇ ਸਾਬਕਾ ਬਰਤਾਨਵੀ ਬਸਤੀ ਟ੍ਰਿਨੀਡਾਡ ਐਂਡ ਟੋਬੈਗੋ ਦਾ ਬਾਸ਼ਿੰਦਾ ਹੈ, ਉਸ ਦਾ ਮੂਲ ਭਾਰਤੀ ਹੈ ਅਤੇ ਉਸ ਦੇ ਵਡੇਰੇ ਗੋਰਖ਼ਪੁਰ ਤੋਂ ਸਨ ਜਿਨ੍ਹਾਂ ਨੂੰ 1900ਵਿਆਂ ਦੇ ਸ਼ੁਰੂ ਵਿੱਚ ਅੰਗਰੇਜ਼ ਹਾਕਮ ਖੇਤ ਮਜ਼ਦੂਰਾਂ ਵਜੋਂ ਭਾੜੇ ’ਤੇ ਟ੍ਰਿਨੀਡਾਡ ਲੈ ਗਏ। ਉੱਥੇ ਇਨ੍ਹਾਂ ਤੋਂ ਗੰਨੇ ਦੀ ਖੇਤੀ ਕਰਵਾਈ ਗਈ। ਇਹ ਟਾਪੂ ਭਾਰਤ ਤੋਂ ਏਨਾ ਦੂਰ ਸੀ ਕਿ ਤੀਜੀ ਪੀੜ੍ਹੀ ਵਾਲਾ ਵਿਦਿਆਧਰ ਹੀ ਭਾਰਤ ਆ ਸਕਿਆ ਅਤੇ ਇੱਥੇ ਆ ਕੇ ਉਸ ਦੇ ਜੋ ਜੋ ਭਰਮ ਖੰਡਿਤ ਹੋਏ, ਉਹ ਉਸਦੀ ਕਿਤਾਬ ‘ਐਨ ਏਰੀਆ ਆਫ਼ ਡਾਰਕਨੈੱਸ’ (1961) ਦਾ ਹਿੱਸਾ ਬਣ ਗਏ ਹਨ। ਇਸ ਫੇਰੀ ਨੇ ਉਸ ਦਾ ਭਾਰਤ ਨਾਲ ‘ਮੋਹ+ਨਫ਼ਰਤ’ ਦਾ ਰਿਸ਼ਤਾ ਸਥਾਪਿਤ ਕੀਤਾ। ਭਾਰਤੀ ਜੜ੍ਹਾਂ ਉਸ ਨੂੰ ਵਾਰ ਵਾਰ ਭਾਰਤ ਖਿੱਚ ਕੇ ਲਿਆਉਂਦੀਆਂ ਰਹੀਆਂ। 1977 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਇੰਡੀਆ: ਏ ਵੂੰਡਡ ਸਿਵਿਲਾਈਜੇਸ਼ਨ’ (ਭਾਰਤ: ਇੱਕ ਜ਼ਖ਼ਮੀ ਸਭਿਅਤਾ) ਵਿੱਚ ਭਾਰਤ ਪ੍ਰਤੀ ਸੁਰ ਆਲੋਚਨਾਤਮਕ ਰਹਿਣ ਦੇ ਬਾਅਦ ਰੂਹ ਅੰਦਰਲਾ ਸਨੇਹ ਉਸਦੀ ਲੇਖਣੀ ਵਿੱਚੋਂ ਝਲਕਦਾ ਰਿਹਾ। ਦਸ ਸਾਲ ਬਾਅਦ ਆਈ ਭਾਰਤ ਬਾਰੇ ਤੀਜੀ ਪੁਸਤਕ ‘ਇੰਡੀਆ: ਏ ਮਿਲੀਅਨ ਮਿਊਟਿਨੀਜ਼’ ਵਿੱਚ ਉਸ ਦੇ ਭਾਰਤ ਵਿੱਚ ਥਾਂ ਥਾਂ ਉੱਭਰਦੇ ਹਿੰਸਕ ਅੰਦੋਲਨਾਂ, ਬਗ਼ਾਵਤਾਂ ਤੇ ਹੋਰ ਹਿੰਸਕ ਵਰਤਾਰਿਆਂ ਦਾ ਵਿਸ਼ਲੇਸ਼ਣ ਕੀਤਾ, ਪਰ ਨਾਲ ਹੀ ਇਹ ਉਮੀਦ ਪ੍ਰਗਟਾਈ ਕਿ ਅਜਿਹੇ ਵਰਤਾਰਿਆਂ ਵਿੱਚੋਂ ਹੀ ਨਵਾਂ ਤੇ ਵੱਧ ਜਮਹੂਰੀ ਭਾਰਤ ਜਨਮ ਲਵੇਗਾ। ਮੋਦੀ ਰਾਜ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਸ ਦੇ ਮੱਦੇਨਜ਼ਰ ਨਾਇਪਾਲ ਵਾਲੀ ਸੋਚ ਬਹੁਤੀ ਸਹੀ ਨਹੀਂ ਜਾਪਦੀ। ਪਰ ਆਸਵੰਦਾਂ ਨੂੰ ਆਸ ਨਹੀਂ ਛੱਡਣੀ ਚਾਹੀਦੀ। ਇਹੋ ਨਾਇਪਾਲ ਦੀਆਂ ਲੇਖਣੀਆਂ ਦਾ ਸਬਕ ਹੈ।.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All