ਬਲਰਾਜ ਸਾਹਨੀ ਬਿਖੜੇ ਪੈਂਡੇ ਦਾ ਹਮਸਫ਼ਰ

ਇਨ੍ਹੀਂ ਦਿਨੀ ਬਲਰਾਜ ਦੀ ਮਾਲੀ ਹਾਲਤ ਬੜੀ ਖਸਤਾ ਸੀ ਤੇ ਉਤੋਂ ਦੀਵਾਲੀ ਆ ਗਈ। ਬੇਟੇ ਪ੍ਰੀਕਸ਼ਤ ਨੂੰ ਪਤਾ ਸੀ ਕਿ ਤੰਗੀ ਬਹੁਤ ਹੈ ਪਰ ਛੋਟੀ ਬੇਟੀ ਸ਼ਬਨਮ ਅਣਜਾਣ ਸੀ ਤੇ ਪਟਾਕੇ ਲਿਆਉਣ ਲਈ ਜ਼ਿੱਦ ਕਰ ਰਹੀ ਸੀ। ਪ੍ਰੀਕਸ਼ਤ ਸਮਝਾ ਰਿਹਾ ਸੀ 'ਪਟਾਖੇ ਬੜੀ ਖਰਾਬ ਚੀਜ਼ ਨੇ, ਲੋਕ ਐਵੇਂ ਪੈਸੇ ਬਰਬਾਦ ਕਰਦੇ ਰਹਿੰਦੇ ਨੇ' ਬਲਰਾਜ ਨੇ ਸੁਣ ਲਿਆ। ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ। ਉਹ ਭੱਜ ਕੇ ਆਪਣੇ ਕਿਸੇ ਦੋਸਤ ਕੋਲ ਗਿਆ। ਉਧਾਰ ਪੈਸੇ ਲੈ ਕੇ ਬੱਚਿਆਂ ਲਈ ਮਠਿਆਈ ਤੇ ਪਟਾਕੇ ਲਿਆਇਆ। ਬੱਚੇ ਆਉਂਦਿਆਂ ਨੂੰ ਸੁੱਤੇ ਪਏ ਸਨ। 'ਹਮ ਲੋਗ' ਪਹਿਲੀ ਅਜਿਹੀ ਫ਼ਿਲਮ ਸੀ ਜਿਸ ਵਿੱਚ ਬਲਰਾਜ ਦੇ ਅੰਦਰਲੀ ਕਲਾ ਚਮਕੀ। ਇਸ ਫ਼ਿਲਮ ਵਿੱਚ ਉਸ ਨੇ ਨਿਚਲੇ ਤਬਕੇ ਦੇ ਬੇਰੁਜ਼ਗਾਰ ਨੌਜਵਾਨ ਦਾ ਰੋਲ ਕੀਤਾ। ਫ਼ਿਲਮ ਬੜੀ ਚੱਲੀ। ਬਲਰਾਜ ਦੀ ਅੰਦਰਲੀ ਕਲਾਕਾਰੀ ਦੇ ਅਸਲ ਝੰਡੇ ਤਾਂ 'ਦੋ ਵਿੱਘਾ ਜ਼ਮੀਨ' ਫ਼ਿਲਮ ਨਾਲ ਝੁੱਲੇ, ਜਿਸ ਵਿੱਚ ਉਸ ਨੇ ਇੱਕ ਰਿਕਸ਼ਾ ਚਲਾਉਣ ਵਾਲੇ ਦਾ ਰੋਲ ਕੀਤਾ ਜੋ ਆਪਣੇ ਪਿੰਡ ਵਿੱਚ ਸ਼ਾਹੂਕਾਰਾਂ ਕੋਲ ਗਹਿਣੇ ਪਈ ਆਪਣੀ ਦੋ ਵਿੱਘੇ ਜ਼ਮੀਨ ਛੁਡਾਉਣ ਲਈ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਹੈ। ਉਸ ਦੀ ਉਮੀਦ ਟੁੱਟ ਚੁੱਕੀ ਸੀ। ਇਹ ਰੋਲ ਕਰਨ ਲਈ ਬਲਰਾਜ ਖ਼ੁਦ ਗਵਾਲਿਆਂ ਦੀਆਂ ਬਸਤੀਆਂ ਵਿੱਚ ਗਿਆ। ਉਨ੍ਹਾਂ ਨੂੰ ਨੇੜਿਉਂ ਪੜ੍ਹਿਆ, ਘੋਖਿਆ। ਰਹਿਣੀ ਬਹਿਣੀ ਵੇਖੀ। ਇਸ ਸਫਲਤਾ ਪਿੱਛੇ ਇੱਕ ਖਾਸ ਰਾਜ਼ ਦੀ ਘਟਨਾ ਸੀ। ਇੱਕ ਦਿਨ ਜਦ ਉਹ ਰਿਕਸ਼ਾ ਲਈ ਖੜਾ ਸੀ ਤਾਂ ਇੱਕ ਰਿਕਸ਼ੇ ਵਾਲਾ ਕੋਲ ਆ ਕੇ ਪੁੱਛਣ ਲੱਗਾ,''ਬਾਬੂ, ਜੀ ਤੁਸੀਂ ਕਿਵੇਂ ਖੜੇ ਹੋ।'' ਬਲਰਾਜ ਨੇ ਆਪਣੇ ਸੁਭਾਅ ਮੂਜਬ ਉਸ ਨੂੰ ਫ਼ਿਲਮ ਦੀ ਸੰਖੇਪ ਕਹਾਣੀ ਦੱਸੀ। ਸੁਣ ਕੇ ਰਿਕਸ਼ਾ ਚਾਲਕ ਰੋ ਪਿਆ,''ਬਾਬੂ ਜੀ ਇਹ ਤਾਂ ਮੇਰੀ ਕਹਾਣੀ ਏਂ, ਇਹ ਤਾਂ ਮੇਰੀ ਕਹਾਣੀ ਏਂ।'' ਬਲਰਾਜ ਨੇ ਮਗਰੋਂ ਖ਼ੁਦ ਲਿਖਿਆ। ''ਮੈਂ ਝੰਜੋੜਿਆ ਗਿਆ ਸਾਂ... ਮੈਂ ਉਸ ਅਧੇੜ ਉਮਰ ਦੇ ਰਿਕਸ਼ਾ ਚਾਲਕ ਦੀ ਆਤਮਾ ਵਿੱਚ ਵੜ ਗਿਆ। ਮੈਂ ਅਭਿਨੈ ਕਲਾ ਬਾਰੇ ਸੋਚਣਾ ਛੱਡ ਦਿੱਤਾ...'' ਸੋਵੀਅਤ ਸੰਘ ਦੇ ਇੱਕ ਫ਼ਿਲਮ ਪ੍ਰੋਡਿਊਸਰ ਨੇ ਕਿਹਾ ਸੀ,''ਬਲਰਾਜ ਸਾਹਨੀ ਦੇ ਚਿਹਰੇ ਉੱਤੇ ਸਾਨੂੰ ਸਾਰੀ ਦੁਨੀਆਂ ਦਿੱਸਦੀ ਏ...ਇਹ ਦੁਨੀਆਂ ਰਿਕਸ਼ਾ ਵਾਲਿਆਂ ਦੀ ਦੁਨੀਆਂ ਏਂ।'' ਬਲਰਾਜ ਨੇ ਖ਼ੁਦ ਇਸ ਫ਼ਿਲਮ ਬਾਰੇ ਟਿੱਪਣੀ ਕੀਤੀ ਸੀ,''ਜਦ ਮੇਰਾ ਇਸ ਦੁਨੀਆਂ ਤੋਂ ਚੱਲਣ ਦਾ ਵਕਤ ਆਏਗਾ ਤਾਂ ਮੈਨੂੰ ਇਸ ਗੱਲ ਦੀ ਤਸੱਲੀ ਹੋਵੇਗੀ ਕਿ ਮੈਂ ''ਦੋ ਵਿੱਘਾ ਜ਼ਮੀਨ'' ਵਿੱਚ ਕੰਮ ਕੀਤਾ ਸੀ। ਸੰਨ 1944 ਤੋਂ 1954 ਤਕ ਦਸਾਂ ਸਾਲਾਂ ਵਿੱਚ ਉਸ ਨੇ ਦਸ ਕੁ ਫ਼ਿਲਮਾਂ ਵਿੱਚ ਕੰਮ ਕੀਤਾ ਸੀ ਪਰ ਅਗਲੇ 18-19 ਸਾਲਾਂ ਵਿੱਚ ਉਸ ਨੇ ਇੱਕ ਸੌ ਵੀਹ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਉਸ ਦੀ ਅਦਾਕਾਰੀ ਵਾਲੀਆਂ ਅਨੇਕਾਂ ਫ਼ਿਲਮਾਂ ਨੂੰ ਬੇਮਿਸਾਲ ਸਫ਼ਲਤਾ ਮਿਲੀ। ਉਸ ਦੀਆਂ ਬਹੁਤ ਸਫ਼ਲ ਰਹੀਆਂ ਹੋਰ ਫ਼ਿਲਮਾਂ ਵਿੱਚ ਗਰਮ ਕੋਟ, ਦਿਲ ਭੀ ਤੇਰੇ ਹਮ ਭੀ ਤੇਰੇ, ਕਾਬਲੀਵਾਲਾ, ਅਨਪੜ੍ਹ, ਹਕੀਕਤ, ਵਕਤ, ਨੀਂਦ ਹਮਾਰੇ ਖਾਬ ਤੁਮਹਾਰੇ, ਆਏ ਦਿਨ ਬਹਾਰ ਕੇ, ਨੀਲ ਕਮਲ, ਤਲਾਸ਼, ਹਮਰਾਜ਼, ਏਕ ਫੂਲ ਦੋ ਮਾਲੀ, ਦੋ ਰਾਸਤੇ, ਪਵਿੱਤਰ ਪਾਪੀ, ਨਯਾ ਰਾਸਤਾ, ਨਾਨਕ ਦੁਖੀਆ ਸਭ ਸੰਸਾਰ, ਘਰ ਘਰ ਕੀ ਕਹਾਨੀ, ਪਰਾਯਾ ਧੰਨ, ਹਿੰਦੁਸਤਾਨ ਕੀ ਕਸਮ, ਹੰਸਤੇ ਜ਼ਖਮ ਆਦਿ ਖਾਸ ਨਾਮ ਲਏ ਜਾ ਸਕਦੇ ਹਨ। ਇਨ੍ਹਾਂ ਫ਼ਿਲਮਾਂ ਵਿੱਚ ਬਲਰਾਜ ਨੇ ਯਾਦਗਾਰੀ ਰੋਲ ਕੀਤੇ। ਬਲਰਾਜ ਸਟਾਰ ਬਣ ਗਿਆ ਪਰ ਉਹ ਫ਼ਿਲਮੀ ਦੁਨੀਆਂ ਦੇ ਗਲੈਮਰ ਤੋਂ ਕਦੀ ਫੂਕ ਵਿੱਚ ਨਹੀਂ ਆਇਆ ਕਿਉਂਕਿ ਉਹ ਸਮਝਦਾ ਸੀ ਕਿ ਹਰ ਸਟਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਦਿਨ ਉਸ ਨੇ ਸਾਧਾਰਨ ਜ਼ਿੰਦਗੀ ਵੀ ਜਿਊਣੀ ਹੈ। ਬਲਰਾਜ ਨੇ ਇੱਕ ਕਲਾਕਾਰ ਵਜੋਂ ਈਮਾਨਦਾਰੀ ਅਤੇ ਆਤਮ ਸਨਮਾਨ ਕਾਇਮ ਰੱਖਿਆ। ਉਸ ਦਾ ਕਦੇ ਕਿਸੇ ਪੋ੍ਰਡਿਊਸਰ, ਡਾਇਰੈਕਟਰ ਨਾਲ ਝਗੜਾ ਜਾਂ ਗ਼ਲਤਫਹਿਮੀ ਨਹੀਂ ਹੋਈ। ਬਲਰਾਜ ਨੂੰ 1969 ਵਿੱਚ ਭਾਰਤ ਸਰਕਾਰ ਵੱਲੋਂ 'ਪਦਮਸ੍ਰੀ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਪਰ ਬਲਰਾਜ ਹਮੇਸ਼ਾਂ ਰੰਗਮੰਚ ਨਾਲ ਵੀ ਜੁੜਿਆ ਰਿਹਾ। ਉਸ ਨੇ ਭਾਅ ਜੀ ਗੁਰਸ਼ਰਨ ਸਿੰਘ ਨਾਲ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਨਾਟਕ ਵੀ ਖੇਡੇ। ਫ਼ਿਲਮੀ ਦੁਨੀਆਂ ਦਾ ਇਹ ਇੱਕ ਮਹਾਨ ਕਲਾਕਾਰ ਆਪਣੇ ਪੰਜਾਬੀ ਪਿਛੋਕੜ, ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਵੀ ਜੁੜਿਆ ਰਿਹਾ। ਉਸ ਦੇ ਵਿਚਾਰਾਂ ਉੱਤੇ ਮਾਰਕਸਵਾਦ ਦੀ ਡੰੂਘੀ ਛਾਪ ਸੀ। ਆਪਣੀ ਉਮਰ ਦੇ ਮਗਰਲੇ ਪੜਾਅ ਉੱਤੇ ਉਸ ਨੇ ਸਾਹਿਤ ਰਚਨਾ ਉਤੇ ਵਿਸ਼ੇਸ਼ ਧਿਆਨ ਕੇਂਦਰਤ ਕੀਤਾ। ਉਸ ਦੇ ਪੰਜਾਬੀ ਲਿਖਾਰੀ ਦੋਸਤਾਂ ਵਿੱਚ ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਨਵਤੇਜ, ਜਸਵੰਤ ਸਿੰਘ ਕੰਵਲ ਅਤੇ ਹੋਰ ਕਈ ਸਨ। ਬਲਰਾਜ ਦੀਆਂ ਲਿਖਤਾਂ ਵਿੱਚ ਵੀ ਬੇਮਿਸਾਲ ਖਿੱਚ ਸੀ। ਉਸ ਨੇ 1960 ਵਿੱਚ ਪਾਕਿਸਤਾਨ ਦੀ ਯਾਤਰਾ ਕੀਤੀ ਅਤੇ ਪੰਜਾਬੀ ਵਿੱਚ 'ਮੇਰਾ ਪਾਕਿਸਤਾਨੀ ਸਫ਼ਰਨਾਮਾ' ਕਿਤਾਬ ਲਿਖੀ। ਸੰਨ 1969 ਵਿੱਚ ਬਲਰਾਜ ਨੇ 'ਮੇਰਾ ਰੂਸੀ ਸਫ਼ਰਨਾਮਾ' ਕਿਤਾਬ ਲਿਖੀ, ਜਿਸ 'ਤੇ ਉਸ ਨੂੰ 'ਸੋਵੀਅਤ ਲੈਂਡ ਨਹਿਰੂ ਪੁਰਸਕਾਰ' ਮਿਲਿਆ। ਬਲਰਾਜ ਪੰਜਾਬੀ ਸਫ਼ਰਨਾਮਾ ਸਾਹਿਤ ਦਾ ਸ਼ਹਿਨਸ਼ਾਹ ਹੈ। ਤੇ ਉਸ ਦੇ ਇਹ ਸਫ਼ਰਨਾਮੇ ਅਨੇਕਾਂ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਪੜ੍ਹਾਏ ਜਾਂਦੇ ਹਨ। 'ਮੇਰੀ ਫ਼ਿਲਮੀ ਆਤਮ ਕਥਾ' ਉਸ ਦੀ ਆਪਣੇ ਫ਼ਿਲਮੀ ਅਨੁਭਵਾਂ ਉਤੇ ਅਧਾਰਿਤ ਬੜੀ ਦਿਲਕਸ਼ ਕਿਤਾਬ ਹੈ। ਬਲਰਾਜ 'ਆਰਸੀ', 'ਪ੍ਰੀਤਲੜੀ' ਰਸਾਲਿਆਂ ਵਿੱਚ ਵੀ ਨਿਰੰਤਰ ਛਪਦਾ ਰਿਹਾ। ਆਖਰੀ ਸਮੇਂ ਉਹ ਵੱਡਾ ਨਾਵਲ ਲਿਖ ਰਿਹਾ ਸੀ। ਪੰਜਾਬ ਦੇ ਇਸ ਮਹਾਨ ਸਪੂਤ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 1971 ਵਿੱਚ 'ਸ਼ਿਰੋਮਣੀ ਲੇਖਕ' ਦਾ ਐਵਾਰਡ ਦਿੱਤਾ ਗਿਆ। ਉਸ ਦੀ ਰੁਝੇਵਿਆਂ ਭਰੀ ਜ਼ਿੰਦਗੀ ਦਾ ਇੱਕ ਸੱਚ ਇਹ ਵੀ ਸੀ ਕਿ ਉਹ ਘਰ ਪਰਿਵਾਰ ਅਤੇ ਖਾਸ ਕਰਕੇ ਬੱਚਿਆਂ ਵੱਲ ਧਿਆਨ ਨਾ ਦੇ ਸਕਿਆ। ਪ੍ਰੀਕਸ਼ਤ, ਸ਼ਬਨਮ ਅਤੇ ਸਨੋਬਰ ਉਸ ਦੇ ਪਿਆਰੇ ਬੱਚੇ ਸਨ। ਪਹਿਲਾਂ ਦਮਯੰਤੀ ਦੀ ਮੌਤ ਨੇ ਬੱਚਿਆਂ ਕੋਲੋਂ ਮਾਂ ਖੋਹੀ ਅਤੇ ਫਿਰ ਅੰਤਾਂ ਦੇ ਰੁਝੇਵਿਆਂ ਦੀਆਂ ਮਜਬੂਰੀਆਂ ਨੇ ਬਾਪ। ਅਣਗਹਿਲੀ ਹੁੰਦੀ ਰਹੀ। ਇਸ ਦਾ ਸਭ ਤੋਂ ਘਾਤਕ ਅਸਰ ਹੋਇਆ ਸੀ ਸ਼ਬਨਮ ਉੱਪਰ। ਨਵੀਂ ਮਾਂ ਸੰਤੋਸ਼ ਆਪਣੇ 'ਚ ਮਸਤ ਸੀ। ਬਲਰਾਜ ਪੰਜਾਬ ਆ ਜਾਣਾ ਚਹੁੰਦਾ ਸੀ। ਉਸ ਨੇ ਪ੍ਰੀਤਨਗਰ ਘਰ ਵੀ ਖਰੀਦ ਲਿਆ ਪਰ ਛੋਟੀਆਂ ਦੋਵਾਂ ਧੀਆਂ ਦਾ ਪੰਜਾਬ ਨਾਲ ਕੋਈ ਲਗਾਅ ਅਤੇ ਸਬੰਧ ਨਹੀਂ ਸੀ। 5 ਮਾਰਚ 1972 ਨੂੰ ਉਸ ਦੀ ਪਿਆਰੀ ਬੱਚੀ ਸ਼ਬਨਮ ਉਸ ਨੂੰ ਸਦਾ ਲਈ ਅਲਵਿਦਾ ਕਹਿ ਗਈ। ਉਸ ਵੇਲੇ ਬਲਰਾਜ ਬੰਬਈ ਤੋਂ ਬਾਹਰ ਸੀ। ਬਲਰਾਜ ਦੀ ਆਖਰੀ ਫ਼ਿਲਮ 'ਗਰਮ ਹਵਾ' ਵਿੱਚ ਦੇਸ਼ ਵੰਡ ਦਾ ਦੁਖਾਂਤ ਸੀ। ਇਸ ਫ਼ਿਲਮ 'ਚ ਬਲਰਾਜ ਦਾ ਰੋਲ ਵੀ ਫਸਾਦਾਂ 'ਚ ਬਾਪ ਦੇ ਧੀ ਨਾਲੋਂ ਵਿੱਛੜ ਜਾਣ ਦਾ ਸੀ। ਇਸ ਫ਼ਿਲਮ ਦੇ ਦਰਦਨਾਕ ਦ੍ਰਿਸ਼ ਬਲਰਾਜ ਦੀ ਆਪਣੀ ਜ਼ਿੰਦਗੀ ਹੀ ਤਾਂ ਸਨ। ਬਲਰਾਜ ਨੇ ਆਪਣੀ ਜ਼ਿੰਦਗੀ ਦੇ ਅੰਤਾਂ ਦੇ ਖਾਲੀਪਨ ਨੂੰ ਪੰਜਾਬ ਆ ਕੇ ਵੱਸਣ ਨਾਲ ਭਰਨ ਦਾ ਯਤਨ ਕੀਤਾ। ਉਸ ਨੇ 8 ਅਪਰੈਲ 1973 ਨੂੰ ਆਪਣੇ ਭਰਾ ਭੀਸ਼ਮ ਸਾਹਨੀ ਨੂੰ ਖ਼ਤ ਲਿਖਿਆ ਕਿ ਮੈਂ ਹਫ਼ਤੇ ਦੇ ਵਿੱਚ ਪੰਜਾਬ ਆ ਜਾਣਾ ਪਰ 13 ਅਪਰੈਲ 1973 ਨੂੰ ਪੰਜਾਬ ਦਾ ਇਹ ਮਹਾਨ ਸੰਵੇਦਨਸ਼ੀਲ ਪੁੱਤਰ ਦਿਲ ਦਾ ਦੌਰਾ ਪੈਣ ਨਾਲ ਸਦਾ ਲਈ ਕੂਚ ਕਰ ਗਿਆ।

-ਡਾ. ਸੁਰਿੰਦਰ ਮੰਡ * ਮੋਬਾਈਲ: 94173-24543

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All