ਬਲਖ਼ ਤੇ ਬੁਖ਼ਾਰੇ ਦਾ ਜਾਦੂ

ਸੈਰ ਸਫ਼ਰ

ਬਲਰਾਜ ਸਿੰਘ ਸਿੱਧੂ

ਜਦੋਂ ਕੋਈ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਵਤਨ ਪਰਤ ਆਵੇ ਤਾਂ ਇਹ ਜ਼ਰੂਰ ਆਖਦਾ ਹੈ, ‘‘ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ਼ ਨਾ ਬੁਖ਼ਾਰੇ।’’ ਆਖ਼ਰ ਕੀ ਅਤੇ ਕਿੱਥੇ ਹਨ ਇਹ ਬਲਖ਼ ਅਤੇ ਬੁਖ਼ਾਰਾ, ਜਿਨ੍ਹਾਂ ਨੂੰ ਪੰਜਾਬੀ ਇੰਨੇ ਖ਼ੂਬਸੂਰਤ ਸ਼ਹਿਰ ਮੰਨਦੇ ਹਨ? ਬਲਖ਼: ਬਲਖ਼, ਅਫ਼ਗਾਨਿਸਤਾਨ ਦਾ ਇੱਕ ਪੁਰਾਤਨ ਸ਼ਹਿਰ ਹੈ ਜੋ 3,000 ਸਾਲ ਪੁਰਾਣਾ ਹੈ। ਇਹ ਉਜ਼ਬੇਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਤੇ ਮਜ਼ਾਰ-ਏ-ਸ਼ਰੀਫ ਤੋਂ 20 ਕਿਲੋਮੀਟਰ ਦੂਰ ਹੈ। ਕਿਸੇ ਸਮੇਂ ਇਹ ਬੁੱਧ ਅਤੇ ਪਾਰਸੀ ਧਰਮ ਦਾ ਉੱਘਾ ਕੇਂਦਰ ਸੀ। ਇਸ ’ਤੇ ਸਮੇਂ ਸਮੇਂ ਯੂਨਾਨੀਆਂ, ਹੂਣਾਂ, ਅਰਬਾਂ, ਮੰਗੋਲਾਂ, ਇਰਾਨੀਆਂ, ਉਜ਼ਬੇਕਾਂ ਅਤੇ ਅਫ਼ਗਾਨਾਂ ਦਾ ਕਬਜ਼ਾ ਰਿਹਾ ਹੈ। ਇਸ ਦਾ ਪ੍ਰਾਚੀਨ ਨਾਮ ਬਖ਼ਤਰੀ ਸੀ ਜੋ ਹੌਲੀ ਹੌਲੀ ਵਿਗੜ ਕੇ ਬਲਖ ਬਣ ਗਿਆ। ਸਿਕੰਦਰ ਮਹਾਨ ਨੇ ਇਸ ’ਤੇ 327 ਈਸਾ ਪੂਰਵ ਕਬਜ਼ਾ ਕੀਤਾ ਸੀ ਤੇ ਇੱਥੋਂ ਦੇ ਰਾਜੇ ਦੀ ਧੀ ਰੁਖਸਾਨਾ ਨਾਲ ਵਿਆਹ ਕੀਤਾ ਸੀ। ਇਹ ਸ਼ਹਿਰ ਕਿਸੇ ਸਮੇਂ ਬਹੁਤ ਅਮੀਰ ਸੀ ਅਤੇ ਸ਼ਾਨਦਾਰ ਸਮਾਰਕਾਂ ਨਾਲ ਭਰਪੂਰ ਸੀ, ਪਰ ਸਦੀਆਂ ਦੀ ਲੁੱਟਮਾਰ ਅਤੇ ਅਫ਼ਗਾਨਿਸਤਾਨ ਦੀ ਘਰੇਲੂ ਜੰਗ ਨੇ ਇਸ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਹੁਣ ਇਸ ਵਿੱਚ ਥੋੜ੍ਹੇ ਜਿਹੇ (60,000) ਲੋਕ ਵੱਸਦੇ ਹਨ। ਅੱਜ ਇਹ ਸ਼ਹਿਰ ਨਾਲੋਂ ਮਲਬੇ ਦਾ ਢੇਰ ਵੱਧ ਲੱਗਦਾ ਹੈ। ਇਸ ਦੇ ਚੰਗੇ ਦਿਨਾਂ ਵਿੱਚ ਇਸ ਨੂੰ ਸੱਭਿਆਚਾਰਕ ਅਤੇ ਗਿਆਨ ਦੀ ਰਾਜਧਾਨੀ ਮੰਨਿਆ ਜਾਂਦਾ ਸੀ। ਇਸ ਨੇ ਮੌਲਾਨਾ ਰੂਮੀ, ਅਮੀਰ ਖੁਸਰੋ ਦੇਹਲਵੀ, ਸ਼ਹੀਦ ਬਲਖੀ, ਐਵੀਸੀਨਾ ਅਤੇ ਫ਼ਾਰਸੀ ਦੀ ਪਹਿਲੀ ਸ਼ਾਇਰਾ ਰਾਬੀਆ ਬਲਖ਼ੀ ਵਰਗੇ ਵਿਦਵਾਨ ਸੰਸਾਰ ਦੀ ਝੋਲੀ ਪਾਏ ਸਨ। ਰੇਸ਼ਮੀ ਰਾਹ (ਸਿਲਕ ਰੂਟ) ਉੱਪਰ ਹੋਣ ਕਾਰਨ ਵਪਾਰੀਆਂ ਦੇ ਕਾਫ਼ਲੇ ਇੱਥੇ ਰੌਣਕ ਲਗਾਈ ਰੱਖਦੇ ਸਨ। ਇਸ ਕਾਰਨ ਇਹ ਸ਼ਹਿਰ ਬਹੁਤ ਦੌਲਤਮੰਦ ਬਣ ਗਿਆ ਸੀ। ਬੁਖ਼ਾਰਾ: ਇਹ ਉਜ਼ਬੇਕਿਸਤਾਨ ਦਾ ਇੱਕ ਆਲੀਸ਼ਾਨ ਸ਼ਹਿਰ ਹੈ ਜੋ 2,500 ਸਾਲ ਪੁਰਾਣਾ ਹੈ। ਇੱਥੋਂ ਦੇ 140 ਸ਼ਾਨਦਾਰ ਪ੍ਰਾਚੀਨ ਸਮਾਰਕਾਂ ਕਾਰਨ ਇਸ ਨੂੰ ਅਜਾਇਬਘਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਹ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਤੇ ਇਸ ਦੀ ਆਬਾਦੀ ਢਾਈ ਲੱਖ ਦੇ ਕਰੀਬ ਹੈ। ਰੇਸ਼ਮੀ ਰਾਹ ’ਤੇ ਹੋਣ ਕਾਰਨ ਇਹ ਸ਼ਹਿਰ ਹਮੇਸ਼ਾਂ ਤੋਂ ਵਪਾਰ, ਸੱਭਿਆਚਾਰ ਅਤੇ ਧਰਮ ਦਾ ਕੇਂਦਰ ਰਿਹਾ ਹੈ। ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਐਲਾਨਿਆ ਹੋਇਆ ਹੈ।

ਬਲਖ਼ ਸਥਿਤ ਹਜ਼ਰਤ ਅਲੀ ਦੀ ਦਰਗਾਹ ਮਜ਼ਾਰ-ਏ-ਸ਼ਰੀਫ਼।

ਮੱਧ ਏਸ਼ੀਆ ਵਿੱਚ ਹੋਣ ਕਾਰਨ ਬੁਖ਼ਾਰਾ ਹਮੇਸ਼ਾਂ ਸੁਲਤਾਨਾਂ ਅਤੇ ਬਾਦਸ਼ਾਹਾਂ ਵਿੱਚ ਝਗੜੇ ਦੇ ਕੇਂਦਰ ਰਿਹਾ ਹੈ। ਇਸ ’ਤੇ ਇਰਾਨੀਆਂ, ਅਰਬਾਂ, ਮੰਗੋਲਾਂ, ਉਜ਼ਬੇਕਾਂ ਅਤੇ ਰੂਸੀਆਂ ਦਾ ਕਬਜ਼ਾ ਰਿਹਾ ਹੈ। ਇੱਥੇ ਅਨੇਕਾਂ ਸ਼ਾਨਦਾਰ ਸਮਾਰਕ ਹਨ। ਇੱਥੋਂ ਦੇ ਵੇਖਣਯੋਗ ਸਮਾਰਕਾਂ ਵਿੱਚ ਕਲਿਆਨ ਮੀਨਾਰ, ਕਲਨ ਮਸਜਿਦ, ਮੀਰੇ ਅਰਬ ਮਦਰੱਸਾ, ਲਬੇ ਹੌਜ਼, ਸ਼ੇਖ ਬਹਾਊਦੀਨ ਕੰਪਲੈਕਸ, ਬੁਖਾਰਾ ਕਿਲਾ, ਚਸ਼ਮਾ ਅਯੂਬ ਮਕਬਰਾ, ਇਸਮਾਈਲ ਸਮਾਨੀ ਮਕਬਰਾ, ਚਾਰਮੀਨਾਰ, ਮਾਗੌਕੀ ਅਟਾਰੀ ਮਸਜਿਦ ਅਤੇ ਹਮਦਾਨੀ ਮਸਜਿਦ ਸ਼ਾਮਲ ਹਨ। ਜ਼ਿਆਦਾਤਰ ਇਮਾਰਤਾਂ ਦਾ ਰੰਗ ਪੀਲਾ ਹੈ। ਇਸੇ ਲਈ ਅਰਬੀ ਵਿੱਚ ਇਸ ਨੂੰ ਮਦੀਨਾਤ-ਅਲ-ਸੂਫ਼ਰੀਆ ਭਾਵ ਤਾਂਬੇ ਦਾ ਸ਼ਹਿਰ ਕਿਹਾ ਜਾਂਦਾ ਹੈ। ਇਨ੍ਹਾਂ ਸਮਾਰਕਾਂ ਨੂੰ ਵੇਖਣ ਲਈ ਹਰ ਸਾਲ ਲੱਖਾਂ ਸੈਲਾਨੀ ਬੁਖ਼ਾਰਾ ਪਹੁੰਚਦੇ ਹਨ। ਇੱਥੇ ਸਥਿਤ ਮੁੱਖ ਸਮਾਰਕ ਇਸ ਪ੍ਰਕਾਰ ਹਨ: ਕਲਿਆਨ ਮੀਨਾਰ: ਇਹ ਮੀਨਾਰ ਬੁਖ਼ਾਰਾ ਦੀਆਂ ਸਾਰੀਆਂ ਪ੍ਰਚੀਨ ਇਮਾਰਤਾਂ ਤੋਂ ਬੁਲੰਦ ਹੈ। ਹੁਣ ਇਸ ਦੀ ਵਰਤੋਂ ਅਜ਼ਾਨ ਦੇਣ ਲਈ ਕੀਤੀ ਜਾਂਦੀ ਹੈ, ਪਰ ਪੁਰਾਣੇ ਸਮੇਂ ਵਿੱਚ ਇਸ ਦਾ ਨਾਮ ਮੌਤ ਦਾ ਮੀਨਾਰ ਸੀ। ਮੌਤ ਦੀ ਸਜ਼ਾ ਪ੍ਰਾਪਤ ਅਪਰਾਧੀਆਂ ਨੂੰ ਇਸ ਉਪਰੋਂ ਹੇਠਾਂ ਸੁੱਟ ਕੇ ਮਾਰਿਆ ਜਾਂਦਾ ਸੀ। ਇਸ ਦੀ ਉਸਾਰੀ 16ਵੀਂ ਸਦੀ ਵਿੱਚ ਕੀਤੀ ਗਈ ਸੀ। ਇਸ ਦੀ ਉਚਾਈ 150 ਫੁੱਟ ਅਤੇ ਵਿਆਸ ਨੀਂਹ ਤੋਂ 30 ਫੁੱਟ ਅਤੇ ਛੱਤ ਤੋਂ 20 ਫੁੱਟ ਹੈ। ਪੀਲੇ ਰੰਗ ਦੀ ਇਹ ਇਮਾਰਤ ਮੀਲਾਂ ਦੂਰ ਤੋਂ ਦਿਖਾਈ ਦਿੰਦੀ ਹੈ। ਕਲਨ ਮਸਜਿਦ: ਇਸ ਮਸਜਿਦ ਦੀ ਉਸਾਰੀ 1514 ਈਸਵੀ ਵਿੱਚ ਮੁਕੰਮਲ ਹੋਈ। ਇਹ ਸਮਰਕੰਦ ਦੀ ਬੀਬੀ ਖਾਨਮ ਮਸਜਿਦ ਦੀ ਹੂ-ਬ-ਹੂ ਨਕਲ ਹੈ। ਇਸ ਵਿਸ਼ਾਲ ਮਸਜਿਦ ਵਿੱਚ ਇੱਕੋ ਵੇਲੇ 12,000 ਵਿਅਕਤੀ ਨਮਾਜ਼ ਪੜ੍ਹ ਸਕਦੇ ਹਨ। ਇਸ ਦੇ ਵਰਾਂਡਿਆਂ ਨੂੰ ਸਹਾਰਾ ਦੇਣ ਲਈ 300 ਸ਼ਾਨਦਾਰ ਸਤੰਭ ਹਨ। ਸਾਰੀ ਮਸਜਿਦ ਦੇ ਅੰਦਰ ਬਾਹਰ ਖ਼ੂਬਸੂਰਤ ਨੱਕਾਸ਼ੀ ਕੀਤੀ ਗਈ ਹੈ ਤੇ ਕੁਰਾਨ ਦੀਆਂ ਆਇਤਾਂ ਉੱਕਰੀਆਂ ਹੋਈਆਂ ਹਨ। ਇਸ ਦੇ ਗੁੰਬਦਾਂ ਉੱਪਰ ਨੀਲੇ ਰੰਗ ਦੀਆਂ ਟਾਈਲਾਂ ਜੜੀਆਂ ਹਨ ਜੋ ਸੂਰਜ ਅਤੇ ਚੰਨ ਦੀ ਰੌਸ਼ਨੀ ਵਿੱਚ ਬੇਹੱਦ ਚਮਕਦੀਆਂ ਹਨ।

ਬਲਖ ਸ਼ਹਿਰ ਦੀ ਨੀਲੀ ਮਸਜਿਦ।

ਮੀਰ-ਏ-ਅਰਬ ਮਦਰੱਸਾ: ਇਸ ਮਦਰੱਸੇ ਦੀ ਉਸਾਰੀ ਬੁਖਾਰੇ ਦੇ ਸੁਲਤਾਨ ਉਬੈਦੁੱਲਾਹ ਖ਼ਾਨ ਨੇ ਆਪਣੇ ਮੁਰਸ਼ਦ ਸ਼ੇਖ ਅਬਦੁੱਲਾ ਯਮਨੀ ਦੀ ਯਾਦ ਵਿੱਚ 1536 ਈਸਵੀ ਵਿੱਚ ਕਰਵਾਈ ਜਿਸ ਨੂੰ ਸਤਿਕਾਰ ਵਜੋਂ ਮੀਰ-ਏ-ਅਰਬ ਵੀ ਕਿਹਾ ਜਾਂਦਾ ਸੀ। ਇਸ ਦੀ ਉਸਾਰੀ ਕਰਨ ਲਈ 3,000 ਮਜ਼ਦੂਰਾਂ ਨੂੰ ਦਸ ਸਾਲ ਲੱਗੇ ਸਨ। ਲਬੇ ਹੌਜ਼: ਇਹ ਇੱਕ ਇਸ਼ਨਾਨ ਘਰ ਹੈ ਜਿਸ ਦੀ ਉਸਾਰੀ 1622 ਵਿੱਚ ਮੁਕੰਮਲ ਹੋਈ। ਇਸ ਹੌਜ਼ ਦਾ ਪਾਣੀ ਬਹੁਤ ਹੀ ਪਵਿੱਤਰ ਅਤੇ ਸਾਫ਼ ਮੰਨਿਆ ਜਾਂਦਾ ਸੀ, ਪਰ ਲੋਕਾਂ ਦੇ ਇਕੱਠਿਆਂ ਨਹਾਉਣ ਕਾਰਨ ਕਈ ਵਾਰ ਬਿਮਾਰੀਆਂ ਫੈਲ ਜਾਂਦੀਆਂ ਸਨ। ਇਸ ਲਈ ਰੂਸੀਆਂ ਨੇ 1930 ਵਿੱਚ ਇੱਥੇ ਨਹਾਉਣ ’ਤੇ ਪਾਬੰਦੀ ਲਗਾ ਦਿੱਤੀ। ਚਸ਼ਮਾ ਅਯੂਬ ਮਕਬਰਾ: ਚਸ਼ਮਾ ਅਯੂਬ ਰੇਗਿਸਤਾਨੀ ਇਲਾਕੇ ਵਿੱਚ ਇੱਕ ਚਮਤਕਾਰ ਮੰਨਿਆ ਜਾਂਦਾ ਹੈ। ਲੋਕ ਗਾਥਾ ਹੈ ਕਿ ਸੰਤ ਅਯੂਬ ਨੇ ਧਰਤੀ ਉੱਪਰ ਲਾਠੀ ਮਾਰ ਕੇ ਇਸ ਚਸ਼ਮੇ ਨੂੰ ਪ੍ਰਗਟ ਕੀਤਾ ਸੀ। ਇਸ ਪਾਣੀ ਨੂੰ ਔਸ਼ਧੀ ਗੁਣਾਂ ਵਾਲਾ ਮੰਨਿਆ ਜਾਂਦਾ ਹੈ। ਇਸ ਚਸ਼ਮੇ ਉੱਪਰ ਸਮਾਰਕ ਦੀ ਉਸਾਰੀ ਤੈਮੂਰ ਨੇ ਕਰਵਾਈ ਸੀ। ਇਸਮਾਈਲ ਸਮਾਨੀ ਮਕਬਰਾ: ਇਹ ਇਮਾਰਤ ਬਾਦਸ਼ਾਹ ਇਸਮਾਈਲ ਸਮਾਨੀ ਦਾ ਮਕਬਰਾ ਹੈ। ਇਸ ਦੀ ਉਸਾਰੀ ਦਸਵੀਂ ਸਦੀ ਵਿੱਚ ਹੋਈ ਸੀ। ਇਹ ਬੁਖ਼ਾਰਾ ਦੀ ਇੱਕੋ ਇੱਕ ਇਮਾਰਤ ਹੈ ਜਿਸ ਵਿੱਚ ਪਾਰਸੀ ਅਤੇ ਇਸਲਾਮੀ ਭਵਨ ਨਿਰਮਾਣ ਕਲਾ ਨੂੰ ਇਕੱਠੇ ਵਰਤਿਆ ਗਿਆ ਹੈ। ਇਹ ਬੁਖ਼ਾਰਾ ਦਾ ਸਭ ਤੋਂ ਪੁਰਾਣਾ ਸਮਾਰਕ ਹੈ। ਚੰਗੇਜ਼ ਖਾਨ ਦੇ ਹਮਲੇ ਵੇਲੇ ਇਹ ਸਮਾਰਕ ਹੜ੍ਹ ਕਾਰਨ ਮਿੱਟੀ ਵਿੱਚ ਦੱਬਿਆ ਹੋਣ ਕਰਕੇ ਢਾਹੇ ਜਾਣ ਤੋਂ ਬਚ ਗਿਆ ਸੀ। ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਮਕਬਰਾ ਇਸ ਮਕਬਰੇ ਦੀ ਨਕਲ ਹੈ। ਚਾਰ ਮੀਨਾਰ: ਇਸ ਦੀ ਉਸਾਰੀ ਅਮੀਰ ਵਪਾਰੀ ਖਲੀਫ਼ ਨਿਆਜ਼ ਕੁਲ ਨੇ 19ਵੀਂ ਸਦੀ ਵਿੱਚ ਕਰਵਾਈ ਸੀ। ਇਸ ਸਮਾਰਕ ਦੀ ਖ਼ੂਬੀ ਇਹ ਹੈ ਕਿ ਹਰੇਕ ਮੀਨਾਰ ਨੂੰ ਬਿਲਕੁਲ ਵੱਖਰੀ ਮੀਨਾਕਾਰੀ ਨਾਲ ਸਜਾਇਆ ਗਿਆ ਹੈ। ਇਸ ਵਿੱਚ ਚਾਰ ਧਰਮਾਂ ਇਸਾਈ, ਪਾਰਸੀ, ਬੁੱਧ ਅਤੇ ਇਸਲਾਮ ਦੇ ਧਾਰਮਿਕ ਚਿੰਨ੍ਹ ਖੁਣੇ ਹੋਏ ਹਨ। ਇਹ ਬੁਖ਼ਾਰੇ ਦਾ ਸਭ ਤੋਂ ਵੱਧ ਹਰਮਨ ਪਿਆਰਾ ਸਮਾਰਕ ਹੈ। ਬੁਖ਼ਾਰਾ ਦੀ ਆਬਾਦੀ ਤਕਰੀਬਨ ਤਿੰਨ ਲੱਖ ਹੈ। ਇਸ ਵਿੱਚ 82 ਫ਼ੀਸਦੀ ਉਜ਼ਬੇਕ, 6 ਫ਼ੀਸਦੀ ਰੂਸੀ, 4 ਫ਼ੀਸਦੀ ਤਾਜਿਕ ਅਤੇ ਬਾਕੀ ਤਾਤਾਰ, ਤੁਰਕ ਅਤੇ ਕੋਰੀਅਨ ਆਦਿ ਹਨ। ਹੁਣ ਬੁਖ਼ਾਰਾ ਬਹੁਤ ਆਧੁਨਿਕ ਹੋ ਚੁੱਕਾ ਹੈ। ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਇਹ ਦੁਨੀਆਂ ਦੇ ਕਈ ਮੁਲਕਾਂ ਨਾਲ ਜੁੜਿਆ ਹੋਇਆ ਹੈ। ਇੱਥੋਂ ਗੁਜ਼ਰਨ ਵਾਲਾ ਐੱਮ 37 ਸ਼ਾਹਰਾਹ ਇਸ ਨੂੰ ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਅਤੇ ਰੂਸ ਦੇ ਵੱਡੇ ਸ਼ਹਿਰਾਂ ਨਾਲ ਮਿਲਾਉਂਦਾ ਹੈ। ਇੱਥੋਂ ਦਾ ਮੌਸਮ ਬਹੁਤ ਸਖ਼ਤ ਅਤੇ ਖੁਸ਼ਕ ਹੈ। ਇੱਥੇ ਬਹੁਤ ਘੱਟ ਬਾਰਸ਼ ਹੁੰਦੀ ਹੈ। ਗਰਮੀਆਂ ਵਿੱਚ ਸਖ਼ਤ ਗਰਮੀ ਅਤੇ ਸਿਆਲ ਵਿੱਚ ਸਖ਼ਤ ਸਰਦੀ ਪੈਂਦੀ ਹੈ। ਇਹ ਬਗਦਾਦ ਤੋਂ ਬਾਅਦ ਸਭ ਤੋਂ ਵੱਡਾ ਇਸਲਾਮੀ ਗਿਆਨ ਦਾ ਕੇਂਦਰ ਸੀ। ਇੱਥੇ ਮੁਹੰਮਦ ਬੁਖ਼ਾਰੀ, ਕੁਮਰੀ, ਬਲਮੀ, ਅੱਬੂਬਕਰ ਨਰਸ਼ਖੀ, ਸੈਦੂਦੀਨ ਔਫੀ, ਹਜ਼ਰਤ ਜਲਾਲੂਦੀਨ ਸੁਰਖਪੋਸ਼, ਬਹਾਊਦੀਨ ਨਕਸ਼ਬੰਦ ਅਤੇ ਮੀਰ ਸੱਯਦ ਅਲੀ ਹਮਦਾਨੀ ਵਰਗੇ ਵਿਦਵਾਨ ਪੈਦਾ ਹੋਏ ਹਨ। ਬੁਖ਼ਾਰਾ ਜਾਣ ਦਾ ਸਭ ਤੋਂ ਵਧੀਆ ਮੌਸਮ ਸਤੰਬਰ ਤੋਂ ਲੈ ਕੇ ਮਾਰਚ ਅਪਰੈਲ ਤਕ ਹੈ। ਸੰਪਰਕ: 95011-00062

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All