ਬਰੇਲ ਲਿਪੀ ਤਿਆਰ ਕਰਨ ਵਾਲਾ ਲੂਈ ਬਰੇਲ

ਬਰੇਲ ਲਿਪੀ ਤਿਆਰ ਕਰਨ ਵਾਲਾ ਲੂਈ ਬਰੇਲ

ਕਰਨੈਲ ਸਿੰਘ ਐੱਮ.ਏ.

ਨੇਤਰਹੀਣ ਵਿਦਿਆਰਥੀ/ਵਿਅਕਤੀ ਆਪਣੀ ਪੜ੍ਹਾਈ ਇਕ ਲਿਪੀ ਰਾਹੀਂ ਪੜ੍ਹਦੇ ਹਨ, ਜਿਸ ਨੂੰ ਬਰੇਲ ਲਿਪੀ ਕਿਹਾ ਜਾਂਦਾ ਹੈ। ਇਹ ਲਿਪੀ 6 ਬਿੰਦੂਆਂ ’ਤੇ ਆਧਾਰਤ ਹੈ। ਨੇਤਰਹੀਣ ਵਿਅਕਤੀ/ਵਿਦਿਆਰਥੀ ਬਰੇਲ ਸਲੇਟ ’ਤੇ ਗਾਈਡ ਅਤੇ ਕਲਿੱਪ ਵਿੱਚ ਮੋਟਾ ਕਾਗ਼ਜ਼ ਟੰਗ ਕੇ ਕਲਮ ਦੀ ਸੂਈ ਨਾਲ ਸੁਰਾਖ਼ ਕਰਦੇ ਹਨ ਤੇ ਇਨ੍ਹਾਂ ਬਿੰਦੂਆਂ ਨੂੰ ਉਂਗਲ ਨਾਲ ਛੂਹ ਕੇ ਅੱਖਰ ਬਣਾਉਂਦੇ ਹਨ। ਇਨ੍ਹਾਂ ਛੇ ਨੁਕਤਿਆਂ ਵਾਲੇ ਸੁਰਾਖ਼ਾਂ, ਛੇਕਾਂ ਨੂੰ ਅੱਗੇ-ਪਿੱਛੇ ਕਰਕੇ ਹੀ ਵੱਖ-ਵੱਖ ਭਾਸ਼ਾਵਾਂ ਦੇ ਅੱਖਰ ਬਣਾਏ ਜਾਂਦੇ ਹਨ। ਨੇਤਰਹੀਣਾਂ ਦੀ ਇਸ ਲਿਪੀ ਨੂੰ ਲੂਈ ਬਰੇਲ ਨੇ ਤਿਆਰ ਕੀਤਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਬਰੇਲ ਲਿਪੀ ਦਾ ਜਨਮਦਾਤਾ ਲੂਈ ਬਰੇਲ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗਾ। ਲੂਈ ਬਰੇਲ ਦਾ ਜਨਮ 4 ਜਨਵਰੀ 1809 ਈ. ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਕੁਝ ਦੂਰ ਕੁਰਵੇ ਨਾਂ ਦੇ ਇਕ ਕਸਬੇ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਸਾਈਮਨ ਰੇਨੇ ਚਮੜੇ ਦਾ ਕੰਮ (ਘੋੜਿਆਂ ਦੀਆਂ ਲਗ਼ਾਮਾਂ ਤੇ ਜੀਨ ਬਣਾਉਣ ਦਾ) ਕਰਦੇ ਸਨ। ਜਦੋਂ ਲੂਈ ਚਾਰ ਸਾਲ ਦੇ ਕਰੀਬ ਹੋਇਆ ਤਾਂ ਪਿਤਾ ਦੀ ਫੈਕਟਰੀ/ਵਰਕਸ਼ਾਪ ਵਿੱਚ ਚਮੜੇ ਨੂੰ ਸਿਊਂਣ (ਸੀਣ) ਵਾਲਾ ਸੂਆ ਤਿਲਕ ਕੇ ਇਸ (ਲੂਈ) ਦੀ ਅੱਖ ਵਿੱਚ ਜਾ ਵੱਜਿਆ, ਅੱਖ ’ਚੋਂ ਖ਼ੂਨ ਵਗਣ ਲੱਗ ਪਿਆ। ਇਨ੍ਹਾਂ ਦੀ ਇਕ ਅੱਖ ਦੀ ਨਜ਼ਰ ਘਟ ਗਈ। ਹੌਲ਼ੀ-ਹੌਲ਼ੀ ਇਸ ਦਾ ਅਸਰ ਦੂਜੀ ਅੱਖ ’ਤੇ ਵੀ ਹੋਇਆ ਤੇ ਉਹ ਵੀ ਖ਼ਰਾਬ ਹੋ ਗਈ। ਛੇ ਸਾਲ ਦੀ ਉਮਰ ਤੋਂ ਪਹਿਲਾਂ ਹੀ ਲੂਈ ਨੇਤਰਹੀਣ (ਅੰਨ੍ਹਾ) ਹੋ ਗਿਆ। ਲੂਈ ਨੂੰ ਪਿੰਡ ਦੇ ਆਮ ਬੱਚਿਆਂ ਦੇ ਸਕੂਲ ਵਿੱਚ ਪੜ੍ਹਨ ਪਾਇਆ ਗਿਆ। ਲੂਈ ਬਹੁਤ ਹੀ ਹੁਸ਼ਿਆਰ ਲੜਕਾ ਸੀ। ਉਸ ਨੇ ਸੰਗੀਤ ਪ੍ਰੋਗਰਾਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਦਸ ਸਾਲ ਦੀ ਉਮਰ ਵਿੱਚ ਇਸ ਨੂੰ ਪੈਰਿਸ ਦੇ ਨੇਤਰਹੀਣਾਂ ਦੇ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ। ਲੂਈ ਆਪਣੀ ਜਮਾਤ ਵਿੱਚੋਂ ਬਹੁਤ ਹੁਸ਼ਿਆਰ ਵਿਦਿਆਰਥੀ ਸੀ। ਇਸ ਨੇ ਲਗਨ ਤੇ ਸਖ਼ਤ ਮਿਹਨਤ ਨਾਲ ਅਧਿਆਪਕ ਤੇ ਮੁੱਖ ਅਧਿਆਪਕ ਨੂੰ ਕਾਫ਼ੀ ਪ੍ਰਭਾਵਿਤ ਕੀਤਾ। 1821 ਈ. ਵਿੱਚ ਲੂਈ ਦੇ ਅਧਿਆਪਕ ਤੇ ਸਕੂਲ ਦੇ ਮੁੱਖ ਅਧਿਆਪਕ ਪਿਗਨੀਅਰ ਨੇ ਆਪਣੇ ਹੁਸ਼ਿਆਰ ਵਿਦਿਆਰਥੀ ਬਾਰੇ ਲਿਖਿਆ, ‘‘ਉਸ ਨੇ ਆਪਣੀ ਤੇਜ਼ ਬੁੱਧੀ ਦੀ ਮਦਦ ਨਾਲ ਅਤੇ ਮਿਹਨਤ ਦੇ ਆਧਾਰ ’ਤੇ ਜਲਦੀ ਹੀ ਆਪਣਾ ਇਕ ਵਿਸ਼ੇਸ਼ ਸਥਾਨ ਬਣਾ ਲਿਆ ਹੈ।’’ ਫਰਾਂਸੀਸੀ ਤੋਪਖ਼ਾਨੇ ਦੇ ਜਨਰਲ ਮੇਜਰ ਚਾਰਲਸ ਬਾਰਬਰੀਅਰ ਨੇ ਸਕੂਲ ਦਾ ਸਰਵੇਖਣ ਕਰਕੇ ਲਿਪੀ (ਰਾਤ ਲੇਖਣ ਪ੍ਰਣਾਲੀ) ਦੀ ਖੋਜ ਕੀਤੀ, ਜਿਸ ਨੂੰ ਬਰੇਲ ਦਾ ਨਾਂ ਦਿੱਤਾ ਜਾਂਦਾ ਸੀ, ਪਰ ਉਹ ਲਿਪੀ 12 ਬਿੰਦੂਆਂ ’ਤੇ ਆਧਾਰਤ ਸੀ, ਜੋ ਕੁਝ ਨਿਸਚਿਤ ਆਵਾਜ਼ਾਂ ’ਤੇ ਆਧਾਰਤ ਸਨ। ਇਸ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਵਿਵਸਥਾ ਨਹੀਂ ਸੀ ਤੇ ਉਹ ਉਂਗਲਾਂ ਦੇ ਪੋਟਿਆਂ ਥੱਲੇ ਵੀ ਨਹੀਂ ਆਉਂਦੇ ਸਨ। ਲੂਈ ਨੇ ਇਸ ਲਿਪੀ ਨੂੰ ਆਧਾਰ ਬਣਾ ਕੇ 1829 ਵਿੱਚ 6 ਬਿੰਦੂਆਂ ਨੂੰ ਵੱਖ-ਵੱਖ ਤਿੰਨ-ਤਿੰਨ ਦੀਆਂ ਦੋ ਲਾਈਨਾਂ ਵਿੱਚ ਜੋੜ ਕੇ ਲਿਖਿਆ। ਇਨ੍ਹਾਂ 6 ਬਿੰਦੂਆਂ ਨੂੰ ਵੱਖ-ਵੱਖ ਰੂਪਾਂ ਤੇ ਸਥਿਤੀ ਵਿੱਚ ਰੱਖ ਕੇ 63-ਕਲਾ ਤਿਆਰ ਕੀਤੀਆਂ/ਵਾਕ ਬਣਤਰਾਂ ਬਣਾਈਆਂ। ਇਸ ਵਿੱਚ ਵੱਖ-ਵੱਖ ਅੱਖਰਾਂ ਲਈ ਵਿਸ਼ੇਸ਼ ਚਿੰਨ੍ਹ ਅਤੇ ਵਿਸ਼ਰਾਮ ਚਿੰਨ੍ਹ ਵੀ ਮਿਲਦੇ ਸਨ। ਉਸ ਨੇ ਆਪਣੇ ਦੋਸਤਾਂ ਨੂੰ ਸਿਖਾਈ। ਇਸ ਤਰ੍ਹਾਂ ਸਾਰੇ ਬੱਚੇ ਇਸ ਨੂੰ ਲਿਖਣ ਤੇ ਪੜ੍ਹਨ ਲੱਗ ਪਏ। ਲੂਈ ਦੀ ਇਹ ਲਿਪੀ ਬੱਚਿਆਂ ਵਿੱਚ ਬਹੁਤ ਹਰਮਨਪਿਆਰੀ ਹੋ ਗਈ। ਕਪਤਾਨ ਬਾਰਬਰੀਅਰ ਨੇ ਇਸ ਲਿਪੀ ਦੀ ਪ੍ਰਸੰਸਾ ਕਰਦਿਆਂ 31 ਮਾਰਚ 1833 ਨੂੰ ਲਿਖੇ ਪੱਤਰ ਵਿੱਚ ਲੂਈ ਨੂੰ ਕਿਹਾ, ‘‘ਨਜ਼ਰ ਤੋਂ ਵਾਂਝੇ ਵਿਅਕਤੀਆਂ ਦੇ ਵਿਸ਼ੇਸ਼ ਉਪਯੋਗ ਲਈ ਤੁਹਾਡੇ ਦੁਆਰਾ ਤਿਆਰ ਕੀਤੀ ਗਈ ਵਿਧੀ ਨੂੰ ਬਹੁਤ ਰੁਚੀ ਨਾਲ ਪਰਖ਼ਿਆ ਹੈ। ਇੰਨੀ ਡੂੰਘਾਈ ਤੇਜ਼ੀ ਨਾਲ ਸਫ਼ਲਤਾ ਉਸ ਰਾਹ ਵੱਲ ਇਸ਼ਾਰਾ ਹੈ, ਜਿਸ ਵੱਲ ਤੁਹਾਡੇ ਚੰਗੇ ਰਾਹ ਤੁਹਾਨੂੰ ਪ੍ਰਸਿੱਧੀ ਦਿਵਾਉਣਗੇ। ਲੂਈ ਨੂੰ ਛੂਤ ਦੀ ਬਿਮਾਰੀ ਸੀ। ਇਹ ਲੱਛਣ ਭਾਵੇਂ 1835 ਵਿੱਚ ਦਿਖਾਈ ਦਿੱਤੇ ਸਨ, ਪਰ ਉਸ ਨੇ ਪ੍ਰਵਾਹ ਨਾ ਕਰਦੇ ਹੋਏ ਆਪਣੇ ਕੰਮ ਨੂੰ ਨਿਰਵਿਘਨ ਜਾਰੀ ਰੱਖਿਆ ਹੋਇਆ ਸੀ। ਲੂਈ ਬਰੇਲ ਨੇ 1837 ਵਿੱਚ ਸਵਰ ਲਿਪੀ ਨੂੰ ਪ੍ਰਕਾਸ਼ਿਤ ਕੀਤਾ। ਲੂਈ ਬਰੇਲ ਸੰਗੀਤ ਵਿੱਚ ਵੀ ਬਹੁਤ ਮਾਹਰ ਸੀ ਤੇ ਉਹ ਵਾਇਲਨ ਵਜਾਉਣ ਦੇ ਵੀ ਚੰਗੇ ਵਾਦਕ ਸਨ। ਉਸ ਨੇ ਰੈਫੀਗ੍ਰਾਫ਼ੀ ਦੀ ਵੀ ਖੋਜ ਕੀਤੀ। 1844 ਵਿੱਚ ਲੂਈ ਦੀ ਹਾਲਤ ਬਹੁਤ ਤੇਜ਼ੀ ਨਾਲ ਖ਼ਰਾਬ ਹੋ ਗਈ ਤੇ ਉਨ੍ਹਾਂ ਅਧਿਆਪਕ ਦਾ ਕੰਮ ਵੀ ਛੱਡ ਦਿੱਤਾ। ਨੌਕਰੀ ਛੱਡਣ ਉਪਰੰਤ ਵੀ ਉਹ ਕਦੇ-ਕਦਾਈਂ ਪਿਆਨੋ ਸਿਖਾਇਆ ਕਰਦਾ ਸੀ। ਲੂਈ ਬਰੇਲ ਨੇ ਆਪਣੀ ਵਸੀਅਤ ਤਿਆਰ ਕਰਨ ਸਮੇਂ ਇਧਰ-ਉੱਧਰ (ਆਪਣੇ ਨਾਲ) ਜਾਣ ਵਾਲੇ ਛੋਟੇ ਲੜਕੇ, ਆਪਣੀ ਨਰਸ ਅਤੇ ਕਮਰਾ ਸਾਫ਼ ਕਰਨ ਵਾਲੇ ਕਰਮਚਾਰੀ ਨੂੰ ਵੀ ਯਾਦ ਰੱਖਿਆ। ਲੂਈ ਬਰੇਲ ਦੀ ਮੌਤ 6 ਜਨਵਰੀ 1852 ਈ. ਨੂੰ ਹੋਈ। ਉਸ ਦੀ ਮੌਤ ਤੋਂ ਬਾਅਦ ਹੀ ਇਸ ਲਿਪੀ ਦਾ ਨਾਂ ‘ਬਰੇਲ ਲਿਪੀ’ ਪੈ ਗਿਆ। ਪੰਜਾਬ ਵਿੱਚ ਬਰੇਲ ਲਿਪੀ ਰਾਹੀਂ ਪੜ੍ਹਾਉਣ ਦਾ ਕੰਮ ਸਭ ਤੋਂ ਪਹਿਲਾਂ 1885 ਈ. ਵਿੱਚ ਅੰਮ੍ਰਿਤਸਰ ਵਿਖੇ ਵਿਕਟੋਰੀਆ ਸਕੂਲ ਦੇ ਨਾਂ ’ਤੇ ਸ਼ੁਰੂ ਕੀਤਾ ਗਿਆ, ਜੋ ਅੱਜ-ਕੱਲ੍ਹ 116, ਰਾਜਪੁਰ ਰੋਡ ਦੇਹਰਾਦੂਨ ਵਿੱਚ ਸਥਿਤ ਹੈ। ਪੰਜਾਬ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜਮਾਲਪੁਰ ਲੁਧਿਆਣਾ ਵਿਖੇ ਚੰਡੀਗੜ੍ਹ ਰੋਡ ’ਤੇ ‘ਬਰੇਲ ਪ੍ਰੈੱਸ’ ਸਥਾਪਤ ਹੈ। ਇਸ ਪ੍ਰੈੱਸ ਤੋਂ ਨੇਤਰਹੀਣ ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੀਆਂ ਬਰੇਲ ਪੁਸਤਕਾਂ ਛਾਪੀਆਂ ਜਾਂਦੀਆਂ ਹਨ। ਪੰਜਾਬ ਵਿੱਚ 15 ਸਕੂਲਾਂ ਵਿੱਚ ਨੇਤਰਹੀਣਾਂ ਨੂੰ ਬਰੇਲ ਲਿਪੀ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ। ਜਿਵੇਂ ਨੇਤਰਹੀਣਾਂ ਲਈ ਸਰਕਾਰੀ ਸੰਸਥਾ ਜਮਾਲਪੁਰ ਲੁਧਿਆਣਾ, ਵੋਕੇਸ਼ਨਲ ਰੀਹੈਬਲੀਟੇਸ਼ਨ ਟਰੇਨਿੰਗ ਸੈਂਟਰ ਹੈਬੋਵਾਲ ਕਿਚਲੂ ਨਗਰ, ਲੁਧਿਆਣਾ, ਹੋਮ ਫਾਰ ਦਿ ਬਲਾਈਂਡ ਪਿੰਡ ਸ਼ੇਖੂਪੁਰਾ ਨੇੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਬੀਬੀ ਭਾਨੀ ਕਿਰਤ ਅਤੇ ਸਿਖਲਾਈ ਕੇਂਦਰ ਸੰਨ੍ਹ ਸਾਹਿਬ ਰੋਡ ਛੇਹਰਟਾ ਅੰਮ੍ਰਿਤਸਰ, ਇੰਸਟੀਚਿਊਟ ਫਾਰ ਦਿ ਬਲਾਈਂਡ ਦੁਰਗਿਆਣਾ ਮੰਦਰ ਲੋਹਗੜ੍ਹ ਗੇਟ, ਅੰਮ੍ਰਿਤਸਰ, ਉਜਾਲਾ ਰੈੱਡਕਰਾਸ ਸਕੂਲ ਕੋਟਕਪੂਰਾ ਰੋਡ, ਫਰੀਦਕੋਟ, ਰਾਸ਼ਟਰੀ ਅੰਧਵਿਦਿਆਲਾ ਬਸੰਤ ਵਿਹਾਰ ਜਲੰਧਰ, ਗਰਲਜ਼ ਟਰੇਨਿੰਗ ਸੈਂਟਰ ਹੰਬੜਾਂ ਰੋਡ ਜਲੰਧਰ, ਗੁਰੂ ਨਾਨਕ ਮਿਸ਼ਨ ਨੇਤਰਹੀਣ ਸੰਸਥਾ ਸਪਰੋੜ ਨੰਗਲ ਫਗਵਾੜਾ, ਹੋਮ ਫਾਰ ਦਿ ਬਲਾਈਂਡ ਮਾਲੇਰਕੋਟਲਾ, ਹੋਮ ਫਾਰ ਦਿ ਬਲਾਈਂਡ ਫਿਰੋਜ਼ਪੁਰ, ਸੈਂਟਰਲ ਖ਼ਾਲਸਾ ਯਤੀਮਖ਼ਾਨਾ ਜੀ.ਟੀ. ਰੋਡ ਪੁਤਲੀਘਰ, ਅੰਮ੍ਰਿਤਸਰ, ਨੇਤਰਹੀਣ ਸੰਗੀਤ ਵਿਦਿਆਲਾ ਰੇਲਵੇ ਰੋਡ ਸ੍ਰੀ ਆਨੰਦਪੁਰ ਸਾਹਿਬ, ਇੰਸਟੀਚਿਊਟ ਫਾਰ ਦਿ ਬਲਾਈਂਡ ਸੈਕਟਰ-26 ਚੰਡੀਗੜ੍ਹ, ਨਵਚੇਤਨਾ ਇੰਸਟੀਚਿਊਟ ਫਾਰ ਦਿ ਬਲਾਈਂਡ ਪਟਿਆਲਾ ਆਦਿ ਥਾਵਾਂ ’ਤੇ ਹਨ। ਇਨ੍ਹਾਂ ਸਾਰੇ ਸਕੂਲਾਂ ਵਿੱਚ ਨੇਤਰਹੀਣਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਨਾਲ-ਨਾਲ ਸੰਗੀਤ, ਤਬਲਾ, ਹਾਰਮੋਨੀਅਮ, ਸਿਤਾਰ, ਵਾਇਲਨ ਆਦਿ ਸਾਜ਼ ਸਿਖਾਏ ਜਾਂਦੇ ਹਨ। ਇਸ ਤੋਂ ਇਲਾਵਾ ਕਰਾਫਟ ਦੀ ਸਿੱਖਿਆ, ਮੋਮਬੱਤੀਆਂ ਤੇ ਸਰਫ਼ ਬਣਾਉਣਾ, ਕੁਰਸੀਆਂ ਬੁਣਨੀਆਂ ਸਿਖਾਈਆਂ ਜਾਂਦੀਆਂ ਹਨ। ਪੰਜਾਬ ਸਰਕਾਰ ਦੁਆਰਾ ਸਥਾਪਤ ਬਰੇਲ ਪ੍ਰੈੱਸ ਤੋਂ ਛਾਪੀਆਂ ਜਾਂਦੀਆਂ ਬਰੇਲ ਪੁਸਤਕਾਂ ਉਪਰੋਕਤ ਸਾਰੇ ਸਕੂਲਾਂ ਨੂੰ ਅਤੇ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਦੇ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੁਹਾਲੀ, ਮੋਗਾ, ਮੁਕਤਸਰ, ਨਵਾਂ ਸ਼ਹਿਰ, ਪਟਿਆਲਾ, ਸੰਗਰੂਰ, ਤਰਨ ਤਾਰਨ ਆਦਿ ਜ਼ਿਲ੍ਹਿਆਂ ਨੂੰ ਮੁਫ਼ਤ (ਫ਼ਰੀ ਆਫ਼ ਕਾਸਟ/ਭੇਟਾ ਰਹਿਤ) ਸਪਲਾਈ ਕੀਤੀਆਂ ਜਾਂਦੀਆਂ ਹਨ। ਲੂਈ ਬਰੇਲ ਨੇ ਲਿਪੀ ਤਿਆਰ ਕਰਕੇ ਨੇਤਰਹੀਣਾਂ ਦੇ ਭਵਿੱਖ ਨੂੰ ਉੱਜਵਲ ਬਣਾ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All