ਬਰਜਾਖ਼ੀ ਕਵੀਆਂ ਨੂੰ ਗੁੜਗੁੜਾਬਾਦੀ ਸਲਾਹ

ਐੱਸ. ਗੁੜਗੁੜਾਬਾਦੀ

ਚਿੱਤਰ: ਸੰਦੀਪ ਜੋਸ਼ੀ

ਇਸ ਦੁਨੀਆਂ ਵਿਚ ਹਮੇਸ਼ਾਂ ਅਜੀਬ ਘਟਨਾਵਾਂ ਵਾਪਰਦੀਆਂ ਹਨ ਤੇ ਵਾਪਰਦੀਆਂ ਰਹਿਣਗੀਆਂ। ਪਿਛਲੇ ਦਿਨੀਂ ਮੇਰੇ ਨਾਲ ਵੀ ਅਜੀਬ ਘਟਨਾ ਵਾਪਰੀ। ਬਰਜਾਖ਼ (ਸਵਰਗ ਤੇ ਨਰਕ ਵਿਚਕਾਰਲੇ ਲੋਕ/ਧਰਤ) ਤੋਂ ਪੰਜਾਬੀ ਕਵੀ ਪ੍ਰਮਿੰਦਰਜੀਤ (ਜੋ 2015 ਵਿਚ ਚਲਾਣਾ ਕਰ ਗਿਆ ਤੇ ਅੱਜਕੱਲ੍ਹ ਬਰਜਾਖ਼ ਵਿਚ ਰਹਿੰਦਾ ਹੈ), ਦਾ ਦੋ ਹੋਰ ਬਰਜਾਖ਼ ਨਿਵਾਸੀਆਂ ਸੱਤਿਆਪਾਲ ਗੌਤਮ (ਜਿਹੜਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਫ਼ਿਲਾਸਫ਼ੀ ਪੜ੍ਹਾਉਂਦਾ ਰਿਹਾ ਸੀ ਤੇ 2018 ਵਿਚ ਚਲਾਣਾ ਕਰ ਗਿਆ) ਤੇ ਕੁਮਾਰ ਵਿਕਲ (ਮਸ਼ਹੂਰ ਹਿੰਦੀ ਕਵੀ, ਜਿਹੜਾ 1997 ਵਿਚ ਇਸ ਸੰਸਾਰ ਨੂੰ ਛੱਡ ਕੇ ਬਰਜਾਖ਼ ਚਲਾ ਗਿਆ ਸੀ) ਨਾਲ ਧਰਤੀ ’ਤੇ ਆਉਣ ਦਾ ਸੁਨੇਹਾ ਮਿਲਿਆ। ਮੈਂ ਕਿਹਾ, ‘‘ਬਾਬਿਓ, ਜਾਣ ਦਿਓ, ਮੈਂ ਬਹੁਤ ਰੁੱਝਿਆਂ।’’ ਪ੍ਰਮਿੰਦਰਜੀਤ ਕਹਿੰਦਾ, ‘‘ਰੁੱਝਿਆ ਕਾਹਦਾ? ਤੂੰ ਏਥੇ ਚੰਡੀਗੜ੍ਹ ਬੈਠਾਂ, ਸੱਤਿਆਪਾਲ ਗੌਤਮ ਤੇ ਕੁਮਾਰ ਵਿਕਲ (ਜੋ ਪਹਿਲਾਂ ਚੰਡੀਗੜ੍ਹ ਨਿਵਾਸੀ ਹੁੰਦੇ ਸਨ) ਚੰਡੀਗੜ੍ਹ ਲਈ ਓਦਰੇ ਪਏ ਆ। ਅਸੀਂ ਬਸ ਹੁਣੇ ਆ ਰਹੇ ਆਂ।’’ ਮੈਂ ਬਾਥਰੂਮ ਵਿਚ ਮੂੰਹ ਧੋ ਕੇ ਤੇ ਗੰਜੇ ਸਿਰ ’ਤੇ ਵਾਲ ਸੈੱਟ ਹੀ ਕਰ ਰਿਹਾ ਸੀ ਕਿ ਇਹ ਤਿੰਨੇ ਸ਼ਖ਼ਸੀਅਤਾਂ ਮੇਰੇ ਡਰਾਇੰਗ ਰੂਮ ਵਿਚ ਨਮੂਦਾਰ ਹੋ ਗਈਆਂ। ਕਮਰਾ ਉਨ੍ਹਾਂ ਦੇ ਸਰੀਰਾਂ ਵਿਚੋਂ ਨਿਕਲ ਰਹੀਆਂ ਅਦਭੁੱਤ ਬਰਜਾਖ਼ੀ ਕਿਰਨਾਂ ਨਾਲ ਭਰ ਗਿਆ। ਮੈਨੂੰ ਉਨ੍ਹਾਂ ਨੂੰ ਮਿਲ ਕੇ ਖ਼ੁਸ਼ੀ ਹੋਈ, ਪਰ ਉਨ੍ਹਾਂ ਨੂੰ ਲੱਗਾ ਕਿ ਮੈਂ ਕੋਈ ਜ਼ਿਆਦਾ ਹੀ ਖ਼ੁਸ਼ ਹਾਂ। ਤੇ ਇਹ ਗੱਲ ਹੈ ਵੀ ਸੱਚੀ ਕਿ ਮੈਂ ਉਸ ਦਿਨ ਸੱਚਮੁੱਚ ਬਹੁਤ ਖ਼ੁਸ਼ ਸਾਂ। ਉਸ ਦਿਨ 23 ਮਈ 2019 ਸੀ। ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਸਨ ਤੇ ਭਾਰਤੀ ਜਨਤਾ ਪਾਰਟੀ ਨੇ 300 ਤੋਂ ਵੱਧ ਸੀਟਾਂ ਜਿੱਤ ਲਈਆਂ ਸਨ। ਦੇਸ਼ ਵਿਚ ਹਰ ਪਾਸੇ ਜਿੱਤ ਦੀ ਖ਼ੁਸ਼ੀ ਦਾ ਮਾਹੌਲ ਸੀ, ਢੋਲ ਵੱਜ ਰਹੇ ਤੇ ਤੂਤੀਆਂ ਬੋਲ ਰਹੀਆਂ ਸਨ, ਆਤਿਸ਼ਬਾਜ਼ੀ ਚੱਲ ਰਹੀ ਸੀ; ਮਰਦ-ਔਰਤਾਂ ਆਪਣੀਆਂ ਮਨਪਸੰਦ ਧੁਨਾਂ ’ਤੇ ਨੱਚ ਰਹੇ ਸਨ। ਏਦਾਂ ਲੱਗਦਾ ਸੀ ਲੋਕ ਸਦੀਆਂ ਤੋਂ ਦਬੀਆਂ-ਕੁਚਲੀਆਂ ਭਾਵਨਾਵਾਂ ਤੋਂ ਮੁਕਤ ਹੋ ਕੇ ਨੱਚ ਰਹੇ ਹੋਣ, ਰਸ-ਵਿਭੋਰ, ਆਤਮ-ਮੁਗਧ ਹੁੰਦੇ ਹੋਏ; ਤੇ ਉਹ ਇਸ ਸੱਚ ਤੋਂ ਵੀ ਜਾਣੂ ਸਨ ਕਿ ਅੱਜ ਤਾਂ ਉਨ੍ਹਾਂ ਨੂੰ ਨੱਚਣ ਤੋਂ ਕੋਈ ਨਹੀਂ ਰੋਕ ਸਕਦਾ। ਕੋਈ ਮਾਂ, ਪਿਉ, ਸੱਸ, ਸਹੁਰਾ, ਭਰਾ, ਤਾਇਆ, ਚਾਚਾ ਕੋਈ ਨਹੀਂ ਕਿਉਂਕਿ ਅੱਜ ਉਹ ਆਪਣੇ ਮਹਾਨ ਪ੍ਰਧਾਨ ਮੰਤਰੀ ਲਈ ਨੱਚ ਰਹੇ ਸਨ। ਭੇਡਾਂ ’ਤੇ ਮਸਤ ਹੈ ਹੀ ਸਨ, ਲੇਲੇ ਵੀ ਮਸਤ ਗਏ ਸਨ। ਮੈਂ ਵੀ ਅੰਤਾਂ ਦਾ ਖ਼ੁਸ਼ ਸਾਂ ਤੇ ਏਨਾ ਨੱਚਿਆ ਸਾਂ ਕਿ ਭੁੱਖ ਕਾਰਨ ਮੇਰੇ ਢਿੱਡ ਵਿਚ ਨੱਚ ਰਹੇ ਚੂਹੇ ਵੀ ਸ਼ਰਮਿੰਦਾ ਹੋ ਗਏ ਸਨ। ਮੈਂ ਵੇਖਿਆ ਕਿ ਮੈਨੂੰ ਖ਼ੁਸ਼ ਵੇਖ ਕੇ ਮੇਰੇ ਮਹਿਮਾਨ ਕੁਝ ਪ੍ਰੇਸ਼ਾਨ ਜਿਹੇ ਨਜ਼ਰ ਆ ਰਹੇ ਸਨ। ਅਸਲ ਵਿਚ ਸਾਨੂੰ ਲੇਖਕਾਂ ਨੂੰ ਜੱਦੀ-ਪੁਸ਼ਤੀ ਬਿਮਾਰੀ ਹੈ ਕਿ ਜੇ ਸਾਡਾ ਸਾਥੀ ਜਾਂ ਸਮਕਾਲੀ ਲੇਖਕ ਖ਼ੁਸ਼ ਹੋਵੇ ਤਾਂ ਅਸੀਂ ਦੁਖੀ ਹੋ ਜਾਂਦੇ ਹਾਂ; ਉਦਾਹਰਨ ਦੇ ਤੌਰ ’ਤੇ ਜਦ ਕਿਸੇ ਸਮਕਾਲੀ ਲੇਖਕ ਨੂੰ ਇਨਾਮ ਮਿਲਦਾ ਹੈ, ਉਦੋਂ ਉਸ ਨੂੰ ਫੋਨ ਕਰਕੇ ਵਧਾਈ ਦਿੰਦੇ ਹਾਂ, ਪਰ ਅੰਦਰੋਂ ਦੁਖੀ ਹੁੰਦੇ ਹਾਂ ਕਿ ਇਹਨੂੰ ਸਾਲ਼ੇ ਨੂੰ ਇਨਾਮ ਕਿੱਦਾਂ ਮਿਲ ਗਿਆ; ਕਿਸੇ ਹੋਰ ਆਪਣੇ ਵਾਂਗ ਸੜ ਰਹੇ ਲੇਖਕ ਨੂੰ ਫੋਨ ਕਰਕੇ ਦੁੱਖ ਸਾਂਝਾ ਕਰਦੇ ਹਾਂ ਕਿ ਇਸ ਬੰਦੇ ਨੇ ਜ਼ਰੂਰ ਕੋਈ ਜੁਗਾੜ ਕੀਤਾ ਹੋਣਾ ਹੈ। ਸਾਰੇ ਜਾਣਦੇ ਹਨ ਹਸਦ, ਈਰਖਾ, ਘਿਰਣਾ, ਕੈੜ ਹੀ ਲਿਖਣ ਦੇ ਮੁੱਖ ਪ੍ਰੇਰਨਾ-ਸ੍ਰੋਤ ਹਨ। ਲੇਖਕ ਜਿੰਨਾ ਈਰਖਾਲੂ ਹੋਵੇਗਾ, ਉਹਦੀ ਲਿਖਤ ਵੀ ਓਨੀ ਵਧੀਆ ਹੋਵੇਗੀ। ਇਸ ਲਈ ਮੈਂ ਇਨ੍ਹਾਂ ਸੱਜਣਾਂ ਦੀ ਪ੍ਰੇਸ਼ਾਨੀ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਪ੍ਰਮਿੰਦਰਜੀਤ ਨੇ ਹੁਕਮ ਜਾਰੀ ਕੀਤਾ ਕਿ ਮੈਂ ਜਲਦੀ ਤੋਂ ਜਲਦੀ ਜਾਮ ਤਿਆਰ ਕਰਾਂ। ਮੈਂ ਉਹਨੂੰ ਦੱਸਿਆ ਕਿ ਦੇਸ਼ ਵਿਚਲੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਸ਼ਰਾਬ ਪੀਣੀ ਤੇ ਮਾਸ-ਮੱਛੀ ਖਾਣੀ ਛੱਡ ਦਿੱਤੀ ਹੈ ਤੇ ਇਸ ਲਈ ਉਨ੍ਹਾਂ ਨੂੰ ਸਿਰਫ਼ ਨਿੰਬੂ ਪਾਣੀ ਪਿਆ ਸਕਾਂਗਾ। ਜਦ ਉਹ ਨਿੰਬੂ ਪਾਣੀ ਪੀ ਰਹੇ ਸਨ ਤਾਂ ਮੈਂ ਮਹਿਸੂਸ ਕੀਤਾ ਉਹ ਸੱਚਮੁੱਚ ਪ੍ਰੇਸ਼ਾਨ ਹਨ। ਮੈਂ ਕਿਹਾ, ‘‘ਭਾਈ ਜਾਨ, ਅੱਜ ’ਤੇ ਇਨ੍ਹਾਂ ਮੂੰਹਾਂ ’ਤੇ ਰੌਣਕ ਲਿਆਓ। ਸਾਰਾ ਦੇਸ਼ ਖ਼ੁਸ਼ੀ ਵਿਚ ਝੂਮ ਰਿਹਾ ਹੈ, ਤੁਸੀਂ ਵੀ ਕੁਝ ਪਲਾਂ ਲਈ ਖ਼ੁਸ਼ ਹੋ ਜਾਵੋ।’’ ਗੌਤਮ ਨੇ ਮੈਨੂੰ ਝਿੜਕਿਆ, ‘‘ਬਕਵਾਸ ਬੰਦ ਕਰ; ਅਸੀਂ ਬੜੀ ਮੁਸ਼ਕਲ ਵਿਚ ਹਾਂ; ਤੇਰੇ ਨਾਲ ਸਲਾਹ ਕਰਨ ਆਏ ਹਾਂ।’’ ਉਨ੍ਹਾਂ ਨੂੰ ਗੰਭੀਰ ਵੇਖ ਕੇ ਮੈਂ ਵੀ ਚਿਹਰੇ ’ਤੇ ਗੰਭੀਰਤਾ ਦਾ ਮਖੌਟਾ ਲਾ ਲਿਆ। ਗੌਤਮ ਨੇ ਜੋ ਦੱਸਿਆ, ਉਸ ਦਾ ਸਾਰ ਇਹ ਹੈ: ਬਰਜਾਖ਼ ਦੇਸ਼ ਵਿਚ ਬਹੁਤ ਸਮੱਸਿਆਵਾਂ ਹਨ। ਬਰਜਾਖ਼ ਸਵਰਗ ਤੇ ਨਰਕ ਦੇ ਵਿਚਕਾਰ ਹੈ: ਬਹੁਤਾ ਨਰਕ ਵਰਗਾ ਤੇ ਕਿਤੋਂ ਕਿਤੋਂ ਸਵਰਗ ਵਰਗਾ। ਸਵਰਗ ਵਰਗੀਆਂ ਥਾਵਾਂ ’ਤੇ ਬਰਜਾਖ਼ੀ ਹੁਕਮਰਾਨ ਦੇਵਤੇ ਰਹਿੰਦੇ ਹਨ। ਮਹਾਮਹਿਮ ਦੀਸ਼ਾਰ ਦੇਵ ਬਰਜਾਖ਼ ਦਾ ਅਜ਼ੀਮ ਆਗੂ ਤੇ ਪ੍ਰਮੁੱਖ ਹਾਕਮ ਦੇਵਤਾ ਹੈ ਤੇ ਉਸ ਦਾ ਸਾਥੀ ਦੇਵਤਾ ਤਸ਼ਾਗ ਦੇਵ ਹੈ। ਦੋਵੇਂ ਬਰਜਾਖ਼ ਦੇ ਲੋਕਾਂ ਵਿਚ ਬੇਹੱਦ ਮਕਬੂਲ ਹਨ। ਉਨ੍ਹਾਂ ਨੇ ਬਰਜਾਖ਼ੀਆਂ ਨੂੰ ਯਕੀਨ ਦਿਵਾ ਦਿੱਤਾ ਹੈ ਕਿ ਉਹ ਬਰਜਾਖ਼ ਨੂੰ ਸਵਰਗ ਬਣਾ ਦੇਣਗੇ। ਵੈਸੇ ਵੀ ਉਨ੍ਹਾਂ ਦਾ ਮੁੱਖ ਜ਼ੋਰ ਬਰਜਾਖ਼ੀਆਂ ਨੂੰ ਇਹ ਵਿਸ਼ਵਾਸ ਦਿਵਾਉਣ ’ਤੇ ਲੱਗਾ ਰਹਿੰਦਾ ਹੈ ਕਿ ਬਰਜਾਖ਼ ਜ਼ਿਆਦਾ ਸਵਰਗ ਵਰਗਾ ਹੀ ਹੈ। ਲੋਕ ਉਨ੍ਹਾਂ ਦੀਆਂ ਗੱਲਾਂ ’ਤੇ ਵਿਸ਼ਵਾਸ ਕਰਕੇ ਉਨ੍ਹਾਂ ਦੀ ਪੂਜਾ ਕਰਦੇ ਹੋਏ ਉਨ੍ਹਾਂ ਦੇ ਨਾਂ ਦੇ ਟੱਲ ਖੜਕਾਉਂਦੇ ਹਨ। ਹਰ ਪਾਸਿਓਂ ‘‘ਜੈ ਦੀਸ਼ਾਰ’’ ਦੀ ਧੁਨ ਉੱਠਦੀ ਹੈ। ਮੈਂ ਗੌਤਮ ਦਾ ਭਾਸ਼ਨ ਸੁਣ ਕੇ ਪੁੱਛਿਆ, ‘‘ਲੋਕ ਖ਼ੁਸ਼ ਹਨ ਤਾਂ ਤੁਹਾਨੂੰ ਕੀ ਤਕਲੀਫ਼ ਹੈ?’’ ਕੁਮਾਰ ਵਿਕਲ ਫ਼ਲਸਫ਼ਾਨਾ ਅੰਦਾਜ਼ ਵਿਚ ਬੋਲਿਆ, ‘‘ਹੇ ਤਾਤ, ਜਦੋਂ ਅਸੀਂ ਸਰੀਰ ਛੱਡ ਕੇ ਇਸ ਧਰਤੀ ਤੋਂ ਬਰਜਾਖ਼ ਗਏ ਤਾਂ ਸੋਚਿਆ ਸੀ ਕਿ ਹੁਣ ਸਾਨੂੰ ਕੋਈ ਦੁੱਖ-ਤਕਲੀਫ਼ ਨਹੀਂ ਹੋਵੇਗੀ; ਪਰ ਹਕੀਕਤ ਏਦਾਂ ਨਹੀਂ; ਮਰਨ ਤੋਂ ਬਾਅਦ ਬੰਦੇ ਦਾ ਸਰੀਰ ਰੂਹ ਬਣ ਜਾਂਦੈ; ਪਰ ਰੂਹਾਂ ਨੂੰ ਵੀ ਤਕਲੀਫ਼ ਹੁੰਦੀ ਹੈ। ਰੂਹਾਂ ਨੂੰ ਸਜ਼ਾ ਵੀ ਮਿਲਦੀ ਹੈ, ਉਹ ਕਹਾਣੀ ਵੱਖਰੀ ਹੈ। ਪਰ ਅਸੀਂ ਤਾਂ ਐਵੇਂ ਬੈਠੇ-ਬਿਠਾਏ ਪੰਗਾ ਲੈ ਲਿਆ।’’ ਬਾਕੀ ਦੀ ਕਹਾਣੀ ਗੌਤਮ ਨੇ ਦੱਸੀ, ‘‘ਤੈਨੂੰ ਯਾਦ ਹੋਣੈ, ਜਦ ਵਿਕਲ ਮਰਿਐ ਤਾਂ ਪ੍ਰਮਿੰਦਰਜੀਤ ‘ਅੱਖਰ’ ਨਾਂ ਦਾ ਮੈਗਜ਼ੀਨ ਕੱਢਦਾ ਹੁੰਦਾ ਸੀ। ਕੁਮਾਰ ਵਿਕਲ ਦੇ ਮਰਨ ’ਤੇ ਇਸ ਨੇ ਅੱਖਰ ਦਾ ਯਾਦਗਾਰੀ ਅੰਕ ਕੱਢਿਆ ਜਿਸ ਦਾ ਮਹਿਮਾਨ ਸੰਪਾਦਕ ਰਿਪੂਦਮਨ ਰਿਪੀ ਸੀ। ਵਿਕਲ ਦੀਆਂ ਯਾਦਗਾਰੀ ਕਵਿਤਾਵਾਂ ਛਪੀਆਂ। ਗੁਰਬਚਨ, ਤੇਜਵੰਤ ਗਿੱਲ, ਮੋਹਨ ਭੰਡਾਰੀ, ਹਰਭਜਨ ਹਲਵਾਰਵੀ, ਮਦਨ ਲਾਲ ਦੀਦੀ, ਮੇਰੀਆਂ ਤੇ ਹੋਰਨਾਂ ਦੀਆਂ ਵਿਕਲ ਬਾਰੇ ਯਾਦਾਂ ਛਪੀਆਂ। ਬਰਜਾਖ਼ ਵਿਚ ਬੈਠੇ ਵਿਕਲ ਨੂੰ ਅੰਕ ਵੇਖ ਕੇ ਚਾਅ ਚੜ੍ਹ ਗਿਆ। ਇਹ ਇਕ ਹੋਰ ਬਰਜਾਖ਼ੀ ਕਵੀ ਨੂੰ ਕਹਿੰਦਾ ‘ਵੇਖ ਲੈ ਭਈ, ਮਰਨ ਦਾ ਮਜ਼ਾ ਆ ਗਿਆ। ਏਹੋ ਜਿਹਾ ਅੰਕ ਮੇਰੇ ਜਿਊਂਦਿਆਂ ’ਤੇ ਨਿਕਲਣਾ ਨਹੀਂ ਸੀ। ਵੇਖ ਮੇਰੇ ਪੰਜਾਬੀ ਯਾਰ ਮੈਨੂੰ ਕਿਵੇਂ ਯਾਦ ਕਰਦੇ ਨੇ।’ ਫਿਰ ਜਦ ਪ੍ਰਮਿੰਦਰਜੀਤ ਵੀ 2015 ਵਿਚ ਧਰਤੀ ਤੋਂ ਰੁਖ਼ਸਤ ਹੋ ਕੇ ਬਰਜਾਖ਼ ਪਹੁੰਚਿਆ ਤਾਂ ਇਨ੍ਹਾਂ ਦੇ ਖੁਰਾਫ਼ਾਤੀ ਦਿਮਾਗ਼ਾਂ ਵਿਚ ਸਕੀਮ ਆਈ ਕਿ ਕੁਝ ਨਾ ਕੁਝ ਕਰਨਾ ਚਾਹੀਦੈ। ਇਨ੍ਹਾਂ ਨੇ ਇਕ ਮੈਗਜ਼ੀਨ ਕੱਢਣ ਦੀ ਸਕੀਮ ਬਣਾਈ।’’ ‘‘ਵਾਹਿਗੁਰੂ ਵਾਹਿਗੁਰੂ,’’ ਮੈਂ ਕਿਹਾ, ‘‘ਮੈਗਜ਼ੀਨ ਤੇ ਬੰਦੇ ਨੂੰ ਸਵਰਗ ’ਚ ਪਹੁੰਚ ਕੇ ਵੀ ਨਹੀਂ ਕੱਢਣਾ ਚਾਹੀਦਾ। ਇਹ ਬੜਾ ਕੱਬਾ ਕੰਮ ਐ। ਭਾਵੇਂ ਚਰਨਜੀਤ ਸੋਹਲ ਨੂੰ ਪੁੱਛ ਲਓ; ਉਹ ‘ਵਾਹਗਾ’ ਕੱਢਦੈ।’’ ਪ੍ਰਮਿ਼ੰਦਰਜੀਤ ਕਹਿੰਦਾ, ‘‘ਐਡਾ ਵੀ ਕੋਈ ਔਖਾ ਕੰਮ ਨਹੀਂ। ਮੈਂ ਸਾਰੀ ਉਮਰ ‘ਅੱਖਰ’ (ਮੈਗਜ਼ੀਨ) ਕੱਢਿਐ। ਕੁਝ ਆਪਣੀਆਂ ਕਵਿਤਾਵਾਂ ਛਾਪ ਲਈਦੀਆਂ, ਕੁਝ ਦੂਸਰਿਆਂ ਦੀਆਂ। ਨਾਲੇ ਮਹੀਨੇ ਦੇ ਮਹੀਨੇ ’ਚ ਜੋ ਗੁੱਭ-ਗੁਬਾਰ ਮਨ ’ਚ ਕੱਠਾ ਹੋਇਆ ਹੁੰਦਾ, ਉਹ ਛਾਪ ਲਈਦਾ।’’ ਗੌਤਮ ਕਹਿੰਦਾ, ‘‘ਬਹਿਸ ਬੰਦ ਕਰੋ, ਪਹਿਲਾਂ ਜੋ ਬਰਜਾਖ਼ ’ਚ ਹੋਇਆ, ਉਹਦੇ ਬਾਰੇ ਸੁਣੋ।’’ ਗੌਤਮ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਮੈਗਜ਼ੀਨ ‘‘ਡਾਂਡੇ ਮੀਂਡੇ’’ ਦਾ ਪਹਿਲਾ ਸ਼ਾਨਦਾਰ ਅੰਕ ਨਿਕਲਿਆ; ਚਾਰੇ ਪਾਸੇ ਵਾਹ ਵਾਹ ਹੋਈ; ਮਿੱਤਰਾਂ ਦੇ ਬਾਹਰੋਂ ਵਾਹ ਵਾਹ ਕਰਦੇ ਪਰ ਅੰਦਰੋਂ ਈਰਖਾ ’ਚ ਭਿੱਜੇ ਹੋਏ ਫੋਨ ਆਏ; ਹਰ ਪਾਸੇ ਫੋਕੀ ਸ਼ੋਭਾ ਹੋਣ ਲੱਗੀ ਤੇ ਆਦਤ ਮੁਤਾਬਿਕ ਫੋਕੀ ਸ਼ੋਭਾ ਸੁਣ ਕੇ ਸਾਰੇ ਖ਼ੁਸ਼ ਹੋਣ ਲੱਗੇ; ਪਰ...! ‘‘ਪਰ ਕੀ ਹੋਇਆ?’’ ਮੈਂ ਪੁੱਛਿਆ। ਅੱਗੇ ਦੀ ਕਹਾਣੀ ਪ੍ਰਮਿੰਦਰਜੀਤ ਨੇ ਦੱਸੀ; ਕਹਿੰਦਾ, ‘‘ਉਸ ਪਹਿਲੇ ਅੰਕ ਵਿਚ ਅਸੀਂ ਵਿਕਲ ਦੀ ਕਵਿਤਾ ਛਾਪ ਬੈਠੇ: ਦੁਖੀ ਦਿਨਾਂ ’ਚ ਆਦਮੀ ਕਵਿਤਾ ਨਹੀਂ ਲਿਖਦਾ ਦੁਖੀ ਦਿਨਾਂ ’ਚ ਆਦਮੀ ਬਹੁਤ ਕੁਝ ਕਰਦਾ ਹੈ ਲਤੀਫ਼ੇ ਸੁਣਾਉਣ ਤੋਂ ਲੈ ਕੇ ਜ਼ਹਿਰ ਖਾਣ ਤਕ ਪਰ ਉਹ ਕਵਿਤਾ ਨਹੀਂ ਲਿਖਦਾ...

ਦੁਖੀ ਦਿਨਾਂ ’ਚ ਆਦਮੀ ਦਿਨ ਦੀ ਰੌਸ਼ਨੀ ’ਚ ਰੋਣ ਲਈ ਹਨੇਰਾ ਲੱਭਦਾ ਹੈ ਅਤੇ ਚਾਲੀ ਵਰ੍ਹਿਆਂ ਦੀ ਉਮਰ ’ਚ ਵੀ ਮਾਂ ਦੀ ਗੋਦੀ ਵਰਗੀ ਕੋਈ ਸੁਰੱਖਿਅਤ ਜਗ੍ਹਾ ਲੱਭਦਾ ਹੈ... ਦੋ ਦਿਨਾਂ ਬਾਅਦ ਅਚਨਚੇਤ ਇਨ੍ਹਾਂ ਤਿੰਨਾਂ ਲੇਖਕਾਂ ਦੇ ਬਜਰਾਖ਼ੀ ਘਰਾਂ ਵਿਚ ਦੋ ਬੰਦੇ, ਜਿਹੜੇ ਬਰਜਾਖ਼ ਸੁਧਾਰ ਸਭਾ ਦੇ ਕਰਿੰਦੇ ਸਨ, ਪ੍ਰਗਟ ਹੋਏ ਤੇ ਹੁਕਮ ਸੁਣਾਇਆ ਕਿ ਉਨ੍ਹਾਂ ਨੂੰ ਓਸੇ ਹੀ ਦਿਨ ਸਭਾ ਦੇ ਸਾਹਮਣੇ ਪੇਸ਼ ਹੋਣਾ ਪਵੇਗਾ। ਕੁਮਾਰ ਵਿਕਲ ਨੇ ਦੱਸਿਆ ਕਿ ਇਸ ਸੁਧਾਰ ਸਭਾ ਨੂੰ ਪੂਰੇ ਅਦਾਲਤੀ ਅਧਿਕਾਰ ਪ੍ਰਾਪਤ ਹਨ ਤੇ ਇਸ ਦਾ ਕੰਮ ਬਰਜਾਖ਼ੀ ਸਮਾਜ ’ਚ ਸੁਧਾਰ ਤੇ ਲੋਕਾਂ ਦੀ ਸੇਵਾ ਕਰਨਾ ਭਾਵ ਲੋਕਾਂ ਵਿਚ ਪਿਆਰ, ਮੁਹੱਬਤ, ਏਕਤਾ ਤੇ ਸਮਤਾ ਬਣਾਈ ਰੱਖਣਾ ਹੈ ਤੇ ਜਿਹੜਾ ਆਦਮੀ ਸਮਾਜ ਵਿਚਲੀ ਸ਼ਾਂਤੀ ਭੰਗ ਕਰਦਾ ਹੈ, ਨੂੰ ਸਜ਼ਾ ਦੇਣਾ। ਪੇਸ਼ੀ ਹੋਈ ਜਿਸ ਵਿਚ ਸਭ ਤੋਂ ਜ਼ਿਆਦਾ ਸੁਆਲ ਕੁਮਾਰ ਵਿਕਲ ਨੂੰ ਪੁੱਛੇ ਗਏ: ‘‘ਕੀ ਤੁਸੀਂ ਬਰਜਾਖ਼ ਵਿਚ ਰਹਿ ਕੇ ਵੀ ਦੁਖੀ ਹੋ?’’ ‘‘ਕੀ ਤੁਸੀਂ ਬਰਜਾਖ਼ੀ ਦੇਵਤਿਆਂ ਦੇ ਧੰਨਵਾਦੀ ਨਹੀਂ ਜਿਨ੍ਹਾਂ ਨੇ ਤੁਹਾਡੇ ਬਰਜਾਖ਼ ਵਿਚ ਪ੍ਰਵੇਸ਼ ਨੂੰ ਸਹਿਮਤੀ ਦਿੱਤੀ; ਨਹੀਂ ਤੇ ਤੁਹਾਨੂੰ ਨਰਕ ਵਿਚ ਸੁੱਟਿਆ ਜਾਣਾ ਸੀ। ਫਿਰ ਤੁਹਾਨੂੰ ਪਤਾ ਲੱਗਦਾ ਕਿ ਨਰਕ ਤੇ ਬਰਜਾਖ਼ ਵਿਚ ਕੀ ਫ਼ਰਕ ਐ।’’ ਕੁਮਾਰ ਵਿਕਲ ਨੇ ਹਿੰਦੀ-ਪੰਜਾਬੀ ਵਿਚ ਜਵਾਬ ਦੇਣ ਦੀ ਕੋਸ਼ਿਸ਼ ਤਾਂ ਕੀਤੀ ਪਰ ਬਰਜਾਖ਼ੀ ਸੁਧਾਰ ਸਭਾ ਦਾ ਪ੍ਰਧਾਨ ਉੱਚੀ ਉੱਚੀ ਬਰਜਾਖ਼ੀ ਬੋਲੀ ਵਿਚ ਚੀਖਿਆ, ‘‘ਓਏ ਕਵੀਆ, ਤੈਨੂੰ ਇਹ ਵੀ ਪਤਾ ਨਹੀਂ ਕਿ ਏਥੇ ਸਿਰਫ਼ ਸਰਕਾਰੀ ਭਾਸ਼ਾ ਬਰਜਾਖ਼ੀ ਹੀ ਬੋਲੀ ਜਾ ਸਕਦੀ ਹੈ ਤੇ ਉਹ ਵੀ ਸ਼ੁੱਧ ਬਰਜਾਖ਼ੀ।’’ ਅਗਲੇ ਜਵਾਬ ਵਿਕਲ ਨੂੰ ਬਰਜਾਖ਼ੀ ਵਿਚ ਦੇਣੇ ਪਏ। ਸਭਾ ਦੇ ਇਕ ਹੋਰ ਮੈਂਬਰ/ਜੱਜ ਨੇ ਪੁੱਛਿਆ, ‘‘ਇਹ ਕੀ ਗੱਲ ਹੋਈ ਕਿ ‘ਦੁਖੀ ਦਿਨਾਂ ’ਚ, ਆਦਮੀ, ਦਿਨ ਦੀ ਰੌਸ਼ਨੀ ’ਚ ਹਨੇਰਾ ਲੱਭਦਾ ਹੈ? ਕੀ ਤੈਨੂੰ ਇਹ ਵੀ ਨਹੀਂ ਪਤਾ ਕਿ ਦਿਨ ਦੀ ਰੌਸ਼ਨੀ ਵਿਚ ਹਨੇਰਾ ਹੋ ਈ ਨਹੀਂ ਸਕਦਾ।’’ ਹੋਰ ਸਵਾਲ: ਇਹ ਮੈਗਜ਼ੀਨ ਕਿਉਂ ਕੱਢਿਆ? ਇਹ ਬਰਜਾਖ਼ੀ ਵਿਚ ਕਿਉਂ ਨਹੀਂ? ਕੱਢਣ ਤੋਂ ਪਹਿਲਾਂ ਆਗਿਆ ਕਿਉਂ ਨਹੀਂ ਲਈ? ਇਸ ਦੀਆਂ ਕਵਿਤਾਵਾਂ ਤੇ ਲੇਖ ਛਪਣ ਤੋਂ ਪਹਿਲਾਂ ਬਰਜਾਖ਼ੀ ਸੁਧਾਰ ਸਭਾ ਦੇ ਸੁਧਾਰਕਾਂ ਨੂੰ ਕਿਉਂ ਨਹੀਂ ਦਿਖਾਏ ਗਏ? ਕਹਾਣੀ ਨੂੰ ਛੋਟੀ ਕਰੀਏ, ਗੱਲ ਕੀ ਸੁਣਵਾਈ ਦੇ ਅੰਤ ਵਿਚ ਫ਼ੈਸਲਾ ਸੁਣਾਇਆ ਗਿਆ ਕਿ ਮੈਗਜ਼ੀਨ ਕੱਢਣਾ ਬਰਜਾਖ਼ ਵਿਰੋਧੀ ਕਾਰਵਾਈ ਸੀ ਤੇ ਤਿੰਨਾਂ ਨੂੰ ਚੌਕਾਂ ’ਤੇ ਖੜ੍ਹੇ ਕਰਕੇ ਬਰਜਾਖ਼ੀਆਂ ਦੁਆਰਾ 50-50 ਚਪੇੜਾਂ-ਮੁੱਕੇ ਤੇ 50-50 ਸ਼ਾਬਦਿਕ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ। ਸ਼ਾਬਦਿਕ ਕੋੜੇ? ਮੈਂ ਚੌਂਕਿਆ, ਮੈਂ ਕਿਹਾ, ‘‘ਕਿਉਂ ਯੱਕੜ ਮਾਰਦੇ ਓ? ਸ਼ਾਬਦਿਕ ਕੋੜੇ ਕੀ ਹੁੰਦੇ ਨੇ?’’ ਗੌਤਮ ਨੇ ਦੱਸਿਆ ਕਿ ਇਹ ਸ਼ਬਦਾਂ, ਵਾਕਾਂ, ਲਾਹਨਤਾਂ ਆਦਿ ਦੇ ਲੋਗੜ ’ਚੋਂ ਕੱਤੀਆਂ ਤੰਦਾਂ ਤੋਂ ਬਣਾਈਆਂ ਰੱਸੀਆਂ ਦੇ ਬਣੇ ਹੁੰਦੇ ਹਨ। ਮੈਂ ਕਿਹਾ, ‘‘ਮੈਂ ਤੁਹਾਡੀ ਗੱਲ ਸਮਝ ਰਿਹਾਂ ਪਰ ਸ਼ਾਬਦਕਿ ਕੋੜਿਆਂ ਦਾ ਪ੍ਰਮਿੰਦਰਜੀਤ ਦੇ ਸਰੀਰ ’ਤੇ ਕੀ ਅਸਰ ਪੈਣਾ!’’ ਗੌਤਮ ਕਹਿੰਦਾ, ‘‘ਤੈਨੂੰ ਨਹੀਂ ਪਤਾ। ਇਨ੍ਹਾਂ ਕੋੜਿਆਂ ਦੀ ਮਾਰ ਦਾ ਅਸਰ ਸਰੀਰਾਂ ’ਤੇ ਘੱਟ ਪੈਂਦੈ ਪਰ ਹੁਣ ਅਸੀਂ ਸਰੀਰ ਨਹੀਂ ਨਾ; ਰੂਹਾਂ ਆਂ; ਤੇ ਜਦ ਰੂਹਾਂ ਨੂੰ ਸ਼ਾਬਦਿਕ ਕੋੜਿਆਂ ਨਾਲ ਕੁੱਟਿਆ ਜਾਂਦਾ ਤਾਂ ਰੂਹਾਂ ਨੂੰ ਸਰੀਰਾਂ ਤੋਂ ਕਿਤੇ ਜ਼ਿਆਦਾ ਤਕਲੀਫ਼ ਪਹੁੰਚਦੀ ਐ।’’ ਮੈਂ ਪੁੱਛਿਆ, ‘‘ਫਿਰ ਕੀ ਹੋਇਆ?’’ ਪ੍ਰਮਿੰਦਰਜੀਤ ਕਹਿੰਦਾ, ‘‘ਹੋਣਾ ਕੀ ਸੀ, ਪਹਿਲਾਂ ਤਾਂ ਚੌਕਾਂ ’ਚ ਖੜ੍ਹੇ ਕਰ ਕੇ ਬਰਜਾਖ਼ੀ ਭੀੜਾਂ ਨੇ ਚਪੇੜਾਂ-ਮੁੱਕੇ ਮਾਰ ਮਾਰ ਕੇ ਸਾਡੀ ਬਾਂ-ਬਾਂ ਕਰਾਈ, ਫਿਰ ਸਾਨੂੰ ਬਰਜਾਖ਼ੀ ਭਾਸ਼ਾ ਦੀਆਂ ਨੰਗੀਆਂ ਤਾਰਾਂ ਨਾਲ ਉਲਟਾ ਲਟਕਾ ਕੇ ਕੋੜੇ ਮਾਰੇ ਗਏ। ਸਾਡੀਆਂ ਰੂਹਾਂ ਤੜਪੀਆਂ, ਰੂਹਾਂ ਦੀਆਂ ਨਸਾਂ ’ਚੋਂ ਸੋਚ-ਸ਼ਕਤੀ ਦਾ ਮਵਾਦ ਨਿਕਲਿਆ, ਪੰਜਾਬੀ ਭਾਸ਼ਾ ਅਨੁਸਾਰ ਅਸੀਂ ਲਹੂ-ਲੁਹਾਨ ਹੋ ਗਏ: ਅੱਧ-ਰੂਹੇ ਭਾਵ ਅੱਧਮੋਏ, ਵਿੰਨ੍ਹੀਆਂ ਹੋਈਆਂ ਰੂਹਾਂ ਵਾਲੇ।’’ ਕਹਾਣੀ ਸੁਣਾਉਣ ਦੇ ਨਾਲ ਨਾਲ ਪ੍ਰਮਿੰਦਰਜੀਤ ਨੂੰ ਨਿੰਬੂ ਪਾਣੀ ਦਾ ਨਸ਼ਾ ਵੀ ਚੜ੍ਹ ਗਿਆ; ਉਹ ਰੋਣ ਲੱਗ ਪਿਆ। ਮੈਂ ਕਿਹਾ, ‘‘ਚੁੱਪ ਕਰੋ, ਮੈਂ ਤੁਹਾਨੂੰ ਧਰਤੀ ਦੀ ਬਾਤ ਸੁਣਾਉਂਦਾ।’’ ਮੈਂ ਉਨ੍ਹਾਂ ਨੂੰ ਦੱਸਿਆ ਕਿ ਸਾਡੇ ਦੇਸ਼ ਵਿਚ ਦੁਖੀ ਹੋਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ ਤੇ ਏਹੀ ਕਾਰਨ ਹੈ ਕਿ ਮੈਂ ਏਨਾ ਖ਼ੁਸ਼ ਹਾਂ। ਪ੍ਰਮਿੰਦਰਜੀਤ ਕਹਿੰਦਾ, ‘‘ਦੁਰ-ਫਿਟੇ ਮੂੰਹ! ਜੇ ਬੰਦਾ ਧਰਤੀ ’ਤੇ ਰਹਿ ਕੇ ਵੀ ਦੁਖੀ ਨਹੀਂ ਰਹਿ ਸਕਦਾ ਤਾਂ ਫਿਰ ਧਰਤੀ ’ਤੇ ਰਹਿਣ ਦਾ ਕੀ ਫ਼ਾਇਦਾ?’’ ਗੌਤਮ ਕਹਿੰਦਾ, ‘‘ਤੂੰ ਆਪ ਸੋਚ ਸ਼ਿਵ ਕੁਮਾਰ ਬਟਾਲਵੀ ਆਨੰਦ ਦੇ ਬੁੱਲ੍ਹੇ ਲੁੱਟਣ ਲਈ ਕਿੰਨਾ ਦੁਖੀ ਰਹਿੰਦਾ ਸੀ, ਕਵਿਤਾ ’ਚ ਵੀ ਰੋਂਦਾ ਸੀ, ਸ਼ਰਾਬ ਪੀ ਕੇ ਵੀ ਰੋਂਦਾ ਸੀ। ਇਹ ਕੁਮਾਰ ਵਿਕਲ, ਇਹ ਵੀ ਕਿੰਨਾ ਦੁਖੀ ਰਹਿੰਦਾ ਸੀ, ਤੇ ਦੁੱਖ ਦਾ ਪਾਰਸ ਇਹਦੇ ਸ਼ਬਦਾਂ ਨੂੰ ਸੋਨਾ ਬਣਾ ਦਿੰਦਾ, ਇਹਦੀ ਕਵਿਤਾ ਚਮਕਦੀ ਖਣਕਦੀ; ਆਪਣੇ ਅਮਿਤੋਜ ਨੂੰ ਵੇਖ, ਉਨ੍ਹੇ ਵੀ ਦੁਖੀ ਰਹਿਣ ਦਾ ਠੇਕਾ ਲੈ ਰੱਖਿਆ ਸੀ; ਇਹ ਪ੍ਰਮਿੰਦਰਜੀਤ, ਇਹਦਾ ਏਡਾ ਵੱਡਾ ਵਜੂਦ ਤਾਂ ਦੁੱਖ ਤੋਂ ਬਗ਼ੈਰ ਕਾਇਮ ਈ ਨਹੀਂ ਸੀ ਰਹਿ ਸਕਦਾ; ਸਾਡੇ ਸਾਰੇ ਤਰੱਕੀਪਸੰਦ ਸ਼ਾਇਰ ਤੇ ਚਿੰਤਕ ਹਮੇਸ਼ਾਂ ਦੁਖੀ ਰਹਿੰਦੇ ਆ। ਬੰਦੇ ਨੂੰ ਜਿਹੜਾ ਮਜ਼ਾ ਦੁੱਖ ਵਿਚ ਰਹਿ ਕੇ ਆਉਂਦਾ, ਉਹ ਮੌਜਾਂ ਸੁੱਖ ਵਿਚ ਕਿੱਥੇ? ਦੁੱਖ ਦੇ ਬਹਾਨੇ ਜਿੰਨੀ ਮਰਜ਼ੀ ਸ਼ਰਾਬ ਪੀ ਕੇ ਆਪਣੇ ਆਪ ਨੂੰ ਬੁੱਧੀਜੀਵੀ ਵੀ ਅਖਵਾਈ ਜਾਵੋ।’’ ਮੈਂ ਕਿਹਾ, ‘‘ਮੇਰੀ ਪੂਰੀ ਗੱਲ ’ਤੇ ਸੁਣੋ। ਹੁਣ ਏਥੇ ਦੁਖੀ ਹੋਣ ਤੋਂ ਮਨ੍ਹਾਂ ਹੀ ਨਹੀਂ ਕੀਤਾ ਗਿਆ ਸਗੋਂ ਦੁੱਖ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੇ ਗਏ ਹਨ।’’ ਗੌਤਮ ਬੜਾ ਹੈਰਾਨ ਹੋਇਆ। ਕਹਿੰਦਾ, ‘‘ਦੁੱਖ ਖ਼ਤਮ ਹੋ ਗਿਆ ਤਾਂ ਕਵੀ, ਚਿੰਤਕ, ਲੇਖਕ, ਕਲਾਕਾਰ ਕੀ ਕਰਨਗੇ? ਯੂਨੀਵਰਸਿਟੀਆਂ ’ਚੋਂ ਫ਼ਿਲਾਸਫ਼ੀ ਵਿਭਾਗ ਖ਼ਤਮ ਹੋ ਜਾਣਗੇ। ਦੁੱਖ ਕਦੇ ਖ਼ਤਮ ਨਹੀਂ ਹੋ ਸਕਦਾ। ਭਗਵਾਨ ਬੁੱਧ ਨੇ ਫਰਮਾਇਐ ...’’ ਲੰਬਾ ਭਾਸ਼ਨ ਦਿੱਤਾ। ਮੈਂ ਕਿਹਾ, ‘‘ਮੇਰਾ ਸਿਰ ਨਾ ਖਾਓ... ਸਾਡੇ ਏਥੇ ਤਾਂ ਦੁੱਖ ਖ਼ਤਮ ਨੇ।’’ ਕੁਮਾਰ ਵਿਕਲ ਕਹਿੰਦਾ, ‘‘ਕੀ ਏਥੇ ਹੁਣ ਬੇਰੁਜ਼ਗਾਰੀ ਨਹੀਂ... ਕੋਈ ਭੁੱਖਾ-ਨੰਗਾ ਗ਼ਰੀਬ ਨਹੀਂ?’’ ਮੈਂ ਕਿਹਾ, ‘‘ਹੈਨ, ਪਰ ਉਨ੍ਹਾਂ ਨੂੰ ਖ਼ੁਸ਼ ਹੋਣ ਦਾ ਮੰਤਰ ਸਿਖਾ ਦਿੱਤਾ ਗਿਐ।’’ ਗੌਤਮ ਕਹਿੰਦਾ, ‘ਉਹ ਕੀ ਐ?’’ ਮੈਂ ਦੱਸਿਆ, ‘‘ਬੇਰੁਜ਼ਗਾਰ ਨੂੰ ਸਮਝਾਇਆ ਗਿਐ ਜੇ ਉਹਨੂੰ ਕੰਮ ਨਾ ਮਿਲਣ ’ਤੇ ਦੁੱਖ ਹੋਵੇ ਤਾਂ ਉਸ ਨੂੰ ਓਸੇ ਵੇਲੇ ਦੇਸ਼ ਦੀ ਮਹਾਨਤਾ ਬਾਰੇ ਸੋਚਣਾ ਚਾਹੀਦੈ। ਜਦੋਂ ਤੁਸੀਂ ਆਪਣੇ ਦੇਸ਼ ਦੀ ਮਹਾਨਤਾ ਬਾਰੇ ਸੋਚੋਗੇ ਤਾਂ ਉਹਦੇ ਸਾਹਮਣੇ ਬੇਰੁਜ਼ਗਾਰੀ ਦਾ ਦੁੱਖ ਕੀ, ਹਰ ਦੁੱਖ ਪਲ ਵਿਚ ਛੂ ਮੰਤਰ ਜਾਏਗਾ। ਜੇ ਤੁਸੀਂ ਭੁੱਖੇ ਓ ਤਾਂ ਭੁੱਖ ਬਾਰੇ ਸੋਚਣ ਦੀ ਥਾਂ ਦੇਸ਼ ਦੇ ਨੇਤਾ ਦੀ ਮੁਸਕਰਾਉਂਦੀ ਹੋਈ ਤਸਵੀਰ ਵੱਲ ਦੇਖੋ, ਭੁੱਖ ਖ਼ਤਮ ਹੋ ਜਾਏਗੀ। ਜੇ ਫ਼ਸਲ ਨਹੀਂ ਵਿਕੀ ਤਾਂ ਫ਼ਸਲ ਨਾ ਵਿਕਣ ਦੇ ਗ਼ਮ ਵਿਚ ਡੁੱਬਣ ਦੀ ਬਜਾਏ ‘ਜੀਵੇ, ਮੇਰਾ ਦੇਸ਼ ਜੀਵੇ’ ਦਾ ਮੰਤਰ ਪੜ੍ਹੋ, ਵੇਖੋ ਫ਼ਸਲ ਨਾ ਵਿਕਣ ਦਾ ਦੁੱਖ ਇਕਦਮ ਗਾਇਬ ਹੋ ਜਾਏਗਾ।’’ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਨਿੰਬੂ ਪਾਣੀ ਬਣਾਉਣ ਲੱਗਿਆਂ ਵੀ ਦੇਸ਼ ਦੀ ਮਹਾਨਤਾ ਦਾ ਮੰਤਰ ਪੜ੍ਹਿਆ ਸੀ ਤੇ ਏਸੇ ਕਰਕੇ ਉਨ੍ਹਾਂ ਨੂੰ ਨਿੰਬੂ ਪਾਣੀ ਦਾ ਮੰਤਰਮਈ ਡਰਿੰਕ ਪੀ ਕੇ ਏਨਾ ਮਜ਼ਾ ਆਇਐ। ਮੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਵੀ ਧਰਤੀ ’ਤੇ ਚੱਲ ਰਹੇ ਫਾਰਮੂਲੇ ਨੂੰ ਅਪਣਾਉਣਾ ਚਾਹੀਦੈ ਤੇ ਬਾਕੀ ਬਰਜਾਖ਼ੀਆਂ ਵਾਂਗ ਮਹਾਨ ਬਰਜਾਖ਼ੀ ਨੇਤਾਵਾਂ ਦੀਸ਼ਾਰ ਦੇਵ ਤੇ ਤਸ਼ਾਗ ਦੇਵ ਦੇ ਗੁਣਗਾਣ ਕਰਕੇ ਖੁਸ਼ ਰਹਿਣਾ ਚਾਹੀਦੈ। ‘‘ਦੁਰ-ਫਿਟੇ ਮੂੰਹ ਤੇਰਾ।’’ ਗੌਤਮ ਆਪਣੇ ਫ਼ਿਲਾਸਫ਼ਰਾਂ ਵਾਲੇ ਅੰਦਾਜ਼ ਵਿਚ ਬੋਲਿਆ, ‘‘ਮੈਂ ਧਰਤੀ ’ਤੇ ਰਹਿੰਦਿਆਂ ਤੈਨੂੰ ਕੁਝ ਸਦੀਵੀ ਸੱਚਾਂ ਬਾਰੇ ਸਮਝਾਇਆ ਸੀ, ਪਰ ਤੂੰ ਭੁੱਲ ਗਿਐਂ।’’ ਮੈਂ ਕਿਹਾ, ‘‘ਫਿਰ ਦੱਸ ਦੇ।’’ ਉਸ ਨੇ ਵੱਡੇ ਦਾਨਿਸ਼ਵਰਾਂ ਵਾਲੇ ਅੰਦਾਜ਼ ਵਿਚ ਦੱਸਿਆ, ‘‘ਦੁਖੀ ਹੋਣਾ ਬੰਦੇ ਦਾ ਮੌਲਿਕ ਅਧਿਕਾਰ ਹੈ। ਸੁਖੀ ਬੰਦਾ ਫੁਕਰਾ ਹੁੰਦੈ। ਦੁਖੀ ਬੰਦਾ ਹੀ ਗਿਆਨੀ ਹੋ ਸਕਦੈ।’’ ਵਿਕਲ ਨੇ ਕਿਹਾ, ‘‘ਅਸੀਂ ਕਵੀ ਹਾਂ, ਚਿੰਤਕ ਹਾਂ, ਦੁਖੀ ਰਹਿਣਾ ਚਾਹੁੰਦੇ ਹਾਂ... ਸੁਖੀ ਹੋਣ ਨਾਲ ਸਾਡੀ ਹੋਂਦ ਖ਼ਤਮ ਹੋ ਜਾਏਗੀ।’’ ਮੈਂ ਕਿਹਾ, ‘‘ਭਾਈ ਮੇਰਾ ਤਾਂ ਹੁਣ ਇਸ ਮਹਾਨ ਦੇਸ਼ ਦੀਆਂ ਮਹਾਨ ਖ਼ੁਸ਼ੀਆਂ ਅਨੁਸਾਰ ਜੀਣ ਦਾ ਇਰਾਦਾ ਐ। ਮੈਂ ਤਾਂ ਇਸ ਬਾਰੇ ਕਵਿਤਾ ਵੀ ਲਿਖੀ ਹੈ, ਸੁਣੋ... ਗ਼ਮ ਤੋਂ ਆਜ਼ਾਦੀ/ ਕਹੇ ਗੁੜਗੁੜਾਬਾਦੀ/ ਹਰ ਪਲ ਹੈ ਸ਼ਾਦੀ/ ਕਹੇ ਗੁੜਗੁੜਾਬਾਦੀ/ ਸਭ ਤੋਂ ਪਹਿਲਾਂ ਦੇਸ਼ ਹੈ/ ਤੇ ਦੇਸ਼ ਦਾ ਨਰੇਸ਼ ਹੈ/ ਕਹੇ ਪੋਤੀ, ਕਹੇ ਦਾਦੀ/ ਕਹੇ ਗੁੜਗੁੜਾਬਾਦੀ।’’ ਮੈਂ ਕਵਿਤਾ ਸੁਣਾ ਰਿਹਾ ਸਾਂ ਕਿ ਦੂਰ ਵੱਜਦੇ ਢੋਲ ’ਤੇ ਨੱਚਦੇ ਹੋਏ ਲੋਕ ਮੇਰੇ ਘਰ ਦੇ ਸਾਹਮਣੇ ਆ ਗਏ। ਮੈਂ ਆਪਣੇ ਦੋਸਤਾਂ ਨੂੰ ਕਿਹਾ, ‘‘ਵੇਖੋ, ਜਾਂ ਤਾਂ ਬਿਲਕੁਲ ਖ਼ੁਸ਼ ਹੋ ਜਾਓ ਤੇ ਆਓ ਬਾਹਰ ਜਾ ਕੇ ਨੱਚੀਏ ਜਾਂ ਅਖੀਰਲੇ ਕਮਰੇ ਵਿਚ ਜਾ ਕੇ ਲੁਕ ਜਾਓ, ਜਿੰਨਾ ਰੋਣਾ ਐ ਓਥੇ ਬਹਿ ਕੇ ਰੋ ਲਵੋ, ਮੈਂ ਹੁਣ ਬਾਹਰ ਜਾ ਕੇ ਰਾਸ਼ਟਰੀ ਖ਼ੁਸ਼ੀ ਦੇ ਇਜ਼ਹਾਰ ਵਿਚ ਸ਼ਾਮਲ ਹੋਣੈ।’’ ਪ੍ਰਮਿੰਦਰਜੀਤ ਕਹਿੰਦਾ, ‘‘ਬਹੁਤ ਸੁਣ ਲਈ ਤੇਰੀ ਬਕਵਾਸ। ਅਸੀਂ ਸੋਚਾਂਗੇ ਕਿ ਹੁਣ ਤੋਂ ਬਾਅਦ ਤੈਨੂੰ ਮਿਲਣ ਵੀ ਆਉਣਾ ਜਾਂ ਨਹੀਂ। ਜਿਹੜਾ ਬੰਦਾ ਦੁਖੀ ਹੋਣ ਤੋਂ ਇਨਕਾਰ ਕਰਦੈ, ਉਸ ’ਤੇ ਸਮਾਂ ਜ਼ਾਇਆ ਕਰਨ ਦਾ ਕੀ ਫ਼ਾਇਦਾ? ਅਗਲੀ ਵਾਰ ਅਸੀਂ ਕਿਸੇ ਵੱਡੇ ਪੰਜਾਬੀ ਕਵੀ ਕੋਲ ਜਾਵਾਂਗੇ... ਪੰਜਾਬੀ ਕਵੀਆਂ ਨੂੰ ਦੁਖੀ ਹੋਣ ਤੇ ਦੁਖੀ ਰਹਿਣ ਦਾ ਕਾਫ਼ੀ ਅਭਿਆਸ ਐ। ਉਨ੍ਹਾਂ ਨੂੰ ਦੁਖੀ ਹੋਣ/ਰਹਿਣ ਦੀਆਂ ਜੁਗਤਾਂ ਵੀ ਆਉਂਦੀਆਂ।’’ ਇਹ ਕਹਿ ਕੇ ਤਿੰਨੇ ਬਰਜਾਖ਼ੀ ਦੋਸਤ ਛੂੰ ਕਰਕੇ ਮੇਰੇ ਕਮਰੇ ’ਚੋਂ ਗਾਇਬ ਹੋ ਗਏ। ਢੋਲ ਦੀ ਆਵਾਜ਼ ਹੋਰ ਉੱਚੀ ਹੋ ਗਈ। ਮੈਂ ਦਰਵਾਜ਼ਾ ਖੋਲ੍ਹ ਕੇ ਬਾਹਰ ਆਇਆ ਤੇ ਰਾਸ਼ਟਰੀ ਖ਼ੁਸ਼ੀ ਦੇ ਜਸ਼ਨ ਵਿਚ ਸ਼ਾਮਲ ਹੋ ਗਿਆ। ਉਸ ਰਾਤ ਮੈਂ ਬਹੁਤ ਨੱਚਿਆ, ਓਦਾਂ ਈ ਜਿੱਦਾਂ ਪ੍ਰੇਮ ਚੰਦ ਦੀ ਕਹਾਣੀ ‘ਕਫ਼ਨ’ ਵਿਚਲੇ ਪਿਓ-ਪੁੱਤ ਆਪਣੀ ਪਤਨੀ/ਮਾਂ ਦੇ ਕਫ਼ਨ ਲਈ ਲਿਆਂਦੇ ਪੈਸਿਆਂ ਦੀ ਮਦਿਰਾ ਪੀ ਕੇ ਨੱਚੇ ਸਨ... ਤੇ ਓਦਾਂ ਈ ਮੈਂ ਹੁਣ ਵੀ ਨੱਚ ਰਿਹਾਂ... ਹੁਣ ਵੀ ਖ਼ੁਸ਼ ਹਾਂ... ਹਾਂ ਮੈਂ ਬਹੁਤ ਖ਼ੁਸ਼ ਹਾਂ...!

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All