ਬਥੇਰੀ

ਡਾ. ਹਰਸ਼ਿੰਦਰ ਕੌਰ, ਐੱਮਡੀ 

ਮੈਂ ਆਪਣੇ ਪਤੀ ਡਾ. ਗੁਰਪਾਲ ਸਿੰਘ ਦੇ ਮੈਡੀਸਨ ਆਊਟਡੋਰ ਵਿਚੋਂ ਉਨ੍ਹਾਂ ਕੋਲੋਂ ਕਾਰ ਦੀ ਚਾਬੀ ਲੈਣ ਗਈ ਸੀ, ਡੀਸੀ ਦਫਤਰ ਵਿਚ ਮੇਰੀ ਮੀਟਿੰਗ ਸੀ। ਜਿੰਨੀ ਦੇਰ ਉਹ ਜੇਬ ਵਿਚੋਂ ਚਾਬੀ ਕੱਢ ਰਹੇ ਸਨ, ਦਰਵਾਜ਼ੇ ਬਾਹਰ ਖੜ੍ਹੇ ਹਸਪਤਾਲ ਦੇ ਕਰਮਚਾਰੀ ਨੇ ਪਰਚੀ ਉੱਤੋਂ ਨਾਂ ਪੜ੍ਹ ਕੇ ਅਗਲੇ ਮਰੀਜ਼ ਨੂੰ ਆਵਾਜ਼ ਮਾਰ ਦਿੱਤੀ- “ਬਥੇਰੀ, ਆਓ ਬਈ ਬਥੇਰੀ।” ਮੈਨੂੰ ਨਾਂ ਬੜਾ ਅਜੀਬ ਲੱਗਿਆ। ਉੱਥੇ ਖੜ੍ਹੇ ਹੋਰ ਵੀ ਕੁੱਝ ਲੋਕ ਮੁਸਕਰਾ ਪਏ। ਮੈਂ ਸੋਚਿਆ ਨਾਂ ਠੀਕ ਨਹੀਂ ਪੜ੍ਹਿਆ ਗਿਆ ਹੋਣਾ। ਪਰਚੀ ਉੱਤੇ ਨਾਂ ਪੜ੍ਹਨ ਲਈ ਮੈਂ ਕੁੱਝ ਪਲ ਖਲੋ ਗਈ। ਪਰਚੀ ਉੱਤੇ ਵਾਕਈ ‘ਬਥੇਰੀ’ ਲਿਖਿਆ ਸੀ। ਮੈਂ ਉਸ ਔਰਤ ਦੇ ਕਮਰੇ ਅੰਦਰ ਆਉਂਦਿਆਂ ਹੀ ਉਸ ਦਾ ਨਾਂ ਪੁੱਛਿਆ ਤਾਂ ਉਹ ਕੁੱਝ ਬੋਲੀ ਨਹੀਂ। ਉਸ ਨੇ ਮੂੰਹ ਪੂਰੀ ਤਰ੍ਹਾਂ ਵਲੇਟਿਆ ਹੋਇਆ ਸੀ। ਦੋ ਵਾਰ ਹੋਰ ਪੁੱਛਣ ਉੱਤੇ ਉਸ ਦੇ ਨਾਲ ਆਈ ਔਰਤ, ਜੋ ਸ਼ਾਲ ਲਪੇਟੀ ਖੜ੍ਹੀ ਸੀ, ਨੇ ਕਿਹਾ, “ਹਾਂ ਜੀ, ਨਾਂ ਤਾਂ ਬਥੇਰੀ ਐ ਪਰ ਬੋਲ ਨਈਂ ਸਕਦੀ।” “ਓ ਹੋ ਕੀ ਹੋ ਗਿਆ? ਗਲਾ ਖ਼ਰਾਬ ਐ? ਇਹ ਨਾਂ ਕਿਹੋ ਜਿਹਾ ਰੱਖਿਐ।” ਮੈਂ ਇਕੋ ਸਾਹੇ ਕਈ ਸਵਾਲ ਪੁੱਛ ਲਏ ਕਿਉਂਕਿ ਮੈਨੂੰ ਜਾਣ ਦੀ ਕਾਹਲੀ ਸੀ। “ਗਲਾ ਖ਼ਰਾਬ ਨਈਂ ਐ, ਜਬਾੜਾ ਕਈ ਥਾਈਂ ਟੁੱਟਿਆ ਪਿਐ।” ਉਸ ਜਵਾਬ ਦਿੱਤਾ। “ਓ ਹੋ।” ਮੈਨੂੰ ਸੁਣ ਕੇ ਝਟਕਾ ਜਿਹਾ ਲੱਗਿਆ। ਮੈਨੂੰ ਨਾਂ ਹੀ ਅਜੀਬ ਲੱਗ ਰਿਹਾ ਸੀ ਤੇ ਹੁਣ ਇਹ ਜ਼ਖ਼ਮ ਵੀ! ਜ਼ਰੂਰ ਐਕਸੀਡੈਂਟ ਹੋਇਆ ਹੋਵੇਗਾ, ਸੋਚ ਕੇ ਤਰਸ ਆਉਣ ਲੱਗ ਪਿਆ। ਮੈਂ ਹਾਲੇ ਉੱਥੋਂ ਤੁਰੀ ਨਹੀਂ ਸੀ। ਮੇਰੇ ਪਤੀ ਨੇ ਉਸ ਕੋਲੋਂ ਪੁੱਛਿਆ, “ਐਕਸੀਡੈਂਟ ਹੋਇਐ?” ਉਹ ਕੁੱਝ ਬੋਲੀ ਨਹੀਂ। ਸ਼ਾਇਦ ਦੱਸਣਾ ਨਹੀਂ ਸੀ ਚਾਹੁੰਦੀ। ਮੇਰੇ ਪਤੀ ਫਿਰ ਬੋਲੇ, “ਬੀਬੀ ਜੀ, ਜੇ ਕੁੱਝ ਦੱਸੋਗੇ ਨਈਂ ਤਾਂ ਡਾਕਟਰ ਇਲਾਜ ਕਿਵੇਂ ਕਰੇਗਾ? ਸੱਟ ਕਿਵੇਂ ਵੱਜੀ?” ਬਥੇਰੀ ਨਾਲ ਆਈ ਔਰਤ ਅੱਖਾਂ ਨੀਵੀਆਂ ਕਰ ਕੇ ਕਹਿਣ ਲੱਗੀ, “ਬਿਮਾਰੀ ਤਾਂ ਕੋਈ ਨਈਂ ਜੀ! ਗ਼ਰੀਬੀ ਸਭ ਤੋਂ ਵੱਡੀ ਬਿਮਾਰੀ ਹੁੰਦੀ ਐ।” ਗ਼ਰੀਬੀ ਨਾਲ ਜਬਾੜਾ ਟੁੱਟਣ ਦਾ ਕੀ ਮੇਲ ਹੋਇਆ? ਉਸ ਦੀਆਂ ਗੱਲਾਂ ਅਜੀਬ ਲੱਗ ਰਹੀਆਂ ਸਨ। ਇਸੇ ਲਈ ਮੈਂ ਉੱਥੇ ਹੀ ਖਲੋ ਗਈ। ਆਲੇ-ਦੁਆਲੇ ਖੜ੍ਹੇ ਲੋਕਾਂ ਵੱਲ ਦੇਖ ਕੇ ਉਹ ਔਰਤ ਫਿਰ ਚੁੱਪ ਹੋ ਗਈ। ਮੇਰੇ ਪਤੀ ਨੇ ਇਸ਼ਾਰਾ ਕਰ ਕੇ ਕਿਹਾ ਕਿ ਪਿੱਛੇ ਸਕਰੀਨ ਦੇ ਓਹਲੇ ਲਿਜਾ ਕੇ ਇਸ ਕੋਲੋਂ ਪੁੱਛ ਲੈ, ਇੱਥੇ ਹੋਰ ਲੋਕਾਂ ਸਾਹਮਣੇ ਇਹ ਦੱਸਣੋਂ ਝਕ ਰਹੀ ਹੈ। ਮੈਂ ਉਨ੍ਹਾਂ ਦੋਹਾਂ ਔਰਤਾਂ ਨੂੰ ਸਕਰੀਨ ਪਿੱਛੇ ਲਿਜਾ ਕੇ ਪੁੱਛਿਆ ਤਾਂ ਨਾਲ ਦੀ ਔਰਤ ਬੋਲੀ, “ਤੁਸੀਂ ਇਹਦੇ ਨਾਂ ਤੋਂ ਹੱਸਦੇ ਸੀ, ਮੇਰਾ ਨਾਂ ‘ਵਾਧੂ’ ਐ।” “ਵਾਧੂ? ਇਹ ਕੀ ਨਾਂ ਰੱਖਿਐ।” ਮੈਂ ਹੈਰਾਨੀ ਨਾਲ ਪੁੱਛਿਆ? “ਮੈਂ ਇਹਦੀ ਚਾਚੇ ਦੀ ਧੀ ਆਂ। ਸਾਡੇ ਪਿਓ ਭੱਠੇ ‘ਤੇ ਮਜੂਰੀ ਕਰਦੇ ਸੀ। ਘਰ ਕੁੜੀਆਂ ਜੰਮੀ ਜਾਂਦੀਆਂ ਸੀ। ਜਦੋਂ ਫਾਲਤੂ ਹੋ ਜਾਂਦੀਆਂ ਤਾਂ ਸਾਡੇ ਨਸੀਬ ‘ਚ ਇਹੋ ਜਿਹੇ ਨਾਂ ਈ ਬਚਦੇ ਸੀ। ਇਹ ਬਥੇਰੀ ਬਣ ਗਈ ਤੇ ਮੈਂ ਵਾਧੂ। ਮਾਪਿਆਂ ਨੂੰ ਮੁੰਡਾ ਚਾਹੀਦਾ ਸੀ। ਬਸ ਇਸੇ ਲਈ ਪਹਿਲਾਂ ਛੇ ਸੱਤ ਕੁੜੀਆਂ ਜੰਮ ਛੱਡੀਆਂ। ਸਾਡੇ ਦੋਹਾਂ ਦੀਆਂ ਮਾਵਾਂ ਤਾਂ ਨਿਆਣੇ ਜੰਮ ਕੇ ਮਰ ਖੱਪ ਗਈਆਂ।” “ਪਰ ਇਹਦੇ ਜਬਾੜੇ ਨੂੰ ਕੀ ਹੋਇਆ।” ਮੈਂ ਬਿਮਾਰੀ ਪੁੱਛਣ ਲਈ ਕਾਹਲੀ ਸੀ ਤਾਂ ਜੋ ਮੀਟਿੰਗ ਉੱਤੇ ਵੇਲੇ ਸਿਰ ਪਹੁੰਚ ਸਕਾਂ। “ਇਹਨੂੰ ਵੀਹ ਸਾਲ ਵੱਡੇ ਨਸ਼ੇੜੀ ਨਾਲ ਤੋਰ ਦਿੱਤਾ ਗਿਆ ਤੇ ਮੈਨੂੰ ਤੀਹ ਸਾਲ ਵੱਡੇ ਨਾਲ।” ਉਸ ਅੱਗੇ ਗੱਲ ਤੋਰੀ। ਮੈਨੂੰ ਹੁਣ ਰਤਾ ਖਿੱਝ ਚੜ੍ਹਨ ਲੱਗ ਪਈ ਸੀ, ਕਿਉਂਕਿ ਉਹ ਜਬਾੜੇ ਬਾਰੇ ਦੱਸਣ ਦੀ ਥਾਂ ਆਪਣੀ ਰਾਮ ਕਹਾਣੀ ਸੁਣਾਉਣੀ ਚਾਹ ਰਹੀ ਸੀ ਤੇ ਮੇਰੇ ਕੋਲ ਵਕਤ ਦੀ ਕਿੱਲਤ ਸੀ। “ਤੁਹਾਨੂੰ ਇਹਦੇ ਜਬਾੜੇ ਦੀ ਸੱਟ ਬਾਰੇ ਕੁੱਝ ਪਤਾ ਵੀ ਹੈ ਕਿ ਨਹੀਂ।” ਮੈਂ ਫੇਰ ਟੋਕਿਆ। “ਮੈਡਮ ਜੀ, ਉਹੀ ਦੱਸ ਰਹੀ ਆਂ। ਰਤਾ ਸਬਰ ਤਾਂ ਕਰੋ। ਅਸੀਂ ਜੋ ਸਾਲਾਂ ਸਾਲ ਪੀੜ ਝੱਲੀ ਹੈ ਫੁੱਟੇ ਨਸੀਬਾਂ ਕਰ ਕੇ, ਉਹਨੂੰ ਸੁਣਨ ਜੋਗਾ ਵਕਤ ਵੀ ਤੁਹਾਡੇ ਕੋਲ ਨਹੀਂ।” ਉਸ ਰਤਾ ਤਲਖ਼ ਆਵਾਜ਼ ਵਿਚ ਕਿਹਾ। “ਨਈਂ ਇਹੋ ਜਿਹੀ ਕੋਈ ਗੱਲ ਨਈਂ। ਮੈਂ ਮੀਟਿੰਗ ਵਿਚ ਪਹੁੰਚਣੈ ਤੇ ਮੈਂ ਤੁਹਾਡਾ ਇਲਾਜ ਵੀ ਨਹੀਂ ਕਰਨਾ। ਬਸ ਤੁਹਾਡੀ ਬਿਮਾਰੀ ਬਾਰੇ ਡਾਥ ਸਾਹਿਬ ਨੂੰ ਦੱਸ ਕੇ ਲੰਘ ਜਾਣੈ। ਦਵਾਈ ਉਹੀ ਲਿਖਣਗੇ।” ਮੈਂ ਰਤਾ ਸਹਿਜ ਹੋ ਕੇ ਕਿਹਾ। “ਤੁਸੀਂ ਪੜ੍ਹ ਲਿਖ ਕੇ ਅਫਸਰ ਲੱਗ ਗਏ ਓ। ਤੁਹਾਨੂੰ ਕੀ ਪਤਾ ਸਾਡੇ ਵਰਗੀਆਂ ਦੀ ਜ਼ਿੰਦਗੀ ਕਿੰਜ ਲੰਘਦੀ ਐ! ਇਹਦਾ ਖ਼ਸਮ ਰੋਜ਼ ਸ਼ਰਾਬ ਪੀ ਕੇ ਅਤਿ ਕਰਦਾ ਸੀ। ਮਾਰ ਮਾਰ ਕੇ ਇਹਦੀ ਚਮੜੀ ਉਧੇੜ ਦਿੰਦਾ ਸੀ। ਇਕ ਦਿਨ ਜਦੋਂ ਮਾਰ ਮਾਰ ਕੇ ਸੋਟੀ ਵੀ ਟੁੱਟ ਗਈ ਤਾਂ ਅਖ਼ੀਰ ਇਹ ਬੋਲ ਪਈ- ਆਖ਼ਰ ਦੱਸ ਤਾਂ ਸਹੀ ਮੇਰਾ ਕਸੂਰ ਕੀ ਐ! ਬਸ ਇੰਨਾ ਕਹਿਣ ਦੀ ਦੇਰ ਸੀ, ਔਂਤਰੇ ਨੇ ਝਟ ਘੋਟਣਾ ਚੁੱਕਿਆ ਤੇ ਇਹਦਾ ਮੂੰਹ ਭੰਨ’ਤਾ, ਅਖੇ ਮੇਰੇ ਅੱਗੇ ਜ਼ਬਾਨ ਚਲਾਉਣ ਦੀ ਹਿੰਮਤ ਕਿਵੇਂ ਕੀਤੀ।” ਉਸ ਇਕੋ ਸਾਹੇ ਕਹਿ ਦਿੱਤਾ। ਮੈਨੂੰ ਲੱਗਿਆ, ਜਿਵੇਂ ਮੇਰੇ ਸਿਰ ਉੱਤੇ ਅਸਮਾਨ ਡਿੱਗ ਪਿਆ ਹੋਵੇ। “ਇੰਜ ਕਿਵੇਂ ਹੋ ਸਕਦੈ? ਇਹ ਕੀ ਗੱਲ ਹੋਈ? ਇੰਨਾ ਜ਼ੁਲਮ।” ਮੈਨੂੰ ਪਤਾ ਨਹੀਂ, ਮੈਂ ਇਕਦਮ ਕੀ ਕੁੱਝ ਕਹਿ ਗਈ! ਕੁੱਝ ਸਕਿੰਟਾਂ ਬਾਅਦ ਆਪਣੇ ਆਪ ਨੂੰ ਰਤਾ ਸਹਿਜ ਕਰਨ ਦੀ ਕੋਸ਼ਿਸ਼ ਕਰਦਿਆਂ ਮੈਂ ਪੁੱਛਿਆ, “ਕਿਤੇ ਸ਼ਿਕਾਇਤ ਕੀਤੀ ਹੈ?” ਬਥੇਰੀ ਦੀਆਂ ਅੱਖਾਂ ‘ਚੋਂ ਹੰਝੂ ਵਹਿ ਤੁਰੇ। ਆਪਣੀ ਬੇਵਸੀ ਉੱਤੇ ਰੋ ਰਹੀ ਸੀ। ‘ਵਾਧੂ’ ਕਹਿਣ ਲੱਗੀ, “ਸ਼ਿਕਾਇਤ ਤਾਂ ਰੱਬ ਕੋਲ ਈ ਲਾ ਸਕਦੇ ਆਂ, ਸਾਨੂੰ ਪੈਦਾ ਕਿਉਂ ਕੀਤਾ? ਮਾਪਿਆਂ ਨੇ ਤਾਂ ਪਹਿਲਾਂ ਈ ਫਾਲਤੂ ਮੰਨ ਲਿਆ ਸੀ, ਉਨ੍ਹਾਂ ਕੀ ਸੁਣਨਾ ਸੀ। ਕੌਣ ਸਾਡੇ ਵਰਗਿਆਂ ਦੀ ਸੁਣਦਾ? ਨਾ ਮਾਪੇ ਨਾ ਸਹੁਰੇ! ਸਾਡੀ ਜ਼ਿੰਦਗੀ ਕੋਈ ਜ਼ਿੰਦਗੀ ਥੋੜ੍ਹਾ ਹੁੰਦੀ ਐ! ਇਹ ਤਾਂ ਐਵੇਂ ਖਾਨਾ ਪੂਰਤੀ ਐ। ਘਰ ਵਾਲੇ ਦੀਆਂ ਜੁੱਤੀਆਂ ਖਾਣੀਆਂ ਤੇ ਸਾਰਾ ਦਿਨ ਪਸ਼ੂਆਂ ਵਾਂਗ ਕੰਮ ਕਰਨਾ। ਘਰੋਂ ਬਾਹਰ ਨਿਕਲੋ ਤਾਂ ਹਰ ਜਣਾ ਪੈਰ ਦੀ ਜੁੱਤੀ ਸਮਝਦੈ।” ਉਹਦੀਆਂ ਗੱਲਾਂ ਡੂੰਘੀ ਸੱਟ ਮਾਰ ਰਹੀਆਂ ਸਨ। ਉਹ ਭਰੀ ਪੀਤੀ ਬੈਠੀ ਸੀ, ਜਿਵੇਂ ਸਾਰਾ ਜ਼ਹਿਰ ਅੱਜ ਹੀ ਉਗਲ ਦੇਣਾ ਹੈ। ਮੈਂ ਹੋਰ ਸਵਾਲ ਪੁੱਛਣ ਦੇ ਰੌਂਅ ਵਿਚ ਨਹੀਂ ਸੀ। ਕੁੱਝ ਪੁੱਛਣ ਜੋਗਾ ਰਿਹਾ ਵੀ ਨਹੀਂ ਸੀ। ਕੁੱਝ ਨਾ ਕਰ ਸਕਣ ‘ਤੇ ਆਪਣੇ ਆਪ ਨੂੰ ਕੋਸ ਰਹੀ ਸੀ ਕਿ ਸਮਾਜ ਦੇ ਕਿਸ ਹਿੱਸੇ ਨੂੰ ਪਹਿਲਾਂ ਹੱਥ ਪਾਈਏ। ਵਾਧੂ ਨੇ ਸ਼ਾਇਦ ਮੇਰਾ ਚਿਹਰਾ ਪੜ੍ਹ ਲਿਆ ਸੀ। ਕਹਿਣ ਲੱਗੀ, “ਡਾਕਟਰਨੀ ਜੀ, ਸਾਡੇ ਵਰਗੀਆਂ ਦੀ ਚਿੰਤਾ ਲਾਉਣ ਦੀ ਲੋੜ ਨਈਂ। ਅਸੀਂ ਤਾਂ ਪੱਕੇ ਹੱਡਾਂ ਵਾਲੇ ਬਣ ਚੁੱਕੇ ਆਂ। ਮਾੜੀ ਮੋਟੀ ਪੀੜ ਤਾਂ ਹੁਣ ਮਹਿਸੂਸ ਈ ਨਈਂ ਹੁੰਦੀ। ਆਹ ਵੇਖੋ ਮੇਰੀ ਪਿੱਠ...।” ਕਹਿੰਦਿਆਂ ਉਸ ਨੇ ਸ਼ਾਲ ਪਿੱਠ ਤੋਂ ਉੱਪਰ ਚੁੱਕੀ। ਪੂਰੀ ਪਿੱਠ ਲਾਸਾਂ ਨਾਲ ਭਰੀ ਪਈ ਸੀ। ਕਿਸੇ ਕਿਸੇ ਥਾਂ ਲਹੂ ਸਿੰਮ ਕੇ ਜੰਮ ਚੁੱਕਿਆ ਸੀ। ਮੈਂ ਉਸ ਦੇ ਜ਼ਖ਼ਮ ਦੇਖ ਕੇ ਸੁੰਨ ਜਿਹੀ ਹੋ ਗਈ। ਉਹ ਬੋਲ ਪਈ, “ਇਹ ਤਾਂ ਸਾਡੀ ਕਿਸਮਤ ‘ਚ ਲਿਖਿਐ। ਚਾਰ ਦਿਨ ਪਹਿਲਾਂ ਸ਼ਰਾਬ ਪੀ ਕੇ ਕੁਲਿਹਣੇ ਨੇ ਇੰਨਾ ਕੁੱਟਿਆ ਕਿ ਪਾਸੇ ਸੇਕ ਦਿੱਤੇ। ਸਾਡੇ ਕੋਲ ਕਿਹੜਾ ਪੈਸੇ ਨੇ ਜੋ ਮਹਿੰਗਾ ਇਲਾਜ ਕਰਵਾਈਏ। ਇੰਜ ਹੀ ਹਲਦੀ ਲਾ ਲਈਦੀ ਐ। ਦੋ ਸਾਲ ਪਹਿਲਾਂ ਵੀ ਇੰਜ ਈ ਹੱਡੀਆਂ ਤੋੜੀਆਂ ਸਨ। ਪਹਿਲੇ ਜ਼ਖ਼ਮ ਹਾਲੇ ਭਰਦੇ ਨਈਂ ਕਿ ਫੇਰ ਉਹੀ ਹਾਲ ਹੋ ਜਾਂਦੈ। ਆਪਣਾ ਕੰਮ ਤਾਂ ਆਪ ਈ ਕਰਨੈ ਔਖੇ ਸੌਖੇ। ਢਿੱਡ ਤਾਂ ਭਰਨਾ ਈ ਐ। ਵਾਪਸ ਉਸੇ ਖੋਲੀ ‘ਚ ਜਾਣੈ। ਬਾਹਰ ਤਾਂ ਹਰ ਜਣਾ ਪਾੜ ਕੇ ਖਾਣ ਨੂੰ ਤਿਆਰ ਐ। ਸਾਡੀ ਤਾਂ ਇਹੋ ਜ਼ਿੰਦਗੀ ਐ।” ਇੰਨੇ ਨੂੰ ਬਥੇਰੀ ਨੇ ਮੂੰਹ ਉੱਤੋਂ ਲਪੇਟਿਆ ਕੱਪੜਾ ਚੁੱਕਿਆ ਤਾਂ ਸਾਰਾ ਲਹੂ-ਲੁਹਾਣ ਸੀ। ਜੀਭ ਸੁੱਜ ਕੇ ਬਾਹਰ ਲਟਕੀ ਪਈ ਸੀ ਤੇ ਅਗਲੇ ਸਾਰੇ ਦੰਦ ਟੁੱਟ ਚੁੱਕੇ ਸਨ। ਚਿਹਰਾ ਦੇਖਿਆ ਨਹੀਂ ਸੀ ਜਾ ਰਿਹਾ। ਮੇਰੀ ਮੀਟਿੰਗ ਉਸ ਦਿਨ ਘਰੇਲੂ ਹਿੰਸਾ ਦੀਆਂ ਪੀੜਤ ਔਰਤਾਂ ਨੂੰ ਜਾਗਰੂਕ ਕਰਨ ਬਾਰੇ ਸੀ। ਮੈਂ ਸੋਚਾਂ ਵਿਚ ਪੈ ਗਈ ਕਿ ਉੱਥੇ ਕੋਸੇ ਹੀਟਰਾਂ ਦੇ ਨਿੱਘ ਵਿਚ ਗਰਮ ਕੌਫ਼ੀ ਦੀਆਂ ਚੁਸਕੀਆਂ ਲੈਂਦਿਆਂ ਅਸਲੀਅਤ ਤੋਂ ਕੋਹਾਂ ਦੂਰ, ਮੀਟਿੰਗ ਵਿਚਲੇ ‘ਵੱਡੇ’ ਸਰਕਾਰੀ ਅਫਸਰਾਂ ਵੱਲੋਂ ਪਨੀਰ ਦੇ ਪਕੌੜੇ ਛਕਦਿਆਂ ਕੀਤੇ ਫੈਸਲਿਆਂ ਨਾਲ ਬਥੇਰੀ ਤੇ ਵਾਧੂ ਵਰਗੀਆਂ ਦਾ ਕੁੱਝ ਸੰਵਾਰਿਆ ਜਾ ਸਕਦਾ ਸੀ?

ਸੰਪਰਕ: 0175-2216783

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All