ਪੱਕਾ ਘਰ ਟੋਲੀਂ ਬਾਬਲਾ...

ਹਰਪ੍ਰੀਤ ਸਿੰਘ ਸਵੈਚ ਪੰਜਾਬੀ ਲੋਕ ਸਾਹਿਤ ਵਿਚ ਵੱਖ-ਵੱਖ ਰਿਸ਼ਤਿਆਂ ਦੇ ਖੱਟੇ-ਮਿੱਠੇ ਤਜਰਬਿਆਂ ਨੂੰ ਬਿਆਨ ਕਰਦੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਗੀਤ ਮਿਲਦੇ ਹਨ। ਇਨ੍ਹਾਂ ਲੋਕ ਗੀਤਾਂ ਵਿਚ ਸਭ ਤੋਂ ਵੱਧ ਭਾਵੁਕ ਤੇ ਜਜ਼ਬਾਤੀ ਸੰਵਾਦ ਪਿਓ ਤੇ ਧੀ ਵਿਚਕਾਰ ਹੋਇਆ ਮਿਲਦਾ ਹੈ। ਬੇਸ਼ੱਕ ਸਾਡਾ ਸਮਾਜ ਧੀਆਂ ਨੂੰ ਪਰਾਇਆ ਧਨ ਸਮਝਦਾ ਰਿਹਾ ਹੈ, ਪਰ ਪਿਓ ਲਈ ਧੀਆਂ ਕਿਸੇ ਅਣਮੁੱਲੇ ਸਰਮਾਏ ਤੋਂ ਘੱਟ ਨਹੀਂ ਹੁੰਦੀਆਂ। ਲਾਡਾਂ ਨਾਲ ਪਾਲੀ ਧੀ ਨੂੰ ਆਪਣੇ ਹੱਥੀਂ ਤੋਰਨ ਦੀ ਅਸਹਿ ਪੀੜ ਸਹਿਣ ਵਾਲੇ ਪਿਓ ਨੂੰ ਲੋਕ ਗੀਤਾਂ ਵਿਚ ਧਰਮੀ ਬਾਬਲ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਜਿਉਂ ਜਿਉਂ ਧੀ ਜਵਾਨ ਹੁੰਦੀ ਹੈ ਤਿਉਂ ਤਿਉਂ ਪਿਓ ਨੂੰ ਧੀ ਵਿਹਾਉਣ ਦਾ ਫ਼ਿਕਰ ਸਤਾਉਣ ਲੱਗਦਾ ਹੈ। ਪਿਓ ਸਾਰੀ ਉਮਰ ਧੀ ਦਾ ਦਾਜ ਇਕੱਠਾ ਕਰਦਾ ਡਰ-ਡਰ ਕੇ ਜ਼ਿੰਦਗੀ ਜਿਉਂਦਾ ਹੈ ਕਿ ਕਿਤੇ ਉਸਦੀ ਪਿਆਰੀ ਧੀ ਦੇ ਕਾਜ ਰਚਾਉਣ ਵਿਚ ਕੋਈ ਕਮੀ ਨਾ ਰਹਿ ਜਾਵੇ। ਇਸ ਵਰਤਾਰੇ ਨੂੰ ਲੋਕ ਗੀਤਾਂ ਵਿਚ ਇੰਜ ਪੇਸ਼ ਕੀਤਾ ਗਿਆ ਹੈ: ਬਾਬਲ ਕਿਉਂ ਡਰਿਆ, ਬਾਬਲ ਕਿਉਂ ਡਰਿਆ ਬਾਬਲ ਦੀ ਧੀ ਕੁਆਰੀ, ਬਾਬਲ ਧਰਮੀ ਤਾਂ ਡਰਿਆ ਪੁਰਾਤਨ ਸਮਿਆਂ ਵਿਚ ਬਹੁਤੇ ਘਰ ਕੱਚੇ ਹੋਣ ਕਾਰਨ ਪੱਕੇ ਘਰ ਨੂੰ ਅਮੀਰੀ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਅਜਿਹੇ ਵਿਚ ਧੀ ਆਪਣੇ ਪਿਓ ਨੂੰ ਇਹੀ ਅਰਜੋਈ ਕਰਦੀ ਹੈ ਕਿ ਉਸਦਾ ਵਿਆਹ ਕਿਸੇ ਪੱਕੇ ਘਰ ਵਿਚ ਹੀ ਕੀਤਾ ਜਾਵੇ। ਹਰ ਪਿਓ ਦੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਧੀ ਲਈ ਦੁਨੀਆਂ ਦਾ ਸਭ ਤੋਂ ਯੋਗ ਵਰ ਲੱਭੇ, ਜੋ ਉਸ ਦੀ ਧੀ ਦੀਆਂ ਸਭ ਰੀਝਾਂ ਪੂਰੀਆਂ ਕਰੇ। ਪਿਓ ਤੇ ਧੀ ਦੀ ਇਸ ਵਾਰਤਾਲਾਪ ਨੂੰ ਇੰਜ ਪੇਸ਼ ਕੀਤਾ ਗਿਆ ਹੈ: ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਬਨੇਰੇ ਲੰਮੀ ਵੀਹੀ ਤੇ ਪੱਕਾ ਘਰ ਤੇਰਾ, ਤੂੰ ਹੁਕਮ ਚਲਾਈਂ ਬੱਚੀਏ ਜਦੋਂ ਪਿਓ ਆਪਣੀ ਲਾਡਲੀ ਧੀ ਦਾ ਸਾਕ ਪੱਕਾ ਕਰਦਾ ਹੈ ਤਾਂ ਧੀ ਇਕ ਚੰਗੇ ਵਰ ਦੇ ਸੁਪਨੇ ਸਿਰਜਦੀ ਹੋਈ ਖ਼ੁਸ਼ੀ ਵਿਚ ਖੀਵੀ ਹੁੰਦੀ ਜਾਂਦੀ ਹੈ, ਪਰ ਜਦੋਂ ਵਿਆਹ ਦਾ ਸਾਹਾ ਕੱਢਾ ਲਿਆ ਜਾਂਦਾ ਹੈ ਤਾਂ ਬਾਬਲ ਦਾ ਘਰ ਛੁੱਟ ਜਾਣ ਦਾ ਫ਼ਿਕਰ ਉਸਨੂੰ ਮਾਯੂਸ ਕਰ ਦਿੰਦਾ ਹੈ। ਇਹ ਮਾਯੂਸੀ ਬਾਬਲ ਪ੍ਰਤੀ ਉਸਦੇ ਨਿੱਘੇ ਪਿਆਰ ਦਾ ਹੀ ਬਿੰਬ ਹੁੰਦੀ ਹੈ: ਨਿੱਕੀ ਨਿੱਕੀ ਸੂਈ ਵੱਟਵਾਂ ਧਾਗਾ, ਬੈਠ ਕਸੀਦਾ ਕੱਢ ਰਹੀ ਆਂ ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬਾ ਰੋ ਰਹੀ ਆਂ ਬਾਬਲ ਮੇਰਾ ਸਾਹਾ ਸਦਾਇਆ, ਮੈਂ ਪਰਦੇਸਣ ਹੋ ਰਹੀ ਆਂ ਸਾਰੀ ਉਮਰ ਹਿੱਕ ਤਾਣ ਕੇ ਤੁਰਨ ਵਾਲੇ ਬਾਬਲ ਨੂੰ ਧੀ ਦੇ ਵਿਆਹ ਮੌਕੇ ਨਿਵਣਾ ਵੀ ਪੈਂਦਾ ਹੈ। ਡੋਲੀ ਵਿਦਾ ਹੋਣ ਲੱਗਿਆਂ ਜਿੱਥੇ ਨਜ਼ਦੀਕੀ ਰਿਸ਼ਤੇਦਾਰਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ, ਅਜਿਹੇ ਵਿਚ ਇਕ ਪਿਓ ਦੇ ਮਨ ਦੇ ਹਾਲਾਤ ਨੂੰ ਬਾਖ਼ੂਬੀ ਸਮਝਿਆ ਜਾ ਸਕਦਾ ਹੈ। ਜਿਗਰ ਦੇ ਟੁਕੜੇ ਨੂੰ ਕਿਸੇ ਬੇਗਾਨੇ ਦੇ ਹੱਥ ਸੌਂਪਣ ਲਈ ਪਹਾੜ ਜਿੱਡਾ ਦਿਲ ਚਾਹੀਦਾ ਹੈ। ਵਿਆਹ ਮੌਕੇ ਧੀ ਦੇ ਮਾਪਿਆਂ ਤੋਂ ਵਿਛੜਨ ਦਾ ਸਮਾਂ ਬਹੁਤ ਪੀੜਦਾਇਕ ਤੇ ਭਾਵੁਕ ਹੁੰਦਾ ਹੈ। ਇਸ ਅਹਿਸਾਸ ਨੂੰ ਲੋਕ ਗੀਤਾਂ ਵਿਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ: ਨਿਵੇਂ ਪਹਾੜਾਂ ਦੇ ਪਰਬਤ, ਹੋਰ ਨਿਵਿਆਂ ਨਾ ਕੋਈ ਨਿਵਿਆਂ ਲਾਡੋ ਦਾ ਬਾਬਲ, ਜਿਹਨੇ ਧੀ ਵਿਆਹੀ ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦੜੀ ਆਈ ਡੋਲੀ ਦੀ ਵਿਦਾਈ ਮੌਕੇ ਧੀ ਦਾ ਦਿਲ ਵੀ ਬਾਬਲ ਦਾ ਘਰ ਛੱਡ ਕੇ ਜਾਣ ਨੂੰ ਬਿਲਕੁਲ ਨਹੀਂ ਕਰਦਾ। ਉਹ ਅੱਜ ਦੀ ਰਾਤ ਰੱਖਣ ਲਈ ਵਾਰ-ਵਾਰ ਪਿਓ ਦੇ ਤਰਲੇ ਕੱਢਦੀ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਯਾਦ ਕਰਵਾਉਂਦੀ ਹੈ, ਪਰ ਬਾਬਲ ਆਪਣੇ ਦਿਲ ’ਤੇ ਪੱਥਰ ਰੱਖ ਕੇ ਧੀ ਨੂੰ ਖ਼ੁਸ਼ੀ ਖ਼ੁਸ਼ੀ ਸਹੁਰੇ ਘਰ ਜਾਣ ਲਈ ਪ੍ਰੇਰਦਾ ਹੈ: ਤੇਰੇ ਬਾਗਾਂ ਦੇ ਵਿਚ ਵਿਚ ਵੇ, ਬਾਬਲ ਡੋਲਾ ਨਹੀਂ ਲੰਘਦਾ ਇਕ ਟਾਹਲੀ ਪੁਟਾ ਦੇਵਾਂ, ਧੀਏ ਘਰ ਜਾ ਆਪਣੇ ਤੇਰੇ ਮਹਿਲਾਂ ਦੇ ਵਿਚ ਵਿਚ ਵੇ, ਬਾਬਲ ਗੁੱਡੀਆਂ ਕੌਣ ਖੇਡੇ ਮੇਰੀਆਂ ਖੇਡਣ ਪੋਤਰੀਆਂ, ਧੀਏ ਘਰ ਜਾ ਆਪਣੇ ਧੀਆਂ ਨੂੰ ਵਿਆਹ ਤੋਂ ਬਾਅਦ ਪੇਕੇ ਜਾਣ ਦਾ ਬਹੁਤ ਚਾਅ ਹੁੰਦਾ ਹੈ। ਇਸ ਅਹਿਸਾਸ ਨੂੰ ਲੋਕ ਗੀਤ ਰਾਹੀਂ ਇੰਜ ਬਿਆਨਿਆ ਗਿਆ ਹੈ: ਹਰੀਏ ਹਰੀਏ ਡੇਕੇ ਨੀਂ ਫੁੱਲ ਦੇ ਦੇ ਅੱਜ ਮੈਂ ਜਾਣਾ ਪੇਕੇ ਨੀਂ, ਫੁੱਲ ਦੇ ਦੇ ਧੀਆਂ ਘਰ ਦੀਆਂ ਰਾਣੀਆਂ ਹੁੰਦੀਆਂ ਹਨ ਤੇ ਇਨ੍ਹਾਂ ਰਾਣੀਆਂ ਨਾਲ ਹੀ ਘਰ ਵਿਚ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਧੀਆਂ ਨੂੰ ਪਿਓ ਦੀ ਪੱਗ ਕਿਹਾ ਜਾਂਦਾ ਹੈ, ਇਹ ਰੁਤਬਾ ਪੁੱਤਰਾਂ ਨੂੰ ਨਹੀਂ ਮਿਲਿਆ, ਸਗੋਂ ਧੀਆਂ ਨੂੰ ਮਿਲਿਆ ਹੈ ਕਿਉਂਕਿ ਧੀ ਹੀ ਬਾਬਲ ਦੇ ਦੁੱਖ ਸੁੱਖ ਦੀ ਅਸਲ ਭਾਗੀਦਾਰ ਬਣਦੀ ਹੈ। ਪੁੱਤਰ ਤਾਂ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਵਿਚ ਮਸਤ ਹੋ ਜਾਂਦੇ ਹਨ, ਪਰ ਧੀਆਂ ਮਰਦੇ ਦਮ ਤਕ ਆਪਣੇ ਬਾਬਲ ਦੀ ਸੁੱਖ ਲੋੜਦੀਆਂ ਰਹਿੰਦੀਆਂ ਹਨ। ਪਤਾ ਨਹੀਂ ਸਾਡਾ ਸਮਾਜ ਧੀਆਂ ਜੰਮਣ ਤੋਂ ਕਿਉਂ ਡਰਦਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਧੀਆਂ ਦੀ ਦਾਤ ਤਾਂ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ। ਸੰਪਰਕ : 98782-24000

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All