ਪੰਜਾਬ ਯੂਨੀਵਰਸਿਟੀ ਲਾਹੌਰ ਦੇ ਮੋਢੀ

10401314CD _LEITNER2ਡਾ. ਹਰਦੀਪ ਸਿੰਘ ਝੱਜ ਡਾ. ਲਿਟਨਰ ਬਾਰੇ ਸ਼ਾਇਦ ਹੀ ਕੋਈ ਪੰਜਾਬੀ ਜਾਣਦਾ ਹੋਵੇ। ਅਜੋਕੇ ਭਾਰਤ-ਪਾਕਿਸਤਾਨ ਦੇ ਕਾਲਜ, ਯੂਨੀਵਰਸਿਟੀਆਂ ਤੇ ਖੋਜੀ-ਸੰਸਥਾਵਾਂ ਉਨ੍ਹਾਂ ਨੂੰ ਵਿਸਾਰ ਹੀ ਚੁੱਕੀਆਂ ਹਨ। ਉਨ੍ਹਾਂ ਦਾ ਜਨਮ ਹੰਗਰੀ ਦੇ ਬੁੱਡਾਪੈਸਟ ਵਿੱਚ 14 ਅਕਤੂਬਰ 1840 ਈ. ਨੂੰ ਯਹੂਦੀ ਪਰਿਵਾਰ ਵਿੱਚ ਪਿਤਾ ਲੀਅੋਪੋਲਡ ਸੈਪੀਅਰ ਅਤੇ ਮਾਤਾ ਮੇਰੀਹੈਨਰੀਚੇ ਹਸਵਰਗ ਦੇ ਘਰ ਹੋਇਆ। ਆਪਣੀ ਵਿੱਦਿਅਕ ਯੋਗਤਾ ਅਨੁਸਾਰ 23 ਸਾਲ ਦੀ ਉਮਰ ਵਿੱਚ ਅਰੇਬਿਕ ਅਤੇ ਮੁਸਲਿਮ ਕਾਨੂੰਨ ਦੇ ਕਿੰਗ਼ਜ਼ ਕਾਲਜ ਲੰਡਨ ਵਿੱਚ ਪ੍ਰੋਫ਼ੈਸਰ ਤੇ ਸੰਨ 1864 ਈ. ਵਿੱਚ ਸਰਕਾਰੀ ਕਾਲਜ ਯੂਨੀਵਰਸਿਟੀ ਲਾਹੌਰ ਦੇ ਪ੍ਰਿੰਸੀਪਲ ਨਿਯੁਕਤ ਹੋਏ। ਡਾ. ਲਿਟਨਰ ਪੰਜਾਬ ਦੀ ਲਾਹੌਰ ਯੂਨੀਵਰਸਿਟੀ ਦੇ ਮੋਢੀ ਸਨ। ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਉਨ੍ਹਾਂ ਨੇ 1866 ਈ. ਤੋਂ 1882 ਈ. ਤੱਕ ਅਣਥੱਕ ਯਤਨ ਕੀਤੇ। 1865 ਈ. ਵਿੱਚ ਉਨ੍ਹਾਂ ਨੇ ‘ਅੰਜੁਮਨ-ਏ-ਪੰਜਾਬ’ ਦੀ ਸਥਾਪਨਾ ਕੀਤੀ। ਇਹ ਸੰਸਥਾ ਹਿੰਦੂ, ਮੁਸਲਮਾਨ ਤੇ ਸਿੱਖਾਂ ਦਾ ਸਾਂਝਾ ਮੰਚ ਸੀ ਜਿਸ ਦਾ ਉਦੇਸ਼ ਪੰਜਾਬ ਵਿੱਚ ਕੌਮੀ ਯੂਨੀਵਰਸਿਟੀ ਦੀ ਸਥਾਪਨਾ ਅਤੇ ਭਾਰਤੀ ਭਾਸ਼ਾਵਾਂ ਦਾ ਵਿਕਾਸ ਕਰਨਾ ਸੀ। ਡਾ. ਲਿਟਨਰ ਭਾਰਤੀ ਸੱਭਿਅਤਾ ਦੇ ਹਮਦਰਦ ਸਨ। ਉਹ ਅੰਗਰੇਜ਼ੀ ਭਾਸ਼ਾ ਦੇ ਵਿਰੁੱਧ ਨਹੀਂ ਸਨ, ਪ੍ਰੰਤੂ ਉਨਾਂ ਦਾ ਵਿਸ਼ਵਾਸ ਸੀ ਕਿ ਪੱਛਮੀ-ਸਿੱਖਿਆ ਪੰਜਾਬੀ ਸਮਾਜ ਦੀ ਏਕਤਾ ਨੂੰ ਤੋੜਨ ਦਾ ਸਾਧਨ ਬਣੀ। ਪਹਿਲਾ ਕਾਰਨ, ਇਸ ਭਾਸ਼ਾ ਨੇ ਪੇਂਡੂ ਤੇ ਸ਼ਹਿਰੀ ਲੋਕਾਂ ਵਿੱਚ ਆਪਸੀ ਅੰਤਰ ਵਧਾਇਆ। ਦੂਜਾ, ਵਪਾਰੀ ਵਰਗ ਨੇ ਇਸ ਦਾ ਲਾਹਾ ਲੈ ਕੇ ਬਰਜ਼ੂਆ ਸੱਭਿਆਚਾਰ ਤੇ ਰਾਜਨੀਤੀ ਦੀ ਨੀਂਹ ਰੱਖੀ। 1882 ਵਿੱਚ ਛਪੀ ਆਪਣੀ ਪੁਸਤਕ ‘ਹਿਸਟਰੀ ਆਫ ਦੀ ਇੰਡੀਜੀਨੀਅਸ ਐਜੂਕੇਸ਼ਨ ਇਨ ਦਿ ਪੰਜਾਬ ਸਿੰਨਸ ਐਨਕਸੇਸ਼ਨ ਐਂਡ ਇਨ 1882’ ਵਿੱਚ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਅੰਗਰੇਜ਼ੀ ਦੀ ਮੰਗ ਦਾ ਕਾਰਨ ਖੱਤਰੀਆਂ ਤੇ ਸੂਦਾਂ ’ਚ ਅਮੀਰ ਅਤੇ ਨਜਾਮੀ ਲਾਲਸਾ ਸੀ। ਇਸ ਲਾਲਸਾ ਨੂੰ ਮੁੱਢਲੇ ਰੂਪ ਵਿੱਚ ਇਹ ਵਰਗ ਜ਼ਿਆਦਾ ਦਾਜ ਦੁਆਰਾ ਪੂਰੀ ਕਰਦੇ ਸਨ। ਫ਼ਿਰ ਅਮੀਰੀ ਦੀ ਲਾਲਸਾ ਨੇ ਸਰਕਾਰੀ ਨੌਕਰੀਆਂ ਦਾ ਰੂਪ ਧਾਰਨ ਕਰ ਲਿਆ। ਆਖ਼ਰ ਇਹ ਅੰਗਰੇਜ਼ੀ ਸਰਕਾਰ ਵਿਰੁੱਧ ਸੰਗਠਨਾਂ ਦੇ ਰੂਪ ’ਚ ਪ੍ਰਗਟ ਹੋਈ। ਲਿਟਨਰ ਅਨੁਸਾਰ ਅੰਗਰੇਜ਼ੀ ਪੜ੍ਹੇ ਸ਼ਹਿਰੀ-ਬਾਬੂ ਬੰਗਾਲੀਆਂ ਵਾਂਗ ਇੱਕੋ ਰਾਸ਼ਟਰ ਤੇ ਇੱਕ ਭਾਸ਼ਾ ਦੀ ਗੱਲ ਕਰਨ ਲੱਗੇ। ਡਾ. ਲਿਟਨਰ ਦੇ ਵਿਸ਼ਲੇਸ਼ਣ ਨੇ ਸੰਪਰਦਾਇਕਤਾ ਨੂੰ ਬਸਤੀਵਾਦ ਦੌਰ ਨਾਲ ਤਾਂ ਜੋੜ ਦਿੱਤਾ ਪ੍ਰੰਤੂ ਉਹ ਇਹ ਨਾ ਦੱਸ ਸਕੇ ਕਿ ਸੰਪਰਦਾਇਕਤਾ ਦੀ ਰਾਜਨੀਤਿਕ, ਸਮਾਜਿਕ ਤੇ ਮਨੋਵਿਗਿਅਨਕ ਲੋੜ ਕੀ ਸੀ? ਫਿਰ ਵੀ ਅਪ੍ਰਤੱਖ ਰੂਪ ਵਿੱਚ ਡਾ. ਲਿਟਨਰ ਨੇ ਸੰਪਰਦਾਇਕਤਾ ਵਿੱਚ ਭਿੰਨਤਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਵਿਚਾਰ ਅਨੁਸਾਰ ਪੰਜਾਬ ਪ੍ਰਸ਼ਾਸ਼ਨ ਦੀ ਸਿੱਖਿਆ-ਨੀਤੀ ਤੇ ਹਿੰਦੂ ਫ਼ਿਰਕਾਪ੍ਰਤੀ ਰਾਜਸੀ ਮੁਫ਼ਾਤ ’ਤੇ ਆਧਾਰਿਤ ਸੀ, ਜਦੋਂਕਿ ਸਿੱਖ ਅਤੇ ਮੁਸਲਮਾਨਾਂ ਦੀ ਫ਼ਿਰਕਾਪ੍ਰਸਤੀ ਬਸਤੀਵਾਦ ਦੁਆਰਾ ਪੈਦਾ ਕੀਤੀਆਂ ਅਣਸੁਖਾਵੀਆਂ ਹਾਲਤਾਂ ਕਾਰਨ ਸੀ। ਦੂਜੇ ਸ਼ਬਦਾਂ ਵਿੱਚ ਜਿੱਥੇ ਪੱਛਮੀ-ਸਿੱਖਿਆ ਤੇ ਨਵੇਂ ਰਾਜਤੰਤਰ ਨੇ ਹਿੰਦੂਆਂ ਵਿੱਚ ਸੰਪਰਦਾਇਕਤਾ ਸੱਤਾ ਹਾਸਲ ਕਰਨ ਦੀ ਇੱਛਾ ਪੈਦਾ ਕੀਤੀ, ਉੱਥੇ ਠੀਕ ਉਸੇ ਸਮੇਂ ਸਿੱਖਾਂ ਤੇ ਮੁਸਲਮਾਨਾਂ ਦੀ ਸੰਪਰਦਾਇਕਤਾ ਰਾਜਸੀ ਤੌਰ ’ਤੇ ਨਿੱਸਲ ਸੀ। ਸਿੱਖ ਧਰਮ, ਪੰਜਾਬੀ ਭਾਸ਼ਾ ਅਤੇ ਸਿੱਖ ਸਮਾਜ ਦੇ ਫ਼ਰੰਗੀਆਂ ਨਾਲ ਸਬੰਧ ਬਾਰੇ ਡਾ. ਲਿਟਨਰ ਹੋਰ ਵੀ ਅੱਗੇ ਨਿਕਲ ਗਏ। ਉਨ੍ਹਾਂ ਦੇ ਕਥਨ ਅਨੁਸਾਰ ਫ਼ੌਜੀ ਨੁਕਤੇ ਤੋਂ ਸਿੱਖ ਧਰਮ ਨੂੰ ਮਜ਼ਬੂਤ ਕਰਨਾ ਸਰਕਾਰ ਦਾ ਫ਼ਰਜ਼ ਸੀ ਕਿਉਂਕਿ ਸਿੱਖ, ਬ੍ਰਹਮੋ ਸਮਾਜ ਜਾਂ ਆਰੀਆਂ ਸਮਾਜੀਆਂ ਤੋਂ ਕਿਸੇ ਤਰ੍ਹਾਂ ਵੀ ਘੱਟ ਦੇਸ਼-ਭਗਤ ਨਹੀਂ ਸਨ। ਇਸ ਲਈ ਜ਼ਰੂਰੀ ਸੀ ਕਿ ਗੁਰਮੁਖੀ ਲਿੱਪੀ ਤੇ ਪੰਜਾਬੀ ਭਾਸ਼ਾ ਦਾ ਵਿਕਾਸ ਪੰਜਾਬ ਯੂਨੀਵਰਸਿਟੀ ਦੁਆਰਾ ਸਰਕਾਰੀ ਸਰਪ੍ਰਸਤੀ ਵਿੱਚ ਕੀਤਾ ਜਾਵੇ। ਡਾ. ਲਿਟਨਰ ਖ਼ੁਦ ਵੀ ਸਿੰਘ ਸਭਾ ਲਹਿਰ ਵਿੱਚ ਸਰਗਰਮ ਸਨ। ਉਹ ਇਸ ਲਹਿਰ ਨੂੰ ਵਿੱਦਿਅਕ ਲਹਿਰ ਦੇ ਰੂਪ ’ਚ ਵੇਖਦੇ ਸਨ, ਭਾਵੇਂ ਇਸ ਦਾ ਰਾਜਸੀ ਮਕਸਦ ਵੀ ਸਪੱਸ਼ਟ ਸੀ; ਸਿੱਖਾਂ ਨੂੰ ਸਮੇਂ ਦੀ ਸਰਕਾਰ ਦੇ ਕੋਲ ਲਿਆ ਕੇ ਉਨ੍ਹਾਂ ਦੀ ਵੱਖਰੀ ਧਾਰਮਿਕ-ਰਾਜਨੀਤਕ ਹਸਤੀ ਨੂੰ ਫ਼ਿਰ ਸਥਾਪਤ ਕਰਨਾ। ਉਨ੍ਹਾਂ ਨੂੰ ਭਾਈ ਗੁਰਮੁੱਖ ਸਿੰਘ ਅਤੇ ਅਤਰ ਸਿੰਘ ਭਦੌੜ ਦਾ ਅੰਤ ਤੱਕ ਸਹਿਯੋਗ ਮਿਲਦਾ ਰਿਹਾ। ਡਾ. ਲਿਟਨਰ ਨੇ ਪੰਜਾਬ ਅਤੇ ਭਾਰਤੀ ਸਭਿਅਤਾ ਦੀ ਕੋਈ 20 ਵਰ੍ਹਿਆਂ ਤੋਂ ਵੱਧ ਸੇਵਾ ਕੀਤੀ। ਉਹ ਨਵੰਬਰ, 1864 ਤੋਂ ਜੂਨ 1886 ਈ. ਤੱਕ ਸਰਕਾਰੀ ਕਾਲਜ ਲਾਹੌਰ ਦੇ ਪ੍ਰਿੰਸੀਪਲ ਰਹੇ। ਇਸ ਸਮੇਂ ਦੌਰਾਨ ਇਸਲਾਮੀ ਸਿੱਖਿਆ ਪ੍ਰਣਾਲੀ ਦਾ ਅਧਿਐਨ ਕੀਤਾ ਗਿਆ। ਪਿਸ਼ਾਵਰ ਘਾਟੀ ਵਿੱਚ ਖ਼ੁਦਾਈ ਕਰਕੇ ਦਫ਼ਨ ਹੋਈ ਬੋਧੀ ਸੱਭਿਅਤਾ ਦੇ ਸਬੂਤ ਮਿਲੇ। ਭਾਰਤੀ ਕਲਾ ਦੇ ਇਤਿਹਾਸ ਨੂੰ ਗਰੀਕ-ਬੁਧਇਸਟ ਕਲਾ ਦਾ ਸੰਕਲਪ ਦਿੱਤਾ। ਕਸ਼ਮੀਰ ਦੀਆਂ ਭਾਸ਼ਾਵਾਂ ਏਸ਼ੀਆਟਿਕ ਸੋਸਾਇਟੀ ਆਫ ਬੰਗਾਲ ਲਈ ਕੰਮ ਕੀਤਾ, ਪੂਰਬ ਦੇ ਵਿਦਵਾਨਾਂ ਦੀਆਂ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿੱਚ ਸ਼ਾਮਲ ਹੋਏ। ਇਸ ਸਭ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਨੂੰ ਕੀ ਦਿੱਤਾ? ਪੈਨਸ਼ਨ ਵੀ ਨਹੀਂ ਦਿੱਤੀ ਸਗੋਂ ਝੂਠੀ ਪੁਲਿਸ ਰਿਪੋਰਟ ਦੁਆਰਾ ਦੋਸ਼ ਲਾਇਆ ਗਿਆ ਕਿ ਉਹ ਭਾਰਤੀਆਂ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਉਂਦੇ ਸਨ। 1887 ਈ. ਵਿੱਚ ਡਾ. ਲਿਟਨਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਅੰਤ 22 ਮਾਰਚ 1899 ਈ. ਨੂੰ ਇੰਗਲੈਂਡ ਦੇ ਬੋਨ ਖੇਤਰ ਡਾ. ਲਿਟਨਰ ਦਾ ਦੇਹਾਂਤ ਹੋ ਗਿਆ। ਸੰਪਰਕ: 94633-64992

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All