ਪੰਜਾਬ ਤੇ ਕਸ਼ਮੀਰ

ਪੰਜਾਬ ਤੇ ਕਸ਼ਮੀਰ ਗੁਆਂਢੀ ਹਨ। ਦੋਵਾਂ ਖਿੱਤਿਆਂ ਵਿਚ ਮੁੱਢ ਕਦੀਮੀਂ ਸਾਂਝ ਹੈ। ਕਸ਼ਮੀਰੀ ਪਹਾੜਾਂ ਤੋਂ ਉਤਰ ਕੇ ਪੰਜਾਬ ਦੀਆਂ ਵੱਖ ਵੱਖ ਥਾਵਾਂ ’ਤੇ ਵਸਦੇ ਰਹੇ ਤੇ ਪੰਜਾਬੀ ਕਸ਼ਮੀਰ ਵਿਚ। ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ, ਜਿਸ ਨੂੰ ਉਹ ਖਾਲਸਾ ਸਰਕਾਰ ਕਹਿੰਦਾ ਸੀ, ਨੇ 1819 ਈਸਵੀ ਵਿਚ ਕਸ਼ਮੀਰ ਨੂੰ ਲਾਹੌਰ ਦਰਬਾਰ ਦਾ ਹਿੱਸਾ ਬਣਾ ਲਿਆ। ਪੁਣਛ, ਰਾਜੌਰੀ ਤੇ ਕਈ ਹੋਰ ਇਲਾਕਿਆਂ ਨੂੰ ਵੱਖ ਵੱੱਖ ਲੜਾਈਆਂ ਵਿਚ ਜਿੱਤਿਆ ਗਿਆ ਸੀ। ਇਹ ਲੜਾਈਆਂ ਰਾਜਿਆਂ ਰਜਵਾੜਿਆਂ ਵਿਚਕਾਰ ਲੜੀਆਂ ਗਈਆਂ ਸਨ। ਲਾਹੌਰ ਦਰਬਾਰ ਦੀਆਂ ਫ਼ੌਜਾਂ ਦੀ ਅਗਵਾਈ ਮਿਸਰ ਦੀਵਾਨ ਚੰਦ ‘ਜ਼ਫ਼ਰ ਜੰਗ ਬਹਾਦੁਰ’, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਤੇ ਧੰਨਾ ਸਿੰਘ ਮਲਵਈ ਨੇ ਕੀਤੀ। ਰਣਜੀਤ ਸਿੰਘ ਉਸ ਵੇਲੇ ਹਿੰਦੋਸਤਾਨ ਵਿਚ ਵੱਡੀ ਤਾਕਤ ਵਜੋਂ ਉੱਭਰ ਰਿਹਾ ਸੀ। ਉਸ ਦਾ ਨਜ਼ਦੀਕ ਦੇ ਰਾਜਾਂ ਨੂੰ ਫ਼ਤਹਿ ਕਰਨਾ ਸੁਭਾਵਿਕ ਸੀ। ਜੰਗਾਂ ਵਿਚ ਹਜ਼ਾਰ ਜ਼ਿਆਦਤੀਆਂ ਹੁੰਦੀਆਂ ਹਨ, ਪਰ ਵੇਖਣਾ ਇਹ ਬਣਦਾ ਹੈ ਕਿ ਜਿੱਤ ਤੋਂ ਬਾਅਦ ਜੇਤੂ ਰਾਜਾ ਕੀ ਕਰਦਾ ਹੈ। ਇਸ ਸਬੰਧ ਵਿਚ ਰਣਜੀਤ ਸਿੰਘ ਨੇ ਕਸ਼ਮੀਰ ਲਈ ਜੋ ਹੁਕਮ ਜਾਰੀ ਕੀਤੇ ਅਤੇ ਜੋ ਖ਼ਤੋ-ਖਿਤਾਬਤ ਕੀਤੀ ਉਹ ਕੁਝ ਇਸ ਤਰ੍ਹਾਂ ਹੈ:

ਸਰਕਾਰ (ਮਹਾਰਾਜਾ ਰਣਜੀਤ ਸਿੰਘ) ਤੇਈ ਹਾੜ੍ਹ ਨੂੰ ਜੋਗੀ ਹੱਟੀਆਂ ਤੋਂ ਚਲ ਕੇ ਨੌਸ਼ਹਿਰਾ ਵਿਖੇ ਜਾ ਉਤਰੇ। ਨੌਸ਼ਹਿਰਾ ਤੋਂ ਤਵੀ ਨਦੀ ਦੇ ਉਸ ਪਾਸੇ ਤੰਬੂ ਗਡਵਾ ਕੇ ਉਨ੍ਹਾਂ ਵਿਚ ਜਾ ਠਹਿਰੇ। ਦੁਪਹਿਰ ਸਮੇਂ ਹਰਕਾਰੇ ਨੇ, ਤੇਜ਼ ਰਫ਼ਤਾਰ ਘੋੜੇ ’ਤੇ, ਫ਼ਤਹਿ ਦੀ ਖੁਸ਼ਖਬਰੀ ਪਹੁੰਚਾਈ ਕਿ ਆਗੂ ਸਰਦਾਰ ਮਿਸਰ ਦੀਵਾਨ ਚੰਦ ‘ਜ਼ਫ਼ਰ ਜੰਗ ਬਹਾਦੁਰ’ ਦੇ ਨਾਲ ਜਿਸ ਸਮੇਂ ਪੀਰ ਪੰਜਾਲ ਦੇ ਪਹਾੜ ਤੋਂ ਵਗਦੇ ਦਰਿਆ ਵਿਚੋਂ ਲੰਘੇ ਤਾਂ ਉਸ ਪਾਸੇ ਅਫ਼ਗਾਨਾਂ ਦੀਆਂ ਫ਼ੌਜਾਂ ਆ ਗਈਆਂ ਅਤੇ ਟੱਕਰ ਹੋ ਗਈ। * * * ਆਗੂ ਸਰਦਾਰ ਕਸ਼ਮੀਰ ਵਿਚ ਜਾ ਦਾਖ਼ਲ ਹੋਏ। ਕੁਝ ਅਫ਼ਗਾਨ, ਜੋ ਅਜੇ ਸ਼ੇਰ ਗੜ੍ਹ ਦੀ ਗੜ੍ਹੀ ਵਿਚ ਬੈਠੇ ਸਨ, ਵੀ ਬਾਹਰ ਨਿਕਲ ਗਏ। ਸਰਕਾਰ ਇਹ ਸ਼ੁਭ ਖ਼ਬਰ ਸੁਣ ਕੇ ਗਦ ਗਦ ਹੋ ਗਏ ਅਤੇ ਬੜੀ ਠਾਠ ਬਾਠ ਨਾਲ ਤੋਪਾਂ ਦੀ ਬਾੜ ਛੱਡੀ ਗਈ। ਸਰਕਾਰ ਨੇ ਪਹਾੜ-ਕੱਦ ਹਾਥੀ ਉੱਤੇ ਸਵਾਰ ਹੋ ਕੇ ਸਾਰੇ ਲਸ਼ਕਰ ’ਤੇ ਸੋਨਾ ਚਾਂਦੀ ਵਰ੍ਹਾਇਆ ਅਤੇ ਸ੍ਰੀ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਕੇ ਪ੍ਰਸੰਨਤਾ ਪ੍ਰਾਪਤ ਕੀਤੀ ਤੇ ਮੁੜ ਮਹਿਲ ਵਿਚ ਆ ਠਹਿਰੇ। ਮੌਜ ਮੇਲੇ ਦਾ ਬਾਜ਼ਾਰ ਗਰਮ ਹੋ ਗਿਆ ਅਤੇ ਖ਼ੁਸ਼ੀ ਦੇ ਜਸ਼ਨ ਮਨਾਏ ਗਏ। ਨਖਰੇ ਵਾਲੀਆਂ ਸੁੰਦਰੀਆਂ ਨੇ ਸੁਰੀਲੇ ਗੀਤ ਗਾ ਕੇ ਭਾਰੀ ਇਨਾਮ ਪ੍ਰਾਪਤ ਕੀਤੇ ਅਤੇ ਸਾਰੇ ਸਿਦਕੀ ਮੁਲਾਜ਼ਮਾਂ ਦੀਆਂ ਆਸਾਂ ਤੇ ਉਮੀਦਾਂ ਦੀਆਂ ਝੋਲੀਆਂ ਮੁਰਾਦ ਨਾਲ ਨੱਕੋ ਨੱਕ ਭਰ ਗਈਆਂ। * * * ਫ਼ਕੀਰ ਅਜ਼ੀਜ਼ਉੱਦੀਨ ਰਜ਼ਾ ਅਨਸਾਰੀ ਕਸ਼ਮੀਰ ਦੇ ਸੂਬੇ ਦੇ ਪੌਣ ਪਾਣੀ ਬਾਰੇ ਪਤਾ ਕਰਨ ਅਤੇ ਕੁਝ ਜ਼ਰੂਰੀ ਮਾਮਲਿਆਂ ਦਾ ਪ੍ਰਬੰਧ ਕਰਨ ਲਈ ਵਿਦਾ ਹੋ ਗਿਆ ਅਤੇ ਉਸ ਨੂੰ ਹੁਕਮ ਹੋਇਆ ਕਿ ਉਹ ਬਹੁਤ ਛੇਤੀ ਵਾਪਸ ਪਰਤ ਕੇ ਉੱਥੋਂ ਦੇ ਸਾਰੇ ਹਾਲਾਤ ਬਿਆਨ ਕਰੇ। * * * ਦੀਵਾਨ ਦੇਵੀ ਦਾਸ, ਜੋ ਲੇਖੇ ਜੋਖੇ ਦੇ ਕੰਮ ਵਿਚ ਪੂਰੀ ਮੁਹਾਰਤ ਰੱਖਦਾ ਹੈ, ਕਸ਼ਮੀਰ ਵੱਲ ਰਵਾਨਾ ਹੋਇਆ। ਸਰਕਾਰ ਦਾ ਹੁਕਮ ਹੋਇਆ ਕਿ ਉਹ ਕਸ਼ਮੀਰ ਦੀ ਧਰਤੀ ਦੀ ਆਮਦਨ ਤੇ ਖਰਚ ਦੇ ਹਾਲਾਤ ਦਾ ਚੰਗੀ ਤਰ੍ਹਾਂ ਪਤਾ ਕਰਕੇ ਤੇ ਵਾਪਸ ਪਰਤ ਕੇ ਛੇਤੀ ਤੋਂ ਛੇਤੀ ਸਰਕਾਰ ਦੀ ਸੇਵਾ ਵਿਚ ਹਾਜ਼ਿਰ ਹੋਵੇ। ਸਰਕਾਰ ਨੇ ਇਸ ਤੋਂ ਮਗਰੋਂ ਦੀਵਾਨ ਭਵਾਨੀ ਦਾਸ ਦੇ ਭਰਾ ਲਾਲਾ ਰਾਜ ਕੌਰ ਨੂੰ ਉਸ ਪਾਸੇ ਨਿਯੁਕਤ ਕੀਤਾ। * * * ਇਸੇ ਦੌਰਾਨ ਆਗੂ ਸਰਦਾਰਾਂ ਤੇ ਮਿਸਰ ਦੀਵਾਨ ਚੰਦ ‘ਜ਼ਫ਼ਰ ਜੰਗ ਬਹਾਦੁਰ’ ਵੱਲ (ਮਹਾਰਾਜਾ ਰਣਜੀਤ ਸਿੰਘ ਵੱਲੋਂ) ਤਾਕੀਦੀ ਪਰਵਾਨੇ ਭੇਜੇ ਗਏ ਕਿ ਉਹ ਹਰੇਕ ਕਸ਼ਮੀਰ ਵਾਸੀ ਦਾ ਪੂਰਾ ਧਿਆਨ ਰੱਖਣ ਅਤੇ ਕਿਸੇ ਵਿਅਕਤੀ ਨੂੰ ਵੀ ਤੰਗ ਨਾ ਕਰਨ। * * * ਕਸ਼ਮੀਰ ਤੋਂ ਦੀਵਾਨ ਦੇਵੀ ਦਾਸ ਸਰਕਾਰ ਦੀ ਹਜ਼ੂਰੀ ਵਿਚ ਹਾਜ਼ਿਰ ਹੋਇਆ। ਉਸ ਨੇ ਉੱਥੋਂ ਦੇ ਹਾਲਾਤ ਵੇਰਵੇ ਸਹਿਤ ਬਿਆਨ ਕਰਦੇ ਹੋਏ ਦੱਸਿਆ ਕਿ, ‘‘ਕਸ਼ਮੀਰ ਵਿਚ ਅੰਨ ਸੰਕਟ ਹੱਦੋਂ ਵੱਧ ਹੈ ਅਤੇ ਅੰਨ ਰੁਪਏ ਦਾ ਚਾਰ ਪੰਜ ਸੇਰ ਮਿਲਦਾ ਹੈ। ਉੱਥੋਂ ਦੇ ਵਸਨੀਕ ਬਹੁਤੀ ਭੁਖ ਤ੍ਰੇਹ ਕਾਰਨ ਆਪਣੇ ਪੁੱਤਰ ਧੀਆਂ ਨੂੰ ਵੇਚ ਰਹੇ ਹਨ। ਅਜੇ ਤੱਕ ਮਾਮਲਿਆਂ ਦਾ ਪ੍ਰਬੰਧ ਠੀਕ ਠਾਕ ਨਹੀਂ ਹੋਇਆ ਹੈ। ਪੰਜਾਬੀ ਲੋਕ ਕਸ਼ਮੀਰੀ ਭਾਸ਼ਾ ਤੋਂ ਬਿਲਕੁਲ ਅਣਜਾਣ ਹਨ। ਇਕ ਦੂਜੇ ਦੀ ਗੱਲਬਾਤ ਉੱਤੇ ਭਰੋਸਾ ਨਹੀਂ ਹੈ, ਇਸ ਲਈ ਕਸ਼ਮੀਰ ਦੇ ਇਲਾਕਿਆਂ ਦੇ ਸਾਰੇ ਕਾਰਖਾਨੇ ਬੰਦ ਪਏ ਹਨ। ਦੀਵਾਨ ਮੋਤੀ ਰਾਮ ਬਥੇਰਾ ਸਮਝਦਾਰੀ ਤੋਂ ਕੰਮ ਲੈਂਦਾ ਹੈ ਤੇ ਕੰਮ ਨੂੰ ਨੇਪਰੇ ਚਾੜ੍ਹਨ ਦੀ ਬਥੇਰੀ ਕੋਸ਼ਿਸ਼ ਕਰਦਾ ਹੈ, ਪਰ ਅਜੇ ਕੋਈ ਮਾਮਲਾ ਵੀ ਠੀਕ ਨਹੀਂ ਹੋਇਆ।’’ ਸਰਕਾਰ ਨੇ ਆਖਿਆ ਕਿ ਮਿਸਰ ਦੀਵਾਨ ਚੰਦ ਜ਼ਫ਼ਰ ਜੰਗ ਬਹਾਦੁਰ ਦੇ ਪੁੱਜਣ ਉੱਤੇ ਉੱਥੋਂ ਦੇ ਸਾਰੇ ਹਾਲਾਤ ਦਾ ਵੇਰਵੇ ਸਹਿਤ ਪਤਾ ਲੱਗੇਗਾ। ਇਸ ਤੋਂ ਮਗਰੋਂ ਧੰਨਾ ਸਿੰਘ ਮਲਵਈ ਕਸ਼ਮੀਰ ਤੋਂ ਆਇਆ ਅਤੇ ਉਸ ਨੇ ਸਰਕਾਰ ਦੀ ਸੇਵਾ ਵਿਚ ਹਾਜ਼ਿਰ ਹੋ ਕੇ ਉੱਥੋਂ ਦੇ ਸਾਰੇ ਹਾਲਾਤ ਦੱਸੇ। * * * ਮਿਸਰ ਦੀਵਾਨ ਚੰਦ ਜ਼ਫ਼ਰ ਜੰਗ ਬਹਾਦੁਰ ਜ਼ਿਲਹੱਜ ਮਹੀਨੇ ਦੀ ਤਿੰਨ ਤਰੀਕ ਨੂੰ ਕੱਕਾ ਤੇ ਭਿੰਬਾ ਦੇ ਭਰੋਸੇਯੋਗ ਵਿਅਕਤੀਆਂ ਮੁਹੰਮਦ ਅਲੀ ਤੇ ਨੂਰ ਸ਼ਾਹ ਆਦਿ ਅਤੇ ਕਸ਼ਮੀਰ ਦੇ ਕਾਰਦਾਰ ਨਾਮਦਾਰ ਖ਼ਾਨ ਠੱਕਰ ਅਤੇ ਕਸ਼ਮੀਰ ਦੇ ਆਸ ਪਾਸ ਦੇ ਰਾਜਿਆਂ ਦੇ ਵਕੀਲਾਂ ਸਮੇਤ ਲਾਹੌਰ ਆਇਆ। ਮਿਸਰ ਦੀ ਰਾਇ ਅਨੁਸਾਰ ਹਰੇਕ ਸਰਦਾਰ ਦੇ ਭੋਜਨ ਲਈ ਰਕਮ ਬਖ਼ਸ਼ੀ ਗਈ। ਸਰਕਾਰ ਦਾ ਚੰਗਾ ਸੇਵਾਦਾਰ ਤੇ ਸ਼ੁਭਚਿੰਤਕ ਹੋਣ ਦੇ ਨਾਤੇ ਮਿਸਰ ਕਸ਼ਮੀਰ ਦੇ ਸੂਬੇ ਤੋਂ ਧੱਕੇ ਜਾਂ ਰਜ਼ਾਮੰਦੀ ਨਾਲ ਪੰਝੀ ਲੱਖ ਰੁਪਏ ਉਗਰਾਹ ਲਿਆਇਆ ਸੀ। ਇਸੇ ਲਈ ਸਰਕਾਰ ਨੇ ਉਸ ਨੂੰ ‘ਫਤਹਿ-ਉ-ਨੁਸਰਤ ਨਸੀਬ’ ਦਾ ਖ਼ਿਤਾਬ ਦੇ ਕੇ ਮਾਣ ਬਖ਼ਸ਼ਿਆ ਅਤੇ ਪਹਿਲੇ ਖ਼ਿਤਾਬ ਜ਼ਫ਼ਰ ਜੰਗ ਨੂੰ ਇਸ ਖ਼ਿਤਾਬ ਨਾਲ ਮਿਲਾ ਦਿੱਤਾ। ਕਸ਼ਮੀਰ ਤੋਂ ਆਏ ਹਰੇਕ ਜ਼ਿਮੀਂਦਾਰ ਰਈਸ, ਪੰਡਤ ਤੇ ਹਕੀਮ ਨੇ ਇਕ ਇਕ ਘੋੜਾ ਤੇ ਆਪਣੀ ਆਪਣੀ ਸਮਰੱਥਾ ਅਨੁਸਾਰ ਨਕਦ ਰੁਪਏ ਸਰਕਾਰ ਦੀ ਭੇਂਟ ਕੀਤੇ ਅਤੇ ਉਨ੍ਹਾਂ ਨੇ ਉੱਥੋਂ ਦੇ ਪ੍ਰਬੰਧ ਨੂੰ ਸੁਧਾਰਨ ਦੇ ਢੰਗ ਖੋਲ੍ਹ ਕੇ ਦੱਸੇ। ਮਿਸਰ ਨੇ ਆਖਿਆ ਕਿ, ‘‘ਲਗਾਨ ਤੇ ਸੈਲਾਨੀਆਂ ਦੇ ਠੇਕੇ ਦੀ ਉਣੱਤਰ ਲੱਖ ਰੁਪਏ ਦੇ ਕਰੀਬ ਰਕਮ ਪੰਡਤ ਬੀਰ ਧਰ ਰਾਹੀਂ ਕੁਝ ਭਰੋਸੇਯੋਗ ਆਦਮੀਆਂ ਦੇ ਨਾਮ ਵੱਖਰੀ ਵੱਖਰੀ ਨਿਸ਼ਚਿਤ ਹੈ। ਲਗਭਗ ਵੀਹ ਹਜ਼ਾਰ ਪਿਆਦਾ ਬੰਦੂਕਚੀ ਕਸ਼ਮੀਰ ਦੀਆਂ ਮੁਹਿੰਮਾਂ ਦਾ ਪ੍ਰਬੰਧ ਕਰਨ ਲਈ ਠਹਿਰੇ ਹੋਏ ਹਨ। ਉੱਥੋਂ ਦੇ ਆਸ ਪਾਸ ਦੇ ਜ਼ਿਮੀਂਦਾਰ ਤਾਬੇਦਾਰੀ ਤੇ ਆਗਿਆਕਾਰੀ ਲਈ ਤਤਪਰ ਹਨ ਅਤੇ ਕਿਸੇ ਵਿਅਕਤੀ ਵਿਚ ਬਾਗ਼ੀ ਹੋਣ ਦੀ ਸਮਰੱਥਾ ਨਹੀਂ ਹੈ। * * * ਭਿੰਬਰ ਵਾਲੇ ਰਾਜਾ ਸੁਲਤਾਨ ਖ਼ਾਨ ਦੀ ਨਿਮਰਤਾ ਭਰੀ ਅਰਜ਼ੀ ਸਰਕਾਰ ਦੀ ਸੇਵਾ ਵਿਚ ਪੇਸ਼ ਕੀਤੀ ਗਈ। ਉਪਰ ਲਿਖੇ ਰਾਜੇ ਨੇ ਪੁਣਛ ਵਿਚ ਆਪਣੇ ਪ੍ਰਵੇਸ਼ ਕਰ ਜਾਣ ਅਤੇ ਰਾਜਾ ਮੀਰ ਬਾਜ਼ ਖ਼ਾਨ ਦੇ ਅਲੰਘ ਪਹਾੜਾਂ ਵਿਚ ਇਕਾਂਤ ਵਾਸੀ ਹੋ ਜਾਣ ਅਤੇ ਹੋਰ ਫ਼ੌਜਾਂ ਮੰਗਣ ਸਬੰਧੀ ਅਰਜ਼ੀ ਦਿੱਤੀ ਸੀ। ਇਸ ਲਈ ਸਰਕਾਰ ਨੇ ਦੀਵਾਨ ਧਨਪਤ ਰਾਏ, ਜੋ ਕਸ਼ਮੀਰ ਤੋਂ ਮੁੜ ਕੇ ਸਰਕਾਰ ਦੇ ਦਰਬਾਰ ਵਿਚ ਹਾਜ਼ਿਰ ਹੋਣ ਦੀ ਨੀਅਤ ਰੱਖਦਾ ਸੀ, ਦੇ ਨਾਮ ਸਖ਼ਤ ਤਾਕੀਦੀ ਪਰਵਾਨਾ ਲਿਖਿਆ ਕਿ ਉਹ ਰਾਹ ਵਿਚੋਂ ਹੀ ਮੁੜ ਕੇ ਪੁਣਛ ਪੁੱਜ ਜਾਵੇ ਅਤੇ ਉਪਰੋਕਤ ਰਾਜੇ ਦੀ ਨੇਕ ਰਾਇ ਅਨੁਸਾਰ ਮਾਮਲਿਆਂ ਦਾ ਪ੍ਰਬੰਧ ਕਰੇ। * * * ਦੀਵਾਨ ਮੋਤੀ ਰਾਮ ਦਾ ਕਸ਼ਮੀਰ ਤੋਂ ਆਇਆ ਬਿਨੈ-ਪੱਤਰ ਸਰਕਾਰ ਦੀ ਮੁਬਾਰਕ ਨਿਗ੍ਹਾ ’ਚੋਂ ਲੰਘਿਆ ਕਿ ‘ਸਰਕਾਰ ਦੇ ਪ੍ਰਤਾਪ ਨਾਲ ਕਸ਼ਮੀਰ ਦਾ ਪ੍ਰਬੰਧ ਠੀਕ ਹੋ ਗਿਆ ਹੈ। ਹੁਣ ਅਪਾਰ ਕ੍ਰਿਪਾ ਦੁਆਰਾ ਦਾਸ ਨੂੰ ਵਾਪਸ ਬੁਲਾਉਣ ਦਾ ਹੁਕਮ ਲਿਖਿਆ ਜਾਵੇ’। ਉਸ ਦੇ ਉੱਤਰ ਵਿਚ ਲਿਖਿਆ ਗਿਆ ਕਿ ਉਹ ਕਿਸੇ ਚੰਗੇ ਭਰੋਸੇਯੋਗ ਵਿਅਕਤੀ ਨੂੰ ਭੇਜਣ ਬਾਰੇ ਸੋਚ ਰਹੇ ਹਨ ਅਤੇ ਉਸ ਆਦਮੀ ਦੇ ਪੁੱਜਣ ਉਪਰੰਤ ਉਹ (ਦੀਵਾਨ ਮੋਤੀ ਰਾਮ) ਛੇਤੀ ਸਰਕਾਰ ਦੇ ਦਰਬਾਰ ਨੂੰ ਚਲ ਪਵੇ। - ਸੋਹਣ ਲਾਲ ਸੂਰੀ ਮਹਾਰਾਜਾ ਰਣਜੀਤ ਸਿੰਘ ਦਾ ਰੋਜ਼ਨਾਮਚਾ-ਨਵੀਸ ਅਤੇ ਬਿਰਤਾਂਤਕਾਰ ਸੀ। ਉਸ ਨੇ ਰਣਜੀਤ ਸਿੰਘ ਦੇ ਰਾਜ ਵਿਚ ਰਣਜੀਤ ਸਿੰਘ ਵੱਲੋਂ ਦਿੱਤੇ ਹੁਕਮਾਂ ਤੇ ਹੋਰ ਘਟਨਾਵਾਂ ਨੂੰ ਕਲਮਬੰਦ ਕੀਤਾ। ਉਸ ਦੀ ਲਿਖੀ ਤਾਰੀਖ਼ ਦਾ ਨਾਂ ‘ਉਮਦਾ ਉੱਤਵਾਰੀਖ਼’ ਹੈ। ਇਸ ਦੇ ਪੰਜ ਦਫ਼ਤਰ (ਅਰਥਾਤ ਭਾਗ/ਹਿੱਸੇ) ਹਨ। ਉਪਰੋਕਤ ਹਵਾਲੇ ਦੂਸਰੇ ਦਫ਼ਤਰ ਵਿਚੋਂ ਹਨ ਜਿਸ ਦਾ ਫ਼ਾਰਸੀ ਵਿਚੋਂ ਅਨੁਵਾਦ ਅਮਰਵੰਤ ਸਿੰਘ ਨੇ ਕੀਤਾ। ਇਸ ਦੇ ਸੰਪਾਦਕ ਪ੍ਰਸਿੱਧ ਇਤਿਹਾਸਕ ਜ.ਸ. ਗਰੇਵਾਲ ਅਤੇ ਇੰਦੂ ਬਾਂਗਾ ਹਨ। ਇਸ ਦਾ ਪੰਜਾਬੀ ਰੂਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਛਾਪਿਆ ਹੈ।

ਕਸ਼ਮੀਰ ਨਜ਼ਾਰੇ

ਭਾਈ ਵੀਰ ਸਿੰਘ

ਭਾਈ ਵੀਰ ਸਿੰਘ ਟੁਕੜੀ ਜਗ ਤੋਂ ਨਯਾਰੀ

ਅਰਸ਼ਾਂ ਦੇ ਵਿਚ ‘ਕੁਦਰਤ ਦੇਵੀ’ ਸਾਨੂੰ ਨਜ਼ਰੀਂ ਆਈ, ‘ਹੁਸਨ-ਮੰਡਲ’ ਵਿਚ ਖੜ੍ਹੀ ਖੇਲਦੀ, ਖੁਸ਼ੀਆਂ ਛਹਿਬਰ ਲਾਈ। ਦੌੜੀ ਨੇ ਇਕ ਮੁਠ ਭਰ ਲੀਤੀ, ਇਸ ਵਿਚ ਕੀ ਕੀ ਆਇਆ- ਪਰਬਤ, ਟਿੱਬੇ ਅਤੇ ਕਰੇਵੇ ਵਿਚ ਮੈਦਾਨ ਸੁਹਾਇਆ, ਚਸ਼ਮੇਂ, ਨਾਲੇ, ਨਦੀਆਂ, ਝੀਲਾਂ ਨਿੱਕੇ ਜਿਵੇਂ ਸਮੁੰਦਰ, ਠੰਡੀਆਂ ਛਾਵਾਂ, ਮਿਠੀਆਂ, ਹਵਾਵਾਂ, ਬਨ ਬਾਗ਼ਾਂ ਜਿਹੇ ਸੁੰਦਰ, ਬਰਫ਼ਾਂ, ਮੀਂਹ, ਧੁੱਪਾਂ ਤੇ ਬੱਦਲ ਰੁੱਤਾਂ ਮੇਵੇ ਪਯਾਰੇ, ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿਚ ਸਾਰੇ। ਸੁਹਣੀ ਨੇ ਅਸਮਾਨ ਖੜੋਕੇ ਧਰਤੀ ਵੱਲ ਤਕਾਕੇ, ਇਹ ਮੁੱਠੀ ਖੁਹਲੀ ਤੇ ਸਟਿਆ ਸਭ ਕੁਛ ਹੇਠ ਤਕਾਕੇ। ਜਿਸ ਥਾਵੇਂ ਧਰਤੀ ਤੇ ਆ ਕੇ ਇਹ ਮੁੱਠ ਡਿੱਗੀ ਸਾਰੀ- ਓਸ ਥਾਉਂ ‘ਕਸ਼ਮੀਰ’ ਬਣ ਗਿਆ, ਟੁਕੜੀ ਜਗ ਤੋਂ ਨਯਾਰੀ। ਹੈ ਧਰਤੀ ਪਰ ‘ਛੁਹ ਅਸਮਾਨੀ’ ਸੁੰਦਰਤਾ ਵਿਚ ਲਿਸ਼ਕੇ, ਧਰਤੀ ਦੇ ਰਸ, ਸਵਾਦ, ਨਜ਼ਾਰੇ, ‘ਰਮਜ਼ ਅਰਸ਼’ ਦੀ ਚਸਕੇ।

ਡੱਲ (ਸਿਰੀ ਨਗਰ ਦੀ ਝੀਲ)

ਨੀਵੇਂ ਲੁਕਵੇਂ ਥਾਇੰ ਕੁਦਰਤ ਬਾਗ਼ ਲਗਾਇਆ, ਉੱਤੇ ਪਾਣੀ ਪਾਇ ਅਪਣੀ ਵੱਲੋਂ ਕੱਜਿਆ, ਪਰਦਾ ਪਾਣੀ ਪਾੜ -ਸੁੰਦਰਤਾ ਨਾ ਲੁਕ ਸਕੀ, ਰੂਪ ਸਵਾਇਆ ਚਾੜ੍ਹ ਨਿਖਰ ਸੰਵਰ ਸਿਰ ਕੱਢਿਆ, ਤਖ਼ਤਾ ਪਾਣੀ ਸਾਫ ਵਿਛਿਆ ਹੋਇਆ ਜਾਪਦਾ, ਪਰੀਆਂ ਜਿਉਂ ਕੁਹਕਾਫ਼ ਕਵਲਾਂ ਦਾ ਵਿਚ ਨਾਚ ਹੈ।

ਸ਼ਾਲਾਮਾਰ

ਜੋਗੀ ਖੜ੍ਹੇ ਚਨਾਰ, ਸ਼ਾਂਤੀ ਵਸ ਰਹੀ, ਨਹਿਰ ਵਹੇ ਵਿਚਕਾਰ ਬ੍ਰਿਤੀ ਪ੍ਰਵਾਹ ਜਯੋਂ, ਹਰਿਆ ਹਰਿਆ ਵੰਨ ਮਖ਼ਮਲ ਘਾਹ ਦਾ, ਛਾਇ ਸਹਿਜ ਦਾ ਰੰਗ ਸ਼ਾਂਤਿ ਇਕਾਂਤਿ ਹੈ। ਫਿਰ ਆਈ ਅਬਸ਼ਾਰ ਪਾਣੀ ਢਹਿ ਪਿਆ ਅਲਾਪ ਸੰਗੀਤ ਉਚਾਰ ਮਨ ਨੂੰ ਮੁਹ ਰਿਹਾ, ਰੰਗ ਬਲੌਰੀ ਵੰਨ ਡਿਗਦੇ ਦਾ ਲਸੇ, ਫਿਰ ਕੁਝ ਕਦਮਾਂ ਲੰਘ ਹੇਠਾਂ ਜਾਂਵਦਾ, ਵਿਚ ਫੁਹਾਰਿਆਂ ਜਾਇ ਉੱਪਰ ਆਂਵਦਾ ਕਲਾ-ਬਾਜ਼ੀਆਂ ਲਾਇ ਉਛਲੇ ਖੇਡਦਾ ਲਾਵੇ ਡਾਢਾ ਜ਼ੋਰ ਪਹਿਲ ਉਚਾਣ ਨੂੰ- ਪਹੁੰਚਾਂ ਮਾਰ ਉਛਾਲ ਪਰ ‘ਖਿੱਚ’ ਰੋਕਦੀ ਉੱਚਾ ਜਾਂਦਾ ‘ਖਿੱਚ’ ਫਿਰ ਲੈ ਡੇਗਦੀ- ਉਛਲ ਗਿਰਨ ਦਾ ਨਾਚ ਹੈਵੇ ਹੋ ਰਿਹਾ। ਵਿਚ ਵਿਚਾਲ ਅਜੀਬ ਬਾਰਾਂ-ਦਰੀ ਹੈ, ਸ਼ਾਮ ਰੰਗ ਦਾ ਸੰਗ ਜਿਸ ਤੋਂ ਬਣੀ ਹੈ। ਇਸ ਦੇ ਚਾਰ ਚੁਫੇਰ ਪਾਣੀ ਖੇਡਦਾ। ਉਠਣ ਡਿਗਣ ਦਾ ਨਾਚ ਨਾਲੇ ਰਾਗ ਹੈ, ਮਾਨੋਂ ਸਾਵਣ-ਮੀਂਹ ਹੈਵੇ ਪੈ ਰਿਹਾ, ਉਹ ਅਸਮਾਨੋਂ ਡਿੱਗ ਹੇਠਾਂ ਆਂਵਦਾ, ਇਹ ਹੇਠੋਂ ਰਾਹ ਪਾੜ ਉੱਛਲ ਵੱਸਦਾ। ਇਸ ਦੀ ਧੁਨਿ ਸੰਗੀਤ ਚਮਕ ਸੁਹਾਵਣੀ- ਬੈਠਯਾਂ ਇਸ ਵਿਚਕਾਰ ਝੂਟੇ ਦੇਂਵਦੀ, ਕੁਦਰਤ ਮਾਨੋਂ ਆਪ ਨਚ ਰਹੀ ਨਾਚ ਹੈ। ਇਹ ਰੰਗ ਰਾਗ ਅਪਾਰ ਦਸ ਕੇ ਨੀਰ ਜੀ, ਫਿਰ ਅੱਗੇ ਨੂੰ ਜਾਇ ਹੇਠਾਂ ਤਿਲਕਦੇ।

ਨਿਸ਼ਾਤ ਬਾਗ਼

ਡੱਲ ਦੇ ਸਿਰ ਸਿਰਤਾਜ ਖੜਾ ਨਿਸ਼ਾਤ ਤੂੰ, ਪਰਬਤ ਗੋਦੀ ਵਿੱਚ ਤੂੰ ਹੈਂ ਲੇਟਿਆ! ਟਿੱਲੇ ਪਹਿਰੇਦਾਰ ਪਿੱਛੇ ਖੜ੍ਹੇ ਹਨ, ਅੱਗੇ ਹੈ ਦਰਬਾਰ ਡੱਲ ਦਾ ਵਿੱਛਿਆ। ਸੱਜੇ ਖੱਬੇ ਰਾਹ ਸੁਫੈਦੇ ਵੇੜ੍ਹਿਆ, ਦਿਸਦੀ ਖੜੀ ਸਿਪਾਹ ਜਯੋਂ ਚੁਬਦਾਰ ਹਨ।

ਚਸ਼ਮਾਂ-ਅਨਤ ਨਾਗ

ਨਿਰਮਲ ਤੇਰਾ ਰੰਗ ਨਾਉਂ ਅਨੰਤ ਹੈ, ਗ਼ੈਬੋਂ ਨਿਕਲਯੋਂ ਆਇ ਵਹਿੰਦਾ ਸਦਾ ਤੂੰ, ਨਿਰਮਲਤਾ ਦਾ ਦਾਨ ਦੇਵੇਂ ਠੰਡਿਆਂ, ‘ਅਨੰਤ’ ਕਰਾਵੇਂ ਯਾਦ ਅੰਤਾਂ ਵਾਲਿਆਂ।

ਇੱਛਾ ਬਲ ਦੇ ਚਨਾਰ ਤੇ ਨੂਰ ਜਹਾਂ

-ਕਿਸੇ ਸੁੰਦਰੀ ਦੇ ਹੱਥ ਲਾਉਣ ਤੇ- ਤੇਰੇ ਜਿਹੀਆਂ ਕਈ ਵੇਰ ਆ ਹੱਥ ਅਸਾਂ ਨੂੰ ਲਾਏ, ਪਯਾਰ ਲੈਣ ਨੂੰ ਜੀ ਕਰ ਆਵੇ ਉਛਾਲ ਕਲੇਜਾ ਖਾਏ, ਪਰ ਉਹ ਪਯਾਰ ਸੁਆਦ ਨ ਵਸਦਾ ਹੋਰ ਕਿਸੇ ਹਥ ਅੰਦਰ, ਨੂਰ ਜਹਾਂ! ਜੋ ਛੁਹ ਤੇਰੀ ਨੇ ਸਾਨੂੰ ਲਾਡ ਲਡਾਏ। ਚਸ਼ਮਾਂ- ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਪ੍ਰਸ਼ਨ: ਸੰਝ ਹੋਈ ਪਰਛਾਵੇਂ ਛੁਪ ਗਏ ਕਿਉਂ ਇੱਛਾ ਬਲ ਤੂੰ ਜਾਰੀ? ਨੈਂ ਸਰੋਦ ਕਰ ਰਹੀ ਉਵੇਂ ਹੀ ਤੇ ਟੁਰਨੋਂ ਬੀ ਨਹਿੰ ਹਾਰੀ, ਸੈਲਾਨੀ ਤੇ ਪੰਛੀ ਮਾਲੀ ਹਨ ਸਭ ਅਰਾਮ ਵਿਚ ਆਏ, ਸਹਿਮ ਸਵਾਦਲਾ ਛਾ ਰਿਹਾ ਸਾਰੇ ਤੇ ਕੁਦਰਤ ਟਿਕ ਗਈ ਸਾਰੀ। ਚਸ਼ਮੇ ਦਾ ਉੱਤਰ: ਸੀਨੇ ਖਿੱਚ ਜਿਨ੍ਹਾਂ ਦੇ ਖਾਧੀ ਓ ਕਰ ਅਰਾਮ ਨਹੀਂ ਬਹਿੰਦੇ। ਨਿਹੁੰ ਵਾਲੇ ਨੈਣਾਂ ਕੀ ਨੀਂਦਰ? ਓ ਦਿਨੇ ਰਾਤ ਪਏ ਵਹਿੰਦੇ। ਇਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਨ੍ਹਾਂ ਦੀ, ਵਸਲੋਂ ਉਰੇ ਮੁਕਾਮ ਨ ਕੋਈ, ਸੋ ਚਾਲ ਪਏ ਨਿਤ ਰਹਿੰਦੇ।

ਵੈਰੀ ਨਾਗ ਦਾ ਪਹਿਲਾ ਝਲਕਾ

ਵੈਰੀ ਨਾਗ! ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ ਕੁਦਰਤ ਦੇ ‘ਕਾਦਰ’ ਦਾ ਜਲਵਾ ਲੈ ਲੈਂਦਾ ਇਕ ਸਿਜਦਾ, ਰੰਗ ਫੀਰੋਜ਼ੀ ਝਲਕ ਬਲੌਰੀ, ਡਲ੍ਹਕ ਮੋਤੀਆਂ ਵਾਲੀ ਰੂਹ ਵਿਚ ਆ ਆ ਜਜ਼ਬ ਹੋਇ, ਜੀ ਵੇਖ ਵੇਖ ਨਹੀਂ ਰਜਦਾ। ਨਾ ਕੋਈ ਨਾਦ ਸਰੋਦ ਸੁਣੀਵੇ ਫਿਰ ‘ਸੰਗੀਤ-ਰਸ’ ਛਾਇਆ, ‘ਚੁੱਪ ਚਾਨ’ ਫਿਰ ਰੂਪ ਤਿਰੇ ਵਿਚ ਕਵਿਤਾ ਰੰਗ ਜਮਾਇਆ, ਸਰਦ ਸਰਦ ਪਰ ਛੁਹਿਆਂ ਤੈਨੂੰ ਰੂਹ ਸਰੂਰ ਵਿਚ ਆਵੇ: ਗਹਿਰ ਗੰਭੀਰ, ਅਡੋਲ ਸੁਹਾਵੇ! ਤੈਂ ਕਿਹਾ ਜੋਗ ਕਮਾਇਆ!

ਚਸ਼ਮਾਂ ਮਟਨ ਸਾਹਿਬ

ਬਿਸਮਿਲ ਮਾਰਤੰਡ ਦੇ ਕੰਢੇ ਨਾਦ ਵਜਾਂਦਾ ਆਇਆ, ਛੁਹ ਕਦਮਾਂ ਦੀ ਜਿੰਦ ਪਾਵਣੀ ਡੁਲ੍ਹਦੀ ਨਾਲ ਲਿਆਇਆ, ਜਾਗ ਪਏ ਪੱਥਰ ਓ ਮੋਏ ਰੁਲ ਗਏ ਪਾਣੀ ਜੀਵੇ, ਨਵਾਂ ਜਨਮ ਦੇ ‘ਮਟਨ ਸਾਹਿਬ’ ਕਰ ਉੱਜਲ ਥੇਹ ਵਸਾਇਆ- ਸੁਹਣਿਆਂ ਦੇ ਸੁਲਤਾਨ ਗੁਰੂ ਜਿਨ ਨਾਨਕ ਨਾਮ ਸਦਾਇਆ, ‘ਬ੍ਰਹਮ ਦਾਸ’ ਪੰਡਤ ਨੂੰ ਏਥੇ ਅਰਸ਼ੀ ਨੂਰ ਦਿਖਾਇਆ, ਚਸ਼ਮ ‘ਕਮਾਲੇ’ ਦੀ ਚਾ ਖੁਹਲੀ ਕੁਦਰਤ-ਵੱਸਿਆ ਦੱਸਿਆ, ਤਾਲ ਵਿਚਾਲੇ ਥੜਾ ਬਣਯਾ ਗੁਰ ਬੈਠ ਸੰਦੇਸ ਸੁਣਾਇਆ।

ਨਵਾਂ ਕਸ਼ਮੀਰ!

ਮੈਂ ਰੁੰਨੀ ਮੈਂ ਰੁੰਨੀ ਵੇ ਲੋਕਾ! ਮੀਂਹ ਜਿਉਂ ਛਹਿਬਰ ਲਾਏ: ਟੁਰੀ ਵਿਦਸਥਾਂ ਡਲ ਭਰ ਆਏ: ਤੇ ਵੁੱਲਰ ਉਮਡ ਉਮਡਾਏ- ਆਪਾ ਹੇਠ ਵਿਛਾ ਕੇ ਸਹੀਓ! ਅਸਾਂ ਨਵਾਂ ਕਸ਼ਮੀਰ ਬਣਾਇਆ, ਗਾਓ ਸੁਹਾਗ ਨੀ ਸਹੀਓ! ਸੁਹਣਾ ਕਦੇ ਸੈਰ ਕਰਨ ਚਲ ਆਏ। ‘ਨਿਸ਼ਾਤ ਤੇ ਨੂਰਜਹਾਂ’ ਵਾਹ ਨਿਸ਼ਾਤ ਤਿਰੇ ਫਰਸ਼ ਸੁਹਾਵੇ ਮਖ਼ਮਲ ਨੂੰ ਸ਼ਰਮਾਵਨ, ਖਿੜੇ ਖੜੇ ਹਨ ਫੁੱਲ ਸੁਹਾਵੇ ਸੁਹਣਿਆਂ ਵੇਖ ਲਜਾਵਨ, ਨਹਿਰਾਂ ਵਗਣ, ਫੁਵਾਰੇ ਛੁੱਟਣ, ਆਬਸ਼ਾਰ ਝਰਨਾਵਨ, ਪਾਣੀ ਕਰੇ ਕਲੋਲ ਮਸਤਵੇਂ ਝਰਨੇ ਰਾਗ ਸੁਣਾਵਨ।

ਕਸ਼ਮੀਰ

ਮੋਹਨ ਸਿੰਘ

ਮੋਹਨ ਸਿੰਘ

ਪਹਿਲਗਾਮ ਦੀ ਸੁੰਦਰ ਵਾਦੀ, ਚੀਲਾਂ ਨਾਲ ਸ਼ਿੰਗਾਰੀ, ਦੋ ਨਦੀਆਂ ਰਲ ਵਗਦੀਆਂ ਜਿੱਥੇ, ਇਕ ਸੋਹਣੀ ਇਕ ਪਿਆਰੀ। ਚਾਰ ਚੁਫੇਰੇ ਪਰਬਤ ਉੱਚੇ, ਨਾਲ ਘਾਵਾਂ ਦੇ ਕੱਜੇ, ਏਨ੍ਹਾਂ ਨਦੀਆਂ ਦੇ ਮੋਹ-ਬੰਧਨ ਖੜੇ ਯੁਗਾਂ ਤੋਂ ਬੱਝੇ। ਏਸੇ ਵਾਦੀ ਦੀ ਹਿੱਕ ਉੱਤੇ ਵਾਂਗ ਸੁਗੰਧੀ ਘੁੰਮਦਾ, ਹਰਿਆਵਲ ਦੀ ਬੁੱਕਲ ਵਿਚ ਮੈਂ ਪਲ ਪਲ ਜਾਵਾਂ ਗੁੰਮਦਾ। ... ਚਰਵਾਹਿਆਂ ਤੋਂ ਸੁਣਦਾ ਕਿਧਰੇ ਮਿੱਠੇ ਗੀਤ ਪਹਾੜੀ, ਫੁੱਲ-ਬਹੂਆਂ ਦੇ ਮੂੰਹ ਤੋਂ ਕਿਧਰੇ ਧੂੰਹਦਾ ਸਾਵੀ ਸਾੜ੍ਹੀ। ਚਰ ਚਰ ਹੁਸਨ ਮੇਰੀਆਂ ਅੱਖਾਂ ਰੱਜੀਆਂ ਨਹੀਂ ਸਨ ਹਾਲਾਂ, ਜ਼ਹਿਰ-ਮੋਹਰੇ ਪਾਣੀਆਂ ਦੇ ਕੰਢੇ ਪੈ ਗਈਆਂ ਤਰਕਾਲਾਂ। ... ਕੀਲ ਲਿਆ ਦਿਲ ਮੇਰਾ ਆਖ਼ਰ ਮਸਤ ਨਦੀ ਦੀਆਂ ਚਾਲਾਂ, ਬਹਿ ਗਿਆ ਇਕ ਸ਼ਿਲਾ ਉੱਤੇ ਮੈਂ ਰੁੜ੍ਹਿਆ ਵਿਚ ਖ਼ਿਆਲਾਂ। ਇਕ ਇਕ ਕਰ ਕੇ ਕਈ ਝਾਕੀਆਂ ਦਿਲ ਮੇਰੇ ’ਚੋਂ ਲੰਘੀਆਂ, ਭੁੱਲੀਆਂ ਯਾਦਾਂ, ਲਗੀਆਂ ਪ੍ਰੀਤਾਂ, ਕੁਝ ਕਜੀਆਂ ਕੁਝ ਨੰਗੀਆਂ। ਬਚਪਨ ਅਤੇ ਜਵਾਨੀ ਦੇ ਫਿਰ ਆਏ ਯਾਦ ਦਿਹਾੜੇ, ਰੋਸੇ, ਹਾਸੇ, ਦਮਦਲਾਸੇ, ਹੰਝੂ, ਹਾਈਂ, ਹਾੜੇ। ਜਾਗ ਪਈਆਂ ਮੁੜ ਸੁੱਤੀਆਂ ਪੀੜਾਂ ਰੂਹ ਮੇਰਾ ਘਬਰਾਇਆ, ਏਨੇ ਨੂੰ ਫਿਰ ਚੇਤਾ ਮੈਨੂੰ ਘਰ ਆਪਣੇ ਦਾ ਆਇਆ। ਆਈਆਂ ਉਘੜ ਹਨੇਰੇ ਵਿਚੋਂ ਘਰ ਵਾਲੀ ਦੀਆਂ ਅੱਖੀਆਂ, ਨਾਲ ਉਡੀਕਾਂ ਥੱਕੀਆਂ ਹੋਈਆਂ ਨਾਲ ਉਨੀਂਦੇ ਭਖੀਆਂ। ਨਿੱਕੀ ਧੀ ਫਿਰ ਚੇਤੇ ਆਈ ਬੁਲ੍ਹੀਆਂ ਨੂੰ ਡੁਸਕਾਂਦੀ, ਡੰਡੀਉਂ ਟੁੱਟੀ ਕਲੀ ਵਾਂਗਰਾਂ ਪਲ ਪਲ ਸੁੱਕਦੀ ਜਾਂਦੀ। ‘‘ਭਲਕੇ ਘਰ ਆਪਣੇ ਟੁਰ ਜਾਸਾਂ’’ ਧਾਰ ਲਈ ਮੈਂ ਪੱਕੀ, ਇਹ ਸੋਚ ਕੇ ਉਠਣ ਲਈ ਮੈਂ ਧੌਣ ਉਤਾਂਹ ਨੂੰ ਚੁੱਕੀ। ਕੀ ਵੇਖਾਂ ਇਕ ਲਹਿਰ ਗਜ਼ਬ ਦੀ ਉਛਲ ਨਦੀ ’ਚੋਂ ਆਈ, ਮੇਰੀ ਖੱਬੀ ਲੱਤ ਦਵਾਲੇ ਘਤ ਲਈ ਉਸ ਫਾਹੀ। ਫੇਰ ਨਦੀ ਦੇ ਕੰਢੇ ਉੱਤੋਂ ਵੇਲ ਲਥੀ ਇਕ ਤਕੜੀ, ਗਈ ਉਹਦਿਆਂ ਪੇਚਾਂ ਅੰਦਰ ਲੱਤ ਦੂਈ ਵੀ ਜਕੜੀ। ਬੱਝੇ ਪੈਰ ਛੁਡਾਵਣ ਖ਼ਾਤਰ ਜ਼ੋਰ ਕਰਾਂ ਮੈਂ ਜਿਉਂ ਜਿਉਂ, ਮਾਸ ਮੇਰੇ ਵਿਚ ਖੁਭਦੇ ਜਾਵਣ ਪੇਚ ਉਨ੍ਹਾਂ ਦੇ ਤਿਉਂ ਤਿਉਂ। .... ਇਕ ਇਕ ਕਰ ਕੇ ਸਤ ਮੁਟਿਆਰਾਂ ਭਿਤਨੀ ਵਿਚੋਂ ਲੰਘੀਆਂ, ਹੌਲੀ ਹੌਲੀ ਨੇੜੇ ਆਈਆਂ ਕੁਝ ਖੁਲ੍ਹੀਆਂ ਕੁਝ ਸੰਗੀਆਂ। ਗਲ ਉਨ੍ਹਾਂ ਦੇ ਲੰਮੇ ਕੁਰਤੇ ਬਦਲੀ ਵਾਂਗ ਮਲੂਟੇ, ਪੀਂਘਾਂ ਵਾਂਗਰ ਕੱਦ ਉਨ੍ਹਾਂ ਦੇ ਟੁਟ ਟੁਟ ਖਾਵਣ ਝੂਟੇ। ਸੁਟ ਗੁਤਨੀਆਂ ਸੀਨਿਆਂ ਉੱਤੇ ਖਲ ਗਈਆਂ ਉਹ ਝੱਬੇ, ਤਿੰਨ ਮੁਟਿਆਰਾਂ ਸੱਜੇ ਮੇਰੇ ਤਿੰਨ ਮੁਟਿਆਰਾਂ ਖੱਬੇ। ਸਤਵੀਂ ਨੇ ਬੰਨ੍ਹ ਵਾਲ ਉਨ੍ਹਾਂ ਦੇ ਪੀਂਘਾਂ ਵਾਂਗ ਸ਼ਿੰਗਾਰੇ, ਫੇਰ ਬਹਾ ਕੇ ਉੱਤੇ ਮੈਨੂੰ ਲੱਗੀ ਦੇਣ ਹੁਲਾਰੇ। ਸੱਤ ਹੁਲਾਰੇ ਦੇ ਕੇ ਮੈਨੂੰ ਹੱਸ ਪਈਆਂ ਮੁਟਿਆਰਾਂ, ਕਿਰੇ ਉਨ੍ਹਾਂ ਦੇ ਮੂੰਹਾਂ ਵਿਚੋਂ ਕੇਸਰ ਫੁੱਲ ਹਜ਼ਾਰਾਂ। .... ਏਨੇ ਨੂੰ ਫਿਰ ਚੇਤੇ ਆਈਆਂ ਘਰ ਵਾਲੀ ਦੀਆਂ ਅੱਖੀਆਂ, ਨਾਲ ਉਡੀਕਾਂ ਥਕੀਆਂ ਹੋਈਆਂ ਨਾਲ ਉਨੀਂਦੇ ਭਖੀਆਂ। ਨਿੱਕੀ ਧੀ ਵੀ ਚੇਤੇ ਆਈ ਬੁਲ੍ਹੀਆਂ ਨੂੰ ਡੁਸਕਾਂਦੀ, ਡੰਡੀਉਂ ਟੁੱਟੀ ਕਲੀ ਵਾਂਗਰਾਂ ਪਲ ਪਲ ਸੁੱਕਦੀ ਜਾਂਦੀ। ਏਦਾਂ ਘਰ-ਮੋਹ ਨੇ ਜਦ ਖਿਚੀਆਂ ਦਿਲ ਮੇਰੇ ਦੀਆਂ ਤਾਰਾਂ, ਪਲੋ ਪਲੀ ਵਿਚ ਫਿੱਕੀਆਂ ਪਈਆਂ ਚੰਨ-ਮੁਖੀਆਂ ਮੁਟਿਆਰਾਂ। ਮੁੱਕੀ ਗੰਧ ‘ਕੇਸਰ-ਫੁੱਲਾਂ’ ਦੀ ਡੁੱਬੇ ਚੰਨ ਸਿਤਾਰੇ, ਜ਼ਹਿਰਮੋਹਰਾ ਲਹਿਰਾਂ ਵੇਲਾਂ ਦੇ ਫੰਧ ਢਿਲਕ ਗਏ ਸਾਰੇ। ਮੁੜ ਆਈ ਫਿਰ ਸੱਤਾ ਮੇਰੀ ਛਾਲ ਮਾਰ ਮੈਂ ਨਸਿਆ, ਖਿੜ ਖਿੜ ਹਸ ਪਈਆਂ ਮੁਟਿਆਰਾਂ ਮੀਂਹ ਕੇਸਰ ਦਾ ਵਸਿਆ। ਲਕ ਲਕ ਚੜ੍ਹ ਗਏ ਫੁੱਲ ਕੇਸਰ ਦੇ ਹੜ੍ਹ ਲਪਟਾਂ ਦਾ ਆਇਆ, ਮੁੜ ਫੁੱਲਾਂ ਦੇ ਨਰਮ ਢੇਰ ਤੇ ਜਾ ਪਿਆ ਮੈਂ ਨਸ਼ਿਆਇਆ। ਹੌਲੀ ਹੌਲੀ ਉੱਘੜ ਆਈਆਂ ਮੁੜ ਸੱਤੇ ਮੁਟਿਆਰਾਂ, ਲਹਿਰਾਂ ਵੇਲਾਂ ਨੇ ਫਿਰ ਪਾ ਲਏ ਪੀਚੇ ਪੇਚ ਹਜ਼ਾਰਾਂ। ਨਿੰਮੀਆਂ ਗਾਣ ਨਚਣ ਦੀਆਂ ’ਵਾਜ਼ਾਂ ਮੁੜ ਅਸਮਾਨੀ ਚੜ੍ਹੀਆਂ, ਫੇਰ ਸਪਣੀਆਂ ਵਾਂਗ ਸ਼ੂਕੀਆਂ ਜ਼ੁਲਫ਼ਾਂ ਤਾਰੇ ਜੜੀਆਂ। ਇਕ ਮੁਟਿਆਰ, ਉਨ੍ਹਾਂ ’ਚੋਂ ਆਈ ਲਹਿਰ ਵਾਂਗਰਾਂ ਨਚਦੀ, ਸਿਰ ਮੇਰੇ ਨੂੰ ਲੈ ਗੋਦੀ ਵਿਚ ਬਹਿ ਗਈ ਨਚਦੀ ਨਚਦੀ। ਸਿਰ ਮੇਰਾ ਖਪਿਆ ਝੁੰਜਲਾਇਆ ਮਾਰ ਮਾਰ ਤਰਪੁਲ੍ਹੀਆਂ, ਪਰ ਸੁੰਦਰੀ ਨੇ ਬੇਹਿਸ ਕੀਤਾ ਨਾਲ ਛੁਹਾ ਕੇ ਬੁਲ੍ਹੀਆਂ। ਹੋਰ ਦੋਹਾਂ ਦੋ ਬਾਹੀਂ ਬੰਨ੍ਹੀਆਂ ਜ਼ੁਲਫ਼ਾਂ ਕੱਸ ਕਸਾ ਕੇ, ਹੋਰ ਦੋਹਾਂ ਦੋ ਲੱਤਾਂ ਬੰਨ੍ਹੀਆਂ ਗੁੱਤਾਂ ਵਿਚ ਵਲਾ ਕੇ। ਬਾਕੀ ਰਹਿੰਦੀਆਂ ਦੋ ਮੁਟਿਆਰਾਂ ਨਚਦੀਆਂ ਨਚਦੀਆਂ ਆਈਆਂ, ਗਲ ਮੇਰੇ ਵਿਚ ਜ਼ੁਲਫ਼-ਤਣਾਵਾਂ ਆਣ ਉਨ੍ਹਾਂ ਨੇ ਪਾਈਆਂ। ਕੂਕ ਕਿਹਾ ਮੈਂ ਹੇ ਧੀਏ! ਹੇ ਪਤਨੀਏ! ਕੋਈ ਆਓ! ਪਹਿਲਗਾਮ ਦੀਆਂ ਪਰੀਆਂ ਕੋਲੋਂ ਮੇਰੀ ਜਿੰਦ ਛਡਾਓ! ... ਐਪਰ ਮੇਰੀਆਂ ਚੀਕਾਂ ਕੂਕਾਂ ਵਿਚੇ ਦੱਬੀਆਂ ਰਹੀਆਂ, ਏਨੇ ਚਿਰ ਵਿਚ ਅੱਖਾਂ ਮੇਰੀਆਂ ਸਹਿਜੇ ਹੀ ਖੁਲ੍ਹ ਗਈਆਂ। ਕੀ ਵੇਖਾਂ ਕਸ਼ਮੀਰੋਂ ਮੁੜ ਕੇ ਕੋਠੇ ਤੇ ਹਾਂ ਸੁੱਤਾ, ਗੋਡੇ ਗੋਡੇ ਸੂਰਜ ਚੜ੍ਹਿਆ ਪਰ ਮੈਂ ਨੀਂਦ ਵਿਗੁੱਤਾ। ਨਿੱਕੀ ਮੇਰੀ ਧੀ ਪਿਆਰੀ ਕਲੀ ਵਾਂਗ ਮੁਸਕਾਂਦੀ, ਖਿੱਚ ਖਿੱਚ ਕੇ ਉਂਗਲਾਂ ਮੇਰੀਆਂ ਮੈਨੂੰ ਪਈ ਜਗਾਂਦੀ। ਕਿਰ ਪਈਆਂ ਦੋ ਅੱਖਾਂ ਵਿਚੋਂ ਕਣੀਆਂ ਤੱਤੀਆਂ ਤੱਤੀਆਂ। ਚੁੰਮ ਚੁੰਮ ਕੇ ਬੱਚੀ ਦੀਆਂ ਉਂਗਲਾਂ ਕਰ ਦਿਤੀਆਂ ਮੈਂ ਰਤੀਆਂ।

ਹੇ ਕਸ਼ਮੀਰੀ ਲੋਕੋ

ਤੇਰਾ ਸਿੰਘ ਚੰਨ

ਤੇਰਾ ਸਿੰਘ ਚੰਨ

ਹੇ ਕਸ਼ਮੀਰੀ ਲੋਕੋ! ਹੇ ਕਸ਼ਮੀਰੀ ਲੋਕੋ!! ਅਪਣੀ ਫੁਲਵਾੜੀ ’ਤੇ ਵੱਸਣੋ ਅੱਜ ਅੰਗਿਆਰੇ ਰੋਕੋ! ਜਨਤਾ ਦੀ ਗੋਦੀ ਵਿਚ ਬਲਦੀ ਦੋਜ਼ਖ਼ ਕਰ ਦਿਉ ਠੰਢੀ, ਪੈਣ ਨਾ ਦੇਵੋ ਅਪਣੀ ਹਿਕ ’ਤੇ ਕੋਈ ਡਾਲਰ ਦੀ ਮੰਡੀ, ਆਵੇ ਨਾ ਕੋਈ ਮੌਤ ਵਪਾਰੀ, ਰਸਤੇ ਸਾਰੇ ਰੋਕੋ, ਹੇ ਕਸ਼ਮੀਰੀ ਲੋਕੋ! ਹੇ ਕਸ਼ਮੀਰੀ ਲੋਕੋ!! ‘ਚਿੱਟੀਆਂ ਜੀਪਾਂ’ ਉਗਲ ਰਹੀਆਂ ਜੋ ਥਾਂ ਥਾਂ ਧੂੰਆਂ ਕਾਲਾ, ‘ਲਾਲਾ ਰੁਖ਼’ ਦੇ ਬੁੱਲ੍ਹਾਂ ’ਤੇ ਨਾ ਪਾਵੇ ਵਿਹੁ ਦਾ ਛਾਲਾ, ‘ਯੂ.ਐਨ.ਓ.’ ਦੇ ਝੰਡੇ ਪਿੱਛੇ ਹੱਥ ਹਤਿਆਰੇ ਰੋਕੋ, ਹੇ ਕਸ਼ਮੀਰੀ ਲੋਕੋ! ਹੇ ਕਸ਼ਮੀਰੀ ਲੋਕੋ!! ਤਾਲ ਦੇਂਦੀਆਂ ਉੱਚੀਆਂ ਚੀਲਾਂ, ਗੀਤ ਸੁਣਾਂਦੇ ਝਰਨੇ, ਇਹਨਾਂ ਦੇ ਸਾਹਾਂ ’ਤੇ ਪਾਪੀ, ਚਾਹੁੰਦੇ ਪੱਥਰ ਧਰਨੇ, ਲੈਣ ਬਹਾਰਾਂ ਦੇਣ ਉਜਾੜਾਂ, ਇਹ ਵਣਜਾਰੇ ਰੋਕੋ, ਹੇ ਕਸ਼ਮੀਰੀ ਲੋਕੋ! ਹੇ ਕਸ਼ਮੀਰੀ ਲੋਕੋ!! ‘ਮਾਨ ਸਰੋਵਰ’ ਰੋ ਰੋ ਕਿਧਰੇ ਹੋ ਨਾ ਜਾਵੇ ਖਾਰੀ, ‘ਵੈਰੀ ਨਾਗ’ ’ਚ ਉਲਟੇ ਨਾ ਕੋਈ ਨਾਗਾਂ ਭਰੀ ਪਟਾਰੀ, ਫਿਰਨ ਚਨਾਰਾਂ ਦੇ ਨਾ ਮੁੱਢੀਂ ਵਧਦੇ ਆਰੇ ਰੋਕੋ, ਹੇ ਕਸ਼ਮੀਰੀ ਲੋਕੋ! ਹੇ ਕਸ਼ਮੀਰੀ ਲੋਕੋ!! ਅਜੇ ਵੀ ਨਾਖਾਂ ਵਿਚ ਨੇ ਬੈਠੇ ਸੁਰ ਸੁਰ ਕਰਦੇ ਕੀੜੇ, ਚੱਟ ਗਏ ਜੇੜ੍ਹੇ ਤੁਹਾਡੇ ਤਨ ਤੋਂ ਕੁਲ ਰੇਸ਼ਮ ਦੇ ਲੀੜੇ, ਲੂਹ ਨਾ ਸੁੱਟਣ ਕਿਤੇ ਬਹਾਰਾਂ ਮੌਤ ਸ਼ਰਾਰੇ ਰੋਕੋ, ਹੇ ਕਸ਼ਮੀਰੀ ਲੋਕੋ! ਹੇ ਕਸ਼ਮੀਰੀ ਲੋਕੋ!! ਕਸ਼ਮੀਰੀ ਹੂਰਾਂ ਦੇ ਤਨ ’ਤੇ ਲੀਰਾਂ ਕਰਨ ਇਸ਼ਾਰੇ, ਚੁਣ ਚੁਣ ਕੇਸਰ ਰੂਪ ਜਿਨ੍ਹਾਂ ਦਾ ਕੇਸਰ ਦੀ ਭਾਹ ਮਾਰੇ, ਸਾਡੇ ਹੁਸਨ ਗਗਨ ਨੂੰ ਕਿਹੜਾ ਤਾਰਿਆਂ ਨਾਲ ਸ਼ੰਗਾਰੇ, ਭੁੱਖ ਦੀ ਭੱਠੀ ਸੜਨੋਂ ਸਾਡੇ ਚਾਅ ਕੰਵਾਰੇ ਰੋਕੋ, ਹੇ ਕਸ਼ਮੀਰੀ ਲੋਕੋ! ਹੇ ਕਸ਼ਮੀਰੀ ਲੋਕੋ!! ਕੋਈ ਰੱਤ ਚੋਂਦੀ ਅੱਖ ਨਾ ਝਾਕੇ ਸ਼ਾਲਾਮਾਰ ਦੇ ਵਲੇ, ਕੋਈ ਵੀ ਰਾਵਣ ਭੇਖ ਵਟਾ ਕੇ ਸੀਤਾ ਨੂੰ ਨਾ ਛਲੇ, ਅੰਦਰੋਂ ਬਾਹਰੋਂ ਚੀਰਨ ਵਾਲੇ ਇਹ ਦੋਧਾਰੇ ਰੋਕੋ, ਹੇ ਕਸ਼ਮੀਰੀ ਲੋਕੋ! ਹੇ ਕਸ਼ਮੀਰੀ ਲੋਕੋ!! ਨਾ ਕੋਈ ਹਾਤੋ ਮਿਹਨਤ ਵੇਚਣ ਵਿਚ ਪਰਦੇਸਾਂ ਜਾਵੇ, ਜਿਸ ਦਾ ਮੁੜ੍ਹਕਾ ਉਸ ਦੇ ਮੋਤੀ ਜੋ ਬੀਜੇ ਸੋ ਖਾਵੇ, ਸੁਣੋਂ! ਨਵਾਂ ਕਸ਼ਮੀਰ ਤੁਹਾਨੂੰ ਪਿਆ ਵੰਗਾਰੇ ਲੋਕੋ, ਹੇ ਕਸ਼ਮੀਰੀ ਲੋਕੋ! ਹੇ ਕਸ਼ਮੀਰੀ ਲੋਕੋ!! ਕੇਸਰ ਦੇ ਖੇਤਾਂ ’ਤੇ ਧੂੜੋ ਸੇਆਂ ਦੀ ਹੁਣ ਲਾਲੀ, ਧਰਤੀ ਦੇ ਕੁਛੜ ਬਾਗਾਂ ਦੀ ਭਰ ਦਿਓ ਡਾਲੀ ਡਾਲੀ, ਅਪਣੇ ਗਗਨੋਂ ਨੂਰ ਖਿੰਡਾਂਦੇ ਡਿਗਣੋਂ ਤਾਰੇ ਰੋਕੋ, ਹੇ ਕਸ਼ਮੀਰੀ ਲੋਕੋ! ਹੇ ਕਸ਼ਮੀਰੀ ਲੋਕੋ!! ਅਪਣੀਆਂ ਬਾਗਾਂ ਆਪ ਸੰਭਾਲੋ, ਤੋੜ ਦਿਓ ਸਭ ਫੰਦੇ, ਅਪਣੇ ਘਰਾਂ ’ਚੋਂ ਬਾਹਰ ਵਗਾਓ, ਚੁਣ ਚੁਣ ਆਂਡੇ ਗੰਦੇ, ਰਾਜ ਮਹੱਲਾਂ ਹੇਠਾਂ ਦਬਣੋਂ ਝੁੱਗੀਆਂ ਢਾਰੇ ਰੋਕੋ, ਹੇ ਕਸ਼ਮੀਰੀ ਲੋਕੋ! ਹੇ ਕਸ਼ਮੀਰੀ ਲੋਕੋ!!

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All