ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ’ਚ ਸਾਲਾਨਾ ਅਥਲੈਟਿਕ ਮੀਟ ਸ਼ੁਰੂ

ਪੀਏਯੂ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ 54ਵੀਆਂ ਖੇਡਾਂ ਦਾ ਉਦਘਾਟਨ ਕਰਨ ਮੌਕੇ ਗੁਬਾਰੇ ਛੱਡਦੇ ਹੋਏ।

ਖੇਤਰੀ ਪ੍ਰਤੀਨਿਧ ਲੁਧਿਆਣਾ, 13 ਫਰਵਰੀ ਪੀਏਯੂ ਦੀ 54ਵੀਂ ਸਲਾਨਾ ਅਥਲੈਟਿਕ ਮੀਟ ਅੱਜ ਆਰੰਭ ਹੋਈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਖੇਡਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਖੇਡਾਂ ਨਾਲ ਵਿਦਿਆਰਥੀ ਜੀਵਨ ਜਿੱਥੇ ਤੰਦਰੁਸਤ ਰਹਿੰਦਾ ਹੈ ਉੱਥੇ ਉਨ੍ਹਾਂ ’ਚ ਅਨੁਸ਼ਾਸਨ ਦਾ ਜਜ਼ਬਾ ਪੈਦਾ ਹੁੰਦਾ ਹੈ। ਹਾਰ ਜਿੱਤ ਤੋਂ ਉਪਰ ਉਠ ਕੇ ਵਿਦਿਆਰਥੀਆਂ ਨੂੰ ਖੇਡਾਂ ਤੋਂ ਸਿੱਖਣ ਦੀ ਕਲਾ ਤੇ ਸਖਤ ਮਿਹਨਤ ਦੇ ਨਾਲ-ਨਾਲ ਉਸਾਰੂ ਸੋਚ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਡਾ. ਢਿੱਲੋਂ ਨੇ ਗੁਬਾਰੇ ਅਤੇ ਅਥਲੈਟਿਕ ਮੀਟ ਦਾ ਸੰਦੇਸ਼ ਅਸਮਾਨ ਵੱਲ ਛੱਡਿਆ ਤੇ 54ਵੀਂ ਐਥਲੈਟਿਕ ਮੀਟ ਦਾ ਸੋਵੀਨਰ ਜਾਰੀ ਕੀਤਾ। ਪੰਜਾਂ ਕਾਲਜਾਂ ਦੀਆਂ ਟੀਮਾਂ ਨੇ ਮੁੱਖ ਮਹਿਮਾਨ ਨੂੰ ਮਾਰਚ ਪਾਸਟ ਦੌਰਾਨ ਸਲਾਮੀ ਪੇਸ਼ ਕੀਤੀ। ਮਾਰਚ ਪਾਸਟ ਦੌਰਾਨ ਖਿਡਾਰੀਆਂ ਦੇ ਅਨੁਸ਼ਾਸਨ ਤੇ ਵਿਹਾਰ ਨੂੰ ਧਿਆਨ ਵਿੱਚ ਰਖਦਿਆਂ ਜੱਜਾਂ ਵੱਲੋਂ ਤਿੰਨ ਮਾਰਚ ਪਾਸਟ ਇਨਾਮ ਦਿੱਤੇ ਗਏ ਜਿਨ੍ਹਾਂ ਵਿੱਚ ਕਮਿਊਨਟੀ ਸਾਇੰਸ ਕਾਲਜ ਨੇ ਪਹਿਲਾ, ਖੇਤੀਬਾੜੀ ਕਾਲਜ ਨੇ ਦੂਜਾ ਤੇ ਖੇਤੀ ਇੰਜਨੀਅਰਿੰਗ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਅਥਲੈਟਿਕ ਮੀਟ ਵਿੱਚ ਯੂਨੀਵਰਸਿਟੀ ਦੇ ਪੰਜ ਕਾਲਜਾਂ ਤੋਂ ਇਲਾਵਾ ਬਠਿੰਡਾ ਤੇ ਗੁਰਦਾਸਪੁਰ ਵਿੱਚ ਸਥਿਤ ਖੇਤਰੀ ਕੇਂਦਰਾਂ ਦੇ ਐਥਲੀਟ 28 ਈਵੈਂਟਾਂ ਵਿੱਚ ਭਾਗ ਲੈ ਰਹੇ ਹਨ। ਸਾਲਾਨਾ ਮੀਟ ਦੌਰਾਨ ਅੱਜ ਹੋਏ ਵੱਖ ਵੱਖ ਮੁਕਾਬਲਿਆਂ ’ਚ ਲੜਕੇ (5000 ਮੀਟਰ) ਦੌੜ ਵਿੱਚ ਖੇਤੀਬਾੜੀ ਕਾਲਜ ਦਾ ਜੋਬਨਜੀਤ ਸਿੰਘ, ਹੈਮਰ ਥਰੋਅ ਵਿੱਚ ਆਈਓਏ ਬਠਿੰਡਾ ਦਾ ਗੁਰਤਾਂਸ਼ ਸਿੰਘ, 110 ਮੀਟਰ ਹਰਡਲ ਦੌੜ ਵਿੱਚ ਖੇਤੀਬਾੜੀ ਕਾਲਜ ਦਾ ਪ੍ਰਦੀਪ ਸਿੰਘ, ਤੀਹਰੀ ਛਾਲ ’ਚ ਖੇਤੀਬਾੜੀ ਇੰਜਨੀਅਰਿੰਗ ਕਾਲਜ ਦਾ ਰਾਹੁਲ ਸਿੰਘ, 400 ਮੀਟਰ ਹਰਡਲ ਦੌੜ ਵਿੱਚ ਖੇਤੀਬਾੜੀ ਕਾਲਜ ਦਾ ਪ੍ਰਦੀਪ ਸਿੰਘ, ਜੈਵਲਿਨ ਥਰੋਅ ਵਿੱਚ ਬੇਸਿਕ ਸਾਇੰਸਜ਼ ਕਾਲਜ ਦਾ ਸਤਲੀਨ ਸਿੰਘ, 100 ਮੀਟਰ ਦੌੜ ’ਚ ਖੇਤੀਬਾੜੀ ਕਾਲਜ ਦਾ ਅਰਸ਼ਦੀਪ ਸਿੰਘ, ਸ਼ਾਟ ਪੁੱਟ ਵਿੱਚ ਕਮਿਊਨਟੀ ਸਾਇੰਸ ਕਾਲਜ ਦਾ ਤਰਨਜੋਤ ਸਿੰਘ, ਉੱਚੀ ਛਾਲ ਵਿੱਚ ਖੇਤੀਬਾੜੀ ਕਾਲਜ ਦਾ ਗੁਰਪਿੰਦਰ ਸਿੰਘ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਲੜਕੀਆਂ ਵਿੱਚੋਂ ਜੈਵਲਿਨ ਥਰੋਅ ’ਚ ਆਈਓਏ ਬਠਿੰਡਾ ਦੀ ਸੁਸ਼ੀਲ ਗਰੇਵਾਲ, ਉੱਚੀ ਛਾਲ ਵਿੱਚ ਖੇਤੀਬਾੜੀ ਕਾਲਜ ਦੀ ਮੁਸਕਾਨ ਸ਼ਰਮਾ, ਤੀਹਰੀ ਛਾਲ ਵਿੱਚ ਕਮਿਊਨਟੀ ਸਾਇੰਸ ਕਾਲਜ ਦੀ ਹਰਲੀਨ ਕੌਰ, ਡਿਸਕਸ ਥਰੋਅ ਵਿੱਚ ਆਈਓਏ ਬਠਿੰਡਾ ਦੀ ਸੁਸ਼ੀਲ ਗਰੇਵਾਲ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All