ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਵਾਸਤੀ ਦਾ ਸ਼ੁਮਾਰ ਉਨ੍ਹਾਂ ਅਜ਼ੀਮ ਸਿਤਾਰਿਆਂ ’ਚ ਹੁੰਦਾ ਹੈ, ਜਿਨ੍ਹਾਂ ਨੇ ਆਪਣੇ ਫ਼ਨ ਤੇ ਕਾਬਲੀਅਤ ਨਾਲ ਭਰਪੂਰ ਸ਼ੋਹਰਤ ਪਾਈ। ਆਰ. ਵਾਸਤੀ ਉਰਫ਼ ਰਿਆਸਤ ਅਲੀ ਵਾਸਤੀ ਦੀ ਪੈਦਾਇਸ਼ 1912 ਵਿਚ ਨਗਾਓਂ ਕੈਂਟ (ਯੂ. ਪੀ.) ਦੇ ਪੰਜਾਬੀ ਮੁਸਲਿਮ ਖ਼ਾਨਦਾਨ ਵਿਚ ਹੋਈ। ਵਿਦਵਾਨ ਧਨਵੰਤ ਸਿੰਘ ‘ਸ਼ੀਤਲ’ ਮੁਤਾਬਿਕ ਇਨ੍ਹਾਂ ਦੀ ਪੈਦਾਇਸ਼ ਲਾਹੌਰ ਦੀ ਹੈ। ਪਹਿਲਾਂ ਆਰ. ਵਾਸਤੀ ਤੇ ਫਿਰ ਵਾਸਤੀ ਦੇ ਨਾਮ ਨਾਲ ਮਸ਼ਹੂਰ ਇਸ ਫ਼ਨਕਾਰ ਦੇ ਵਾਲਿਦ ਹੈਦਰ ਹੁਸੈਨ ਵਾਸਤੀ ਬੁੰਦੇਲਖੰਡ ਏਜੰਸੀ ਵਿਚ ਅਧਿਕਾਰੀ ਸਨ। ਦਸਵੀਂ ਕਰਨ ਤੋਂ ਬਾਅਦ ਉਸਨੇ ਅੰਬਾਲਾ ਕੈਂਟ ਦੇ ਆਰ. ਬੀ. ਕਾਲਜ ਤੋਂ ਐੱਫ. ਏ. ਤਕ ਤਾਲੀਮ ਹਾਸਲ ਕੀਤੀ। ਤਾਲੀਮ ਮੁਕੰਮਲ ਕਰਨ ਤੋਂ ਬਾਅਦ ਉਸਨੇ ਪੀ. ਡਬਲਿਊ. ਡੀ. (ਪੰਜਾਬ) ਵਿਚ 7 ਸਾਲ ਸਰਕਾਰੀ ਮੁਲਾਜ਼ਮਤ ਕੀਤੀ। ਥੋੜ੍ਹੇ ਚਿਰ ਬਾਅਦ ਫ਼ਿਲਮਾਂ ’ਚ ਕੰਮ ਕਰਨ ਲਈ ਦਿਲ ਉਛਲਿਆ ਤਾਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। 1937 ਵਿਚ ਉਸਨੇ ਰਾਜਾ ਇਨਾਇਤ ਉੱਲਾ ਅਤੇ ਕੇ. ਬੀ. ਹਕੀਮ ਅਹਿਮਦ ਸ਼ੂਜਾ ਦੇ ਅਸਰ ਰਸੂਖ਼ ਨਾਲ ਨਿਊ ਓਰੀਐਂਟ, ਪਿਕਚਰਜ਼ ਕੋਲ ਪਹੁੰਚ ਕੀਤੀ। ਉਸਦੀ ਪਹਿਲੀ ਹਿੰਦੀ ਫ਼ਿਲਮ ਨਿਊ ਓਰੀਐਂਟ ਫ਼ਿਲਮ, ਲਾਹੌਰ ਦੀ ਕੇ. ਪ੍ਰਫੁੱਲ ਰਾਏ ਨਿਰਦੇਸ਼ਿਤ ‘ਪ੍ਰੇਮ ਯਾਤਰਾ’ (1937) ਸੀ। ਫ਼ਿਲਮ ਵਿਚ ਵਾਸਤੀ ਦੇ ਮੁਕਾਬਿਲ ਅਦਾਕਾਰਾ ਦਾ ਪਾਰਟ ਓਮਰਾਜ਼ੀਆ ਬੇਗ਼ਮ (ਪਤਨੀ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ) ਨੇ ਅਦਾ ਕੀਤਾ। ਕਹਾਣੀ ਅਤੇ ਗੀਤ ਹਕੀਮ ਅਹਿਮਦ ਸ਼ੂਜਾ ਅਤੇ ਸੰਗੀਤ ਕਯੂ. ਐੱਸ. ਜ਼ਹੂਰ ਨੇ ਮੁਰੱਤਿਬ ਕੀਤਾ ਸੀ। ਉਸਨੂੰ ਪੰਜਾਬੀ ਫ਼ਿਲਮਾਂ ਵਿਚ ਪਹਿਲਾ ਮੌਕਾ ਮਿਲਿਆ ਏ. ਆਰ. ਕਾਰਦਾਰ ਦੇ ਨਿਸ਼ਾਤ ਪ੍ਰੋਡਕਸ਼ਨਜ਼, ਬੰਬੇ ਦੀ ਜੇ. ਕੇ. ਨੰਦਾ ਨਿਰਦੇਸ਼ਿਤ ਫ਼ਿਲਮ ‘ਕੁੜਮਾਈ’ (1941) ਵਿਚ। ਉਸਨੇ ਫ਼ਿਲਮ ’ਚ ‘ਕਾਹਨ’ ਅਤੇ ਅਦਾਕਾਰਾ ਰਾਧਾ ਰਾਣੀ ਨੇ ‘ਪਿੱਲੋ’ ਦਾ ਪਾਰਟ ਨਿਭਾਇਆ। ਫ਼ਿਲਮ ਦੀ ਕਹਾਣੀ, ਗੀਤ ਅਤੇ ਮੁਕਾਲਮੇ ਵਲੀ ਸਾਹਿਬ ਅਤੇ ਮੌਸੀਕੀ ਖੁਰਸ਼ੀਦ ਅਨਵਰ ਨੇ ਤਰਤੀਬ ਕੀਤੀ ਸੀ। ਫ਼ਿਲਮ ’ਚ ਉਸ ’ਤੇ ਫ਼ਿਲਮਾਏ ਗੀਤ ‘ਟੁਰ ਚੱਲਿਆ ਰਾਂਝਾ ਨੀਂ ਮੇਰੀ ਪ੍ਰੀਤ ਨੂੰ ਤੋੜ ਕੇ’, ‘ਦਿਲ ਇੰਝ ਇੰਝ ਕਰਦਾ ਲੋਕੀਂ ਕਹਿੰਦੇ ਮੌਜਾਂ ਮਾਣੇ ਮੈਂ ਆਖਾਂ ਮੈਂ ਮਰਦਾ’, ‘ਸੂਰਜ ਨੇ ਲਾਈ ਬਹਾਰ ਮਿੱਟੀ ਬਣਾਈ ਸੋਨਾ’ (ਜੀ. ਐੱਮ. ਦੁਰਾਨੀ) ਆਦਿ ਗੀਤ ਬੇਹੱਦ ਪਸੰਦ ਕੀਤੇ ਗਏ। ਇਹ ਫ਼ਿਲਮ 29 ਅਗਸਤ 1941 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਵਾਸਤੀ ਦੀ ਦੂਜੀ ਪੰਜਾਬੀ ਫ਼ਿਲਮ ਕੁਲਦੀਪ ਪਿਕਚਰਜ਼, ਬੰਬੇ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ‘ਲੱਛੀ’ (1949) ਸੀ। ਫ਼ਿਲਮ ’ਚ ਉਸਨੇ ‘ਮੱਖਣ’ ਦਾ ਕਿਰਦਾਰ ਨਿਭਾਇਆ ਜਿਸ ਦੇ ਸਨਮੁਖ ਅਦਾਕਾਰਾ ਮਨੋਰਮਾ ਨੇ ‘ਲੱਛੀ’ ਦਾ ਪਾਤਰ ਅਦਾ ਕੀਤਾ। ਸਕਰੀਨ ਪਲੇ ਤੇ ਸੰਵਾਦ ਮੁਲਕਰਾਜ ਭਾਖੜੀ, ਗੀਤ ਮੁਲਕਰਾਜ ਭਾਖੜੀ, ਵਰਮਾ ਮਲਿਕ ਤੇ ਨਾਜ਼ਿਮ ਪਾਣੀਪਤੀ ਨੇ ਤਹਿਰੀਰ ਕੀਤੇ ਸਨ। ਵਾਸਤੀ ਤੇ ਮਨੋਰਮਾ ’ਤੇ ਫ਼ਿਲਮਾਇਆ ਗੀਤ ‘ਕਾਲੀ ਕੰਘੀ ਨਾਲ ਕਾਲੇ ਵਾਲ ਪਈ ਵਾਹਨੀ ਆਂ’ (ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ) ਤੋਂ ਇਲਾਵਾ ‘ਤੂੰਬਾ ਵੱਜਦਾ ਈ ਨਾ ਤਾਰ ਬਿਨਾਂ’ (ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ), ‘ਨਾਲੇ ਲੰਮੀ ਤੇ ਨਾਲੇ ਕਾਲੀ’ (ਲਤਾ ਮੰਗੇਸ਼ਕਰ) ਆਦਿ ਗੀਤ ਵੀ ਬੜੇ ਮਕਬੂਲ ਹੋਏ। ਇਹ ਫ਼ਿਲਮ 8 ਅਪਰੈਲ 1949 ਨੂੰ ਨਿਸ਼ਾਤ ਥੀਏਟਰ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਵਾਸਤੀ ਦੀ ਹੀਰੋ ਵਜੋਂ ਤੀਜੀ ਪੰਜਾਬੀ ਫ਼ਿਲਮ ਚਿੱਤਰ ਭੂਮੀ ਲਿਮਟਿਡ, ਬੰਬੇ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ‘ਵਸਾਖੀ’ (1951) ਸੀ। ਫ਼ਿਲਮ ਵਿਚ ਵਾਸਤੀ ਦੇ ਰੂਬਰੂ ਹੀਰੋਇਨ ਦਾ ਕਿਰਦਾਰ ਮਸ਼ਹੂਰ ਗੁਲੂਕਾਰਾ ਪੁਸ਼ਪਾ ਹੰਸ ਨੇ ਅਦਾ ਕੀਤਾ। ਪੰਡਤ ਹਰਬੰਸ ਦੇ ਸੰਗੀਤ ’ਚ ਹਜ਼ਰਤ ਅਜ਼ੀਜ਼ ਕਸ਼ਮੀਰੀ ਦੇ ਲਿਖੇ ਅਤੇ ਵਾਸਤੀ ਤੇ ਪੁਸ਼ਪਾ ਹੰਸ ’ਤੇ ਫ਼ਿਲਮਾਏ ਗੀਤ ‘ਨੀਂ ਕੁੜੀਏ ਤੂੰ...ਆ ਸਾਹਮਣੇ ਲਿਸ਼ਕਾਰਾ’ (ਤਿਰਲੋਕ ਕਪੂਰ, ਸ਼ਮਸ਼ਾਦ ਬੇਗ਼ਮ), ‘ਤੂੰ ਲਾਰੇ ਲਾਵੇਂ ਢੋਲਣਾ ਜਾ ਨਾਲ ਤੇਰੇ ਕੀ ਬੋਲਣਾ’ (ਪੁਸ਼ਪਾ ਹੰਸ, ਤਿਰਲੋਕ ਕਪੂਰ), ‘ਵਲਾਇਤ ਵਾਲਾ ਬਾਬੂ ਬੋਲੀ ਹੋਰ ਬੋਲੇ’ (ਪੁਸ਼ਪਾ ਹੰਸ) ਆਦਿ ਬੇਹੱਦ ਮਕਬੂਲ ਹੋਏ।

ਮਨਦੀਪ ਸਿੰਘ ਸਿੱਧੂ

1960ਵਿਆਂ ਦੇ ਦਹਾਕੇ ਵਿਚ ਚਰਿੱਤਰ ਅਦਾਕਾਰ ਵਜੋਂ ਵਾਸਤੀ ਦੀ ਚੌਥੀ ਪੰਜਾਬੀ ਫ਼ਿਲਮ ਨਿਊ ਲਿੰਕ ਫ਼ਿਲਮਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ‘ਬਿੱਲੋ’ (1961) ਸੀ। ਕਹਾਣੀ ਗੀਤ ਤੇ ਮੁਕਾਲਮੇ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਤਰਜ਼ਾਂ ਸਰਦੂਲ ਕਵਾਤੜਾ ਨੇ ਬਣਾਈਆਂ ਸਨ। ਵਿਸ਼ਵ ਵਿਜੈ ਮੰਦਰ, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਫ਼ਿਲਮ ‘ਗੁੱਡੀ’ (1961) ’ਚ ਉਸਨੇ ‘ਨਿਹਾਲਾ ਗਾਰਡ’ ਦਾ ਸ਼ਾਨਦਾਰ ਪਾਰਟ ਅਦਾ ਕੀਤਾ। ਸੰਗੀਤ ਪਿਕਚਰਜ਼, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਫ਼ਿਲਮ ‘ਖੇਡਣ ਦੇ ਦਿਨ ਚਾਰ’ (1962) ’ਚ ਉਸਨੇ ਇੰਦਰਾ ਬਿੱਲੀ ਦੇ ਪਿਓ ‘ਸੰਤ ਰਾਮ’ ਦਾ ਸੋਹਣਾ ਕਿਰਦਾਰ ਨਿਭਾਇਆ। ਵੰਡ ਦੇ ਵਿਸ਼ੇ ’ਤੇ ਬਣੀ ਮਨੋਹਰ ਦੀਪਕ ਦੀ ਫ਼ਿਲਮਸਾਜ਼ੀ ਤੇ ਅਦਾਕਾਰੀ ਵਾਲੀ ਇਹ ਫ਼ਿਲਮ 2 ਨਵੰਬਰ 1962 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਵੈਦ ਲਾਲ ਸਿੰਘ (ਮੋਗੇ ਵਾਲੇ) ਦੀ ਫ਼ਿਲਮਸਾਜ਼ੀ ’ਚ ਤਿਆਰਸ਼ੁਦਾ ਸੀ. ਐੱਲ. ਫ਼ਿਲਮਜ਼, ਬੰਬੇ ਦੀ ਐੱਸ. ਨਿਰੰਜਨ ਨਿਰਦੇਸ਼ਿਤ ਫ਼ਿਲਮ ‘ਲਾਡੋ ਰਾਣੀ’ (1963) ’ਚ ਉਸਨੇ ‘ਰਾਜੂ’ ਨਾਮੀਂ ਮਜ਼ਾਹੀਆ ਪਾਰਟ ਅਦਾ ਕੀਤਾ। ਐੱਸ. ਮਦਨ ਦੇ ਸੰਗੀਤ ਵਿਚ ਅਜ਼ੀਜ਼ ਕਸ਼ਮੀਰੀ ਦੇ ਲਿਖੇ ਗੀਤਾਂ ’ਚੋਂ ਵਾਸਤੀ ਤੇ ਸ਼ੰਮੀ ’ਤੇ ਫ਼ਿਲਮਾਇਆ ਹਿੰਦੀ ਗੀਤ ‘ਲਾਖ ਮਾਂਗਤਾ ਨਾ ਹਜ਼ਾਰ ਮਾਂਗਤਾ ਹਮਕੋ ਟਾਈ ਵਾਲੇ ਬਾਬੂ ਤੇਰਾ ਪਿਆਰ ਮਾਂਗਤਾ’ (ਆਸ਼ਾ ਭੌਸਲੇ, ਮੁਹੰਮਦ ਰਫ਼ੀ) ਤੇ ਦੂਸਰਾ ਵਾਸਤੀ ਤੇ ਟੁਨ ਟੁਨ ’ਤੇ ਫ਼ਿਲਮਾਇਆ ‘ਨੀਂ ਸੁਣ ਮੇਰੀ ਗੱਲ ਬੱਲੀਏ ਨੀਂ ਹੌਲੀ-ਹੌਲੀ ਚੱਲ ਬੱਲੀਏ’ (ਮੁਹੰਮਦ ਰਫ਼ੀ, ਆਸ਼ਾ ਭੋਸਲੇ) ਗੀਤ ਬੜੇ ਮਕਬੂਲ ਹੋਏ। ਰਾਜ ਕੁਮਾਰ ਕੋਹਲੀ ਦੇ ਜ਼ਾਤੀ ਬੈਨਰ ਸ਼ੰਕਰ ਮੂਵੀਜ਼, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਫ਼ਿਲਮ ‘ਪਿੰਡ ਦੀ ਕੁੜੀ’ (1963) ’ਚ ਉਸਨੇ ਰਵਿੰਦਰ ਕਪੂਰ ਦੇ ਪਿਓ ‘ਲਾਲਾ ਕਰਮਚੰਦ’ ਦਾ ਚਰਿੱਤਰ ਕਿਰਦਾਰ ਬਾਖ਼ੂਬੀ ਅਦਾ ਕੀਤਾ। ਚਿੱਤਰਕਾਰ, ਬੰਬੇ ਦੀ ਕਰੁਣੇਸ਼ ਠਾਕੁਰ ਨਿਰਦੇਸ਼ਿਤ ਫ਼ਿਲਮ ‘ਸੱਤ ਸਾਲੀਆਂ’ (1964) ਵਿਚ ਉਸਨੇ ਅਦਾਕਾਰ ਰਵਿੰਦਰ ਕਪੂਰ ਦੇ ਮਾਮੇ ਦਾ ਰੋਲ ਕੀਤਾ। ਇਹ ਸੁਪਰਹਿੱਟ ਫ਼ਿਲਮ 14 ਅਗਸਤ 1964 ਨੂੰ ਰੀਜੈਂਟ ਸਿਨਮਾ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਮਾਹੇਸ਼ਵਰੀ ਪਿਕਚਰਜ਼, ਬੰਬੇ ਦੀ ਪਦਮ ਮਹੇਸ਼ਵਰੀ ਨਿਰਦੇਸ਼ਿਤ ਫ਼ਿਲਮ ‘ਸਤਲੁਜ ਦੇ ਕੰਢੇ’ (1964) ਵਿਚ ਉਸਨੇ ਅਦਾਕਾਰਾ ਨਿਸ਼ੀ ਦੇ ਮਾਮੇ ਦਾ ਰੋਲ ਕੀਤਾ। ਇਸ ਫ਼ਿਲਮ ਨੂੰ ਜਿੱਥੇ ਸਾਲ 1967 ਦੀ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ ਉੱਥੇ ਵਿਦੇਸ਼ੀ ਫ਼ਿਲਮ ਫੈਸਟੀਵਲ ਵਿਚ ਚੁਣੀ ਜਾਣ ਵਾਲੀ ਇਹ ਪੰਜਾਬੀ ਫ਼ਿਲਮ ਇਤਿਹਾਸ ਦੀ ਪਹਿਲੀ ਫ਼ਿਲਮ ਬਣੀ। ਸਿੰਘ ਸੰਨਜ਼ ਪ੍ਰੋਡਕਸ਼ਨਜ਼, ਜਲੰਧਰ ਦੀ ਕੇਵਲ ਮਿਸ਼ਰਾ ਨਿਰਦੇਸ਼ਿਤ ਫ਼ਿਲਮ ‘ਸ਼ੌਂਕਣ ਮੇਲੇ ਦੀ’ (1965) ਚਰਿੱਤਰ ਅਦਾਕਾਰ ਵਜੋਂ ਉਸਦੀ ਆਖ਼ਰੀ ਪੰਜਾਬੀ ਫ਼ਿਲਮ ਸੀ। 1930 ਦੇ ਦਹਾਕੇ ਵਿਚ ਉਸਨੇ ਸਹਾਇਕ ਅਦਾਕਾਰ ਵਜੋਂ ਜਨਰਲ ਫ਼ਿਲਮਜ਼, ਬੰਬਈ ਦੀਆਂ ‘ਇੰਡਸਟਰੀਅਲ ਇੰਡੀਆ’ ਉਰਫ਼ ‘ਨਿਰਾਲਾ ਹਿੰਦੋਸਤਾਨ’, ‘ਬਾਗਬਾਨ’ (1938) ਤੋਂ ਇਲਾਵਾ ਫ਼ਿਲਮ ‘ਪਤੀ ਪਤਨੀ’ (1939/ਸ਼ੋਭਨਾ ਸਮਰਥ) ’ਚ ਹੀਰੋ ਦਾ ਪਾਰਟ ਅਦਾ ਕੀਤਾ। ਉਸਨੇ ਰਣਜੀਤ ਮੂਵੀਟੋਨ, ਬੰਬਈ ਦੀ ਫ਼ਿਲਮ ‘ਰਿਕਸ਼ਾਵਾਲਾ’ ਉਰਫ਼ ‘ਭੋਲੇ ਰਾਜਾ’ (1938) ਅਤੇ ‘ਠੋਕਰ’ ਉਰਫ਼ ‘ਦਿ ਕਿੱਕ’ (1939) ’ਚ ਸ਼ਾਨਦਾਰ ਕਿਰਦਾਰ ਨਿਭਾਏ। 1940 ਦੇ ਦਹਾਕੇ ’ਚ ਉਸਨੇ ਕਈ ਹਿੰਦੀ ਫ਼ਿਲਮਾਂ ’ਚ ਸਹਾਇਕ ਤੇ ਹੀਰੋ ਦੇ ਕਿਰਦਾਰ ਨਿਭਾ ਕੇ ਖ਼ੂਬ ਨਾਮ ਅਤੇ ਸ਼ੋਹਰਤ ਖੱਟੀ। ਉਸ ’ਤੇ ਫ਼ਿਲਮਾਏ ਚੰਦ ਮਸ਼ਹੂਰ ਗੀਤ ‘ਦਿਲ ਕੇ ਪਟ ਖੋਲ ਕੇ ਦੇਖੋ ਤੋ ਜਵਾਨੀ ਕਯਾ ਹੈ’ (ਜੀ. ਐੱਮ. ਦੁਰਾਨੀ) ਤੇ ‘ਅੰਬਵਾ ਕੇ ਪੰਛੀ ਬਾਵਰਾ’ (ਪਾਰੁਲ ਘੋਸ਼/ ਦੁਰਾਨੀ/ਨਮਸਤੇ/1943), ‘ਜਾਨ ਬਚੀ ਤੋ ਲਾਖੋਂ ਪਾਏ’ (ਸ਼ਿਆਮ ਕੁਮਾਰ/ਸੰਜੋਗ/1943), ‘ਫ਼ਲਕ ਕੇ ਚਾਂਦ ਕਾ ਹਮਨੇ ਜਵਾਬ ਦੇਖ ਲੀਆ’ (ਜੀ. ਐੱਮ. ਦੁਰਾਨੀ/ਏਕ ਦਿਨ ਕਾ ਸੁਲਤਾਨ/1945), ‘ਇਕ ਯਾਦ ਕਿਸੀਕੀ ਯਾਦ ਰਹੀ’ (ਜੀ. ਐੱਮ. ਦੁਰਾਨੀ/ਸ਼ਮ੍ਹਾ/1946), ‘ਜਬ ਬਾਦਲ ਘਿਰ-ਘਿਰ ਆਏਂਗੇ’ (ਸੁਰੱਈਆ, ਮੁਕੇਸ਼/ਡਾਕ ਬੰਗਲਾ/1947), ‘ਵਫ਼ਾਏਂ ਹਮਾਰੀ ਨਾ ਤੁਮ ਆਜ਼ਮਾਨਾ’ (ਦੁੱਰਾਨੀ, ਅਮੀਰਬਾਈ ਕਰਨਾਟਕੀ/ਦੀਵਾਨੀ/1947) ਆਦਿ ਅੱਜ ਵੀ ਸੁਣ ਕੇ ਮਨ ਝੂਮ ਉੱਠਦਾ ਹੈ। 1950ਵੇਂ ਦੇ ਦਹਾਕੇ ਵਿਚ ਵੀ ਵਾਸਤੀ ਹੀਰੋ ਤੇ ਸਹਾਇਕ ਹੀਰੋ ਵਜੋਂ ਫ਼ਿਲਮੀ ਫ਼ਲਕ ’ਤੇ ਛਾਏ ਹੋਏ ਸਨ। ਫ਼ਿਲਮ ‘ਮਾਂਗ’ (ਰਮੋਲਾ ਨਾਲ), ‘ਹਿੰਦੋਸਤਾਨ ਹਮਾਰਾ ਹੈ’, ‘ਗੌਨਾ’ (1950), ‘ਗੁਮਾਸ਼ਤਾ’, ‘ਸ਼ਗਨ’ (1951), ‘ਪਰਛਾਈਂ’, ‘ਹੈਦਰਾਬਾਦ ਕੀ ਨਾਜ਼ਨੀਨ’ (1952), ‘ਦਾਨਾ ਪਾਨੀ’, ‘ਲੈਲਾ ਮਜਨੂੰ’ (1953/ਬੇਗਮ ਪਾਰਾ), ‘ਚੋਰ ਬਾਜ਼ਾਰ’, ‘ਸ਼ਬਾਬ’ (1954), ‘ਬਸਰੇ ਕੀ ਹੂਰ’ (1956) ਤੇ ‘ਦਿਲ ਦੇ ਕੇ ਦੇਖੋ’ (1959) ਉਨ੍ਹਾਂ ਦੀ ਉਮਦਾ ਅਦਾਕਾਰੀ ਦੀ ਪਛਾਣ ਹਨ। 1960 ਤੋਂ 70 ਦੇ ਦਹਾਕੇ ’ਚ ਆਈਆਂ ਫ਼ਿਲਮਾਂ ਵਿਚ ਉਨ੍ਹਾਂ ਨੇ ਸਿਰਫ਼ ਚਰਿੱਤਰ ਕਿਰਦਾਰ ਹੀ ਨਿਭਾਏ। ਫ਼ਿਲਮ ‘ਦੁਨੀਆ ਝੁਕਤੀ ਹੈ’ (1960), ‘ਜਬ ਪਯਾਰ ਕਿਸੀ ਸੇ ਹੋਤਾ ਹੈ’ (1961), ‘ਦੋ ਬਦਨ’ (1966), ‘ਪਯਾਰ ਕਾ ਮੌਸਮ’ (1969), ‘ਦੀਦਾਰ’ (1970), ‘ਹਨੂੰਮਾਨ ਵਿਜਯ’ (1974) ਆਦਿ ਫ਼ਿਲਮਾਂ ਤੋਂ ਇਲਾਵਾ ਕੁੰਵਰ ਫ਼ਿਲਮਜ਼, ਬੰਬਈ ਦੀ ਰਮੇਸ਼ ਬੇਦੀ ਨਿਰਦੇਸ਼ਿਤ ਫ਼ਿਲਮ ‘ਕਸਮ’ (1976) ਉਸਦੀ ਆਖ਼ਰੀ ਹਿੰਦੀ ਫ਼ਿਲਮ ਸੀ। ਉਹ ਅਪਰੈਲ 1996 ਵਿਚ 84 ਸਾਲਾਂ ਦੀ ਉਮਰੇ ਮੁੰਬਈ ਵਿਖੇ ਇੰਤਕਾਲ ਫ਼ਰਮਾ ਗਏ, ਪਰ ਪੰਜਾਬੀ ਫ਼ਿਲਮਾਂ ਦੇ ਮੱਦਾਹ ‘ਗੁੱਡੀ’ ਫ਼ਿਲਮ ਦੇ ‘ਨਿਹਾਲਾ ਗਾਰਡ’ ਨੂੰ ਕਦੇ ਵੀ ਨਹੀਂ ਭੁਲਾ ਸਕਣਗੇ।

ਸੰਪਰਕ: 97805-09545

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All