ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ

ਮੁਖਤਾਰ ਗਿੱਲ

ਇਕ ਸਮਾਂ ਅਜਿਹਾ ਸੀ ਜਦੋਂ ਨਾਟਕਾਂ ਵਿਚ ਪੁਰਸ਼ ਇਸਤਰੀ ਪਾਤਰ ਬਣਦੇ ਸਨ। ਪੰਜਾਬੀ ਥੀਏਟਰ ਅਜੋਕੇ ਸਮਿਆਂ ਵਿਚ ਭਾਵੇਂ ਸਿਖਰਾਂ ਛੂਹ ਰਿਹਾ ਹੈ, ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਇਸ ਵਿਚ ਔਰਤਾਂ ਕਿਰਦਾਰ ਅਦਾ ਨਹੀਂ ਕਰਦੀਆਂ ਸਨ। ਥੀਏਟਰ ’ਚ ਲੜਕੀਆਂ ਦੀ ਆਮਦ ਦਾ ਸਿਹਰਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਬੇਟੀ ਓਮਾ ਜੀ. ਸਿੰਘ ਦੇ ਸਿਰ ਬੱਝਦਾ ਹੈ। ਜਦੋਂ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹਾਂ ਤਾਂ ਉਨ੍ਹਾਂ ਦੀ ਦਲੇਰੀ ਅਤੇ ਪ੍ਰਗਤੀਸ਼ੀਲ ਸੋਚ ਅੱਗੇ ਸਿਰ ਝੁਕ ਜਾਂਦਾ ਹੈ। ਉਹ ਅਜਿਹਾ ਸਮਾਂ ਸੀ ਜਦੋਂ ਕੋਈ ਵੀ ਚੰਗਾ ਪਰਿਵਾਰ ਆਪਣੀਆਂ ਬੇਟੀਆਂ ਨੂੰ ਥੀਏਟਰ ਕਰਨ ਦੀ ਆਗਿਆ ਨਹੀਂ ਦਿੰਦਾ ਸੀ। ਅਜਿਹੇ ਸਮੇਂ ਵਿਚ ਓਮਾ ਜੀ. ਸਿੰਘ ਨੇ ਇਹ ਦਲੇਰਾਨਾ ਕਦਮ ਚੁੱਕਿਆ। ਇਸ ਲਈ ਉਨ੍ਹਾਂ ਨੂੰ ਤਾਅਨੇ ਮਿਹਣੇ ਵੀ ਸੁਣਨ ਨੂੰ ਮਿਲੇ ਸਨ, ਪਰ ਇਨ੍ਹਾਂ ਨੇ ਉਸਦਾ ਨੁਕਸਾਨ ਕਰਨ ਦੀ ਥਾਂ, ਹੌਸਲਾ ਹੋਰ ਬੁਲੰਦ ਕਰ ਦਿੱਤਾ। ਓਮਾ ਜੀ. ਸਿੰਘ ਦੀ ਹੁਣ ਉਮਰ 92 ਸਾਲ ਦੀ ਹੋ ਚੁੱਕੀ ਹੈ। ਪਿਛਲੇ ਮਹੀਨੇ ਹੀ ਉਨ੍ਹਾਂ ਨੇ ਆਪਣਾ ਜਨਮ ਦਿਨ ਮਨਾਇਆ। ਉਹ ਪ੍ਰੀਤਨਗਰ ਵਿਖੇ ਆਪਣੇ ਛੋਟੇ ਭਰਾ ਹਿਰਦੇਪਾਲ ਸਿੰਘ ਨਾਲ ਰਹਿੰਦੇ ਹਨ। ਓਮਾ ਜੀ. ਸਿੰਘ ਇਸ ਉਮਰ ਵਿਚ ਵੀ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਦੇ ਆਡੀਟੋਰੀਅਮ ਵਿਚ ਨਾਟਕ ਵੇਖਣ ਜਾਂਦੇ ਹਨ ਅਤੇ ਇੱਥੋਂ ਦੀਆਂ ਹੋਰ ਸਾਹਿਤਕ ਸਰਗਰਮੀਆਂ ਨਾਲ ਜੁੜੇ ਹੋਏ ਹਨ। ਓਮਾ ਜੀ. ਦੱਸਦੇ ਹਨ ਕਿ ਪਹਿਲੀ ਵਾਰ ਉਨ੍ਹਾਂ ਨੇ ਜੂਨ 1939 ਨੂੰ ਗੁਰਬਖਸ਼ ਸਿੰਘ ਦੇ ਲਿਖੇ ਨਾਟਕ ‘ਰਾਜ ਕੁਮਾਰੀ ਲਲਿਤਾ’ ਵਿਚ ਨਾਇਕਾ ਦਾ ਕਿਰਦਾਰ ਨਿਭਾਇਆ ਸੀ। ਨਾਇਕ ਦੀ ਭੂਮਿਕਾ ’ਚ ਉਨ੍ਹਾਂ ਦੇ ਵੱਡੇ ਭਾਈ ਨਵਤੇਜ ਸਨ। ਇਸਦਾ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀ, ਪਰ ਉਨ੍ਹਾਂ ਨੇ ਮੰਚਨ ਦਾ ਸਿਲਸਿਲਾ ਜਾਰੀ ਰੱਖਿਆ। 1945 ਵਿਚ ਲਾਹੌਰ ਗਾਰਡਨ ਦੇ ਓਪਨ ਏਅਰ ਥੀਏਟਰ ਵਿਚ ਮਿਊਜੀਕਲ ਨਾਟਕ ‘ਹੁੱਲੇ ਹੁਲਾਰੇ’ ਖੇਡਿਆ ਗਿਆ। ਇਸ ਨਾਟਕ ਦੇ ਗੀਤ ‘ਕੱਢ ਦਿਓ ਬਾਹਰ ਫਰੰਗੀਆਂ ਨੂੰ’ ਨੂੰ ਲੈ ਕੇ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਵਕੀਲ ਖੁਸ਼ਵੰਤ ਸਿੰਘ ਨੇ ਪੈਰਵੀ ਕਰਕੇ ਉਨ੍ਹਾਂ ਨੂੰ ਰਿਹਾਅ ਕਰਵਾਇਆ। ਦੇਸ਼ ਦੇ ਬਟਵਾਰੇ ਤੋਂ ਬਾਅਦ ਪ੍ਰੀਤਨਗਰ ਕਾਫ਼ੀ ਪ੍ਰਭਾਵਿਤ ਹੋਇਆ, ਪਰ ਇਸਦੇ ਬਾਵਜੂਦ ਮੰਚਨ ਦਾ ਕਾਰਜ 1965 ਤਕ ਜਾਰੀ ਰਿਹਾ। ਓਮਾ ਜੀ. ਸਿੰਘ ਵੱਲੋਂ ਚੁੱਕੇ ਗਏ ਦਲੇਰਾਨਾ ਕਦਮ ਕਾਰਨ ਅੱਜ ਪੰਜਾਬੀ ਨਾਟਕਾਂ ਵਿਚ ਔਰਤਾਂ ਮਰਦਾਂ ਦੇ ਬਰਾਬਰ ਅਦਾਕਾਰੀ ਹੀ ਨਹੀਂ ਕਰ ਰਹੀਆਂ, ਬਲਕਿ ਨਾਟਕਾਂ ਦੀ ਸਿਰਜਣਾ ਤੋਂ ਲੈ ਕੇ ਉਨ੍ਹਾਂ ਦੇ ਨਿਰਦੇਸ਼ਨ ਤਕ ਮੋਹਰੀ ਭੂਮਿਕਾ ਨਿਭਾ ਕੇ ਪੰਜਾਬੀ ਥੀਏਟਰ ਨੂੰ ਅਮੀਰ ਕਰ ਰਹੀਆਂ ਹਨ।

ਸੰਪਰਕ: 98140-82217

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All