ਪੰਜਾਬੀ ਨਾਵਲ ਦਾ ਹਾਸਲ ਗੁਰਦਿਆਲ ਸਿੰਘ : The Tribune India

ਪੰਜਾਬੀ ਨਾਵਲ ਦਾ ਹਾਸਲ ਗੁਰਦਿਆਲ ਸਿੰਘ

ਪੰਜਾਬੀ ਨਾਵਲ ਦਾ ਹਾਸਲ ਗੁਰਦਿਆਲ ਸਿੰਘ

ਗੁਰਮੀਤ ਸਿੰਘ ਕੋਟਕਪੂਰਾ  ਨਾਵਲਕਾਰ ਗੁਰਦਿਆਲ ਸਿੰਘ ਪੰਜਾਬੀ ਦਾ ਇਕੋ-ਇਕ ਲੇਖਕ ਹੈ, ਜਿਸ ਨੇ ਇਕ ਅਗਾਂਹਵਧੂ ਤੇ ਸੁਚੇਤ ਸਾਹਿਤਕਾਰ ਵਜੋਂ ਪਿਛਲੀ ਅੱਧੀ ਸਦੀ ਤੋਂ ਲਗਾਤਾਰ ਲਿਖਿਆ ਹੈ ਤੇ ਇਹ ਸੁਭਾਗ ਵੀ ਕੇਵਲ ਉਸੇ ਦੇ ਹਿੱਸੇ ਆਇਆ ਹੈ ਕਿ ਉਸ ਦੀ ਹਰ ਰਚਨਾ ਨੂੰ ਸੂਝਵਾਨ ਪਾਠਕਾਂ ਤੇ ਵਿਦਵਾਨ ਆਲੋਚਕਾਂ ਨੇ ਰੱਜ ਕੇ ਸਲਾਹਿਆ ਹੈ ਤੇ ਏਨਾ ਮਾਣ-ਸਨਮਾਨ ਆਪਣੇ ਜਿਉਂਦੇ-ਜੀਅ ਪੰਜਾਬੀ ਦੇ ਕਿਸੇ ਹੋਰ ਲੇਖਕ ਦੇ ਹਿੱਸੇ ਨਹੀਂ ਆਇਆ। ਗੁਰਦਿਆਲ ਸਿੰਘ ਨੇ ਇਕ ਕਹਾਣੀ-ਲੇਖਕ ਵਜੋਂ ਅਦਬੀ ਖੇਤਰ ਵਿਚ ਪ੍ਰਵੇਸ਼ ਕੀਤਾ ਤੇ ਉਸ ਦੀ ਪਹਿਲੀ ਕਹਾਣੀ ‘ਭਾਗਾਂ ਵਾਲ਼ੇ’ ਪੰਜਾਬੀ ਦੇ ਯੁੱਗ-ਕਵੀ ਪ੍ਰੋ. ਮੋਹਨ ਸਿੰਘ ਵੱਲੋਂ ਛਾਪੇ ਜਾਂਦੇ ਰਹੇ ਰਸਾਲੇ ‘ਪੰਜ ਦਰਿਆ’ ਦੇ ਸਤੰਬਰ 1957 ਦੇ ਪਰਚੇ ਵਿਚ ਛਪੀ। ਉਸ ਤੋਂ ਬਾਅਦ ‘ਪ੍ਰੀਤ ਲੜੀ’ ਅਤੇ ‘ਪੰਜ ਦਰਿਆ’ ਵਰਗੇ ਉੱਚਤਮ ਸਾਹਿਤਕ ਰਸਾਲਿਆਂ ਵਿਚ ਉਸ ਦੀਆਂ ਕਹਾਣੀਆਂ ਲਗਾਤਾਰ ਛਪਣ ਦੇ ਨਾਲ਼-ਨਾਲ਼ ਬੱਚਿਆਂ ਲਈ ਉਦੋਂ ਦੇ ਪ੍ਰਸਿੱਧ ਰਸਾਲੇ ‘ਬਾਲ-ਸੰਦੇਸ਼’ ਵਿਚ ਵੀ ‘ਬਕਲਮਖ਼ੁਦ’ ਦੇ ਅਨੁਵਾਨ ਹੇਠ ਛਪੀਆਂ, ਜਿਨ੍ਹਾਂ ਦਾ ਸੰਗ੍ਰਹਿ ‘ਬਕਲਮਖ਼ੁਦ’ ਦੇ ਨਾਂ ਨਾਲ ਹੀ 1960 ਵਿਚ ਪ੍ਰਕਾਸ਼ਿਤ ਹੋਇਆ। ਉਸੇ ਸਾਲ ਹੀ ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ ‘ਸੱਗੀ-ਫ਼ੁੱਲ’ ਪਾਠਕਾਂ ਦੇ ਹੱਥਾਂ ਵਿਚ ਪੁੱਜਾ ਜਿਸ ਦੇ ਪਹਿਲੇ ਸਫ਼ੇ ’ਤੇ ਹੀ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਪ੍ਰੋ. ਮੋਹਨ ਸਿੰਘ ਤੇ ਸੰਤ ਸਿੰਘ ਸੇਖੋਂ ਵਰਗੇ ਯੱੁਗ-ਪੁਰਸ਼ ਲੇਖਕਾਂ ਦੀਆਂ ਟਿੱਪਣੀਆਂ ਛਪੀਆਂ ਜੋ ਉਸ ਵੇਲ਼ੇ ਦੇ ਕਿਸੇ ਨਵੇਂ ਲੇਖਕ ਲਈ ਅਲੋਕਾਰ ਪ੍ਰਾਪਤੀ ਕਹੀ ਜਾ ਸਕਦੀ ਹੈ। ਚਾਰ ਸਾਲ ਬਾਅਦ 1964 ਵਿਚ ਉਸ ਨੇ ਆਪਣਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਪਾਠਕਾਂ ਦੀ ਨਜ਼ਰ ਕੀਤਾ ਤਾਂ ਡਾ. ਅਤਰ ਸਿੰਘ ਜਿਹੇ ਮਹਾਨ ਆਲੋਚਕ ਨੇ ਇਸ ਦੀ ਤੁਲਨਾ ਭਾਰਤ ਦੇ ਸੁਪ੍ਰਸਿੱਧ ਗਲਪਕਾਰ ਮੁਨਸ਼ੀ ਪ੍ਰੇਮ ਚੰਦ ਦੇ ਕਲਾਸਿਕ ਨਾਵਲ ‘ਗੋਦਾਨ’ ਅਤੇ ਫ਼ਨੇਸ਼ਵਰ ਰੇਣੂੰ ਦੇ ‘ਮੈਲਾ ਆਂਚਲ’ ਨਾਲ ਕਰ ਦਿੱਤੀ। ਪੰਜਾਬੀ ਦੇ ਮਹਾਨਤਮ ਨਾਵਲਕਾਰ ਨਾਨਕ ਸਿੰਘ ਨੇ ਨਾਵਲ ਪੜ੍ਹ ਕੇ ਲਿਖਿਆ ਕਿ, ‘ਮੜ੍ਹੀ ਦਾ ਦੀਵਾ’ ਸ਼ਾਇਦ ਪੰਜਾਬੀ ਦਾ ਪਹਿਲਾ ਨਾਵਲ ਹੈ ਜੀਹਨੇ ਮੈਨੂੰ ਨਸ਼ਿਆ ਦਿੱਤਾ ਹੈ। ਜਿਵੇਂ ਕਿ ਸਾਫ਼ ਹੀ ਹੈ ਕਿ ਨਸ਼ਿਆ ਜਾਣਾ ਹੋਰ ਗੱਲ ਹੈ ਤੇ ਸੁਆਦ ਆਉਣਾ ਹੋਰ। ਮੇਰੀ ਇੱਛਾ ਹੈ ਕਿ ਸਾਡਾ ਇਹ ਨੌਜਵਾਨ ਨਾਵਲਕਾਰ ਪੰਜਾਬੀ ਦੇ ਗਗਨ-ਮੰਡਲ ਵਿਚ ਤਾਰਾ ਬਣ ਕੇ ਚਮਕੇ।’ ਇਕ ਸਾਲ ਬਾਅਦ ਜਦੋਂ ਇਹ ਹਿੰਦੀ ਵਿਚ ਛਪਿਆ ਤਾਂ ਹਿੰਦੀ ਦੇ ਪ੍ਰੌੜ੍ਹ ਆਲੋਚਕ ਡਾ. ਨਾਮਵਰ ਸਿੰਘ ਨੇ ਇਸ ਨੂੰ ਸੰਸਾਰ ਦੇ ਸਭ ਤੋਂ ਪ੍ਰਸਿੱਧ ਰੂਸੀ ਨਾਵਲ ‘ਜੰਗ ਤੇ ਅਮਨ’ ਦੇ ਹਾਣ ਦੀ ਗਲਪ-ਰਚਨਾ ਕਰਾਰ ਦਿੱਤਾ ਜਿਸ ਨਾਲ ਹਿੰਦੀ ਸਾਹਿਤ ਵਿਚ ਵੀ ਗੁਰਦਿਆਲ ਸਿੰਘ ਦੀ ਜ਼ੋਰਦਾਰ ਚਰਚਾ ਹੋਣ ਲੱਗੀ। ਪੰਜਾਬੀ ਦਾ ਇਹ ਪਹਿਲਾ ਨਾਵਲ ਸੀ ਜਿਸ ਦਾ ਰੂਸੀ ਭਾਸ਼ਾ ਵਿਚ ਤਰਜਮਾ ਹੋਇਆ ਤੇ ਇਸ ਦੀ ਪੰਜ ਲੱਖ ਕਾਪੀ ਸੋਵੀਅਤ ਰੂਸ ਵਿਚ ਛਪ ਕੇ ਵਿਕੀ। ‘ਮੜ੍ਹੀ ਦਾ ਦੀਵਾ’ ਪਿੱਛੋਂ ਜਦੋਂ ਗੁਰਦਿਆਲ ਸਿੰਘ ਦਾ ਦੂਜਾ ਨਾਵਲ ‘ਅਣਹੋਏ’ ਪ੍ਰਕਾਸ਼ਿਤ ਹੋਇਆ ਤਾਂ  ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਇਸ ਨੂੰ ਸ਼ੈਕਸਪੀਅਰ ਦੇ ਮਹਾਨ ਨਾਟਕ ‘ਹੈਮਲਿਟ’ ਤੇ ਸੰਸਾਰ ਦੇ ਪਹਿਲੇ ਮਹਾਨ ਨਾਵਲਕਾਰ ਸਰਵਾਂਤੀ ਦੇ ਕਲਾਸਿਕ ਨਾਵਲ ‘ਦਾਨ ਕੀਹੋਤੇ’ ਦੇ ਬਰਾਬਰ ਦੀ ਰਚਨਾ ਮੰਨਿਆ। ਉਸ ਸਮੇਂ (1960 ਦੇ ਦਹਾਕੇ ਵਿਚ) ਪੰਜਾਬੀ ਦੇ ਕਿਸੇ ਵੀ ਹੋਰ ਗਲਪਕਾਰ ਨੂੰ ਅਜਿਹੀ ਪ੍ਰਸਿੱਧੀ ਨਸੀਬ ਨਹੀਂ ਸੀ ਹੋਈ। ਪਿਛਲੇ 55 ਸਾਲ ਤੋਂ ਗੁਰਦਿਆਲ ਸਿੰਘ ਲਗਾਤਾਰ ਕਹਾਣੀਆਂ, ਨਾਵਲ, ਬਾਲ-ਸਾਹਿਤ (ਕਹਾਣੀਆਂ-ਲੇਖ ਆਦਿ) ਲਿਖਦਾ ਆ ਰਿਹਾ ਹੈ। ਅੱਸੀਆਂ ਸਾਲਾਂ ਨੂੰ ਢੁੱਕੇ ਸਾਡੇ ਇਸ ਲੇਖਕ ਨੇ 40 ਸਾਲ ਤੱਕ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਵਿਚ ਪ੍ਰਾਇਮਰੀ ਅਧਿਆਪਕ ਤੋਂ ਪ੍ਰੋਫ਼ੈਸਰ ਵਜੋਂ ਐਮ.ਏ., ਐਮ.ਫ਼ਿਲ. ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਵੀ। ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਤੇ ਆਰਥਿਕ ਮੰਦਹਾਲੀ ਨਾਲ ਜੂਝਦਿਆਂ ਵੀ ਉਸ ਨੇ ਆਪਣੀ ਕਲਮ ਨੂੰ ਕਦੇ ਸਾਹ ਨਹੀਂ ਲੈਣ ਦਿੱਤਾ ਅਤੇ ਨਾ ਹੀ ਇਸ ਦੇ ਮਿਆਰ ਨੂੰ 1960-70 ਦੇ ਪੱਧਰ ਤੋਂ ਕਦੇ ਹੇਠਾਂ ਡਿੱਗਣ ਦਿੱਤਾ। ਮਹਾਨ ਨਾਵਲਕਾਰ ਨਾਨਕ ਸਿੰਘ ਤੋਂ ਪਿੱਛੋਂ ਕੇਵਲ ਗੁਰਦਿਆਲ ਸਿੰਘ ਇਕੋ-ਇਕ ਪੰਜਾਬੀ ਲੇਖਕ ਹੈ ਜਿਸ ਦੀਆਂ ਰਚਨਾਵਾਂ ‘ਗੁਰਦਿਆਲ ਸਿੰਘ ਰਚਨਾਵਲੀ’ ਦੇ ਅਨੁਵਾਨ ਹੇਠ ਦਸ ਭਾਗਾਂ ਵਿਚ ਛਪੀਆਂ ਹਨ। ਉਸ ਦੀਆਂ ਜਿਹੜੀਆਂ ਕੁਝ ਰਚਨਾਵਾਂ ‘ਕਾਪੀ ਰਾਈਟ’ ਦੇ ਝੰਜਟ ਕਾਰਨ ਇਸ ਰਚਨਾਵਲੀ ਦਾ ਹਿੱਸਾ ਨਹੀਂ ਬਣ ਸਕੀਆਂ ਉਹ ਇਸ ਦੇ ਪ੍ਰਕਾਸ਼ਕ ‘ਲੋਕਗੀਤ ਪ੍ਰਕਾਸ਼ਨ’ ਵੱਲੋਂ ਦੋ ਭਾਗਾਂ ਵਿਚ ਹੋਰ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ। ਕੁੱਲ ਮਿਲਾ ਕੇ ਅੱਜ ਤੱਕ ਉਸ ਦੇ 10 ਨਾਵਲ, 110 ਕਹਾਣੀਆਂ, 70 ਤੋਂ ਵਧੇਰੇ ਬੱਚਿਆਂ ਲਈ ਕਹਾਣੀਆਂ, ਲੇਖ ਅਤੇ ਨਾਟਕ, ਦੋ ਭਾਗਾਂ ਦੀ ਸਵੈ-ਜੀਵਨੀ, ਇਕ ਸੌ ਤੋਂ ਵਧੇਰੇ ਅਖ਼ਬਾਰੀ ਲੇਖ, ਤਿੰਨ ਇਕਾਂਗੀ-ਸੰਗ੍ਰਹਿ ਅਤੇ ਇਕ ਪੂਰਾ ਨਾਟਕ ਛਪ ਚੁੱਕੇ ਹਨ। ਅੱਜ-ਕੱਲ੍ਹ ਉਹ ਆਪਣਾ ਗਿਆਰ੍ਹਵਾਂ ਨਾਵਲ ਲਿਖ ਰਿਹਾ ਹੈ ਜਿਸ ਨੂੰ ਉਹ ਆਪਣੀ ਡਿੱਗ ਰਹੀ ਸਿਹਤ ਦੇ ਮੱਦੇਨਜ਼ਰ ਆਪਣਾ ‘ਆਖ਼ਰੀ’ ਨਾਵਲ ਕਹਿੰਦਾ ਹੈ। ਪਾਠਕਾਂ ਨੂੰ ਸ਼ਾਇਦ ਇਹ ਜਾਣਕਾਰੀ ਨਾ ਹੋਵੇ ਕਿ ਉਸ ਦੇ ਦੋ ਨਾਵਲ ਤੇ ਸਵੈ-ਜੀਵਨੀ ਨੈਸ਼ਨਲ ਬੁੱਕ ਟਰੱਸਟ ਨੇ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਛਾਪਣ ਦਾ ਫ਼ੈਸਲਾ ਕੀਤਾ ਹੈ। ਨਾਵਲ ‘ਅੱਧ ਚਾਨਣੀ ਰਾਤ’ ਸਭ ਭਾਸ਼ਾਵਾਂ ਵਿਚ ਛਪ ਚੁੱਕਾ ਹੈ। ‘ਪਰਸਾ’ ਮਰਾਠੀ, ਅੰਗਰੇਜ਼ੀ ਅਤੇ ਬੰਗਾਲੀ ਵਿਚ ਛਪ ਗਿਆ ਹੈ ਤੇ ਬਾਕੀ ਭਾਸ਼ਾਵਾਂ ਵਿਚ ਇਸੇ ਸਾਲ ਛਪ ਜਾਵੇਗਾ-ਉਸ ਦੀ ਸਵੈ-ਜੀਵਨੀ ਸਮੇਤ। ਉਸ ਦੇ ਛੇ ਨਾਵਲ ਤੇ ਇਕ ਕਹਾਣੀ-ਸੰਗ੍ਰਹਿ ਅੰਗਰੇਜ਼ੀ ਵਿਚ ਛਪ ਚੁੱਕੇ ਹਨ ਤੇ ਪੰਜਾਬੀ ਦਾ ਉਹ ਪਹਿਲਾ ਲੇਖਕ ਹੈ ਜਿਸ ਦੀਆਂ ਰਚਨਾਵਾਂ ਦੇ ਅੰਸ਼ ਤੇ ਉਸ ਬਾਰੇ ਅਨੇਕ ਆਲੋਚਨਾਤਮਿਕ ਲੇਖ ਭਾਰਤ ਦੀ ਸਾਹਿਤ ਅਕਾਦਮੀ ਦੀ ਸਾਢੇ ਛੇ ਸੌ ਸਫ਼ਿਆਂ ਦੀ ਪੁਸਤਕ ‘ਰੀਡਰ’ ਵਿਚ ਪ੍ਰਕਾਸ਼ਿਤ ਕਰ ਰਹੀ ਹੈ, ਜੋ ਅੰਗਰੇਜ਼ੀ ਦੇ ਪ੍ਰੋਫ਼ੈਸਰ ਡਾ. ਰਾਣਾ ਨਈਅਰ ਨੇ ਤਿਆਰ ਕੀਤੀ ਹੈ। ਉਸ ਦੀ ਸਮੁੱਚੀ ਰਚਨਾਵਲੀ ਪੰਜਾਬੀ ਦੇ ਨਾਲ ਨਾਲ ਹਿੰਦੀ ਵਿਚ ਵੀ ਛਪ ਗਈ ਹੈ। ਇਕ ਹੋਰ ਆਧੁਨਿਕ ਖੇਤਰ ਵਿਚ ਵੀ ਸਾਡੇ ਇਸ ਮਹਾਨ ਲੇਖਕ ਨੇ ਸੱਜਰੀਆਂ ਪੈੜਾਂ ਪਾਈਆਂ ਹਨ। ਉਸ ਦੇ ਪਲੇਠੇ ਨਾਵਲ ‘ਮੜ੍ਹੀ ਦਾ ਦੀਵਾ’ ’ਤੇ ਆਧਾਰਤ ਏਸੇ ਨਾਂ ਦੀ ਪਹਿਲੀ ਪੰਜਾਬੀ ਫ਼ਿਲਮ ਐਨ.ਐਫ਼.ਡੀ.ਸੀ. (ਨੈਸ਼ਨਲ ਫ਼ਿਲਮ ਡੀਵੈਲਪਮੈਂਟ ਕਾਰਪੋਰੇਸ਼ਨ) ਵੱਲੋਂ ਮਰਹੂਮ ਡਾਇਰੈਕਟਰ ਸੁਰਿੰਦਰ ਸਿੰਘ ਨੇ 1990 ਵਿਚ ਬਣਾਈ ਸੀ, ਜੋ ਪੰਜਾਬੀ ਦੀ ਪਹਿਲੀ ਕਲਾਤਮਿਕ ਫ਼ਿਲਮ ਸੀ ਤੇ ਜਿਸ ਨੂੰ ਖੇਤਰੀ ਭਾਸ਼ਾਈ ਫ਼ਿਲਮਾਂ ਵਿਚ ਕੌਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਇਸ ਦੇ ਦੋ ਦਹਾਕਿਆਂ ਬਾਅਦ 2011 ਵਿਚ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ’ਤੇ ਆਧਾਰਤ ਫ਼ਿਲਮ ਗੁਰਵਿੰਦਰ ਸਿੰਘ ਦੀ ਖ਼ੂਬਸੂਰਤ ਦੇ ਬਲਵਾਨ ਨਿਰਦੇਸ਼ਨਾ ਹੇਠ ਬਣਾਈ ਗਈ ਹੈ। ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੈ ਜੋ ਅਗਸਤ 2011 ਤੋਂ ਫ਼ਰਵਰੀ 2012 ਤੱਕ ਸੰਸਾਰ ਦੇ ਅੱਠ ਦੇਸ਼ਾਂ ਦੇ ਵਿਸ਼ਵ-ਫ਼ਿਲਮ ਮੇਲਿਆਂ ਵਿਚ ਵਿਖਾਈ ਗਈ ਤੇ ਅਬੂਧਾਬੀ ਦੇ ਵਿਸ਼ਵ ਫ਼ਿਲਮ ਮੇਲੇ ਵਿਚ ਇਸ ਨੂੰ 50 ਹਜ਼ਾਰ ਅਮਰੀਕੀ ਡਾਲਰ ਦਾ ਪੁਰਸਕਾਰ ਵੀ ਦਿੱਤਾ ਗਿਆ। ਉਸ ਦੇ ਚਾਰ ਹੋਰ ਨਾਵਲਾਂ ’ਤੇ ਕੌਮੀ ਪੱਧਰ ਦੇ ਟੀ.ਵੀ. ਸੀਰੀਅਲ ਅਤੇ 10 ਕਹਾਣੀਆਂ ’ਤੇ ਉੱਚ-ਪੱਧਰ ਦੀਆਂ ਟੈਲੀ ਫ਼ਿਲਮਾਂ ਬਣੀਆਂ ਹਨ। ‘ਅੰਨ੍ਹੇ ਘੋੜੇ ਦਾ ਦਾਨ’ ਪੰਜਾਬੀ ਦੀ ਅਜਿਹੀ ਪਹਿਲੀ ਫ਼ਿਲਮ ਹੈ, ਜਿਸ ਨੂੰ ਇਸ ਸਾਲ ਭਾਰਤ ਪੱਧਰ ਦੇ ਤਿੰਨ ਬਾਵੱਕਾਰ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ ਜਿਨ੍ਹਾਂ ਵਿਚ ਸਰਵੋਤਮ ਡਾਇਰੈਕਟਰ ਦਾ ਪੁਰਸਕਾਰ ਵੀ ਸ਼ਾਮਲ ਹੈ (ਇਹ ਪੁਰਸਕਾਰ ਹਰ ਸਾਲ ਦੇਸ਼ ਦੀਆਂ ਮੁੱਖ ਤੇ ਖੇਤਰੀ ਫ਼ਿਲਮਾਂ ਵਿਚੋਂ ਸਮੁੱਚੇ ਰੂਪ ਵਿਚ ਕੇਵਲ ਇਕ ਡਾਇਰੈਕਟਰ ਨੂੰ ਮਿਲਦਾ ਹੈ ਤੇ ਕਿਸੇ ਖੇਤਰੀ ਫ਼ਿਲਮ ਦੇ ਹਿੱਸੇ ਅਜਿਹਾ ਪੁਰਵੱਕਾਰ ਪੁਰਸਕਾਰ ਆਉਣਾ ਉੱਚਤਮ ਸਨਮਾਨ ਦਾ ਸੂਚਕ ਹੈ)। ਗੁਰਦਿਆਲ ਸਿੰਘ ਪੰਜਾਬੀ ਦਾ ਦੂਜਾ ਲੇਖਕ ਹੈ ਜਿਸ ਨੂੰ ਯੱੁਗ-ਕਵਿਤ੍ਰੀ ਅੰਮ੍ਰਿਤਾ ਪ੍ਰੀਤਮ ਤੋਂ ਬਾਅਦ ਭਾਰਤ ਦੇ ‘ਨੋਬਲ ਪ੍ਰਾਈਜ਼’ ਮੰਨੇ ਜਾਂਦੇ ਗਿਆਨਪੀਠ ਐਵਾਰਡ-1999 ਪ੍ਰਾਪਤ ਕਰਨ ਦਾ ਸ਼ਰਫ਼ ਹਾਸਲ ਹੋਇਆ ਹੈ। ਪਦਮਸ਼੍ਰੀ ਵਰਗੀ ਸਨਮਾਨਿਤ ਉਪਾਧੀ ਅਤੇ ਸੋਵੀਅਤ ਨਹਿਰੂ ਪੁਰਸਕਾਰ ਪ੍ਰਾਪਤੀ ਤੋਂ ਇਲਾਵਾ ਤਿੰਨ ਸਭ ਤੋਂ ਛੋਟੀ ਉਮਰ ਦੇ ਉਨ੍ਹਾਂ ਲੇਖਕਾਂ ਵਿਚ ਵੀ ਉਸ ਦਾ ਨਾਂ ਸ਼ਾਮਲ ਹੈ ਜਿਸ ਨੂੰ 1975 ਵਿਚ ਕੇਵਲ 42 ਸਾਲ ਦੀ ਉਮਰ ਵਿਚ ਭਾਰਤ ਦੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ। ਇਨ੍ਹਾਂ ਵੱਡੇ ਪੁਰਸਕਾਰਾਂ ਤੋਂ ਇਲਾਵਾ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਛੇ ਪੁਰਸਕਾਰਾਂ ਸਮੇਤ ਅਨੇਕ ਪੰਜਾਬੀ ਅਤੇ ਭਾਰਤੀ ਸਾਹਿਤ ਸੰਸਥਾਵਾਂ ਵੱਲੋਂ 20 ਤੋਂ ਵਧੇਰੇ ਪੁਰਸਕਾਰ ਉਸ ਨੂੰ ਪ੍ਰਾਪਤ ਹੋ ਚੁੱਕੇ ਹਨ। ਉਸ ਦੀਆਂ ਰਚਨਾਵਾਂ ’ਤੇ ਕਈ ਵਿਦਿਆਰਥੀ ਪੀਐਚ.ਡੀ. ਦੀਆਂ ਡਿਗਰੀਆਂ ਲੈ ਚੁੱਕੇ ਹਨ। ਇਕ ਸੰਸਥਾ ਵੱਲੋਂ ਕਰਾਏ ਗਏ ਸਰਵੇ ਅਨੁਸਾਰ ‘ਗੁਰਦਿਆਲ ਸਿੰਘ ਵਧੇਰੇ ਸੰਵੇਦਨਸ਼ੀਲ ਤੇ ਗੰਭੀਰ ਸਾਹਿਤ ਪੜ੍ਹਨ ਵਾਲੇ ਪਾਠਕਾਂ ਵੱਲੋਂ ਸਭ ਤੋਂ ਵਧੇਰੇ ਪੜ੍ਹਿਆ ਜਾਣ ਵਾਲਾ ਲੇਖਕ ਹੈ।’ ਇਨ੍ਹਾਂ ਲਾਜਵਾਬ ਪ੍ਰਾਪਤੀਆਂ ਦੇ ਬਾਵਜੂਦ ਗੁਰਦਿਆਲ ਸਿੰਘ ਆਪਣੀ ਪਿੰਡ ਵਰਗੀ, ਚਾਲੀ ਹਜ਼ਾਰ ਦੀ ਆਬਾਦੀ ਵਾਲੀ ਜੈਤੋ ਮੰਡੀ ਵਿਚ ਹੀ ਰਹਿ ਕੇ ਖ਼ੁਸ਼ ਹੈ, ਜਿੱਥੇ ਵੱਧ ਤੋਂ ਵੱਧ ਸੌ ਦੋ ਸੌ ਵਿਦਿਆਰਥੀ ਤੇ ਅਧਿਆਪਕ ਹੀ ਜਾਣਦੇ ਹਨ ਕਿ ਉਹ ਕਿੰਨਾ ਵੱਡਾ ਲੇਖਕ ਹੈ। ਉਹਦੇ ਮੁਹੱਲੇ ਦੇ ਲੋਕ ਵੀ ਉਸ ਨੂੰ ‘ਰਾਹੀ ਸਾਹਿਬ’ (ਪਹਿਲੋ ਪਹਿਲ ਉਹ ਆਪਣੇ ਨਾਂ ਨਾਲ ‘ਰਾਹੀ’ ਵੀ ਲਿਖਿਆ ਕਰਦਾ ਸੀ) ਜਾਂ ‘ਗਿਆਨੀ ਜੀ’ ਕਰਕੇ ਹੀ ਜਾਣਦੇ ਹਨ ਤੇ ਕਿਸੇ ਨੂੰ ਉਸ ਦੀਆਂ ਚਾਰ ਕਿਤਾਬਾਂ ਦੇ ਨਾਂ ਵੀ ਨਹੀਂ ਆਉਂਦੇ। ਉਹ ਇਸ ਪੱਖੋਂ ਬੇਹੱਦ ਸੰਤੁਸ਼ਟ ਹੈ ਕਿ ਉਹਨੂੰ ਉਹਦੇ ਹੀ ਨਗਰ ਦੇ ਲੋਕ ਇਕ ‘ਵੱਡੇ ਲੇਖਕ’ ਵਜੋਂ ਨਹੀਂ ਜਾਣਦੇ ਜਿਸ ਕਾਰਨ ਉਹ ਇਕ ਸਾਧਾਰਨ ਵਿਅਕਤੀ ਵਾਂਗ ਉਨ੍ਹਾਂ ਵਿਚ ਵਿਚਰ ਸਕਦਾ ਹੈ ਤੇ ਸਾਧਾਰਨ ਜੀਵਨ ਬਿਤਾ ਰਿਹਾ ਹੈ। ਜਦੋਂ ਕੋਈ ਉਸ ਦੀਆਂ ਮਹਾਨ ਸਾਹਿਤਕ ਪ੍ਰਾਪਤੀਆਂ ਬਾਰੇ ਗੱਲ ਛੇੜੇ ਤਾਂ ਉਹ 19ਵੀਂ ਸਦੀ ਦੇ ਕਿਊਬਾ ਦੇ ਇਕ ਕਵੀ, ਪੱਤਰਕਾਰ, ਚਿੰਤਕ, ‘ਜੋਸੇ ਮਾਰਤੀ’ (ਜੋ 42 ਕੁ ਸਾਲ ਹੀ ਜਿਉਂ ਸਕਿਆ) ਦੀ ਮਿਸਾਲ ਦਿੰਦਾ ਹੈ ਜਿਸ ਨੇ ਕਿਹਾ ਸੀ ਕਿ ‘ਦੁਨੀਆਂ ਦਾ ਸਾਰਾ ਸਨਮਾਨ, ਪ੍ਰਤਿਸ਼ਠਾ ਮੱਕੀ ਦੀ ਇਕ ਛੱਲੀ ਦੇ ਗੁੱਲ ਵਿਚ ਹੀ ਸਮਾ ਜਾਂਦੀ ਹੈ।’ ਭਾਵ ਉਸ ਦਾ ਏਨਾ ਕੁ ਹੀ ਮੁੱਲ ਹੁੰਦਾ ਹੈ। * ਮੋਬਾਈਲ: 98722-20551

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਸਹਿਮਤ

ਪੰਜਾਬ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਸਹਿਮਤ

ਰਾਜਪਾਲ ਤੇ ਪੰਜਾਬ ਸਰਕਾਰ ਦਰਮਿਆਨ ਖਿੱਚੋਤਾਣ ਰੁਕੀ; 27 ਸਤੰਬਰ ਨੂੰ ਸਵੇ...

ਲੁਧਿਆਣਾ ’ਚ ਏਸੀਪੀ ਵਲੋਂ ਦੁਕਾਨਦਾਰ ਦੀ ਕੁੱਟਮਾਰ, ਵੀਡੀਓ ਵਾਇਰਲ

ਲੁਧਿਆਣਾ ’ਚ ਏਸੀਪੀ ਵਲੋਂ ਦੁਕਾਨਦਾਰ ਦੀ ਕੁੱਟਮਾਰ, ਵੀਡੀਓ ਵਾਇਰਲ

ਸਲੇਮ ਟਾਬਰੀ ਨੇੜੇ ਸ਼ਗਨ ਬੀਕਾਨੇਰ ਸਵੀਟਸ ਬਾਹਰ ਵਾਪਰੀ ਘਟਨਾ

ਸ਼ਹਿਰ

View All