ਪੰਜਾਬੀ ਗਾਇਕੀ ਦੀ ਸ਼ਹਿਜ਼ਾਦੀ ਜ਼ੁਬੈਦਾ ਖ਼ਾਨੁਮ : The Tribune India

ਪੰਜਾਬੀ ਗਾਇਕੀ ਦੀ ਸ਼ਹਿਜ਼ਾਦੀ ਜ਼ੁਬੈਦਾ ਖ਼ਾਨੁਮ

ਪੰਜਾਬੀ ਗਾਇਕੀ ਦੀ ਸ਼ਹਿਜ਼ਾਦੀ ਜ਼ੁਬੈਦਾ ਖ਼ਾਨੁਮ

ਡਾ. ਰਾਜਵੰਤ ਕੌਰ ‘ਪੰਜਾਬੀ’

ਪਾਕਿਸਤਾਨੀ ਪੰਜਾਬੀ ਫ਼ਿਲਮੀ ਗਾਇਕ-ਗਾਇਕਾਵਾਂ ਬਾਰੇ ਗੱਲ ਕਰੀਏ ਤਾਂ ਸੰਗੀਤ ਪ੍ਰੇਮੀ ਪਿੱਠਵਰਤੀ ਗਾਇਕਾ ਜ਼ੁਬੈਦਾ ਖ਼ਾਨੁਮ ਦਾ ਨਾਂ ਖ਼ਾਸ ਇਹਤਿਰਾਮ ਨਾਲ ਲੈਂਦੇ ਹਨ। ਉਸ ਨੂੰ ਪੰਜਾਬੀ ਗਾਇਕੀ ਦੀ ਸ਼ਹਿਜ਼ਾਦੀ ਵਜੋਂ ਜਾਣਿਆ ਜਾਂਦਾ ਹੈ। ਉਸ ਦਾ ਜਨਮ ਦੇਸ਼ ਵੰਡ ਤੋਂ ਬਾਰਾਂ ਵਰ੍ਹੇ ਪਹਿਲਾਂ 1935 ਵਿੱਚ ਮੁਸਲਿਮ ਪਰਿਵਾਰ ਵਿੱਚ ਅੰਮ੍ਰਿਤਸਰ ਵਿਖੇ ਹੋਇਆ ਸੀ, ਪਰ ਪਾਕਿਸਤਾਨ ਬਣਨ ਉਪਰੰਤ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਜਾ ਵੱਸਿਆ ਸੀ। ਉਹ ਆਪਣੇ ਮਾਪਿਆਂ ਦੇ ਚਾਰਾਂ ਬੱਚਿਆਂ ਵਿੱਚੋਂ ਪਲੇਠੀ ਸੀ। ਉਸ ਦਾ ਸਬੰਧ ਕਿਸੇ ਪਰੰਪਰਕ ਸੰਗੀਤ ਘਰਾਣੇ ਨਾਲ ਨਹੀਂ ਸੀ, ਬਸ ਗਾਉਣ ਦਾ ਸ਼ੌਕ ਸੀ। ਉਸ ਨੇ ਸੰਗੀਤ ਦੀ ਰਸਮੀ ਤਾਲੀਮ ਵੀ ਨਹੀਂ ਸੀ ਲਈ। ਭਰਾ ਸੰਗੀਤ ਦੀ ਸਿਖਲਾਈ ਲੈ ਰਿਹਾ ਸੀ। ੳੁਹ ਨੌਂ-ਦਸ ਸਾਲ ਦੀ ਸੀ ਜਦੋਂ ਰਿਆਜ਼ ਕਰਦੇ ਭਰਾ ਕੋਲ ਬੈਠ ਜਾਂਦੀ ਸੀ। ਸਕੂਲੀ ਪੜ੍ਹਾਈ ਦੌਰਾਨ ਉਸ ਦੀ ਅਧਿਆਪਕਾ ਨੇ ਉਸ ਅੰਦਰਲੀ ਪ੍ਰਤਿਭਾ ਨੂੰ ਪਛਾਣਿਆ ਤੇ ਰੇਡੀਓ ਪਾਕਿਸਤਾਨ ਦੇ ਸੰਪਰਕ ਵਿੱਚ ਲਿਆਂਦਾ। ਸੰਗੀਤ ਦੀ ਵਿਦਿਆਰਥਣ ਨਾ ਹੋਣ ਦੇ ਬਾਵਜੂਦ ਉਸ ਨੂੰ ਨਿੱਕੀ ਉਮਰ ਤੋਂ ਹੀ ਧਾਰਮਿਕ ਸਮਾਗਮਾਂ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫ਼ਤ ਵਿੱਚ ਲਿਖੀ ਨਾਅਤ ਅਤੇ ਸਲਾਮਤੀ ਦੀ ਦੁਆ ਪੜ੍ਹਨ ਦਾ ਅਭਿਆਸ ਹੋ ਗਿਆ ਸੀ। ਪਰਿਵਾਰ ਵੱਲੋਂ ਸੰਗੀਤ ਖੇਤਰ ਵਿੱਚ ਜ਼ੁਬੈਦਾ ਖ਼ਾਨੁਮ ਦੇ ਰੁਜ਼ਗਾਰ ਦਾ ਵਿਰੋਧ ਹੋਣ ਦੇ ਬਾਵਜੂਦ ਉਸ ਨੇ ਆਪਣਾ ਪਹਿਲਾ ਗੀਤ ਪੰਜਾਬੀ ਵਿੱਚ ਗਾਇਆ। ਵੀਹਵੀਂ ਸਦੀ ਦੇ ਪੰਜਵੇਂ-ਛੇਵੇਂ ਦਹਾਕੇ ਦੇ ਲੌਲੀਵੁੱਡ ਦੇ ਸੁਨਹਿਰੀ ਯੁੱਗ ਦੇ ਵਧੀਆ ਗਾਇਕ-ਗਾਇਕਾਵਾਂ ਵਿੱਚੋਂ ਉਸ ਦਾ ਨਾਂ ਇੱਕ ਹੈ। ਇਸ ਵਕਫ਼ੇ ਦੌਰਾਨ ਉਸ ਦੀ ਆਵਾਜ਼ ਵਿੱਚ ਮੁੱਖ ਤੌਰ ’ਤੇ ਸੋਲੋ, ਪਰ ਦੋਗਾਣਿਆਂ ਸਮੇਤ ਤਕਰੀਬਨ 250 ਫ਼ਿਲਮੀ ਗੀਤ ਰਿਕਾਰਡ ਹੋਏ। ਆਰਥਿਕ ਮਜਬੂਰੀ ਕਾਰਨ ਉਸ ਨੇ ਫ਼ਿਲਮ ‘ਪਾਟੇ ਖਾਂ’ (1955), ‘ਮੋਰਨੀ’ ਤੇ ‘ਦੁੱਲਾ ਭੱਟੀ’ (1956) ਸਮੇਤ ਕਈ ਫ਼ਿਲਮਾਂ ਵਿੱਚ ਸਹਾਇਕ ਅਦਾਕਾਰਾ ਵਜੋਂ ਕੰਮ ਵੀ ਕੀਤਾ। ਮੋਰਨੀ ਤੇ ਪਾਟੇ ਖਾਂ ਵਿੱਚ ਉਸ ਨੇ ਨੂਰ ਜਹਾਂ ਨਾਲ ਸੰਖੇਪ ਰੋਲ ਨਿਭਾਏ। ਆਰਥਿਕ ਖ਼ੁਸ਼ਹਾਲੀ ਆਉਂਦਿਆਂ ਹੀ ਉਸ ਨੇ ਅਦਾਕਾਰੀ ਛੱਡ ਦਿੱਤੀ ਅਤੇ ਗਾਉਣਾ ਜਾਰੀ ਰੱਖਿਆ। ਆਪਣੇ ਰੁਜ਼ਗਾਰ ਦੀ ਬੁਲੰਦੀ ਵੇਲੇ ਉਸ ਦਾ ਜੀਵਨ-ਸਾਥੀ ਵਜੋਂ ਨਾਤਾ ਕੈਮਰਾਮੈਨ ਰਿਆਜ਼ ਬੁਖ਼ਾਰੀ ਨਾਲ ਜੁੜਿਆ। ਸਹੁਰਿਆਂ ਉਸ ਨੂੰ ਖ਼ੂਬ ਪਿਆਰ ਦਿੱਤਾ। ਨਾ ਪਤੀ ਨੇ ਗਾਉਣ ਲਈ ਕਿਹਾ ਤੇ ਨਾ ਵਿਆਹ ਉਪਰੰਤ ਉਸ ਦੀ ਆਪ ਗਾਉਣ ਦੀ ਇੱਛਾ ਹੋਈ। ਪਰਿਵਾਰ ਦੀ ਬਿਹਤਰੀ ਲਈ ਉਸ ਨੇ ਫ਼ਿਲਮ ਇੰਡਸਟਰੀ ਨਾਲੋਂ ਨਾਤਾ ਤੋੜ ਲਿਆ। ਉਸ ਦੇ ਦੋ ਬੇਟੀਆਂ ਅਤੇ ਦੋ ਬੇਟੇ ਹੋਏ। ਬੇਟਾ ਸਈਦ ਫ਼ੈਸਲ ਬੁਖ਼ਾਰੀ ਪਿਤਾ ਵਾਂਗ ਕੈਮਰਾਮੈਨ ਬਣਿਆ ਅਤੇ ੳੁਹ ਪਾਕਿਸਤਾਨੀ ਉਰਦੂ ਫ਼ਿਲਮਾਂ ‘ਨੋ ਪੈਸਾ ਨੋ ਪ੍ਰਾਬਲਮ’ (2001), ‘ਭਾਈ ਲੋਗ’ (2011) ਅਤੇ ‘ਸਲਤਨਤ’ (2014) ਦਾ ਨਿਰਮਾਤਾ-ਨਿਰਦੇਸ਼ਕ ਵੀ ਹੈ। ਜ਼ੁਬੈਦਾ ਨੇ ਪਿੱਠਵਰਤੀ ਗਾਇਕਾ ਵਜੋਂ ਫ਼ਿਲਮਾਂ ਵਿੱਚ ਵਰਤੋਂ ਲਈ ਪਹਿਲਾਂ ਰਿਕਾਰਡ ਹੋਏ ਗੀਤਾਂ ਰਾਹੀਂ ਹਾਜ਼ਰੀ ਲਵਾਈ। 1951 ਵਿੱਚ ਬਣੀ ਪੰਜਾਬੀ ਫ਼ਿਲਮ ‘ਬਿੱਲੋ’ ਰਾਹੀਂ ਉਸ ਦੀ ਆਵਾਜ਼ ਦੀ ਪਹਿਲੀ ਪੇਸ਼ਕਾਰੀ ਹੋਈ ਅਤੇ 1953 ਵਿੱਚ ਬਣੀ ਫ਼ਿਲਮ ‘ਸ਼ਹਿਰੀ ਬਾਬੂ’ ਰਾਹੀਂ ਉਸ ਨੇ ਖ਼ੂਬ ਸ਼ੋਹਰਤ ਖੱਟੀ। ਹੋਇਆ ਏਦਾਂ ਕਿ ਪਾਕਿਸਤਾਨ ਵਿੱਚ ਪੰਜਾਬੀ ਫ਼ਿਲਮਸਾਜ਼ੀ ਦੀ ਨੀਂਹ ਰੱਖਣ ਵਾਲੇ ਨਜ਼ੀਰ ਸਾਹਿਬ ਦੀ ਪਤਨੀ ਅਦਾਕਾਰਾ ਸਵਰਨ ਲਤਾ ਨੇ ਰੇਡੀਓ ਪ੍ਰੋਗਰਾਮ ਦੌਰਾਨ ਜ਼ੁਬੈਦਾ ਨੂੰ ਗਾਉਂਦਿਆਂ ਸੁਣਿਆ ਤਾਂ ਰਸ਼ੀਦ ਅਤਰੇ ਸਾਹਿਬ ਰਾਹੀਂ ਉਸ ਨੂੰ ਬੁਲਾਇਆ। ਉਨ੍ਹਾਂ ਦਿਨਾਂ ਵਿੱਚ ਉਹ ‘ਸ਼ਹਿਰੀ ਬਾਬੂ’ ਬਣਾ ਰਹੇ ਸਨ ਅਤੇ ਰਸ਼ੀਦ ਅਤਰੇ ਸਾਹਿਬ ਸੰਗੀਤ ਨਿਰਦੇਸ਼ਕ ਸਨ। ਉਨ੍ਹਾਂ ਜ਼ੁਬੈਦਾ ਨੂੰ ਇਸ ਫ਼ਿਲਮ ਲਈ ਗੀਤ ਗਾਉਣ ਲਈ ਕਿਹਾ। ਫ਼ਿਲਮ ‘ਸ਼ਹਿਰੀ ਬਾਬੂ’ ਲਈ ਹੀ ਤੁਫ਼ੈਲ ਹੁਸ਼ਿਆਰਪੁਰੀ ਦੇ ਲਿਖੇ, ਰਸ਼ੀਦ ਅਤਰੇ ਵੱਲੋਂ ਰਾਗ ਭੈਰਵੀ ਵਿੱਚ ਕੰਪੋਜ਼ ਕੀਤੇ ਅਤੇ ਜ਼ੁਬੈਦਾ ਖ਼ਾਨੁਮ ਦੇ ਗਾਏ ਹੋਏ ਉਸ ਗੀਤ ਨੂੰ ਕੌਣ ਭੁੱਲ ਸਕਦਾ ਹੈ ਜਿਸ ਵਿੱਚ ਪਿਆਰ ਕਰਨ ਵਾਲੇ ਇੱਕ ਦਿਲ ਨੇ ਰੱਬ ਅੱਗੇ ਇੰਜ ਫ਼ਰਿਆਦ ਕੀਤੀ ਸੀ : ‘‘ਰਾਤਾਂ ਨ੍ਹੇਰੀਆਂ ਬਣਾ ਕੇ ਰੱਬਾ ਮੇਰੀਆਂ, ਨਸੀਬਾਂ ਵਾਲੇ ਤਾਰੇ ਡੁੱਬ ਗਏ। ਮੈਨੂੰ ਰੋੜ੍ਹ ਕੇ, ਬੇੜੀ ਦਾ ਰੱਸਾ ਤੋੜ ਕੇ, ਤੂਫ਼ਾਨਾਂ ’ਚ ਕਿਨਾਰੇ ਡੁੱਬ ਗਏ।” ਫ਼ਿਲਮ ‘ਪੱਤਣ’ ਲਈ ਬਾਬਾ ਚਿਸ਼ਤੀ ਵੱਲੋਂ ਲਿਖਿਆ ਇੱਕ ਗੀਤ ਜਦੋਂ ਜ਼ੁਬੈਦਾ ਖ਼ਾਨਮ ਨੇ ਗਾਇਆ ਤਾਂ ਸਹਿ-ਗਾਇਕ ਇਨਾਇਤ ਭੱਟੀ ਵੀ ਝੂਮ ਉਠਿਆ। ਗੀਤ ਦੇ ਬੋਲ ਸਨ- ‘‘ਬੇੜੀ ਦਿੱਤੀ ਠੇਲ੍ਹ ਵੇ, ਮੁਹੱਬਤਾਂ ਦਾ ਖੇਲ ਵੇ ਰੱਬ ਨੇ ਕਰਾਇਆ ਸਾਡਾ, ਪੱਤਣਾਂ ’ਤੇ ਮੇਲ ਵੇ’’ ਉਸ ਨੂੰ ਸ਼ਾਇਰੀ ਨਾਲ ਲਗਾਓ ਸੀ ਅਤੇ ਮਸਊਦ ਅਨਵਰ ਉਸ ਦੇ ਪਸੰਦੀਦਾ ਸ਼ਾਇਰ ਸਨ। ਜ਼ੁਬੈਦਾ ਨੇ ਜਿਨ੍ਹਾਂ ਗੀਤਾਂ ਨੂੰ ਆਵਾਜ਼ ਦਿੱਤੀ, ਉਨ੍ਹਾਂ ਵਿੱਚੋਂ ਕੁਝ ਇਹ ਹਨ: ‘ਬਾਬਲ ਦਾ ਵਿਹੜਾ ਛੱਡ ਕੇ ਹੋ ਕੇ ਮਜਬੂਰ ਚੱਲੀ, ਗੁੱਡੀਆਂ ਪਟੋਲੇ ਛੱਡ ਕੇ, ਵੀਰਾਂ ਤੋਂ ਦੂਰ ਚੱਲੀ’ (ਗੁੱਡੀ ਗੁੱਡਾ) ‘ਮੇਰਾ ਦਿਲ ਚੰਨਾ ਕੱਚ ਦਾ ਖਿਡੌਣਾ’ ਤੇ ‘ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ’ (ਮੁਖੜਾ) ‘ਬੁੰਦੇ ਚਾਂਦੀ ਦੇ, ਸੋਨੇ ਦੀ ਨੱਥ ਲੈ ਕੇ, ਆਜਾ ਹੋ ਬੇਲੀਆ’ (ਚੰਨ ਮਾਹੀ) ਦੋਗਾਣਿਆਂ ਵਿੱਚੋਂ ਬਹੁਗਿਣਤੀ ਜ਼ੁਬੈਦਾ ਨੇ ਇਨਾਇਤ ਹੁਸੈਨ ਭੱਟੀ ਨਾਲ ਗਾਏ ਜਿਨ੍ਹਾਂ ਵਿੱਚੋਂ ‘ਨਾ ਨਾ ਨਾ ਛੱਡ ਮੇਰੀ ਬਾਂਹ’, ‘ਰੱਬ ਹੋਵੇ ਤੇ ਮੇਲ ਕਰਾਵੇ, ਨੀਂ ਤੇਰਾ ਮੇਰਾ ਰੱਬ ਕੋਈ ਨਾ’, ‘ਦੁਖੀ ਨੈਣਾਂ ਕੋਲੋਂ ਮੁੱਖ ਨਾ ਲੁਕਾ ਸੱਜਣਾ’, ‘ਦਿਲ ਨਹੀਓਂ ਦੇਣਾ ਤੇਰੇ ਬਾਝੋਂ ਕਿਸੇ ਹੋਰ ਨੂੰ’, ‘ਅੱਜ ਆਖਾਂ ਵਾਰਿਸ ਸ਼ਾਹ ਨੂੰ...’ ਜ਼ਿਕਰਯੋਗ ਹਨ। ਜ਼ੁਬੈਦਾ ਨੇ ਕੋਰਸ ਗੀਤ ਵੀ ਗਾਏ ਜਿਨ੍ਹਾਂ ਵਿੱਚੋਂ ‘ਰੰਗ ਰੰਗੀਲੀ ਡੋਲੀ ਮੇਰੀ, ਬਾਬਲ ਅੱਜ ਨਾ ਟੋਰ ਵੇ’ ਤੇ ‘ਲਾਲ ਪਰਾਂਦਾ, ਇਹੋ ਗੱਲ ਆਂਹਦਾ’ ਅਹਿਮ ਹਨ। ਜ਼ੁਬੈਦਾ ਨੇ ਗੀਤਕਾਰ ਹਜ਼ੀਂ ਕਾਦਰੀ ਦੇ ਲਿਖੇ ਅਨੇਕ ਗੀਤ ਗਾਏ। ੳੁਸ ਨੇ ਅਹਿਮਦ ਰਾਹੀ ਦੇ ਲਿਖੇ ਕਈ ਗੀਤਾਂ ਨੂੰ ਵੀ ਆਵਾਜ਼ ਦਿੱਤੀ, ਜਿਵੇਂ- ‘ਮੇਰੀ ਚੁੰਨੀ ਦੀਆਂ ਰੇਸ਼ਮੀ ਤੰਦਾਂ, ਵੇ ਮੈਂ ਘੁੱਟ ਘੁੱਟ ਦੇਨੀ ਆਂ ਗੰਢਾਂ ਕਿ ਚੰਨਾ ਤੇਰੀ ਯਾਦ ਨਾ ਭੁੱਲੇ। (ਚੱਟੀ) ‘ਤੇਰੇ ਦਰ ’ਤੇ ਆ ਕੇ ਸੱਜਣਾ ਵੇ, ਅਸੀਂ ਝੋਲੀ ਖ਼ਾਲੀ ਲੈ ਚੱਲੇ’ (ਯੱਕੇ ਵਾਲੀ) ‘ਹੁਣ ਮੁੱਕ ਗਿਆ ਲੁਕ ਲੁਕ ਤੱਕਣਾ ਤੇ ਅੱਖੀਆਂ ਦੀ ਭੁੱਖ ਲੱਥ ਗਈ’ (ਮਾਹੀ ਮੁੰਡਾ) ਜ਼ੁਬੈਦਾ ਨੇ ਬਾਬੂ ਫ਼ਿਰੋਜ਼ਦੀਨ ਸ਼ਰਫ਼ ਸਮੇਤ ਕੲੀ ਪ੍ਰਸਿੱਧ ਗੀਤਕਾਰਾਂ ਦੇ ਲਿਖੇ ਗੀਤ ਵੀ ਗਾਏ। ਬੀਬੀਸੀ ਵੱਲੋਂ ਉਸ ਨਾਲ ਕਈ ਮੁਲਾਕਾਤਾਂ ਕੀਤੀਆਂ ਗਈਆਂ। ਪੰਜਾਬੀ ਫ਼ਿਲਮੀ ਗੀਤਾਂ ਦੇ ਮੁਢਲੇ ਵਰ੍ਹਿਆਂ ਦੌਰਾਨ ਭਾਵ ਪਾਕਿਸਤਾਨ ਬਣਨ ਤੋਂ ਲੈ ਕੇ 1960 ਤਕ ਸਭ ਤੋਂ ਵਧੇਰੇ ਪੰਜਾਬੀ ਫ਼ਿਲਮੀ ਗੀਤ ਗਾਉਣ ਵਾਲੀ ਗਾਇਕਾ ਹੈ ਜ਼ੁਬੈਦਾ ਖ਼ਾਨੁਮ। ਜ਼ੁਬੈਦਾ 78 ਸਾਲ ਦੀ ਉਮਰ ਭੋਗ ਕੇ ਦਿਲ ਦਾ ਦੌਰਾ ਪੈਣ ਨਾਲ ਆਪਣੀ ਰਿਹਾਇਸ਼ ਲਾਹੌਰ (ਪਾਕਿਸਤਾਨ) ਵਿਖੇ 19 ਅਕਤੂਬਰ 2013 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗੲੀ।

ਸੰਪਰਕ: 85678-86223

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All