ਪੰਘੂੜੇ ਵਿਚ ਇਕ ਹੋਰ ਬੱਚੀ ਆਈ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 7 ਅਕਤੂਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈਡ ਕਰਾਸ ਸੁਸਾਇਟੀ ਵਿਖੇ ਲਾਵਾਰਿਸ ਬੱਚਿਆਂ ਦੀ ਸਾਂਭ ਸੰਭਾਲ ਲਈ ਸ਼ੁਰੂ ਕੀਤੀ ਗਈ ਪੰਘੂੜਾ ਯੋਜਨਾ ਵਿਚ ਅੱਜ ਇਕ ਸਾਲ ਦੀ ਹੋਰ ਬੱਚੀ ਆ ਗਈ। ਇਸ ਬੱਚੀ ਦੀ ਆਮਦ ਨਾਲ ਹੁਣ ਤੱਕ ਇਸ ਪੰਘੂੜੇ ਵਿਚ 25 ਬੱਚੇ ਆ ਚੁੱਕੇ ਹਨ। ਲਗਪਗ ਇਕ ਸਾਲ ਦੀ ਉਮਰ ਦੀ ਇਹ ਬੱਚੀ ਰੇਲਵੇ ਪੁਲੀਸ ਨੂੰ 6 ਅਕਤੂਬਰ ਨੂੰ ਰੇਲਵੇ ਸਟੇਸ਼ਨ ਤੋਂ ਪ੍ਰਾਪਤ ਹੋਈ ਸੀ ਜਿਸ ਦੇ ਮਾਪਿਆਂ ਦੀ ਭਾਲ ਲਈ ਉਨ੍ਹਾਂ ਯਤਨ ਕੀਤਾ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਅੱਜ ਇਸ ਬੱਚੀ ਨੂੰ ਰੇਲਵੇ ਪੁਲੀਸ ਵਲੋਂ ਰੈਡ ਕਰਾਸ ਨੂੰ ਸੌਂਪ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੇ.ਐਸ. ਪਨੂੰ ਨੇ ਦੱਸਿਆ ਕਿ ਇਸ ਬੱਚੀ ਦਾ ਈ.ਐਮ.ਸੀ. ਹਸਪਤਾਲ ਤੋਂ ਮੈਡੀਕਲ ਮੁਆਇਨਾ ਕਰਵਾਇਆ ਗਿਆ ਹੈ ਅਤੇ ਬੱਚੀ ਸਿਹਤਯਾਬ ਹੈ। ਇਸ ਬੱਚੀ ਨੂੰ ਪਾਲਣ ਪੋਸ਼ਣ ਲਈ ਜਲੰਧਰ ਸਥਿਤ ਨਾਰੀ ਨਿਕੇਤਨ ਟਰੱਸਟ ਦੇ ਸ਼ਿਸ਼ੂ ਗ੍ਰਹਿ ਵਿਖੇ ਭੇਜਿਆ ਜਾਵੇਗਾ ਜਿਥੋਂ ਇਸ ਬੱਚੀ ਨੂੰ ਲੋੜਵੰਦ ਮਾਪੇ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਅਪਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬੱਚੀ ਤੋਂ ਪਹਿਲਾਂ ਇਸ ਪੰਘੂੜੇ ਵਿਚ 24 ਬੱਚੇ ਆ ਚੁੱਕੇ ਹਨ ਅਤੇ ਇਹ ਸਾਰੇ ਹੀ ਬੱਚੇ ਲੋੜਵੰਦ ਮਾਪਿਆਂ ਵਲੋਂ ਅਪਣਾਏ ਜਾ ਚੁੱਕੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All