ਪ੍ਰੋਫ਼ੈਸਰ ਅਜਮੇਰ ਔਲਖ ਨੂੰ ਯਾਦ ਕਰਦਿਆਂ...

ਪ੍ਰੋਫ਼ੈਸਰ ਅਜਮੇਰ ਔਲਖ ਨੂੰ ਯਾਦ ਕਰਦਿਆਂ...

ਸ਼ਰਨਜੀਤ ਕੌਰ ਆਪ ਬੀਤੀ

10207687cd _ajmer aulakhਇਹ ਗੱਲ ਸਾਲ 2000 ਦੀ ਹੈ। ਮੇਰੀ ਇੱਛਾ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿੱਚੋਂ ਬੀ.ਏ. ਕਰਨ ਦੀ ਸੀ, ਪਰ ਡੈਡੀ ਨੇ ਇਸ ਨੂੰ ‘ਮੁੰਡਿਆਂ’ ਦਾ ਕਾਲਜ ਕਹਿ ਕੇ ਕੋਰੀ ਨਾਂਹ ਕਰ ਦਿੱਤੀ ਸੀ। ਦਰਅਸਲ, ਉਸ ਵੇਲੇ ਕੋਈ ਟਾਵੀਂ-ਟੱਲੀ ਕੁੜੀ ਹੀ ਇੱਥੇ ਦਾਖਲ ਹੁੰਦੀ ਸੀ। ਵੱਡੀ ਗਿਣਤੀ ਮਾਪੇ ਕੁੜੀਆਂ ਦੇ ਪ੍ਰਾਈਵੇਟ ਕਾਲਜਾਂ ’ਚ ਹੀ ਆਪਣੀਆਂ ਧੀਆਂ ਨੂੰ ਪੜ੍ਹਨ ਭੇਜਦੇ ਸਨ। ਇੱਕ ਪਾਸੇ ਮੱਧਵਰਗੀ ਪਰਿਵਾਰ ਦੀ ਪਤਲੀ ਆਰਥਿਕ ਹਾਲਤ ਸੀ ਤੇ ਦੂਜੇ ਪਾਸੇ ਡੈਡੀ ਦਾ ਕੋਰਾ ਜੁਆਬ। ਵੱਡੀ ਭੈਣ ਪ੍ਰਾਈਵੇਟ ਕਾਲਜ ਅਤੇ ਛੋਟਾ ਭਰਾ ਪ੍ਰਾਈਵੇਟ ਸਕੂਲ ਵਿੱਚ ਪੜ੍ਹ ਰਹੇ ਸਨ ਤੇ ਤੀਜੀ ਮੈਂ ਹੁਣ ਇਸੇ ਲਈ ਸਰਕਾਰੀ ਕਾਲਜ ਦੀ ਓਟ ਲੈਣਾ ਚਾਹੁੰਦੀ ਸੀ ਤਾਂ ਜੋ ਮਾਪਿਆਂ ’ਤੇ ਬੋਝ ਵੀ ਨਾ ਪਵੇ ਅਤੇ ਮੇਰੀ ਪੜ੍ਹਾਈ ਵੀ ਚੱਲਦੀ ਰਹੇ। ਇਸ ਮਾਮਲੇ ’ਚ ਬਾਕੀ ਸਾਰਾ ਪਰਿਵਾਰ ਮੇਰੇ ਨਾਲ ਸਹਿਮਤ ਸੀ ਤੇ ਫ਼ੈਸਲਾ ਮੇਰੇ ਪੱਖ ਵਿੱਚ ਕਰਵਾਉਣ ਲਈ ਦਲੀਲਾਂ ਪੇਸ਼ ਕਰ ਰਿਹਾ ਸੀ, ਪਰ ਸਭ ਵਿਅਰਥ। ਆਖ਼ਿਰ ਅਸੀਂ ਦੋਵੇਂ ਭੈਣਾਂ ਨੇ ਉੱਘੇ ਰੰਗਕਰਮੀ ਪ੍ਰੋਫ਼ੈਸਰ ਅਜਮੇਰ ਔਲਖ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਹਿਰੂ ਕਾਲਜ ਵਿੱਚ ਤਾਂ ਇੰਨੇ ਵੱਡੇ ਨਾਟਕਕਾਰ ਪੜ੍ਹਾਉਂਦੇ ਨੇ। ਪ੍ਰੋਫ਼ੈਸਰ ਔਲਖ ਦਾ ਨਾਂ ਸੁਣਦਿਆਂ ਹੀ ਡੈਡੀ ਦੇ ਹਾਵ-ਭਾਵ ਬਦਲ ਗਏ ਸਨ। ਉਨ੍ਹਾਂ ਸਾਨੂੰ ਟੋਕਦਿਆਂ ਖਰੇ ਅਤੇ ਸਖ਼ਤ ਰਵੱਈਏ ਵਿੱਚ ਕਿਹਾ, ‘‘ਠੀਕ ਹੈ, ਪਰ ਮੇਰੀ ਮੁੱਛ ਨੀਵੀਂ ਕਰਵਾਈ ਤਾਂ ਤੂੰ ਸੋਚ ਲਵੀਂ।’’ ਡੈਡੀ ਦੀ ਹਾਂ ਸੁਣ ਕੇ ਮੈਨੂੰ ਚਾਅ ਚੜ੍ਹ ਗਿਆ। ਚੰਗੇ ਨੰਬਰ ਹੋਣ ਕਾਰਨ ਮੈਨੂੰ ਆਸਾਨੀ ਨਾਲ ਦਾਖਲਾ ਮਿਲ ਗਿਆ। ਸੰਯੋਗ ਵੱਸ ਉਸ ਸਾਲ ਬਹੁਤ ਲੰਬੇ ਸਮੇਂ ਬਾਅਦ ਇੱਕ ਹੀ ਜਮਾਤ ਵਿੱਚ ਅਸੀਂ 21 ਕੁੜੀਆਂ ਨੇ ਦਾਖਲਾ ਲਿਆ। ਜਦੋਂ ਜਮਾਤਾਂ ਲੱਗਣੀਆਂ ਸ਼ੁਰੂ ਹੋਈਆਂ ਤਾਂ ਇਹ ਸੁਣ ਕੇ ਬੜੀ ਮਾਯੂਸੀ ਹੋਈ ਕਿ ਪ੍ਰੋ. ਅਜਮੇਰ ਔਲਖ ਕੁਝ ਦਿਨ ਪਹਿਲਾਂ ਹੀ ਸੇਵਾਮੁਕਤ ਹੋ ਗਏ ਹਨ। ਮੈਂ ਉਨ੍ਹਾਂ ਦੀ ਇੱਕ ਝਲਕ ਵੀ ਨਾ ਵੇਖ ਸਕੀ। ਖ਼ੈਰ! ਹੁਣ ਕੀ ਹੋ ਸਕਦਾ ਸੀ। ਮਨ ਸਮਝਾ ਲਿਆ। ਫਿਰ ਕੁਝ ਸਮੇਂ ਬਾਅਦ ਪ੍ਰੋਫ਼ੈਸਰ ਔਲਖ ਦੀ ਵੱਡੀ ਬੇਟੀ ਸੁਪਨਦੀਪ ਸਾਨੂੰ ਪੜ੍ਹਾਉਣ ਲੱਗੇ ਤਾਂ ਮੈਂ ਸੋਚਿਆ: ਸੰਤ ਨਾ ਸਹੀ, ਉਨ੍ਹਾਂ ਦੀ ਪਰਛਾਈ ਹੀ ਸਹੀ। ਫਿਰ ਕਾਲਜ ਵਿੱਚ ਯੁਵਕ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਵਿਦਿਆਰਥੀ ਕਲਾਕਾਰਾਂ ਨੂੰ ਨਾਟਕ ਵਿੱਚ ਅਦਾਕਾਰੀ ਕਰਨ ਅਤੇ ਮੈਨੂੰ ਸਕਿੱਟ ਵਿੱਚ ਇੱਕ ਛੋਟਾ ਜਿਹਾ ਕਿਰਦਾਰ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਅਸੀਂ ਤਿਆਰੀ ਵਿੱਚ ਜੁੱਟ ਗਏ। ਕਾਲਜ ਵੱਲੋਂ ਨਾਟਕ ਦੀ ਤਿਆਰੀ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਸੀ ਕਿਉਂਕਿ ਪ੍ਰੋ. ਔਲਖ ਕਾਰਨ ਇਸ ਖੇਤਰ ਵਿੱਚ ਕਾਲਜ ਦਾ ਸਿੱਕਾ ਚਲਦਾ ਸੀ। ਸਕਿੱਟ ਦੀ ਤਿਆਰੀ ਸਾਨੂੰ ਆਪਣੇ ਬਲਬੂਤੇ ਹੀ ਕਰਨੀ ਪੈ ਰਹੀ ਸੀ। ਇੱਕ ਦਿਨ ਸਾਨੂੰ ਪਤਾ ਲੱਗਿਆ ਕਿ ਪ੍ਰੋ. ਔਲਖ ਨੂੰ ਨਾਟਕ ਦੀ ਰਿਹਰਸਲ ਲਈ ਵਿਸ਼ੇਸ਼ ਤੌਰ ’ਤੇ ਕਾਲਜ ਵਿੱਚ ਬੁਲਾਇਆ ਗਿਆ ਹੈ। ਸਾਨੂੰ ਕਿਹਾ ਗਿਆ ਸੀ ਕਿ ਜੇ ਸਮਾਂ ਰਿਹਾ ਤਾਂ ਸਾਨੂੰ ਵੀ ਅਦਾਕਾਰੀ ਦਾ ਕੋਈ ਗੁਰ ਦਿਵਾ ਦਿੱਤਾ ਜਾਵੇਗਾ। ਇਹ ਸੁਣ ਕੇ ਮੈਂ ਡਰ ਗਈ ਕਿ ਮੈਨੂੰ ਤਾਂ ਉਹ ਸਕਿੱਟ ’ਚੋਂ ਕੱਢ ਹੀ ਦੇਣਗੇ ਕਿਉਂਕਿ ਮੈਨੂੰ ਤਾਂ ਅਦਾਕਾਰੀ ਦਾ ਕੱਖ ਵੀ ਨਹੀਂ ਆਉਂਦਾ।

ਸ਼ਰਨਜੀਤ ਕੌਰ ਸ਼ਰਨਜੀਤ ਕੌਰ

ਨਾਟਕ ਤੋਂ ਵਿਹਲੇ ਹੋ ਕੇ ਆਖ਼ਰ ਪ੍ਰੋ. ਔਲਖ ਸਾਡੇ ਕੋਲ ਵੀ ਆ ਗਏ, ਪੈਂਟ-ਸ਼ਰਟ ਨਾਲ ਸੁਨਹਿਰੀ ਕਢਾਈ ਵਾਲੀ ਜੁੱਤੀ ਪਾਈ। ਮੈਂ ਉਨ੍ਹਾਂ ਨੂੰ ਪਹਿਲੀ ਵਾਰ ਵੇਖ ਰਹੀ ਸਾਂ। ਸਪਸ਼ਟ ਅਤੇ ਠੁੱਕਦਾਰ ਅਵਾਜ਼ ਵਿੱਚ ਉਹ ਬੋਲੇ, ‘‘ਚਲੋ ਬਈ ਹੋ ਜੋ ਸ਼ੁਰੂ, ਟੈਮ ਘੱਟ ਐ। ਮੈਂ ਸੋਚਿਆ ਜੇ ਐਈਂ ਮੁੜ ਗਿਆ ਤਾਂ ਬੱਚੇ ਮਹਿਸੂਸ ਕਰਨਗੇ।’’ ਉਨ੍ਹਾਂ ਦੀ ਇਸ ਗੱਲ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ। ਅਸੀਂ ਸ਼ੁਰੂ ਹੋ ਗਏ। ਸਕਿੱਟ ਦਾ ਚੌਥਾ ਕੁ ਹਿੱਸਾ ਵੇਖ ਕੇ ਉਹ ਬੋਲੇ, ‘‘ਬਹੁਤ ਵਧੀਆ, ਤੁਸੀਂ ਕੱਲ੍ਹ ਨੂੰ ਮੇਰੇ ਕੋਲ ਘਰੇ ਆਇਓ, ਉੱਥੇ ਦੋ ਵਾਰ ਡੱਟ ਕੇ ਤਿਆਰੀ ਕਰਾਂਗੇ। (ਮੇਰੇ ਵੱਲ ਇਸ਼ਾਰਾ ਕਰਕੇ) ਆਹ ਕੁੜੀ ਦੀ ਐਂਟਰੀ ਬਹੁਤ ਵਧੀਐ। ਆ ਜਿਓ ਸਾਰੇ, ਠੀਕ ਐ!’’ ਮੈਂ ਹੈਰਾਨ ਰਹਿ ਗਈ। ਮੈਂ ਸੋਚਦੀ ਸੀ ਕਿ ਉਹ ਮੇਰੀ ਥਾਂ ਕੋਈ ਹੋਰ ਕਲਾਕਾਰ ਰੱਖਣਗੇ। ਪਰ ਇਹ ਤਾਂ ਕਮਾਲ ਹੀ ਹੋ ਗਈ। ਮੈਨੂੰ ਤਾਂ ਸਕਿੱਟ ਦੇ ਨਾਲ ਨਾਲ ਉਨ੍ਹਾਂ ਦੇ ਘਰ ਜਾਣ ਦਾ ਮੌਕਾ ਵੀ ਮਿਲ ਗਿਆ। ਫਿਰ ਸਾਡੀ ਸਕਿੱਟ ਦੀ ਕਾਂਟ-ਛਾਂਟ ਕਰਕੇ ਉਨ੍ਹਾਂ ਸਾਨੂੰ ਅਦਾਕਾਰੀ ਦੇ ਕੁਝ ਵਿਸ਼ੇਸ਼ ਨੁਕਤੇ ਸਿਖਾਏ। ਯੁਵਕ ਮੇਲੇ ਵਿੱਚ ਉਸ ਸਾਲ ਕਿਸੇ ਵੀ ਵੰਨਗੀ ਵਿੱਚ ਕਾਲਜ ਦੀ ਪਹਿਲੀ ਥਾਂ ਨਾ ਆਈ, ਪਰ ਸਾਡੀ ਸਕਿੱਟ ਸਾਰਾ ਮੇਲਾ ਲੁੱਟ ਕੇ ਪਹਿਲੇ ਸਥਾਨ ’ਤੇ ਰਹੀ। ਪ੍ਰੋਫ਼ੈਸਰ ਔਲਖ ਇਹ ਸੁਣ ਕੇ ਬਹੁਤ ਖ਼ੁਸ਼ ਹੋਏ ਤੇ ਉਨ੍ਹਾਂ ਨੇ ਸਾਨੂੰ ਆਪਣੇ ਨਾਲ ਸਕਿੱਟ ਦੀ ਪੇਸ਼ਕਾਰੀ ਕਰਨ ਦਾ ਸੱਦਾ ਦਿੱਤਾ। ਅਗਲੇ ਸਾਲ ਕਾਲਜ ਵੱਲੋਂ ਯੁਵਕ ਮੇਲੇ ਵਿੱਚ ਖੇਡੇ ਜਾਣ ਵਾਲੇ ਨਾਟਕ ‘ਹਨੇਰ ਕੋਠੜੀ’ ਲਈ ਸਾਡੀ ਸਕਿੱਟ ਵਾਲੀ ਸਾਰੀ ਟੀਮ ਦੀ ਚੋਣ ਹੋ ਗਈ। ਕਾਲਜ ਸਟਾਫ ਦੀ ਬੇਨਤੀ ’ਤੇ ਪ੍ਰੋ. ਔਲਖ ਆਪਣੇ ਘਰ ਸਾਨੂੰ ਨਾਟਕ ਦੀ ਤਿਆਰੀ ਕਰਵਾਉਣ ਲੱਗੇ। ਪਤਾ ਹੀ ਨਾ ਲੱਗਾ ਕਿ ਕਦੋਂ ਅਸੀਂ ਕਾਲਜ ਲਈ ਨਾਟਕ ਕਰਦੇ-ਕਰਦੇ ਔਲਖ ਹੋਰਾਂ ਦੀ ਨਾਟਕ ਮੰਡਲੀ ਦੇ ਕਲਾਕਾਰ ਬਣ ਗਏ। ਮੈਂ ਕਦੇ ਅਦਾਕਾਰੀ ਦਾ ਸੁਪਨਾ ਤਕ ਨਹੀਂ ਸੀ ਲਿਆ, ਪਰ ਪ੍ਰੋਫ਼ੈਸਰ ਔਲਖ ਨੇ ਮੈਨੂੰ ਤਰਾਸ਼ ਕੇ ਨਾਟਕ ‘ਕਲਖ ਹਨੇਰੇ’ ਦੀ ਮੁੱਖ ਪਾਤਰ ਬਣਾ ਦਿੱਤਾ ਸੀ। ਕਮਾਲ ਦੀ ਮੁਹਾਰਤ ਸੀ ਉਨ੍ਹਾਂ ਕੋਲ। ਉਹ ਸੱਚਮੁੱਚ ਹੀ ਇੱਕ ਸਾਧਾਰਨ ਵਿਅਕਤੀ ਨੂੰ ਵਿਸ਼ੇਸ਼ ਬਣਾ ਕੇ ਪੇਸ਼ ਕਰ ਸਕਦੇ ਸਨ। ਅਦਾਕਾਰ ਨੂੰ ਆਪਣੇ ਅਨੁਸਾਰ ਬੋਲਣ ਤੇ ਸੋਚਣ ਲਾ ਦੇਣਾ ਉਨ੍ਹਾਂ ਨੂੰ ਖ਼ੂਬ ਆਉਂਦਾ ਸੀ। ਇਸੇ ਲਈ ਤਾਂ ਮੈਨੂੰ ਵੀ ਪਤਾ ਹੀ ਨਾ ਲੱਗਾ ਕਿ ਉਨ੍ਹਾਂ ਨੇ ਕਦੋਂ ਅਤੇ ਕਿਵੇਂ ਮੈਨੂੰ ਨਾਟਕ ‘ਕਲਖ ਹਨੇਰੇ’ ਦੀ ਬਲਦੀਪ ਬਣਾ ਦਿੱਤਾ। ਇੱਕ ਦਿਨ ਸ਼ਾਮ ਨੂੰ ਅਸੀਂ ਘਰ ਦੇ ਪਿਛਲੇ ਵਿਹੜੇ ਵਿੱਚ ਨਾਟਕ ਦੀ ਰਿਹਰਸਲ ਕਰ ਰਹੇ ਸੀ ਤਾਂ ਕੁਝ ਮੰਗਤੇ ਆ ਕੇ ਆਟਾ ਮੰਗਣ ਲੱਗੇ। ਪ੍ਰੋਫ਼ੈਸਰ ਔਲਖ ਬੜੇ ਮਿੱਠੇ ਲਹਿਜੇ ਵਿੱਚ ਬੋਲੇ, ‘‘ਪੁੱਤ, ਸਾਡੇ ਤਾਂ ਆਟਾ ਹੈ ਨੀਂ।’’ ਮੰਗਤੇ ਕਹਿੰਦੇ ਚੰਗਾ ਰੋਟੀ ਦੇ ਦਿਓ। ‘‘ਰੋਟੀ ਵੀ ਹੈ ਨੀਂ।’’ ਉਹ ਕਹਿੰਦੇ, ਚੰਗਾ ਪਾਣੀ ਤਾਂ ਪਿਆ ਦਿਓ। ‘‘ਪਾਣੀ ਵੀ ਹੈ ਨੀਂ।’’ ਮੰਗਤੇ ਅੱਕ ਕੇ ਅੱਗੇ ਚਲੇ ਗਏ। ਔਲਖ ਹੋਰੀਂ ਮੇਰੇ ਹਾਵ-ਭਾਵ ਸਮਝ ਗਏ ਸਨ, ਕਹਿਣ ਲੱਗੇ, ‘‘ਤੁਸੀਂ ਰਿਹਰਸਲ ਕਰੋ। ਬਥੇਰੇ ਨੇ ਇਨ੍ਹਾਂ ਵਿਹਲੜਾਂ ਨੂੰ ਰੋਟੀ ਖਵਾਉਣ ਤੇ ਪਾਣੀ ਪਿਆਉਣ ਆਲੇ, ਜਿਹੜੇ ਜੇ ਕੰਮ ਵਾਲੀ ਕਦੇ ਬਿਮਾਰ ਹੋ ਜੇ ਤੇ ਕੰਮ ’ਤੇ ਨਾ ਆਵੇ ਤਾਂ ਉਸ ਦਿਨ ਦੇ ਪੈਸੇ ਕੱਟ ਲੈਂਦੇ ਆ।’’ ਇਕਦਮ ਤਾਂ ਸਾਰੀ ਗੱਲ ਮੇਰੇ ਪੱਲੇ ਨਾ ਪਈ, ਪਰ ਬਾਅਦ ਵਿੱਚ ਵਿਚਾਰਨ ’ਤੇ ਪਤਾ ਲੱਗਾ ਕਿ ਸਹਿਜ ਹੀ ਉਹ ਮੈਨੂੰ ਕਿੰਨਾ ਵੱਡਾ ਪਾਠ ਪੜ੍ਹਾ ਗਏ ਸਨ। ਉਸ ਦਿਨ ਤੋਂ ਮੈਂ ਵੀ ਇਹ ਗੱਲ ਪੱਲੇ ਬੰਨ੍ਹ ਲਈ ਸੀ ਕਿ ਕਿਰਤੀਆਂ ਨਾਲ ਕੋਈ ਤੋਲ-ਮੋਲ ਨਹੀਂ ਕਰਨਾ। ਇੱਕ ਵਾਰ ਲਗਾਤਾਰ ਹੀ ਨਾਟਕਾਂ ਦੀਆਂ ਪੇਸ਼ਕਾਰੀਆਂ ਦਾ ਸਿਲਸਿਲਾ ਚੱਲ ਪਿਆ। ਰਿਹਰਸਲਾਂ ਦੇਰ ਸ਼ਾਮ ਤਕ ਚਲਦੀਆਂ ਰਹਿੰਦੀਆਂ। ਮੇਰੇ ਡੈਡੀ ਨੇ ਮੈਨੂੰ ਇਹ ਸਭ ਛੱਡ ਕੇ ਪੜ੍ਹਾਈ ਵੱਲ ਧਿਆਨ ਦੇਣ ਦੀ ਤਾਕੀਦ ਕੀਤੀ। ਮੈਂ ਤੇ ਮੇਰੀ ਸਾਥਣ ਕਲਾਕਾਰ ਪੂਜਾ ਦੇ ਹਾਲਾਤ ਇੱਕੋ ਜਿਹੇ ਸਨ। ਦੋਵਾਂ ਦੇ ਪਰਿਵਾਰ ਨਾਟਕਾਂ ਤੋਂ ਵਰਜ ਰਹੇ ਸਨ। ਜਦੋਂ ਇੱਕ ਦਿਨ ਅਸੀਂ ਰਿਹਰਸਲ ’ਤੇ ਨਾ ਗਈਆਂ ਤਾਂ ਅਗਲੇ ਦਿਨ ਪ੍ਰੋਫ਼ੈਸਰ ਔਲਖ ਦਾ ਫੋਨ ਆ ਗਿਆ, ਜਿਵੇਂ ਕਿਵੇਂ ਕਰਕੇ ਰਿਹਰਸਲ ਲਈ ਪਹੁੰਚ ਗਈਆਂ। ਉਨ੍ਹਾਂ ਕਿਹਾ, ‘‘ਕੱਲ ਨ੍ਹੀਂ ਆਈਆਂ ਕੁੜੀਓ? ਥੋਡੇ ਕਰਕੇ ਮੈਂ ਮਨਜੀਤ ਨੂੰ ਦਵਾਈ ਨ੍ਹੀਂ ਦਿਵਾਉਣ ਗਿਆ। ਉਹ ਰੁੱਸ ਕੇ ਸਕੂਟਰੀ ਲੈ ਕੇ ’ਕੱਲੀ ਜਾ ਵੜੀ ਤੇ ਸੱਟ ਖਾ ਕੇ ਆ ਗਈ।’’ ਸੱਚਮੁੱਚ ਹੀ ਆਂਟੀ ਦੇ ਮੱਥੇ ’ਤੇ ਫਾਟਕਾਂ ਉੱਤੇ ਲੱਗੇ ਸਰੀਏ ਵੱਜਣ ਕਾਰਨ ਡੂੰਘਾ ਜ਼ਖ਼ਮ ਹੋਇਆ ਪਿਆ ਸੀ। ਅਸੀਂ ਬੜਾ ਸ਼ਰਮਸਾਰ ਹੋਈਆਂ ਤੇ ਉਨ੍ਹਾਂ ਨੂੰ ਘਰਦਿਆਂ ਦੀ ਮਨਾਹੀ ਵਾਲੀ ਗੱਲ ਦੱਸ ਦਿੱਤੀ। ਸੁਣਦਿਆਂ ਹੀ ਗੰਭੀਰ ਹੋ ਕੇ ਕਹਿਣ ਲੱਗੇ, ‘‘ਅੱਛਾ! ਮੈਂ ਆਊਂ ਥੋਡੇ ਘਰੇ, ਆਪੇ ਮੰਨ ਜਾਣਗੇ।’’ ਕੁਝ ਦਿਨਾਂ ਬਾਅਦ ਚਿੱਟਾ ਸਕੂਟਰ ਸਾਡੇ ਘਰ ਅੱਗੇ ਆ ਰੁਕਿਆ। ਮੈਂ ਦਰਵਾਜ਼ੇ ਹੇਠੋਂ ਜੁੱਤੀ ਦੇਖਦਿਆਂ ਹੀ ਪਛਾਣ ਗਈ ਕਿ ਪ੍ਰੋਫ਼ੈਸਰ ਔਲਖ ਆਏ ਹਨ। ਅਸੀਂ ਦਰਵਾਜ਼ਾ ਖੋਲ੍ਹਿਆ। ਉਹ ਡਰਾਇੰਗ ਰੂਮ ਵਿੱਚ ਬੈਠ ਗਏ। ਡੈਡੀ ਘਰ ਨਹੀਂ ਸਨ। ਮੰਮੀ ਨਾਲ ਗੱਲਾਂ ਕਰਦਿਆਂ ਉਨ੍ਹਾਂ ਸਾਡੇ ਪਰਿਵਾਰ ਨਾਲ ਪੁਰਾਣੀ ਜਾਣ ਪਛਾਣ ਬਾਰੇ ਦੱਸਿਆ। ਕੁਝ ਸਮਾਂ ਗੱਲਾਂ ਕਰਨ ਤੋਂ ਬਾਅਦ ਜਾਂਦੇ-ਜਾਂਦੇ ਕਹਿਣ ਲੱਗੇ, ‘‘ਭੈਣ ਜੀ, ਕਹਿ ਦਿਓ ਕੁੱਕੂ ਨੂੰ, ਹੁਣ ਇਹ ਮੇਰੀ ਧੀ ਐ, ਮੇਰੀ ਜ਼ਿੰਮੇਵਾਰੀ ਐ, ਥੋਨੂੰ ਫ਼ਿਕਰ ਦੀ ਲੋੜ ਨ੍ਹੀਂ।’’ ਉਨ੍ਹਾਂ ਦੇ ਜਾਣ ਤੋਂ ਬਾਅਦ ਸਾਰੇ ਗੁਆਂਢੀਆਂ ਨੇ ਬੜੇ ਅਚੰਭੇ ਨਾਲ ਪੁੱਛਿਆ, ‘ਔਲਖ ਥੋਡੇ ਘਰੇ ਆਇਆ ਸੀ?’ ‘ਹਾਂ’ ਵਿੱਚ ਸਿਰ ਹਿਲਾਉਂਦੀ ਮੈਂ ਮਾਣ ਮਹਿਸੂਸ ਕਰ ਰਹੀ ਸੀ। ਉਹ ਵਿਸ਼ੇਸ਼ ਹੁੰਦੇ ਹੋਏ ਵੀ ਸਾਧਾਰਨ ਬਣੇ ਰਹਿੰਦੇ ਸਨ। ਆਪ ਕਦੇ ਮਾਣ ਨਹੀਂ ਸਨ ਕਰਦੇ, ਪਰ ਦੂਜਿਆਂ ਦਾ ਮਾਣ ਹਮੇਸ਼ਾ ਵਧਾ ਦਿੰਦੇ। ਇੱਕ ਵਾਰ ਸਰਦੀਆਂ ਵਿੱਚ ਸ਼ਾਮ ਨੂੰ ਰਿਹਰਸਲ ਹੋ ਰਹੀ ਸੀ। ਪ੍ਰੋਫ਼ੈਸਰ ਔਲਖ ਦੇਰ ਨਾਲ ਬਾਹਰ ਆਏ ਤੇ ਆ ਕੇ ਕੁਰਸੀ ’ਤੇ ਬੈਠ ਗਏ। ਥੱਕੇ ਹੋਏ ਲੱਗ ਰਹੇ ਸਨ। ਬੋਲੇ ਵੀ ਕੁਝ ਨਾ। ਮੈਂ ਦੇਖਿਆ ਕਿ ਉਨ੍ਹਾਂ ਨੇ ਸਵੈਟਰ ਪੁੱਠਾ ਪਾ ਰੱਖਿਆ ਸੀ, ਉੱਨ ਦੀਆਂ ਗੰਢਾਂ ਅਤੇ ਵਾਧੂ ਧਾਗੇ ਸਾਫ਼ ਦਿਖਾਈ ਦੇ ਰਹੇ ਸਨ। ਮੈਨੂੰ ਬੜੀ ਫ਼ਿਕਰ ਹੋਈ। ਮੈਂ ਸੋਚਿਆ ਕਿ ਉਨ੍ਹਾਂ ਨੂੰ ਤਾਂ ਵੱਡੇ ਵੱਡੇ ਲੋਕ ਮਿਲਣ ਆਉਂਦੇ ਰਹਿੰਦੇ ਹਨ, ਜੇ ਕੋਈ ਮਿਲਣ ਆ ਗਿਆ ਫੇਰ? ਮੈਂ ਸਾਥੀ ਕਲਾਕਾਰ ਨੂੰ ਕਿਹਾ ਕਿ ਉਹ ਪੁੱਠੇ ਸਵੈਟਰ ਬਾਰੇ ਦੱਸ ਦੇਵੇ, ਪਰ ਉਹ ਡਰ ਕਾਰਨ ਦੱਸ ਨਾ ਸਕਿਆ ਕਿਉਂਕਿ ਪ੍ਰੋਫ਼ੈਸਰ ਔਲਖ ਰਿਹਰਸਲ ਸਮੇਂ ਹੋਰ ਗੱਲਾਂ ਵੱਲ ਧਿਆਨ ਬਰਦਾਸ਼ਤ ਨਹੀਂ ਸਨ ਕਰਦੇ ਤੇ ਅੱਜ ਤਾਂ ਉਂਜ ਹੀ ਚੁੱਪਚਾਪ ਬੈਠੇ ਸਨ। ਮੈਨੂੰ ਧੁਖਧੁਖੀ ਜਿਹੀ ਲੱਗੀ ਪਈ ਸੀ। ਮੈਂ ਹੌਲੀ ਜਿਹੀ ਉਨ੍ਹਾਂ ਕੋਲ ਜਾ ਕੇ ਕਿਹਾ, ‘‘ਸਰ, ਤੁਹਾਡਾ ਸਵੈਟਰ ਸਿੱਧਾ ਕਰਨ ਵਾਲਾ ਹੈ, ਪੁੱਠਾ ਪੈ ਗਿਆ।’’ ਸੁਣਨ ਸਾਰ ਜਿਵੇਂ ਯੋਗ ਨਿੰਦਰਾ ’ਚੋਂ ਬਾਹਰ ਆ ਗਏ ਹੋਣ। ਸਵੈਟਰ ਵੱਲ ਵੇਖਦਿਆਂ ਕਹਿਣ ਲੱਗੇ, ‘‘ਅੱਛਾ! ਪੁੱਠਾ ਪੈ ਗਿਆ। ਚੱਲ ਕੋਈ ਨਾ, ਹੁਣ ਤਾਂ ਨਿੱਘੇ ਜੇ ਹੋਏ ਬੈਠੇ ਆਂ।’’ ਕਮਾਲ ਦੀ ਬੇਪਰਵਾਹੀ ਸੀ ਉਨ੍ਹਾਂ ਕੋਲ, ਜਿਸ ਨੂੰ ਉਸ ਸਮੇਂ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਤੇ ਆਪਣੀ ਮੰਮੀ ਦੀ ਨਸੀਹਤ ਵੀ ਸਮਝ ਆ ਗਈ ਜਿਹੜੀ ਅਕਸਰ ਸਿਰ ਉੱਤੋਂ ਦੀ ਲੰਘ ਜਾਇਆ ਕਰਦੀ ਸੀ, ‘‘ਬਈ ਲਾਲ ਤਾਂ ਜੁੱਲੀਆਂ ’ਚ ਵੀ ਦੱਗਦੇ ਨੇ।’’ ਮੈਂ ਬੀ.ਏ. ਕਰ ਲਈ ਸੀ। ਫਿਰ ਕੁਝ ਮਜਬੂਰੀਆਂ ਕਾਰਨ ਨਾਟਕਾਂ ਤੇ ਪ੍ਰੋਫ਼ੈਸਰ ਔਲਖ ਦੀ ਛਤਰ ਛਾਇਆ ਤੋਂ ਵੱਖ ਹੋਣਾ ਪਿਆ। ਐੱਮ.ਏ. ਅੰਗਰੇਜ਼ੀ ਕਰਨ ਵਿੱਚ ਰੁੱਝ ਗਈ। ਲੰਮਾ ਸਮਾਂ ਉਨ੍ਹਾਂ ਨਾਲ ਕੋਈ ਰਾਬਤਾ ਨਾ ਹੋਇਆ। ਫਿਰ ਕਈ ਸਾਲ ਬਾਅਦ ਜਦ ਉਨ੍ਹਾਂ ਨੂੰ ਚੰਦਰੇ ਰੋਗ ਨੇ ਘੇਰ ਲਿਆ ਤਾਂ ਮੈਥੋਂ ਰਿਹਾ ਨਾ ਗਿਆ। ਮੈਂ ਤੇ ਮੰਮੀ ਉਨ੍ਹਾਂ ਦਾ ਹਾਲ ਚਾਲ ਜਾਣਨ ਗਏ। ਜਿਉਂ ਹੀ ਕਮਰੇ ਵਿੱਚ ਦਾਖਲ ਹੋਏ ਤਾਂ ਆਂਟੀ ਝੱਟ ਬੋਲੇ, ‘‘ਆ ਜਾ ਸ਼ਰਨਜੀਤ, ਤੈਨੂੰ ਬਾਰੀ ’ਚੋਂ ਦੇਖਣ ਸਾਰ ਕਹਿੰਦੇ ਸ਼ਰਨਜੀਤ ਆਉਂਦੀ ਐ।’’  ਮੈਂ ਗਦਗਦ ਹੋ ਗਈ। ਮੈਨੂੰ ਤਾਂ ਲੱਗਦਾ ਸੀ ਕਿ ਮੈਨੂੰ ਭੁੱਲ ਗਏ ਹੋਣਗੇ, ਪਰ ਉਨ੍ਹਾਂ ਨੂੰ ਤਾਂ ਅਜੇ ਤਕ ਮੇਰਾ ਨਾਂ ਵੀ ਯਾਦ ਸੀ। ਪ੍ਰੋਫ਼ੈਸਰ ਔਲਖ ਨੇ ਬੜੀ ਚੜ੍ਹਦੀ ਕਲਾ ਵਿੱਚ ਗੱਲਾਂ ਕੀਤੀਆਂ, ਬਿਮਾਰੀ ਤੇ ਦਵਾਈਆਂ ਦੀਆਂ ਨਹੀਂ, ਨਾਟਕਾਂ ਦੀਆਂ। ਫਿਰ ਉਨ੍ਹਾਂ ਨਾਲ ਸਿੱਧਾ ਸੰਪਰਕ ਕਦੇ ਨਾ ਹੋਇਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਉਨ੍ਹਾਂ ਦਾ ਹਾਲ-ਚਾਲ ਪਤਾ ਲੱਗਦਾ ਰਹਿੰਦਾ। ਕਦੇ ਉਨ੍ਹਾਂ ਦੇ ਜ਼ਿਆਦਾ ਬਿਮਾਰ ਹੋਣ ’ਤੇ ਘਰ ਜਾ ਕੇ ਮਿਲਣ ਦਾ ਮਨ ਬਣਾਉਂਦੀ ਤਾਂ ਉਹ ਦੂਰ ਦੁਰਾਡੇ ਇਲਾਜ ਲਈ ਗਏ ਹੁੰਦੇ। ਫਿਰ ਸੋਚਿਆ ਕਿ ਛੁੱਟੀਆਂ ’ਚ ਮਾਨਸਾ ਜਾਵਾਂਗੀ ਤਾਂ ਉਨ੍ਹਾਂ ਨੂੰ ਵੀ ਮਿਲ ਕੇ ਆਵਾਂਗੀ, ਪਰ ਉਨ੍ਹਾਂ ਨੂੰ ਮਿਲਣਾ ਮੇਰੇ ਨਸੀਬ ਵਿੱਚ ਨਹੀਂ ਸੀ। ਪੰਦਰਾਂ ਜੂਨ ਨੂੰ ਤੜਕਸਾਰ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਭਾਰੀ ਇਕੱਠ ਹੋਣ ਕਾਰਨ ਸਸਕਾਰ ਅਗਲੇ ਦਿਨ 16 ਜੂਨ ਨੂੰ ਹੋਣਾ ਸੀ। ਮੈਂ ਮੰਮੀ ਕੋਲ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਦੀ ਇੱਛਾ ਜ਼ਾਹਿਰ ਕੀਤੀ ਤਾਂ ਮੰਮੀ ਨੇ ਕਿਹਾ ਕਿ ਮੈਂ ਵੀ ਚੱਲਾਂਗੀ। ਅਸੀਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਪ੍ਰੋਫ਼ੈਸਰ ਅਜਮੇਰ ਔਲਖ ਦੇ ਚਾਹੁਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਸੀ। ਘਰ ਅੰਦਰ ਦਾਖਲ ਹੁੰਦਿਆਂ ਹੀ ਕੰਨਾਂ ’ਚ ਆਵਾਜ਼ ਗੁੰਜੀ, ‘‘ਸ਼ਰਨਜੀਤ ਆਉਂਦੀ ਐ।’’ ਮੈਂ ਉਨ੍ਹਾਂ ਨੂੰ ਮਨ ਹੀ ਮਨ ਆਖ਼ਰੀ ਫ਼ਤਹਿ ਬੁਲਾਈ। ਸੰਧੂਰੀ ਪੱਗ ਬੰਨ੍ਹੀ, ਉਹ ਸ਼ਾਂਤ ਚਿੱਤ ਲੇਟੇ ਹੋਏ ਸਨ। ਅੰਤਿਮ ਯਾਤਰਾ ਸ਼ੁਰੂ ਹੋਈ। ਮੇਰਾ ਗਲਾ ਤੇ ਅੱਖਾਂ ਭਰ ਆਈਆਂ, ਪਰ ਕਿਰਤੀਆਂ ਤੇ ਪ੍ਰਸ਼ੰਸਕਾਂ ਦੇ ਨਾਅਰਿਆਂ ਦੀ ਗੂੰਜ ਨੇ ਇਨ੍ਹਾਂ ਨੂੰ ਛਲਕਣ ਨਾ ਦਿੱਤਾ। ਠਾਠਾਂ ਮਾਰਦੇ ਇਕੱਠ ਤੇ ਉਨ੍ਹਾਂ ਦੀ ਸੋਚ ਨੂੰ ਬੁਲੰਦ ਰੱਖਣ ਵਾਲੇ ਨਾਅਰਿਆਂ ਨੇ ਇਸ ਨੂੰ ਸ਼ੋਕ ਯਾਤਰਾ ਤੋਂ ਗੌਰਵ ਯਾਤਰਾ ਵਿੱਚ ਬਦਲ ਦਿੱਤਾ ਸੀ।

ਸੰਪਰਕ: 94633-72298

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All