ਪ੍ਰੀਮੀਅਰ ਲੀਗ ਫੁਟਬਾਲ ਦੇ ਨਵੇਂ ਸੀਜ਼ਨ ਦਾ ਆਗਾਜ਼

ਸੁਦੀਪ ਸਿੰਘ ਢਿੱਲੋਂ ਇੰਗਲੈਂਡ ਦੇਸ਼ ਫੁਟਬਾਲ ਦਾ ਧੁਰਾ ਅਤੇ ਇਸ ਖੇਡ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਇਸੇ ਤਰ੍ਹਾਂ ਇੰਗਲੈਂਡ ਦਾ ਫੁਟਬਾਲ ਅਤੇ ਇਸ ਦੀ ਫੁਟਬਾਲ ਲੀਗ ਵਿਸ਼ਵ ਫੁਟਬਾਲ ਲਈ ਇੱਕ ਚਾਨਣ ਮੁਨਾਰਾ ਵੀ ਹੈ। ਸਾਲ ਦੇ ਇਨੀਂ ਦਿਨੀਂ ਭਾਵ ਅਗਸਤ ਮਹੀਨੇ ਦੇ ਸ਼ੁਰੂ ਵਿੱਚ ਸਮੁੱਚੇ ਫੁਟਬਾਲ ਜਗਤ ਦੀਆਂ ਨਜ਼ਰਾਂ ਇੰਗਲੈਂਡ ਵੱਲ ਹੋ ਜਾਂਦੀਆਂ ਹਨ ਕਿਉਂਕਿ ਇਨੀਂ ਦਿਨੀਂ ਇੰਗਲੈਂਡ ਦੀ ਘਰੇਲੂ ਫੁਟਬਾਲ ਲੀਗ ਭਾਵ ਪ੍ਰੀਮੀਅਰ ਲੀਗ ਫੁਟਬਾਲ ਦੇ ਮੁਕਾਬਲੇ ਸ਼ੁਰੂ ਹੁੰਦੇ ਹਨ। ਇਸ ਵਾਰ ਆਮ ਨਾਲੋਂ ਤਕਰੀਬਨ ਹਫ਼ਤਾ ਕੁ ਪਹਿਲਾਂ ਇੰਗਲੈਂਡ ਦੀ ਪ੍ਰੀਮੀਅਰ ਲੀਗ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਪਹਿਲੇ ਹਫ਼ਤੇ ਦੇ ਮੈਚ 10 ਅਗਸਤ ਦੀ ਸ਼ਾਮ ਨੂੰ ਸੀਜ਼ਨ ਦਾ ਆਗਾਜ਼ ਕਰਨਗੇ। ਇਸ ਲੀਗ ਦਾ ਮੌਜੂਦਾ ਜੇਤੂ ਮੈਨਚੈਸਟਰ ਸਿਟੀ ਕਲੱਬ ਹੈ ਜਿਸ ਨੇ ਆਪਣੇ ਮੈਨੇਜਰ ਪੈੱਪ ਗੁਆਰਡੀਓਲਾ ਦੀ ਤਕਨੀਕ ਅਤੇ ਸੋਚ ਮੁਤਾਬਕ ਖੇਡਦੇ ਹੋਏ ਪਿਛਲੀ ਵਾਰ ਲਗਾਤਾਰ ਦੂਜਾ ਖਿਤਾਬ ਜਿੱਤਿਆ ਸੀ ਅਤੇ ਇਸ ਵਾਰ ਵੀ ਨਵੇਂ ਖਿਡਾਰੀ ਟੀਮ ਵਿੱਚ ਸ਼ਾਮਲ ਕਰ ਕੇ ਖ਼ਿਤਾਬ ਦੀ ਰਾਖੀ ਕਰਨ ਦੀ ਤਿਆਰੀ ਕਰ ਲਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆਂ ਦੀ ਸਭ ਤੋਂ ਆਕਰਸ਼ਕ ਲੀਗ, ਇੰਗਲੈਂਡ ਦੀ ‘ਪ੍ਰੀਮੀਅਰ ਲੀਗ’ ਖ਼ਿਤਾਬ ਲਈ ਦੋ, ਤਿੰਨ ਜਾਂ ਚਾਰ ਨਹੀਂ ਬਲਕਿ ਛੇ ਤਰਫ਼ਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਮੌਜੂਦਾ ਜੇਤੂ ਮੈਨਚੈਸਟਰ ਸਿਟੀ, ਮੈਨਚੈਸਟਰ ਯੂਨਾਈਟਿਡ, ਚੈਲਸੀ, ਆਰਸਨਲ, ਟਾਟਨਹੈਮ ਹਾਟਸਪਰ ਅਤੇ ਲਿਵਰਪੂਲ ਸਾਰਿਆਂ ਨੇ ਹੀ ਖ਼ਿਤਾਬ ਲਈ ਤਿਆਰੀ ਕੀਤੀ ਹੈ। ਇੰਗਲੈਂਡ ਦੇ ਸਭ ਤੋਂ ਇਤਿਹਾਸਕ ਕਲੱਬ ਲਿਵਰਪੂਲ ਦੇ ਮੈਨੇਜਰ ਜਰਗਨ ਕਲੌਪ ਨੇ ਪਿਛਲੇ ਸੀਜ਼ਨ ਨਵੇਂ ਚਿਹਰੇ ਕਲੱਬ ਵਿੱਚ ਲਿਆਂਦੇ ਸਨ ਤਾਂ ਜੋ ਲਿਵਰਪੂਲ ਦਾ ਸੁਨਹਿਰੀ ਸਮਾਂ ਵਾਪਸ ਲਿਆਂਦਾ ਜਾ ਸਕੇ ਅਤੇ ਯੂਏਫਾ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਣ ਉਪਰੰਤ ਹੁਣ ਲੀਗ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਖ਼ਿਤਾਬ ਜਿੱਤਣ ਲਈ ਉਨ੍ਹਾਂ ਹੀ ਖਿਡਾਰੀਆਂ ਉੱਪਰ ਮੁੜ ਭਰੋਸਾ ਪ੍ਰਗਟਾਇਆ ਗਿਆ ਹੈ। ਆਰਸਨਲ ਕਲੱਬ ਦਾ ਖ਼ਾਸ ਜ਼ਿਕਰ ਕਰਨਾ ਬਣਦਾ ਹੈ ਜਿਸ ਨੇ 22 ਸਾਲ ਬਾਅਦ ਆਪਣੇ ਸਾਬਕਾ ਹੈੱਡ ਕੋਚ ਆਰਸਨ ਵੈਂਗਰ ਬਿਨਾ ਪਹਿਲਾ ਸੀਜ਼ਨ ਮੁਸ਼ਕਿਲ ਨਾਲ ਮੁਕੰਮਲ ਕੀਤਾ ਸੀ ਅਤੇ ਹੁਣ ਨਵੇਂ ਕੋਚ ਊਨਾਈ ਐਮਰੀ ਆਪਣੇ ਦੂਜੇ ਸੀਜ਼ਨ ਵਿੱਚ ਇਸ ਆਕਰਸ਼ਕ ਟੀਮ ਨੂੰ ਅੱਗੇ ਤੋਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਦੁਨੀਆਂ ਦੇ ਸਭ ਤੋਂ ਅਮੀਰ ਕਲੱਬ ਅਤੇ ਸਾਬਕਾ ਜੇਤੂ ਮੈਨਚੈਸਟਰ ਸਿਟੀ ਨੇ ਆਪਣੇ ਅਰਬੀ ਸ਼ੇਖ ਮਾਲਕਾਂ ਦੀ ਅਥਾਹ ਦੌਲਤ ਅਤੇ ਦੁਨੀਆਂ ਦੇ ਸਭ ਤੋਂ ਬਿਹਤਰੀਨ ਕੋਚ ਅਤੇ ਸਾਬਕਾ ਬਾਰਸੀਲੋਨਾ ਮੈਨੇਜਰ ਪੈੱਪ ਗੁਆਰਡੀਓਲਾ ਦੇ ਸਹਾਰੇ ਆਪਣੀ ਟੀਮ ਬੇਹੱਦ ਮਜ਼ਬੂਤ ਕੀਤੀ ਹੋਈ ਹੈ। ਉੱਤਰੀ ਲੰਦਨ ਦੀ ਟੀਮ ਟਾਟਨਹੈਮ ਹਾਟਸਪਰ ਹਾਲੇ ਤੱਕ ਬਾਹਲੇ ਨਵੇਂ ਖਿਡਾਰੀ ਲਿਆਉਣ ਵਿੱਚ ਕਾਮਯਾਬ ਨਹੀਂ ਹੋ ਸਕੇ ਪਰ ਨੌਜਵਾਨ ਖਿਡਾਰੀਆਂ ਉੱਤੇ ਆਧਾਰਿਤ ਇਹ ਟੀਮ ਆਪਣੀ ਤੇਜ਼ ਤਰਾਰ ਖੇਡ ਸਦਕਾ ਖਿਤਾਬ ਦੀ ਦੌੜ ਵਿੱਚ ਸ਼ਾਮਲ ਹੈ ਅਤੇ ਇਸ ਵਾਰ ਇਹ ਟੀਮ ਆਪਣੇ ਨਵੇਂ ਸਟੇਡੀਅਮ ਵਿੱਚ ਖੇਡੇਗੀ ਜਿਸ ਨੂੰ ਬਣਤਰ ਪੱਖੋਂ ਵਿਸ਼ਵ ਦਾ ਬਿਹਤਰੀਨ ਫੁਟਬਾਲ ਸਟੇਡੀਅਮ ਦੱਸਿਆ ਜਾ ਰਿਹਾ ਹੈ। ਇਨ੍ਹਾਂ ਵੱਡੀਆਂ ਟੀਮਾਂ ਤੋਂ ਇਲਾਵਾ ਇਸ ਲੀਗ ਵਿੱਚ ਐਵਰਟਨ, ਵੈਸਟ ਹੈਮ, ਸਾਊਥੈਂਪਟਨ, ਵਾਟਫਰਡ, ਕ੍ਰਿਸਟਲ ਪੈਲੇਸ ਆਦਿ ਟੀਮਾਂ ਵੀ ਹਰ ਵੇਲੇ ਉਲਟ-ਫੇਰ ਕਰਨ ਦੇ ਸਮਰੱਥ ਹਨ ਅਤੇ ਇਹੀ ਚੀਜ਼ ਇਸ ਲੀਗ ਨੂੰ ਖ਼ਾਸ ਬਣਾਉਂਦੀ ਹੈ। ਇਸ ਲੀਗ ਬਾਰੇ ਕੋਈ ਵੀ ਭਵਿੱਖਬਾਣੀ ਕਰਨਾ ਬੇਹੱਦ ਮੁਸ਼ਕਿਲ ਹੈ ਅਤੇ ਇਹ ਲੀਗ ਫੁਟਬਾਲ ਦਾ ਅਸਲ ਰੰਗ ਵਿਖਾਉਂਦੀ ਹੈ। ਦੁਨੀਆਂ ਦੀ ਸਭ ਤੋਂ ਵਧੀਆ ਲੀਗ ਮੰਨੀ ਜਾਂਦੀ ਇਸ ਲੀਗ ਵਿੱਚ ਐਤਕੀਂ ਹੇਠਾਂ ਤੋਂ ਉੱਪਰ ਆਈਆਂ ਤਿੰਨ ਨਵੀਆਂ ਟੀਮਾਂ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਮਿਡਲੈਂਡਜ਼ ਇਲਾਕੇ ਦੀ ਟੀਮ ਐਸਟਨ ਵਿੱਲਾ ਵੀ ਖੇਡਦੀ ਨਜ਼ਰ ਆਵੇਗੀ। ਇਸ ਲੀਗ ਵਿੱਚ ਸਰਜੀਓ ਅਗੂਐਰੋ, ਮੁਹੰਮਦ ਸਲਾਹ, ਅਲੈਕਸਿਸ ਸਾਂਚੇਜ਼ ਅਤੇ ਕ੍ਰਿਸਟੀਅਨ ਐਰਿਕਸਨ ਵਰਗੇ ਵਿਸ਼ਵ ਪੱਧਰੀ ਸਟਾਰ ਖਿਡਾਰੀ ਸਾਰਾ ਸੀਜ਼ਨ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਫੁਟਬਾਲ ਰੋਮਾਂਚ ਦਾ ਸੀਜ਼ਨ ਇਸ ਮਹੀਨੇ ਤੋਂ ਲੈ ਕੇ ਤਕਰੀਬਨ ਦਸ ਮਹੀਨੇ ਦਾ ਸਫ਼ਰ ਤੈਅ ਕਰਦਾ ਹੋਇਆ ਅਗਲੇ ਸਾਲ ਮਈ ਮਹੀਨੇ ਵਿੱਚ ਮੁਕੰਮਲ ਹੋਵੇਗਾ। ਸਾਡੇ ਖਿੱਤੇ ਅੰਦਰ ਖੇਡ ਚੈਨਲ ‘ਸਟਾਰ ਸਪੋਰਟਸ ਸਿਲੈਕਟ’ ਉੱਤੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਹੋਣ ਵਾਲੇ ਇਸ ਲੀਗ ਦੇ ਮੈਚਾਂ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ ਜਿਸ ਨੂੰ ਪੂਰੀ ਦੁਨੀਆਂ ਦੇ ਫੁਟਬਾਲ ਪ੍ਰੇਮੀਆਂ ਵਾਂਗ ਭਾਰਤ ਦੇ ਫੁਟਬਾਲ ਪ੍ਰਸ਼ੰਸਕ ਵੀ ਉਤਸ਼ਾਹ ਨਾਲ ਵੇਖਦੇ ਹਨ ਅਤੇ ਫੁਟਬਾਲ ਦੇ ਗੁਰ ਸਿੱਖਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All