ਪ੍ਰੀਤਨਗਰ ਲੇਖਕਾਂ ਦਾ ਮੱਕਾ

ਪ੍ਰੀਤਨਗਰ ਲੇਖਕਾਂ ਦਾ ਮੱਕਾ

ਮੁਖ਼ਤਾਰ ਗਿੱਲ

ਪ੍ਰੀਤਨਗਰ: ਇੱਕ ਸੁੰਦਰ ਸੁਪਨਾ, ਜਿਸਦਾ ਨਾਮ ਮੁਹੱਬਤ!ਅਦੀਬਾਂ ਦੀ ਧਰਤੀ! ਲੇਖਕਾਂ ਦਾ ਮੱਕਾ! ਮੇਰੀ ਪੀੜ੍ਹੀ ਦੇ ਲੇਖਕ ਅਕਸਰ ਇੱਥੇ ਹੱਜ ਲਈ ਆਉਂਦੇ ਰਹੇ ਹਨ। ਪ੍ਰੀਤਲੜੀ ਤੇ ਪ੍ਰੀਤਨਗਰ ਕਈ ਵਰ੍ਹੇ ਮੇਰੀ ਉਮਰ ਦੇ ਲੇਖਕਾਂ ਦੇ ਆਦਰਸ਼ ਰਹੇ ਹਨ। ਮੇਰੇ ਸਮੇਤ ਮੇਰੇ ਸਮਕਾਲੀਆਂ ਨੇ ਪੰਜਾਬੀ ਵਾਰਤਕ ਦੇ ਸ਼ਾਹਸਵਾਰ ਸ੍ਰ: ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪ੍ਰਭਾਵ ਆਪਣੀਆਂ ਲਿਖਤਾਂ ਵਿੱਚ ਸਵੀਕਾਰਿਆ ਹੈ। ਮੈਨੂੰ ਪ੍ਰੀਤਨਗਰ ਵਿੱਚ ਵਿਚਰਦਿਆਂ ਤਕਰੀਬਨ ਚਾਰ ਦਹਾਕੇ ਹੋ ਗਏ ਹਨ। ਗੁਰਬਖਸ਼ ਸਿੰਘ ਦੀ ਸਹਿਜ ਪ੍ਰੀਤ ਦਾ ਜਾਦੂ ਮੇਰੇ ਸਿਰ  ਚੜ੍ਹ ਕੇ ਬੋਲਦਾ ਰਿਹਾ। ਇੱਥੋਂ ਮੈਨੂੰ ਮੂੰਹ ਮੰਗੀਆਂ ਮੁਹੱਬਤਾਂ ਮਿਲੀਆਂ। ਦੇਸ਼, ਕੌਮ, ਮਜ਼ਹਬ, ਰੰਗ, ਜਾਤ,ਨਸਲ ਆਦਿ ਤੁਅੱਸਬਾਂ ਤੋਂ ਉੱਪਰ ਉੱਠ ਕੇ ਮਨੁੱਖ ਜਾਤੀ ਨੂੰ ਇਨਸਾਨੀਅਤ ਦੇ ਧਰਮ ਵਿੱਚ ਪਿਰੋਣਾ, ਮਾਨਵਤਾ ਦੀ ਸੇਵਾ,ਸਾਵੀਂ ਪੱਧਰੀ ਜ਼ਿੰਦਗੀ, ਭਾਈਚਾਰਕ ਸਾਂਝ ਪੈਦਾ ਕਰਨਾ ਅਤੇ ਬ੍ਰਹਿਮੰਡ ਦੇ ਸੁਹੱਪਣ ਨੂੰ ਵਧਾਉਣਾ ਹੀ ਇਸ ਦਾ ਉਦੇਸ਼ ਸੀ। ‘ਪ੍ਰੀਤ ਲੜੀ’ ਦੇ ਪਹਿਲੇ ਸਫ਼ੇ ‘ਤੇ ਅੰਕਿਤ ਹੁੰਦਾ ਸੀ, ‘ ਕਿਸੇ ਦਿਲ ਸਾਂਝੇ ਦੀ ਧੜਕਣ/ ਕਿਸੇ ਪ੍ਰੀਤ ਗੀਤ ਦੀ ਲੈਅ/ਪੱਤੇ ਪ੍ਰੀਤਲੜੀ ਦੇ ਦੱਸਣ/ ਜਿਸ ਵਿੱਚ ਪਰੋਤੀ ਸਭੇ ਸ਼ੈਅ’।

ਹਿੰਦ/ਪਾਕਿ ਵੰਡ ਤੋਂ ਪਹਿਲਾਂ ਅੰਮ੍ਰਿਤਸਰ ਲਾਹੌਰ ਜ਼ਿਲ੍ਹਿਆਂ ਦਾ ਸਿਆਸੀ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਕਾਸ ਬਾਕੀ ਪੰਜਾਬ ਦੇ ਮੁਕਾਬਲੇ ਕਿਤੇ ਵੱਧ ਸੀ। ਅੰਮ੍ਰਿਤਸਰ ਅਤੇ ਲਾਹੌਰ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਸਨ। ਇਸ ਇਲਾਕੇ ਦੇ (ਅੰਮ੍ਰਿਤਸਰ-ਲਾਹੌਰ ਦਰਮਿਆਨ) ਸਾਹਿਤਕ ਅਤੇ ਸੱਭਿਆਚਾਰਕ ਅਮੀਰ ਵਿਰਸੇ ਦੇ ਮੱਦੇਨਜ਼ਰ ਅਮਰੀਕਾ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਕੇ ਆਏ  ਸੁਪਨਸਾਜ਼ ਸ੍ਰੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪ੍ਰੀਤਨਗਰ ਨਾਂ ਦਾ ਸਾਹਿਤਕ ਕਸਬਾ ਵਸਾਇਆ। ਇਹ ਭਾਗਾਂ ਭਰੀ ਧਰਤੀ ਚਾਰ ਕੁ ਸੌ ਘੁਮਾਂ ਰਕਬਾ, ਮਹਾਨ ਸ਼ਾਇਰ ਧਨੀ ਰਾਮ ਚਾਤ੍ਰਿਕ ਰਾਹੀਂ ਲੋਪੋਕੇ ਦੇ ਪੰਡਿਤ ਦੌਲਤ ਰਾਮ ਤੋਂ ਬੜੀ ਸਸਤੀ ਖਰੀਦੀ ਗਈ। ਇਹ ਬੀਤੇ ਸਮੇਂ ‘ਚ ਸ਼ਹਿਨਸ਼ਾਹ ਜਹਾਂਗੀਰ ਦੀ ਅਰਾਮਗਾਹ ਸੀ, ਜਿੱਥੇ ਉਹ ਕਸ਼ਮੀਰ ਜਾਦਿਆਂ ਪਹਿਲੇ ਪੜਾਅ ਵਜ੍ਹੋਂ ਠਹਿਰਦੇ ਸਨ। ਇਹ ਦੋਹਾਂ ਸ਼ਹਿਰਾਂ ਨੂੰ ਜੋੜਦੀ ਸ਼ਾਹਰਾਹ ਤੋਂ ਪੰਂਦਰਾਂ ਕਿਲੋਮੀਟਰ ਦੂਰ ਕਿਸੇ ਸ਼ਾਹੀ-ਸ਼ਾਨੋ-ਸ਼ੌਕਤ ਦਾ ਖੰਡਰ ਵਿਰਾਨ ਤੇ ਉਦਾਸ ਜਿਹੀ ਜਗ੍ਹਾ ਬਣ ਗਈ ਸੀ। ਸਮੇਂ ਦੀ ਮਾਰ ਤੋਂ ਜੋ ਕੁਝ ਬਚਿਆ ਸੀ ਉਹ ਇੱਕ ਚੌਂਹ ਵਿੱਘਿਆਂ ਵਿੱਚ ਪਸਰਿਆ ਤਲਾਅ, ਇੱਕ ਪੈਂਤੀ ਵਿੱਘਿਆਂ ਦੁਆਲ਼ੇ ਵਲੀ ਚਾਰ ਕੁ ਫੁੱਟ ਚੌੜੀ ਅਤੇ ਅੱਠ ਕੁ ਫੁੱਟ ਉੱਛੀ ਫਸੀਲ ਇਸਦੇ ਅੰਦਰਵਾਰ ਦੋ ਮੰਜ਼ਿਲੀ ਹਵੇਲੀ ਜਿਹੜੀ ਫਸੀਲ ਰਾਹੀਂ ਇੱਕ ਨੁੱਕਰੇ ਬਣੇ ਸੰਤਰੀ ਘਰ ਨੂੰ ਅਤੇ ਦੂਜੇ ਪਾਸੇ ਬਣੇ  ਘੋੜਿਆਂ ਦੇ ਅਸਤਬਲ ਨਾਲ਼ ਜੁੜੀ ਹੋਈ ਸੀ। ਇਸਦੀ ਉਸਾਰੀ ਨਾਨਕਸ਼ਾਹੀ ਇੱਟਾਂ ਨਾਲ਼ ਕੀਤੀ ਹੋਈ ਸੀ ਅਤੇ ਅੰਦਰ ਟਿੰਡਾਂ ਵਾਲ਼ਾ ਖੂਹ ਸੀ।

ਸੰਨ 7 ਜੂਨ 1938 ਨੂੰ ਜਿਹੜਾ ਕਾਫ਼ਲਾ ਇੱਥੇ ਪਹੁੰਚਿਆ ਸੀ ਉਸ ਵਿੱਚ ਗੁਰਬਖਸ਼ ਸਿੰਘ( ਜਿਨ੍ਹਾਂ ਦੇ ਸੁਪਨੇ ਦੀ ਉਪਜ ਸੀ ਪ੍ਰੀਤਨਗਰ) , ਨਾਵਲਕਾਰ ਨਾਨਕ ਸਿੰਘ, ਗਿਆਨੀ ਹਰਭਜਨ ਸਿੰਘ, ਦੀਨ ਦਿਆਲ, ਕਰਤਾਰ ਸਿੰਘ ਸੱਚਦੇਵ, ਡੀ. ਜੀ. ਡਾਵਰ, ਚਮਨ ਲਾਲ, ਅਮਰ ਸਿੰਘ, ਬਖਸ਼ੀਸ਼ ਸਿੰਘ, ਗੁਰਬਚਨ ਸਿੰਘ ਖੁਰਾਣਾ, ਦਲੀਪ ਸਿੰਘ, ਤਾਰਾ ਸਿੰਘ ਮਲਹੋਤਰਾ , ਹਰਚਰਨ ਸਿੰਘ, ਕਵੀ ਪਿਆਰਾ ਸਿੰਘ ਸਹਿਰਾਈ, ਕਹਾਣੀਕਾਰ ਨੌਰੰਗ ਸਿੰਘ, ਹਾਸਰਸ ਲੇਖਕ ਪਿਆਰਾ ਸਿੰਘ ਦਾਤਾ ਸ਼ਾਮਲ ਸਨ। ਆਪਣੇ ਆਪ ਨੂੰ ਪ੍ਰੀਤ ਸੈਨਾ ਜਾਂ ਪ੍ਰੀਤ ਸੈਨਿਕ ਅਖਵਾਉਣ ਵਾਲ਼ਿਆਂ ਇੱਕ ਸੰਗਠਨ ‘ਸੰਸਾਰ ਪ੍ਰੀਤ ਮੰਡਲ’ ਦਾ ਗਠਨ ਕੀਤਾ ਜਿਸਦੇ ਤਹਿਤ ਇੱਕ ਅੰਦੋਲਨ ਚਲਾਉਣ ਦਾ ਅਹਿਦ ਲਿਆ ਗਿਆ, ਜਿਸਦਾ ਮਨੋਰਥ ਪੱਤਰ ਸੀ, ਇਹ ਅੰਦੋਲਨ ਇਖ਼ਲਾਕੀ ਅਤੇ ਸਮਾਜੀ ਹੈ, ਨਬੀਆਂ ਅਤੇ ਅਵਤਾਰਾਂ ਦੇ ਸਿਧਾਤਾਂ ਦਾ ਟਾਕਰਾ ਕਰਨਾ ਜਾਂ ਉਹਨਾਂ ਦੀ ਵਿਆਖਿਆ ਕਰਨਾ ਇਸਦਾ ਮਨੋਰਥ ਨਹੀਂ। ਇਹ ਕਿਸੇ ਨਵੀਂ ਸੱਚਾਈ ਜਾਂ ਇਲਹਾਮ ਦਾ ਦਾਅਵਾ ਨਹੀਂ, ਨਾ ਹੀ ਪ੍ਰਲੋਕ ਇਸਦਾ ਦਾਈਆ ਹੈ। ਸਿਰਫ਼ ਇਖ਼ਲਾਕ ਨੂੰ ਕਿਆਸੀ ਮੰਡਲ ਵਿੱਚੋਂ ਕੱਢ ਕੇ ਜੀਵਨ ਮੰਡਲ ਵਿੱਚ ਲਿਆਉਣ ਦੀ ਤਾਂਘ ਹੈ। ਸ਼ੁੱਧ ਬੋਲੀ, ਆਦਰ ਭਰੀ ਨੁਕਤਾਚੀਨੀ, ਮਿਹਰਵਾਨ ਵਤੀਰਾ, ਰਵਾਂਦਾਰੀ, ਖਿਮਾਂ ਤੇ ਦੂਜਿਆਂ ਦੇ ਖਿਆਲਾਂ ਅਤੇ ਕੰਮਾਂ ਵਿੱਚ ਦਿਲਚਸਪੀ ਇਸਦੀ ਮੰਗ ਹੈ”।

‘ਇਸ ਅੰਦੋਲਨ ਦਾ ਕਿਸੇ ਮਨੱੁਖ ਨਾਲ਼ ਵੈਰ  ਨਹੀਂ। ਇਨਸਾਨਾਂ ਨੂੰ ਹੀ ਨਹੀਂ ਸਗੋਂ  ਜੀਵ ਜੰਤੂਆਂ ਨੂੰ ਇਹ ਇੱਕ ਪ੍ਰੀਤਲੜੀ ਵਿੱਚ ਪਰੋਤਾ ਵੇਖਣ ਦੀ ਇੱਛਾ ਹੈ। ਮੁਕਤੀ ਤੇ ਸਵਰਗ ਵਰਗੇ ਕਿਆਸਾਂ ਦੀ ਥਾਂ ਇਹ ਸਫ਼ਲ ਤੇ ਸੁਖਾਵੇਂ ਜੀਵਨ ਲਈ ਸ਼ੁਭ ਹੈ। ਔਰਤ ਨੂੰ ਬਰਾਬਰੀ ਦਾ ਦਰਜਾ ਦੇਣਾ ਅਤੇ ਦੁਨੀਆਂ ਨੂੰ ਅਮਨਪਸੰਦ , ਸੋਹਣੀ ਅਤੇ ਪਿਆਰ ਭਰੀ ਬਣਾਉਣਾ ਹੈ’। ਖ਼ੈਰ ਇਸ ਅੰਦੋਲਨ ਨੇ ਹਜ਼ਾਰਾਂ ਪ੍ਰੀਤ ਪਾਠਕਾਂ ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਆਰੰਭ ‘ਚ ਪ੍ਰੀਤਨਗਰ ‘ਚ ਫਸੀਲ ਨੂੰ ਤੋੜ ਕੇ ਅੱਠ ਕੋਠੀਆਂ ਬਣਾਈਆਂ ਗਈਆਂ ਅਤੇ ਹਰੇਕ ਕੋਠੀ ਵਿੱਚ ਦੋ-ਦੋ ਪਰਿਵਾਰ ਵਸਾਏ ਗਏ। ਦੋ ਮੰਜ਼ਿਲੀ ਹਵੇਲੀ ਨੂੰ ਦਫ਼ਤਰ ਅਤੇ ਮਨੋਰੰਜਨ ਕਲੱਬ ਦਾ ਰੂਪ ਦਿੱਤਾ ਗਿਆ।  ਸੁੱਕੇ ਤਲਾਅ ਨੂੰ ਖੇਡ ਸਰਗਰਮੀਆਂ ਅਤੇ ਮਨੋਰੰਜਨ ਲਈ ਰੰਗਮੰਚ ਦਾ ਰੂਪ ਦਿੱਤਾ ਗਿਆ। ਗਾਰੇ ਨਾਲ਼ ਉਸਾਰੀਆਂ ਅਤੇ ਸੜਕੜਿਆਂ ਨਾਲ਼ ਛੱਤੀਆਂ ਦੋ ਇਮਾਰਤਾਂ ਵੀ ਹੋਂਦ ਵਿੱਚ ਆ ਗਈਆਂ। ਪਹਿਲੀ ਸਾਂਝੀ ਰਸੋਈ  ਅਤੇ ਦੂਜੀ ਆਰੰਭੇ ਅੰਦੋਲਨ ਦੇ ਆਦਰਸ਼ਾਂ ਦੇ ਪ੍ਰਚਾਰ ਲਈ ਲੋੜੀਂਦਾ ਸਾਹਿਤ ਛਾਪੇ ਜਾਣ ਵਾਲ਼ੇ ਛਾਪੇ ਲਈ। ਟਿੰਡਾਂ ਵਾਲ਼ੇ ਖੂਹ ਦੁਆਲ਼ੇ ਜਨਤਕ ਗੁਸਲਖਾਨੇ ਉਸਾਰ ਲਏ ਗਏ। ਅਸਲ ਵਿੱਚ ਪ੍ਰੀਤ ਨਗਰ ਦੀਆਂ ਬਹੁਤੀਆਂ ਕੋਠੀਆਂ ਦਾਰਜੀ (  ਗੁਰਬਖਸ਼ ਸਿੰਘ) ਨੇ ਆਪ ਹੀ ਵਿਉਂਤੀਆਂ ਬਣਾਈਆਂ ਪਰ ਇੱਕ ਨਾਨਕਸ਼ਾਹੀ ਇੱਟਾਂ ਦੀ ਪੁਰਾਣੀ ਇਮਾਰਤ ਅਜੇ ਵੀ ਖਸਤਾ ਹਾਲਤ ਵਿੱਚ ਖੜੀ ਹੈ ਜਿਸ ਵਿੱਚ ਪ੍ਰੈੱਸ ਚਲਦਾ ਅਤੇ ਪ੍ਰੀਤਲੜੀ ਆਦਿ ਪੁਸਤਕਾਂ ਛਪਦੀਆਂ ਰਹੀਆਂ ਸਨ। ਕਿਹਾ ਜਾਂਦਾ ਹੈ ਕਿ ਇੱਥੇ ਮਲਿਕਾ ਨੂਰਜਹਾਂ ਠਹਿਰਦੀ ਸੀ ਅਤੇ ਸਵੇਰੇ ਇੱਥੋਂ ਮੁਸਲਮਾਨ ਫਕੀਰ ਸਾਈਂ ਬਖਤਿਆਰ (ਇੱਥੋਂ ਲਹਿੰਦੇ ਵੱਲ ਇੱਕ ਕਿਲੋਮੀਟਰ ਦੀ ਦੂਰੀ ‘ਤੇ  ਹੈ)  ਦੀ ਦਰਗਾਹੇ ਲਾਮ-ਲਸ਼ਕਰ ਸਮੇਤ ਸਿਜਦੇ ਨੂੰ ਜਾਂਦੀ । ਇਸਦੇ ਨਾਲ਼ ਹੀ ਸ੍ਰੀ ਸ਼ੋਭਾ ਸਿੰਘ ਵਾਲ਼ੀ ਕੋਠੀ ਜੋ ਹੁਣ ਢੱਠ ਚੁੱਕੀ ਹੈ ਅਤੇ ਉਸਦਾ ਮਲਬਾ ਹੈਰੀਟੇਜ ਵਿਲੇਜ ਲਈ ਚੁਕਵਾ ਦਿੱਤਾ ਗਿਆ ਹੈ। ਇਸੇ ਕੋਠੀ ਦੇ ਅੱਧੇ ਹਿੱਸੇ ਵਿੱਚ ਨਾਨਕ ਸਿੰਘ ਦੀ ਸਮਾਧ ਅਤੇ ਸਮਾਧ ਵਾਲ਼ਾ ਪਾਰਕ ਬਣਿਆ ਹੋਇਆ ਹੈ।

ਇਥੇ ਧਰਮਾਂ ਦੀਆਂ ਵੰਡੀਆਂ ਤੋਂ ਮੁਕਤ ਜੀਵਨ ਜਿਊਣ ਲਈ ਇੱਕ ਸੁਖਾਵਾਂ ਮਾਹੌਲ ਸਿਰਜਿਆ ਗਿਆ ਸੀ। ਹਰ ਧਰਮ ਨੂੰ ਆਦਰ ਦਿੱਤਾ ਜਾਂਦਾ ਸੀ ਅਤੇ ਹਰ ਵਿਅਕਤੀ ਦਾ ਧਰਮ ਉਸਦਾ ਨਿੱਜੀ ਮਾਮਲਾ ਮੰਨਿਆ ਜਾਂਦਾ ਸੀ, ਇਸ ਲਈ ਕਿਸੇ ਤਰ੍ਹਾਂ ਦੇ ਵੀ ਪੂਜਾ ਸਥਾਨ ਦੀ ਲੋੜ ਹੀ ਨਹੀਂ ਸਮਝੀ ਗਈ। ( ਠੇਕੇਦਾਰ ਗੁਰਚਰਨ ਸਿੰਘ ਹੁਰਾਂ ਦੇ ਯਤਨਾਂ ਅਤੇ ਕੁਝ ਹੋਰ ਗੁਰੂਘਰ ਦੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਇੱਕ ਛੋਟਾ ਅਤੇ ਬਹੁਤ ਆਲੀਸ਼ਾਨ ਗੁਰਦੁਆਰਾ ਉਸਾਰਿਆ ਗਿਆ। ਇਸ ਤੋਂ ਮਗਰੋਂ ਬਖਸ਼ਿਸ਼ ਇੰਟਰਨੈਸ਼ਨਲ ਚੈਰੀਟੇਬਲ ਸੁਸਾਇਟੀ ਪ੍ਰੀਤਨਗਰ ਦੇ ਬਾਨੀ ਬਾਬਾ ਦਲਜੀਤ ਸਿੰਘ ਪ੍ਰੀਤਨਗਰ ਵਾਲ਼ਿਆਂ ਇੱਕ ਹੋਰ ਗੁਰਦੁਆਰਾ ਬਣਾ ਦਿੱਤਾ ਜਿੱਥੇ ਨਾਨਕ ਨਾਮ ਲੇਵਾ ਸੰਗਤ ਜੁੜਦੀ ਹੈ ਅਤੇ ਬਾਬਾ ਜੀ ਆਪਣੇ ਪ੍ਰਵਚਨਾਂ ਰਾਹੀਂ ਗੁਰਬਾਣੀ ਨਾਲ਼ ਜੋੜਦੇ ਹਨ) ਕੀਰਤਨ ਦਰਬਾਰ ਕਰਵਾਏ ਜਾਂਦੇ ਹਨ। ਲੰਗਰ ਚੱਲਦੇ ਹਨ ਅਤੇ ਸਮੇਂ-ਸਮੇਂ ਸਿਹਤ ਕੈਂਪ ਵੀ ਲਗਾਏ ਜਾਂਦੇ ਹਨ)। ਅੱਜ ਭਾਵੇਂ ਇਸ ਨੂੰ ਅਲੋਕਾਰ ਸਮਝਿਆ ਜਾਵੇ ਪਰ ਹੈ ਸੱਚ ਕਿ ਪ੍ਰੀਤਨਗਰ ’ਚ ਸਾਂਝਾ ਲੰਗਰ ਸੀ ਜਿਥੇ ਵਾਸੀ ਪ੍ਰੀਤੀ ਭੋਜ ਕਰਦੇ ਸਨ। ਸਾਝੀਂ ਡੇਅਰੀ ਤੋਂ ਹਰ ਪਰਿਵਾਰ ਨੂੰ ਦੁੱਧ ਮਿਲ਼ਦਾ ਸੀ। ਪ੍ਰੀਤ ਸੈਨਿਕਾਂ ਲਈ ਇੱਕੋ ਜਿਹੇ ਡਿਜ਼ਾਈਨ ਦੀਆਂ ਕੋਠੀਆਂ ਵਿਉਂਤੀਆਂ ਗਈਆਂ। ਹਰ ਕੋਠੀ ਅੱਗੇ ਬੁਗਨਵੇਲੀਆ ਦੀਆਂ ਲਾਲ-ਸੂਹੇ ਰੰਗਾਂ ਵਾਲ਼ੀਆਂ ਵੇਲਾਂ ਚੜ੍ਹਾਈਆਂ ਗਈਆਂ। ਇਸ ਨਗਰ ਦੀਆਂ ਸਾਰੀਆਂ ਸੜਕਾਂ ਪੱਕੀਆਂ ਇੱਟਾਂ ਨਾਲ ਚਿਣੀਆਂ ਗਈਆਂ, ਜਿੰਨ੍ਹਾਂ ਨੂੰ ਰੋਜ਼ ਹੂੰਝਿਆ ਜਾਂਦਾ ਤੇ ਨਿਯਮਤ ਛਿੜਕਾਅ ਕੀਤਾ ਜਾਂਦਾ ਸੀ। ਮੁੰਡਿਆਂ-ਕੁੜੀਆਂ ਦੀ ਸਾਂਝੀ ਸਿੱਖਿਆ ਦੀ ਲੋੜ ਨੂੰ ਸਮਝਦਿਆਂ ਅੱਠ ਏਕੜ ਦੇ ਵਿਸ਼ਾਲ ਰਕਬੇ ਵਿੱਚ ਗਾਰੇ ਨਾਲ਼ ਉਸਾਰੀ ਅਤੇ ਸੜਕੜੇ ਨਾਲ਼ ਛੱਤੀ ਇਮਾਰਤ ਵਿੱਚ ਐਕਟੀਵਿਟੀ ਸਕੂਲ ਖੋਹਲਿਆ ਗਿਆ ਜਿਸ ਵਿੱਚ ਬੱਚਿਆਂ ਨੂੰ ਨਵੀਨ ਕਿਸਮ ਦੀ ਸਿੱਖਿਆ ਦਿੱਤੀ ਜਾਂਦੀ ਸੀ। ਬੱਚਿਆਂ ਦੀਆਂ ਮਾਨਸਿਕ ਲੋੜ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਪੜ੍ਹਾਈ ਕਰਵਾਈ ਜਾਂਦੀ ਸੀ। ਸਕੂਲ ਦੇ ਪਹਿਲੇ ਪ੍ਰਿੰਸੀਪਲ ਸ੍ਰ: ਜਗਦੀਸ਼ ਸਿੰਘ ਬਣੇ ਜਿਹੜੇ ਬਾਲ ਮਨੋਵਿਗਿਆਨ ਦੇ ਮਾਹਿਰ ਸਨ। ਹਰ ਅੱਠ ਬੱਚਿਆਂ ਪਿੱਛੇ ਇੱਕ ਟੀਚਰ ਹੁੰਦਾ ਸੀ। ਉਹਨਾਂ ਨੂੰ ਜੀਵਨ ਪੰਧ ਉੱਤੇ ਅੱਗੇ ਤੋਰਨ ਵਾਲ਼ਿਆਂ ਵਿੱਚ ਉੱਘੇ ਚਿੱਤਰਕਾਰ ਸ਼ੋਭਾ ਸਿੰਘ ਅਤੇ ਕਵੀ ਪਿਆਰਾ ਸਿੰਘ ਸਹਿਰਾਈ ਸ਼ਾਮਲ ਸਨ। ਇਸ ਸਕੂਲ ਵਿੱਚ ਦੇਸ਼-ਪ੍ਰਦੇਸ ਦੇ ਪ੍ਰੀਤ ਲੜੀ ਦੇ ਪਾਠਕਾਂ ਦੇ ਬੱਚੇ ਪੜ੍ਹਦੇ ਸਨ। ਪ੍ਰੀਤਨਗਰ ਵਿੱਚ ਖੇਡਾਂ, ਸਾਹਿਤ,ਕਲਾ, ਰੰਗ-ਮੰਚ, ਸੰਗੀਤ ਅਤੇ ਸੱਭਿਆਚਾਰਕ ਸਰਗਰਮੀਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਸੀ।  ਐਕਟੀਵਿਟੀ ਸਕੂਲ ’ਚ ਹਰ ਮੰਗਲਵਾਰ ਸੁਨਿਹਰੀ ਸ਼ਾਮ ਮਨਾਈ ਜਾਂਦੀ ਸੀ  ਜਿਸਨੇ ਕਿੰਨੇ ਹੀ ਬਾਲ ਕਲਾਕਾਰਾਂ ਦੀ ਕਲਾ ਨੂੰ ਤਰਾਸ਼ਿਆ ਜਿੰਨਾਂ ਅੱਗੇ ਜਾ ਕੇ ਇਸ  ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ। ’ਪ੍ਰੀਤ ਮਿਲਣੀਆਂ’ ਪ੍ਰੀਤਨਗਰ ਦਾ ਬਕਾਇਦਾ ਸਲਾਨਾ ਉਤਸਵ ਸੀ ਜਿਸਨੇ ਅਮੀਰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤਾ। ਰੰਗ-ਮੰਚ ਦੇ ਜਨਮ ਅਸਥਾਨ ਦਾ ਦਰਜਾ ਦਿੱਤਾ। ਬਲਵੰਤ ਗਾਰਗੀ ਦਾ ਨਾਟਕ ’ਲੋਹਾ ਕੁੱਟ’ ਇੱਥੋਂ ਦੇ ਤਲਾਅ ’ਚ ਪਹਿਲੀ ਵਾਰ ਖੇਡਿਆ ਗਿਆ। ਇਹ ਪ੍ਰੀਤ ਮਿਲਣੀਆਂ ਤਾਂ ਵੱਖ-ਵੱਖ ਖੇਤਰਾਂ ’ਚ ਪ੍ਰਸਿੱਧੀ ਪਾ ਚੁੱਕੀਆਂ ਸਨ। ਇਹ ਬਹੁਤ ਸਾਰੀਆਂ ਹਸਤੀਆਂ ਨੂੰ ਖਿੱਚ ਲਿਆਉਂਦੀਆਂ ਸਨ। ਇਹਨਾਂ ਵਿੱਚ ਪੰਜਾਬੀ ਰੰਗ ਮੰਚ ਦੀ ਨੁੱਕੜਦਾਦੀ ਨੌਰਾ ਰਿਚਰਡਜ਼,, ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਬਲਵੰਤ ਗਾਰਗੀ, ਬਲਰਾਜ ਸਾਹਨੀ, ਸੰਤ ਇੰਦਰ ਸਿੰਘ ਚੱਕਰਵਰਤੀ,ਦਰਸ਼ਨ ਸਿੰਘ ਅਵਾਰਾ, ਸ਼ਰੀਫ ਕੁੰਜਾਹੀ, ਹਿੰਦੀ ਲੇਖਕ ੳਪੇਂਦਰ ਨਾਥ ਅਸ਼ਕ, ਫ਼ੈਜ਼ ਅਹਿਮਦ ਫੈਜ਼, ਸਾਹਿਰ ਲੁਧਿਆਣਵੀ, ਰਾਜਿੰਦਰ ਸਿੰਘ ਬੇਦੀ, ਹੰਸ ਰਾਜ ਹੰਸ, ਅੰਗਰੇਜ਼ੀ ਨਾਵਲਕਾਰ ਮੁਲਕ ਰਾਜ ਆਨੰਦ,ਚਿੱਤਰਕਾਰ ਸ਼ੋਭਾ ਸਿੰਘ, ਸੰਗੀਤ ਨਾਟ-ਰਚੇਤਾ ਸ਼ੀਲਾ ਭਾਟੀਆ, ਗਾਇਕਾਵਾਂ ਵਿੱਚ  ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਅਮਰਜੀਤ ਗੁਰਦਾਸਪੁਰੀ, ਫੋਟੋ ਜਰਨਲਿਸਟ ਹਰਭਜਨ ਸਿੰਘ ਬਾਜਵਾ, ਸੰਤੋਖ ਸਿੰਘ ਧੀਰ, ਗੁਰਸ਼ਰਨ ਸਿੰਘ,ਨਾਵਲਕਾਰ ਗੁਰਦਿਆਲ ਸਿੰਘ, ਵਰਿਆਮ ਸਿੰਘ ਸੰਧੂ, ਜਸਵੰਤ ਸਿੰਘ ਘਰਿੰਡਾ,  ਲੋਕ ਨਾਥ, ਗੁਲ ਚੌਹਾਨ, ਪ੍ਰਮਿੰਦਰਜੀਤ, ਡਾ. ਸਿੰਦਰ, ਹਰਪਾਲਜੀਤ ਪਾਲੀ, ਅਤੇ ਖੁਰਸ਼ੀਦ ਸ਼ਾਮਲ ਸਨ। ਪ੍ਰੀਤ ਮਿਲਣੀਆਂ ਦੇ ਦੌਰਾਨ ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਬੋਲ ਪ੍ਰੀਤ ਸਨੇਹੀਆਂ ਨੂੰ ਮੋਹ ਲੈਂਦੇ ਸਨ। ਗੂਰੂਦੇਵ ਰਾਬਿੰਦਰ ਨਾਥ ਟੈਗੋਰ ਨੇ 1941  ਦੀ ਸ਼ੁਰੂਆਤ ’ਚ ਸ਼ਾਂਤੀ ਨਿਕੇਤਨ ’ਚ ਆਪਣੇ ਵੱਲੋਂ ਚਲਾਏ ’ਵਿਸ਼ਵ ਭਾਰਤੀ ਵਿਸ਼ਵਵਿਦਿਆਲੇ’ ਦੇ ਉਪ ਕੁਲਪਤੀ  ਗੁਰਦਿਆਲ ਮਲਿਕ ਨੂੰ ਪ੍ਰੀਤਨਗਰ ਦਾ ’ਸ਼ਾਂਤੀ ਨਿਕੇਤਨ’ ਵੇਖਣ ਲਈ ਭੇਜਿਆ ਸੀ । ਉਹ ਇਸਦੇ ਆਦਰਸ਼ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਹਨਾਂ ਲਿਖਿਆ, ‘‘ਮੇਰੇ ਲਈ ਪ੍ਰੀਤਨਗਰ ਸ਼ਾਂਤੀ ਨਿਕੇਤਨ ਦੀ ਭੈਣ ਹੈ’’। 23 ਮਈ 1942 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਵੀ ਇਸ ਨਗਰ ਨੂੰ ਵੇਖਣ ਲਈ ਆਏ ਸਨ। ਸ਼ੀਲਾ ਭਾਟੀਆ ਦੇ ਨਾਟਕ ਹੁੱਲੇ-ਹੁਲਾਰੇ ਨੂੰ ਪ੍ਰੀਤਨਗਰ ਦੀਆਂ ਕਲਾਕਾਰ ਕੁੜੀਆਂ ਉਮਾ, ਸ਼ਕੁੰਤਲਾ, ਪ੍ਰਤਿਮਾ,ਉਰਮਿਲਾ, ਅਤੇ ਸ਼ੀਲਾ ਨੇ ਕਈ ਵਾਰ ਖੇਡਿਆ। ਕਲਾਕਾਰ ਕੁੜੀਆਂ ਗ੍ਰਿਫ਼ਤਾਰ ਹੋਈਆਂ ਅਤੇ ਅੰਗਰੇਜ਼ ਸਰਕਾਰ ਨੇ ਇਸ ’ਤੇ ਪਾਬੰਦੀ ਲਗਾ ਦਿੱਤੀ।  ਫਿਰ ਵੀ ਪ੍ਰੀਤਨਗਰ ਅਤੇ ਇਸਦੇ ਸਨੇਹੀ ਆਜ਼ਾਦੀ ਦੀ ਜੱਦੋਜਹਿਦ ਵਿੱਚ ਸਰਮਗਰਮ ਰਹੇ। ਸੰਤਾਲੀ ਦੀ ਖ਼ੂਨੀ ਹਨੇਰੀ ਨੇ ਦਸ ਲੱਖ ਪੰਜਾਬੀਆਂ ਦੀ ਜਾਨ ਲਈ, ਲੱਖਾਂ ਨੂੰ ਬੇਘਰ ਕੀਤਾ ਅਤੇ ਭਾਈਚਾਰਕ ਏਕਤਾ ’ਤੇ ਡੂੰਘੀ ਸੱਟ ਮਾਰੀ। ਆਂਢ-ਗੁਆਂਢ ਦੇ ਮੁਸਲਮਾਨਾਂ ਪ੍ਰੀਤਨਗਰ ਪਨਾਹ ਲਈ। ਪ੍ਰੀਤਨਗਰ ਪ੍ਰੀਤਾਂ ਦਾ ਹੀ ਨਹੀਂ ਮਾਨਵਤਾ ਦਾ ਪਹਿਰੇਦਾਰ ਬਣਿਆ। ਦਾਰ ਜੀ ਨੇ ਆਪਣੇ ਮੁਸਲਿਮ ਭਰਾਵਾਂ ਨੂੰ ਬੜੀ ਹਿਫ਼ਾਜ਼ਤ ਨਾਲ਼ ਵਾਹਘੇ ਕੈਂਪ ਤੱਕ ਪਹੁੰਚਾਇਆ। ਇਸ ਫ਼ਿਰਕੂ ਵੰਡ ਅਤੇ ਦੋ ਜੰਗਾਂ ਨੇ ਪ੍ਰੀਤਨਗਰ ਨੂੰ ਤਬਾਹ ਕਰ ਦਿੱਤਾ। ਮੈਨੂੰ ਯਾਦ ਹੈ ਕਿ ਮੈਂ 1968 ’ਚ ਬਤੌਰ ਨਵਨਿਯੁਕਤ ਅਧਿਆਪਕ ਪ੍ਰੀਤਨਗਰ ਆਇਆ ਸੀ। ਮੈਂ ਐਕਟੀਵਿਟੀ ਸਕੂਲ ਵੇਖਣ ਤੋਂ ਬਾਅਦ ਜਿੱਧਰੋਂ ਪ੍ਰੀਤਨਗਰ ’ਚ ਦਾਖ਼ਲ ਹੋਇਆ। ਮੇਰੇ ਖੱਬੇ ਹੱਥ ਤਲਾਅ ਅਤੇ ਸੱਜੇ ਸ਼ੁਰੂ ਹੋਈ ਪੀਲੀਆਂ ਕੋਠੀਆਂ ਦੀ ਕਤਾਰ। ਕੋਠੀਆਂ ਦੀ ਕੋਈ ਚਾਰ ਦਿਵਾਰੀ ਨਹੀਂ ਸੀ। ਮੱਥੇ ਬੁਗਨਬੇਲੀਆ ਦੇ ਫੁੱਲ ਅਤੇ ਮਹਿੰਦੀ ਦੀ ਵਾੜ, ਪੱਕੀਆਂ ਇੱਟਾਂ ਦੀਆਂ ਸਾਫ਼-ਸੁਥਰੀਆਂ ਸੜਕਾਂ, ਬੜੇ ਅਦਬ ਨਾਲ਼ ਪੇਸ਼ ਆਉਣ ਵਾਲ਼ੇ ਪ੍ਰੀਤਨਗਰ ਦੇ ਵਾਸੀ। ਇਸ ਖ਼ੁਸ਼ਗਵਾਰ ਮਾਹੌਲ ’ਚ ਮੈਂ ਬਹੁਤ ਪ੍ਰਭਾਵਿਤ ਹੋਇਆ। ਇਸ ਸਾਫ਼ ਅਤੇ ਸ਼ੁੱਧ ਵਾਤਾਵਰਣ ’ਚ ਵੱਸਣ ਦਾ ਮੈਂ ਵੀ ਸੁਪਨਾ ਲਿਆ ਜੋ ਛੇਤੀ ਹੀ ਸਾਕਾਰ ਹੋ ਗਿਆ। ਮੈਨੂੰ ਨਾਵਲਕਾਰ ਨਾਨਕ ਸਿੰਘ ਹੁਰਾਂ ਦੀ ਕੋਠੀ ਨੇੜੇ ਅਵਾਸ ਪ੍ਰਾਪਤ ਹੋ ਗਿਆ।   ਸੰਨ1970 ’ਚ ਗੁਲ ਚੌਹਾਨ ਆ ਗਿਆ। ਇਸ ਦਰਮਿਆਨ ਮੇਰੀ ਕਹਾਣੀ ’ਬੀਤੇ ਦੇ ਨਕਸ਼’ ’ਪ੍ਰੀਤ ਲੜੀ’ ’ਚ ਛਪ ਗਈ। ਫਿਰ ਗੁਲ ਚੌਹਾਨ ਦੀਆਂ ’ਨਾਗਮਣੀ’ ’ਚ ਕਵਿਤਾਵਾਂ ਅਤੇ ਮੇਰੀ ਕਹਾਣੀ ’ਆਖ਼ਰੀ ਚੂੜੀਆਂ’ ਛਪ ਗਈ। ਦਾਰ ਜੀ, ਬਾਊ ਜੀ, ਭਰਾ ਜੀ, ਭਾਬੀ ਜੀ, ਮਾਸੀ ਜੀ ਆਦਿ ਰਿਸ਼ਤੇ ਕਦੋਂ ਵਿਕਸਿਤ ਹੋ ਗਏ ਪਤਾ ਹੀ ਨਾ ਲੱਗਿਆ। ਬਾਊ ਜੀ (ਨਾਨਕ ਸਿੰਘ) ਅਤੇ ਭਰਾ ਜੀ (ਦਰਸ਼ਨ ਸਿੰਘ) ਹੁਰਾਂ ਨਾਲ਼ ਮੇਰਾ ਬੜਾ ਆਦਰ ਵਾਲ਼ਾ ਰਿਸ਼ਤਾ ਸੀ। ਭਰਾ ਜੀ ਨੇ ਨਾ ਸਿਰਫ਼ ਮੈਨੂੰ ਪੜ੍ਹਨ-ਲਿਖਣ ਵੱਲ ਪ੍ਰੇਰਿਆ ਬਲਕਿ ਬਿਨਾਂ ਦੱਸਿਆਂ ਮੇਰੀਆਂ ਲੋੜ੍ਹਾਂ ਪੂਰੀਆਂ ਕਰ ਦਿੰਦੇ ਸਨ। ਉਹਨਾਂ ਦੀ ਯਾਦ ਵਿੱਚ ਸਿਰ ਝੁਕਦਾ ਹੈ। ਪ੍ਰੀਤਨਗਰ ਤੋਂ ਹਿਰਦੇਪਾਲ ਦੀ ਸੰਪਾਦਨਾ ਹੇਠ ਛਪਦੇ ਰਸਾਲੇ ’ਬਾਲ ਸੰਦੇਸ਼’ ਵਿੱਚ ਮੇਰੇ ਸਮੇਤ ਕਈ ਲੇਖਕਾਂ ਨੂੰ ਬਾਲ ਸਾਹਿਤ ਲਿਖਣ ਵੱਲ ਪ੍ਰੇਰਿਆ।  ਸੰਨ 1975 ਦੇ ਆਸ-ਪਾਸ ਸਾਹਿਤਕ ਚੌਵਰਕੀਆਂ ਕੱਢਣ ਦਾ ਰਿਵਾਜ਼ ਸੀ। ਡਾ: ਕਰਨੈਲ ਸ਼ੇਰਗਿੱਲ, ਡਾ, ਰਵਿੰਦਰ ਅਤੇ ਅਵਤਾਰ ਜੌੜੇ ਦੇ ਸਹਿਯੋਗ ਨਾਲ਼ ਮੈਂ ਵੀ ਜੁਝਾਰ ,ਰਚਨਾ,ਦਰਵੇਸ਼, ਆਦਿ ਮੈਗ਼ਜ਼ੀਨ ਸੰਪਾਦਿਤ ਕੀਤੇ। ਪੰਜਾਬੀ ਟ੍ਰਿਬਿਊਨ ਦੇ ਮੌਜੂਦਾ ਸੰਪਾਦਕ ਵਰਿੰਦਰ ਵਾਲ਼ੀਆ ਜੀ ਨੇ ਵੀ ਕੁਝ ਵਰ੍ਹੇ ਪ੍ਰੀਤਨਗਰ ਦੀ ਗੋਦ ਵਿੱਚ ਬਿਤਾਏ। ਫਿਰ ਮੈਂ ਅਤੇ ਪ੍ਰਮਿੰਦਰਜੀਤ ਨੇ ਇੱਥੋਂ ’ਅੱਖਰ’ ਦੋਮਾਸਿਕ ਪ੍ਰਕਾਸ਼ਤਿ ਕਰਨਾ ਸ਼ੁਰੂ ਕਰ ਦਿੱਤਾ। ਸਾਹਿਤ ਕਲਾ ਮੰਚ ਪ੍ਰੀਤਨਗਰ ਹੋਂਦ ਵਿੱਚ ਆਏ। ਹਰ ਵਰ੍ਹੇ 31 ਦਸੰਬਰ ਦੀ ਰਾਤ ਨੂੰ ਗੋਸ਼ਟੀਆਂ, ਕਹਾਣੀ ਅਤੇ ਕਵੀ ਦਰਬਾਰ ਕਰਵਾਉਂਦੇ ਰਹੇ। ਫਿਰ ਕਾਲ਼ੀਆਂ ਤਾਕਤਾਂ ਨੇ ਸਾਡੇ ਕੋਲ਼ੋਂ ਅਤਿ ਜ਼ਹੀਨ ਅਤੇ ਕਲਾਵਾਨ ਸੰਪਾਦਕ ਸੁਮੀਤ ਸਿੰਘ ਖੋਹ ਲਿਆ।  ਇਸੇ ਮਹੀਨੇ ਬੜਾ ਮੋਹਵੰਤਾ ਜਿਹਾ ਬੱਚਾ ਗੁਰਮੁਖ ਸਿੰਘ (ਜੋ ਬਾਅਦ ਵਿੱਚ ਕਹਾਣੀਕਾਰ/ਪੱਤਰਕਾਰ ਸਰਵਮੀਤ ਵਜ੍ਹੋਂ ਮਸ਼ਹੂਰ ਹੋਇਆ) ਮੇਰੀ ਝੋਲ਼ੀ ਆਣ ਪਿਆ। ਉਸ ਨੂੰ ਪਾਲ਼ਿਆ, ਪੋਸਿਆ, ਪੜ੍ਹਾਇਆ ਤੇ ਚੰਗੇ ਸੰਸਕਾਰ ਦੇਣ ਦਾ ਯਤਨ ਕੀਤਾ। ਉਸ ਨੂੰ ਚੰਗਾ ਘਰ, ਨੇਕ ਬੀਵੀ, ਪਿਆਰਾ ਬੱਚਾ ਮਿਲ਼ੇ ਪਰ ਉਸਦੀ ਅਲਵਿਦਾ ਨੇ ਮੈਨੂੰ ਡੂੰਘਾ ਸਦਮਾ ਹੀ ਨਹੀਂ ਬੁਰੀ ਤਰ੍ਹਾਂ ਤੋੜਕੇ ਰੱਖ ਦਿੱਤਾ। ਅੱਜ ਮੇਰੇ ਕੋਲ਼ ‘‘ਸਭ ਕੁਝ‘‘ ਹੈ ਪਰ ਸਰਵਮੀਤ ਨਹੀਂ। ਅਜੋਕਾ ਪ੍ਰੀਤਨਗਰ ਗੁਰਬਖ਼ਸ਼ ਸਿੰਘ ਦੇ ਸੁਪਨਿਆਂ ਨੂੰ ਡੂੰਘਾ ਦਫ਼ਨ ਕਰ ਚੁੱਕਿਆ ਹੈ। ਪ੍ਰੀਤ ਨਹੀਂ, ਸਨੇਹ ਨਹੀਂ, ਇੱਕ ਦੂਜੇ ਪ੍ਰਤੀ ਸੰਵੇਦਨਾ ਨਹੀਂ ਜੇ ਹੈ ਤਾਂ ਈਰਖਾ, ਸਾੜਾ, ਨਿੱਜੀ ਮੁਫ਼ਾਦ/ਮਤਲਬ। ਪ੍ਰੀਤ ਫਲਸਫ਼ੇ ਦਾ ਮਜ਼ਾਰ, ਸਹਿਜ ਪ੍ਰੀਤ ਦੇ ਜਾਦੂ ਦੀ ਕਬਰ ਅਤੇ ਮਹੱਬਤੀ ਸੁਪਨੇ ਦੀ ਦਰਗਾਹ ਹੀ ਤਾਂ ਬਣ ਗਿਆ ਹੈ ਸਾਡਾ ਪ੍ਰੀਤਨਗਰ। ਇੰਨਾ ਵੀ ਨਾ-ਉਮੀਦ ਨਹੀਂ ਹਾਂ, ਤਿੰਨ ਵਰ੍ਹੇ ਪਹਿਲਾਂ ਜਦੋਂ ਜਤਿੰਦਰ ਔਲ਼ਖ ਨੇ ਇੱਥੋਂ ’ਮੇਘਲਾ’ ਸ਼ੁਰੂ ਕੀਤਾ ਅਤੇ ਉਜਾੜ ਬਣੇ ਥੇਹਾਂ ’ਤੇ ਪੁਸਤਕ ਲਿਖੀ। ਰਸਾਲਾ ਛੇਤੀ ਹੀ ਆਪਣਾ ਮੁਕਾਮ ਬਣਾ ਗਿਆ। ਜਤਿੰਦਰ ਅਤੇ ਮੈਨੂੰ ਮਿਲਣ ਕੋਈ ਨਾ ਕੋਈ ਲੇਖਕ ਆਇਆ ਰਹਿੰਦਾ ਹੈ। ਇੱਕ ਵਾਰ ਫਿਰ ਅਮੀਰ ਪੰਜਾਬੀ ਸਾਹਿਤ ਅਤੇ ਅਮੀਰ ਸੱਭਿਆਚਾਰਕ ਵਿਰਸੇ ਦੇ ਮੁਦੱਈਆਂ ਵੱਲੋਂ ਪ੍ਰੀਤਨਗਰ ਵਿਖੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਂਉਂਡੇਸ਼ਨ ਦੀ ਸਥਾਪਨਾ ਅਤੇ ਇਸਦੇ ਪ੍ਰੀਤ ਭਵਨ ਦੀ ਸਥਾਪਨਾ ਨੇ ਵੱਡੀ ਆਸ-ਉਮੀਦ ਦੇ ਦੀਵੇ ਬਾਲ ਦਿੱਤੇ ਹਨ। ‘ਪ੍ਰੀਤ ਭਵਨ’ ਨਾਂ ਦੀ ਅਤਿ ਆਧੁਨਿਕ ਤਕਨੀਕ ਅਤੇ   ਉਪਕਰਨਾਂ ਨਾਲ਼ ਲੈੱਸ ਖੁੱਲ੍ਹਾ-ਡੁੱਲਾ ਆਡੀਟੋਰੀਅਮ, ਲਾਇਬਰੇਰੀ, ਅਜਾਇਬ ਘਰ ਅਤੇ ਖੋਜ ਵਿਦਿਆਰਥੀਆਂ ਲਈ ਕਮਰੇ ਬਣਵਾਏ ਗਏ ਹਨ। ਪ੍ਰੀਤਨਗਰ ਵਿੱਚ ਸ਼ੁਰੂ ਹੋਏ ਸਾਹਿਤਕ ਅਤੇ ਸੱਭਿਆਚਾਰਕ ਸਮਾਗਮਾਂ ਦੀ ਲੜੀ ਨੇ ਪ੍ਰੀਤਨਗਰ ਦੀ ਧਰਤੀ ਨੂੰ ਧੜਕਾ ਦਿੱਤਾ ਹੈ। ਲੱਖਾਂ ਰੰਗ-ਬਿਰੰਗੇ ਫੁੱਲ ਖਿੜ ਪਏ ਹਨ। ਕਾਸ਼! ਇਹ ਮੁਹੱਬਤਾਂ ਦੀ ਖ਼ੁਸ਼ਬੂ ਪ੍ਰੀਤ ਸਨੇਹੀਆਂ ਦੇ ਮਨਾਂ ਵਿੱਚ ਹਮੇਸ਼ਾਂ ਲਈ ਭਰੀ ਰਹੇ ਸਾਡੀ ਇਹੋ ਦੁਆ ਹੈ।

ਮੋਬਾਈਲ: 9814082217

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All