ਪ੍ਰਿੰਸੀਪਲ ਦੀ ਮੁਅੱਤਲੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਸਰਬਹਿੱਤਕਾਰੀ ਸਕੂਲ ਧਨੌਲਾ ਅੱਗੇ ਧਰਨਾ ਦਿੰਦੇ ਹੋਏ ਯੂਥ ਕਾਂਗਰਸੀ।

ਅਜੀਤਪਾਲ ਸਿੰਘ ਧਨੌਲਾ, 11 ਫਰਵਰੀ ਬੱਚਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਦਸਤਖ਼ਤ ਕਰਵਾਉਣ ਮਾਮਲੇ ਵਿਚ ’ਚ ਯੂਥ ਕਾਂਗਰਸ ਨੇ ਸਕੂਲ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਲਈ ਵਿਭਾਗ ਨੂੰ ਹਫ਼ਤੇ ਦਾ ਅਲਟੀਮੇਟਮ ਦੇ ਦਿੱਤਾ ਹੈ। ਕਰੀਬ ਦੋ ਹਫ਼ਤੇ ਪਹਿਲਾਂ ਧਨੌਲਾ ਦੇ ਲਾਲਾ ਜਗਨ ਨਾਥ ਸਰਬਹਿੱਤਕਾਰੀ ਸਕੂਲ ਵਿਚ ਬੱਚਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਦਸਤਖ਼ਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸੇ ਵੇਲੇ ਮੁਸਲਿਮ ਕਮੇਟੀ ਦੇ ਪ੍ਰਧਾਨ ਮਿੱਠੂ ਖਾਂ, ਡਾ. ਲਾਲ ਸਿੰਘ ਸਮੇਤ ਸ਼ਹਿਰ ਦੀਆਂ ਜਥੇਬੰਦੀਆਂ ਨੇ ਇਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ ਤੇ ਪ੍ਰਿੰਸੀਪਲ ਹਾਲੇ ਤੱਕ ਆਪਣੇ ਅਹੁਦੇ ’ਤੇ ਬਰਕਰਾਰ ਹੈ। ਹੁਣ ਯੂਥ ਕਾਂਗਰਸ ਨੇ ਰੋਸ ਮਾਰਚ ਕਰਨ ਤੋਂ ਬਾਅਦ ਸਕੂਲ ਅੱਗੇ ਧਰਨਾ ਦਿੰਦਿਆਂ ਪ੍ਰਿੰਸੀਪਲ ਦੀ ਮੁਅੱਤਲੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਯੂਥ ਆਗੂ ਹਰਦੀਪ ਸਿੰਘ ਸੋਢੀ ਨੇ ਆਖਿਆ ਕਿ ਜੇ ਪ੍ਰਿੰਸੀਪਲ ਨੂੰ ਹਫ਼ਤੇ ਦੇ ਅੰਦਰ ਮੁਅੱਤਲ ਨਹੀਂ ਕੀਤਾ ਜਾਂਦਾ ਤਾਂ ਬੱਚਿਆਂ ਦੀਆਂ ਫੀਸਾਂ ਜੇਬ ਵਿਚੋਂ ਭਰ ਕੇ ਹੋਰ ਸਕੂਲਾਂ ਵਿਚ ਦਾਖ਼ਲੇ ਕਰਵਾ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਆਰਐੱਸਐੱਸ ਨੇ ਬੱਚਿਆਂ ਨੂੰ ਮੁੜ ਸਿਆਸੀ ਮੋਹਰਾ ਬਣਾਇਆ ਤਾਂ ਸਕੂਲ ਨੂੰ ਤਾਲਾ ਲਗਾ ਦਿੱਤਾ ਜਾਵੇਗਾ। ਨਾਇਬ ਤਹਿਸੀਲਦਾਰ ਆਸ਼ੂ ਪ੍ਰਭਾਸ਼ ਜੋਸ਼ੀ ਨੇ ਮੌਕੇ ’ਤੇ ਪੁੱਜ ਕੇ ਮੰਗ ਪੱਤਰ ਲਿਆ। ਇਸ ਧਰਨੇ ਨੂੰ ਮੁਸਲਿਮ ਕਮੇਟੀ ਦੇ ਪ੍ਰਧਾਨ ਮਿੱਠੂ ਖਾਂ ਅਤੇ ਨਗਰ ਕੌਂਸਲ ਪ੍ਰਧਾਨ ਬਹਾਦਰ ਸਿੰਘ ਦੇ ਪੁੱਤਬ ਨਿਰਮਲ ਸਿੰਘ ਨਿੰਮਾ ਨੇ ਵੀ ਸਮਰਥਨ ਦਿੱਤਾ। ਪ੍ਰਿੰਸੀਪਲ ਵਿਸ਼ਾਲ ਕੁਮਾਰ ਗਰਗ ਨੇ ਕਿਹਾ ਕਿ ਇਹ ਮਾਮਲਾ ਨਿੱਬੜ ਚੁੱਕਿਆ ਹੈ ਅਤੇ ਸਕੂਲ ਵਿਚ ਅਮਨ ਸ਼ਾਂਤੀ ਨਾਲ ਪੜ੍ਹਾਈ ਚੱਲ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All