ਪ੍ਰਿੰਸੀਪਲ ਤੇਜਾ ਸਿੰਘ: ਇਕ ਰੂਹਾਨੀ ਸ਼ਖ਼ਸੀਅਤ

ਪ੍ਰਿੰਸੀਪਲ ਤੇਜਾ ਸਿੰਘ: ਇਕ ਰੂਹਾਨੀ ਸ਼ਖ਼ਸੀਅਤ

ਸਾਹਿਤ ਦਾ ਸਪਤਰਿਸ਼ੀ

ਡਾ. ਕੇ. ਜਗਜੀਤ ਸਿੰਘ

ਜਿਨ੍ਹਾਂ ਸਪਤਰਿਸ਼ੀਆਂ ਦੀ ਮੈਂ ਲੜੀਵਾਰ ਗੱਲ ਕਰ ਰਿਹਾ ਹਾਂ ਉਨ੍ਹਾਂ ਵਿੱਚ ਇੱਕ ਸਪਤਰਿਸ਼ੀ ਪ੍ਰਿੰਸੀਪਲ ਤੇਜਾ ਸਿੰਘ ਹੁਰੀਂ ਵੀ ਹਨ। ਉਹ ਵੀ ਪੰਜਾਬ ਦੀ ਧਰਤੀ ਦੀ ਹੀ ਉਪਜ ਸਨ ਤੇ ਪੋਠੋਹਾਰ ਦੇ ਇਲਾਕੇ ਦੀ ਪੈਦਾਵਾਰ। ਉਹ ਮੁੰਬਈ ਦੇ ਖਾਲਸਾ ਕਾਲਜ ਦੇ ਤਿੰਨ ਸਾਲ ਪ੍ਰਿੰਸੀਪਲ ਰਹੇ ਤੇ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੇ ਉੱਘੇ ਚਿੰਤਕ ਤੇ ਲੇਖਕ ਹੋਣ ਦੇ ਨਾਤੇ ਪੰਜਾਬੀ ਸਾਹਿਤ ਖੇਤਰ ਵਿੱਚ ਮਹੱਤਵਪੂਰਨ ਹਸਤੀ ਹੋ ਨਿਬੜੇ। ਉਨ੍ਹਾਂ ਦੀ ਕਿਸੇ ਵੀ ਪੁਰਾਣੀ ਫੋਟੋ ’ਤੇ ਇੱਕ ਝਾਤ ਮਾਰੀਏ ਤਾਂ ਲੱਗਦਾ ਹੈ ਕਿ ਉਹ ਇੱਕ ਸਹਿਜ ਅਵਸਥਾ ’ਚ ਪਹੁੰਚੇ ਹੋਏ, ਬ੍ਰਹਮ ਗਿਆਨੀ ਸਨ। ਚੌੜਾ ਮੱਥਾ, ਸਫੈਦ ਖੁੱਲ੍ਹੀ ਦਾੜ੍ਹੀ, ਅੱਖਾਂ ’ਤੇ ਚਸ਼ਮਾ ਤੇ ਸਿਰ ’ਤੇ ਸਜੀ ਹੋਈ ਗੋਲ ਦਸਤਾਰ ਵਾਲੇ ਪ੍ਰਿੰਸੀਪਲ ਤੇਜਾ ਸਿੰਘ ਸੱਚ-ਮੁੱਚ ਹੀ ਮਹਾਨ ਵਿਅਕਤੀ ਸਨ। ਸੰਤ ਸੁਭਾਅ, ਗਹਿਰੀਆਂ ਸੋਚਾਂ ’ਚ ਡੁੱਬੇ ਹੋਏ, ਗਹਿਰ ਗੰਭੀਰ ਇਸ ਵਿਅਕਤੀ ਦੀ ਸ਼ਖ਼ਸੀਅਤ ’ਚ ਇੱਕ ਰੱਬੀ ਨੂਰ ਦੀ ਝਲਕ ਦਿਸਦੀ ਸੀ। ਪ੍ਰਿੰਸੀਪਲ ਤੇਜਾ ਸਿੰਘ ਹੁਰਾਂ ਆਪਣਾ ਪੂਰਾ ਜੀਵਨ ਗੁਰਬਾਣੀ ਦੀ ਖੋਜ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਨੂੰ ਪਤਾ ਸੀ:- ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵੀਚਾਰਿ ਇਕਿ ਆਵਹਿ ਇਕ ਜਾਵਹੀ ਪੂਰਿ ਭਰੇ ਅਹੰਕਾਰਿ।। (20) ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ’ਚ ‘ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁਟੇ ਪਾਲ’ ਦੇ ਸੰਕਲਪ ਨੂੰ ਲੈ ਕੇ ਹਰ ਪ੍ਰਾਣੀ ਅ?ਗੇ ਇੱਕ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਦਿੱਤਾ ਸੀ। ਜਦੋਂ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ’ਤੇ ਝਾਤ ਮਾਰਦੇ ਹਾਂ ਤਾਂ ਲੱਗਦਾ ਹੈ ਕਿ ਸਾਰੀ ਉਮਰ ਉਹ ਸਚਿਆਰੇ ਬਣ ਕੇ ਸੱਚ ਹੀ ਸੀਚਦੇ ਰਹੇ। ਪ੍ਰਿੰਸੀਪਲ ਤੇਜਾ ਸਿੰਘ ਹੁਰਾਂ ਦਾ ਜਨਮ ਹਿੰਦੂ ਪਰਿਵਾਰ ’ਚ ਹੋਇਆ।  2 ਜੂਨ ਸੰਨ 1894 ’ਚ ਉਨ੍ਹਾਂ ਦਾ ਜਨਮ ਸਾਂਝੇ ਭਾਰਤ ਦੇ ਰਾਵਲਪਿੰਡੀ  ਜ਼ਿਲ੍ਹੇ ’ਚ ਸਥਿਤ ਅੱਡਆਲਾ ਨਾਂ ਦੇ ਪਿੰਡ ’ਚ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਸੀ- ਤੇਜ ਰਾਮ ਤੇ ਪਿਤਾ ਜੀ ਦਾ ਨਾਂ ਸੀ ਭਲਾਕਾਰ ਸਿੰਘ। ਉਨ੍ਹਾਂ ਦਿਨਾਂ ’ਚ ਅੱਜ ਵਾਲੀ ਧਾਰਮਿਕ ਕੱਟੜਤਾ ਨਹੀਂ ਸੀ ਹੁੰਦੀ ਤੇ ਪਰਿਵਾਰ ਵਿੱਚ ਕੁਝ ਮੈਂਬਰ ਹਿੰਦੂਆਂ ਵਾਲੇ ਨਾਂ ਰੱਖ ਕੇ ਵੀ ਪਲਦੇ ਤੇ ਵੱਡੇ ਹੁੰਦੇ ਰਹਿੰਦੇ। ਤਿੰਨ ਸਾਲ ਦੀ ਉਮਰ ਹੋਈ ਤਾਂ ਤੇਜ ਰਾਮ ਨੂੰ ਪਿੰਡ ਦੇ ਹੀ ਗੁਰਦੁਆਰੇ ’ਚ ਹੀ ਗੁਰਮੁਖੀ ਸਿੱਖਣ ਲਈ ਭੇਜਿਆ ਗਿਆ। ਬਾਅਦ ’ਚ ਪਿੰਡ ਦੀ ਹੀ ਮਸੀਤ ’ਚ ਉਰਦੂ ਤੇ ਫਾਰਸੀ ਭਾਸ਼ਾ ਸਿੱਖਣ ਲਈ ਭੇਜ ਦਿੱਤਾ ਗਿਆ। ਉਨ੍ਹਾਂ ਦਿਨਾਂ ’ਚ ਭਾਸ਼ਾ ਨੂੰ ਲੈ ਕੇ ਅੱਜ ਵਾਂਗ ਨਾ ਤਾਂ ਕੋਈ ਵਾਦ-ਵਿਵਾਦ ਹੀ ਹੁੰਦੇ ਸਨ ਤੇ ਨਾ ਹੀ ਫਿਰਕਾ-ਪ੍ਰਸਤੀ। ਭਾਸ਼ਾ ਨੂੰ ਕਿਸੇ ਧਰਮ ਨਾਲ ਵੀ ਜੋੜ ਕੇ ਨਹੀਂ ਸੀ ਵੇਖਿਆ ਜਾਂਦਾ। ਅਜੇ ਉਹ ਛੋਟੇ ਬੱਚੇ ਹੀ ਸਨ ਕਿ ਬਾਬਾ ਖੇਮ ਸਿੰਘ ਬੇਦੀ ਹੁਰਾਂ ਦੇ ਹੱਥੋਂ ਅਸ਼ੀਰਵਾਦ ਲੈ ਕੇ ਉਨ੍ਹਾਂ ਨੂੰ ਸਿੱਖ ਧਰਮ ਧਾਰਨ ਕਰਵਾ ਦਿੱਤਾ ਗਿਆ। ਹੁਣ ਉਹ ਤੇਜ ਰਾਮ ਤੋਂ ਤੇਜਾ ਸਿੰਘ ਹੋ ਗਏ। ਉਨ੍ਹਾਂ ਦਿਨਾਂ ’ਚ ਅਜਿਹੇ ਧਰਮ ਪਰਿਵਰਤਨ ਨਾਲ ਵੀ ਕੋਈ ਮਸਲਾ ਖੜ੍ਹਾ ਨਹੀਂ ਸੀ ਹੁੰਦਾ। ਉਨ੍ਹਾਂ ਦੀ ਮੁੱਢਲੀ ਜ਼ਿੰਦਗੀ ’ਚ ਉਨ੍ਹਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਤੇ ਜ਼ਿੰਦਗੀ ਨੂੰ ਸੇਧ ਦੇਣ ਲਈ ਹੱਥ ਪੈਰ ਮਾਰਨੇ ਪਏ। ਪਰ ਉਸ ਅੰਦਰ ਪੜ੍ਹਾਈ ਕਰਨ ਦੀ ਲਗਨ ਬਣੀ ਰਹੀ। ਉਹ ਪਹਿਲਾਂ ਰਾਵਲਪਿੰਡੀ ’ਚ ਸਕੂਲੀ ਪੜ੍ਹਾਈ ਕਰਦੇ ਰਹੇ ਤੇ ਬਾਅਦ ’ਚ ਸਰਗੋਧੇ ਜਾ ਕੇ ਪੜ੍ਹਦੇ ਰਹੇ। ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰ ਕੇ ਉਨ੍ਹਾਂ ਖਾਲਸਾ ਕਾਲਜ ਅੰਮ੍ਰਿਤਸਰ ’ਚ ਦਾਖਲਾ ਲੈ ਲਿਆ। ਤੇਜਾ ਸਿੰਘ  ਹੁਰੀਂ ਭਾਵੁਕ ਵਿਅਕਤੀ ਸਨ। ਬਚਪਨ ’ਚ ਆਪਣੀ ਜਨਮ ਭੂਮੀ ਪੋਠੋਹਾਰ ਦੇ ਇਲਾਕੇ ’ਚ ਪਹਾੜੀ ਨਦੀ-ਨਾਲਿਆਂ ’ਚ ਤੇਜ਼ ਵਹਿੰਦੇ ਪਾਣੀ ਨੇ ਉਨ੍ਹਾਂ ਦੀ ਉਤਸੁਕਤਾ ਨੂੰ ਜਗਾਇਆ ਤੇ ਬਚਪਨ ’ਚ ਹੀ ਸਿੱਖ ਗੁਰੂਆਂ ਦੇ ਜੀਵਨ ਨਾਲ ਜੁੜੀਆਂ ਸਾਖੀਆਂ ਸੁਣ ਸੁਣ ਕੇ ਉਹ ਕਾਫ਼ੀ ਪ੍ਰਭਾਵਿਤ ਹੁੰਦੇ ਰਹੇ। ਉਨ੍ਹਾਂ ਬਾਅਦ ’ਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ’ਤੇ ਅੰਗਰੇਜ਼ੀ ਭਾਸ਼ਾ ’ਚ ਇੱਕ ਡਰਾਮਾ ਵੀ ਲਿਖਿਆ। ਅੰਮ੍ਰਿਤਸਰ ਕਾਲਜ ’ਚ ਪੜ੍ਹਦਿਆਂ ਹੀ ਉਨ੍ਹਾਂ ਦੇ ਮਨ ’ਚ ਚਿੱਤਰਕਲਾ ਦਾ ਸ਼ੌਕ ਜਾਗ ਪਿਆ। ਤੇਜਾ ਸਿੰਘ ਹੁਰਾਂ ਨੂੰ ਸੰਗੀਤ ਨਾਲ ਵੀ ਪ੍ਰੇਮ ਸੀ। ਉਹ ਨੇੜੇ ਦੇ ਪਿੰਡ ਵਿੱਚ ਰਹਿੰਦੇ ਇੱਕ ਸੰਗੀਤਕਾਰ ਨੂੰ ਕਾਲਜ ਹੋਸਟਲ ’ਚ ਬੁਲਾ ਲੈਂਦੇ ਤੇ ਉਸ ਨੂੰ ਮਾੜੀ-ਮੋਟੀ ਰਕਮ ਦੇ ਕੇ ਸਿਤਾਰ ਵਰਗੇ ਸਾਜ਼ ਦੀਆਂ ਸੰਗੀਤ ਲਹਿਰਾਂ ਦਾ ਰਸ ਮਾਣਦੇ ਰਹਿੰਦੇ। ਜਦੋਂ ਤੇਜਾ ਸਿੰਘ ਹੁਰਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਇੰਟਰ ਦਾ ਇਮਤਿਹਾਨ ਪਾਸ ਕਰ ਲਿਆ ਤਾਂ ਉਹ ਵਾਪਸ ਰਾਵਲਪਿੰਡੀ ਆ ਗਏ। 1916 ’ਚ ਉਨ੍ਹਾਂ ਨੇ ਅੰਗਰੇਜ਼ੀ ਦੀ ਐਮ.ਏ. ਪਾਸ ਕੀਤੀ ਤੇ ਮਾਰਚ 1919 ’ਚ ਬਤੌਰ ਲੈਕਚਰਾਰ ਕੰਮ ਕਰਨ ਲਈ ਉਹ ਖਾਲਸਾ ਕਾਲਜ ਅੰਮ੍ਰਿਤਸਰ ਆ ਗਏ। ਕਾਲਜ ’ਚ ਪਹਿਲਾਂ ਉਹ ਇਤਿਹਾਸ ਪੜ੍ਹਾਉਂਦੇ ਰਹੇ ਤੇ ਫਿਰ ਲਗਪਗ 25 ਸਾਲਾਂ ਤੱਕ ਅੰਗਰੇਜ਼ੀ ਸਾਹਿਤ। ਪ੍ਰਿੰਸੀਪਲ ਤੇਜਾ ਸਿੰਘ  ਦਾ ਪੜ੍ਹਾਉਣ ਦਾ ਆਪਣਾ ਵੱਖਰਾ ਢੰਗ ਸੀ। ਉਹ ਜਦੋਂ ਪਾਤਰਾਂ ਦੇ ਰੋਲ ਦੀ ਵਿਆਖਿਆ ਕਰਦੇ ਤਾਂ ਉਨ੍ਹਾਂ ਦੇ ਵਿਦਿਆਰਥੀ ਮੰਤਰ ਮੁਗਧ ਹੋ ਜਾਂਦੇ। ਕਲਪਨਾ ਦੇ ਸੰਸਾਰ ’ਚ ਉਹ ਆਪ ਤਾਂ ਉਡਾਰੀਆਂ ਭਰ ਹੀ ਲੈਂਦੇ ਪਰ ਵਿਦਿਆਰਥੀਆਂ ਦਾ ਝੁੰਡ ਵੀ ਉਨ੍ਹਾਂ ਦੇ ਨਾਲ ਹੀ ਕਲਪਨਾ ਦੇ ਆਕਾਸ਼ ’ਚ ਉਡਾਰੀਆਂ ਭਰਦਾ ਦਿਖਾਈ ਪੈਂਦਾ। ਹੌਲੀ-ਹੌਲੀ ਉਨ੍ਹਾਂ ਦੀ ਆਪਣੀ ਸ਼ਖ਼ਸੀਅਤ ਵੀ ਇੱਕ ਨਵੇਂ ਸਾਂਚੇ ’ਚ ਢਲਣ ਲੱਗ ਪਈ। ਉਨ੍ਹਾਂ ਦਾ ਦ੍ਰਿਸ਼ਟੀਕੋਣ ਸਮਾਂ ਪਾ ਕੇ ਵਿਸ਼ਾਲ ਤੇ ਫਿਰ ਹੋਰ ਵਿਸ਼ਾਲ ਹੁੰਦਾ ਗਿਆ। ਫਿਰ ਉਹ ਉਸ ਮੁਕਾਮ ’ਤੇ ਪਹੁੰਚ ਗਏ ਜਿੱਥੇ ਮਨੁੱਖ ਆਪਣੀ ਜ਼ਿੰਦਗੀ ਦੀ ਮੰਜ਼ਿਲ ਆਪ ਹੀ ਨਿਰਧਾਰਤ ਕਰਦਾ ਹੈ। ਮੰਜ਼ਿਲ ’ਤੇ ਪਹੁੰਚਣ ਲਈ ਉਹ ਆਪ ਹੀ ਕੋਈ ਨਵਾਂ ਰਾਹ ਲੱਭਦਾ ਹੈ ਤੇ ਫਿਰ ਹੌਲੀ-ਹੌਲੀ ਚੱਲ ਵੀ ਪੈਂਦਾ ਹੈ। ਆਪਣੀ ਉਸ ਤਲਾਸ਼ ’ਚ ਤੇ ਉਸ ਖੋਜ ’ਚ ਜੋ ਉਸ ਨੂੰ ਜਿਉਣ ਲਈ ਪ੍ਰੇਰਣਾ ਦਿੰਦੀ ਹੈ। ਇਸ ਮੁਕਾਮ ’ਤੇ ਹਰ ਕੋਈ ਤੇ ਨਹੀਂ ਪਹੁੰਚ ਪਾਂਦਾ ਪਰ ਜੋ ਲੋਕ ਆਤਮ ਨਿਰੀਖਣ ਕਰਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਦੇ ਮਕਸਦ ਦਾ ਪਤਾ ਚੱਲ ਹੀ ਜਾਂਦਾ ਹੈ। ਅਜਿਹੇ ਲੋਕ ਚੱਲਦੇ ਹੀ ਰਹਿੰਦੇ ਹਨ। ਅਜਿਹੇ ਲੋਕ ਪਿੱਛੇ ਮੁੜ ਕੇ ਨਹੀਂ ਤੱਕਦੇ। ਭਰਪੂਰ ਜ਼ਿੰਦਗੀ ਜਿਉਣ ਵਾਲੇ  ਵਿਅਕਤੀ ਜਨੂੰਨ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਜ਼ਿੰਦਗੀ ’ਚ ਦਿਸ਼ਾ ਮਿਲ ਜਾਂਦੀ ਹੈ। ਅਜਿਹੇ ਮਨੁੱਖ ਗੋਤਾਖੋਰਾਂ ਵਾਂਗ ਜਿਉਂਦੇ ਹਨ। ਉਹ ਸਾਗਰ ਦੇ ਪਾਣੀ ਦੀ ਉਪਰਲੀ ਸਤ੍ਹਾ ’ਤੇ ਚੱਲ ਰਹੀਆਂ, ਬਣ ਰਹੀਆਂ ਤੇ ਨਾਲੋ-ਨਾਲ ਇੱਕ ਵਕਤ ਟੁੱਟ  ਰਹੀਆਂ ਲਹਿਰਾਂ ਵੱਲ ਤੱਕਦੇ ਰਹਿਣਾ ਕਦੀ ਵੀ ਨਹੀਂ ਲੋਚਦੇ। ਉਹ ਤਾਂ ਸਾਗਰ ਦੀ ਗਹਿਰਾਈ ’ਚ ਪਹੁੰਚਣ ਦਾ ਯਤਨ ਕਰਨ ’ਚ  ਰੁੱਝ ਜਾਂਦੇ ਹਨ। ਜਦੋਂ ਉਹ ਸਾਗਰ ਦੀ ਗਹਿਰਾਈ ’ਚ ਧੁਰ ਥੱਲੇ ਪਹੁੰਚ ਜਾਂਦੇ ਹਨ, ਤੇ ਫਿਰ ਪਰਤ ਕੇ ਉਪਰਲੀ ਸਤ੍ਹਾ ’ਤੇ ਪਹੁੰਚਦੇ ਹਨ, ਤਾਂ ਉਨ੍ਹਾਂ ਦੀ ਮੁੱਠੀ ’ਚ ਹੁੰਦੇ ਹਨ ਇੱਕ ਨਹੀਂ ਅਨੇਕ ਅਨਮੋਲ ਤੇ ਕੀਮਤੀ ਮੋਤੀ। ਮੋਤੀ ਜੋ ਦਿਸਦੇ ਵੀ ਨਹੀਂ ਪਰ  ਮੁੱਠੀ ਦੀ ਪਕੜ ’ਚ ਜ਼ਰੂਰ ਹੁੰਦੇ ਹਨ। ਇਨ੍ਹਾਂ ਮੋਤੀਆਂ ਦਾ ਮੁੱਲ ਤਾਂ ਸ਼ਾਇਦ ਉਹ ਗੋਤਾਖੋਰ ਆਪ ਵੀ ਨਹੀਂ ਜਾਣ ਸਕਦਾ, ਪਰ ਇਨ੍ਹਾਂ ਮੋਤੀਆਂ ਕਰਕੇ ਹੀ ਉਸ ਗੋਤਾਖੋਰ ਨੂੰ ਇੱਕ ਨਵੀਂ ਦਿਸ਼ਾ ਮਿਲ ਜਾਂਦੀ ਹੈ। ਇਹ ਸੁਭਾਗ ਵੀ ਜ਼ਿੰਦਗੀ ’ਚ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ, ਪਰ ਪ੍ਰਿੰਸੀਪਲ ਤੇਜਾ ਸਿੰਘ  ਹੁਰਾਂ ਦੇ ਹਿੱਸੇ ’ਚ ਜ਼ਰੂਰ ਆ ਗਿਆ। ਜਿਨ੍ਹਾਂ ਦਿਨਾਂ ’ਚ ਪ੍ਰਿੰਸੀਪਲ ਤੇਜਾ ਸਿੰਘ ਖਾਲਸਾ ਕਾਲਜ, ਅੰਮ੍ਰਿਤਸਰ ’ਚ ਪੜ੍ਹਾ ਰਹੇ ਸਨ, ਉਨ੍ਹਾਂ ਦਿਨਾਂ ’ਚ ਅੰਮ੍ਰਿਤਸਰ ਸ਼ਹਿਰ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਇਕ ਅਹਿਮ ਭੂਮਿਕਾ ਨਿਭਾ ਰਿਹਾ ਸੀ। ਜਲ੍ਹਿਆਂਵਾਲਾ ਬਾਗ ਦਾ ਸਾਕਾ ਇਸ ਸ਼ਹਿਰ ’ਚ ਹੀ ਹੋਇਆ। ਅੰਗਰੇਜ਼ੀ ਸਰਕਾਰ ਸਾਡੇ ਦੇਸ਼ ’ਚ ਹੋ ਰਹੀ ਉਥਲ-ਪੁਥਲ ਤੋਂ ਅੰਦਰੋ-ਅੰਦਰ ਡਰ ਰਹੀ ਸੀ ਤੇ ਸਾਡੀਆਂ ਸੰਸਥਾਵਾਂ ਵਿੱਚ  ਦਖ਼ਲਅੰਦਾਜ਼ੀ ਵੀ ਕਰ ਰਹੀ ਸੀ। ਖਾਲਸਾ ਕਾਲਜ ਅੰਮ੍ਰਿਤਸਰ ਦੀ ਮੈਨੇਜਮੈਂਟ ਸਰਕਾਰੀ ਪਿੱਠੂਆਂ ਦੇ ਹੱਥ ’ਚ ਸੀ। ਕਾਲਜ ਦੇ ਕੁਝ ਪ੍ਰੋਫੈਸਰਾਂ ਨੇ  ਸਰਕਾਰੀ ਦਖ਼ਲਅੰਦਾਜ਼ੀ ਦਾ ਵਿਰੋਧ ਕੀਤਾ ਤੇ ਕਾਲਜ ਦੇ 13 ਪ੍ਰੋਫੈਸਰਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਇਨ੍ਹਾਂ ਤੇਰਾਂ ਪ੍ਰੋਫੈਸਰਾਂ ’ਚ ਪ੍ਰੋ. ਤੇਜਾ ਸਿੰਘ ਹੁਰੀਂ ਵੀ ਸਨ। ਹਾਰ ਕੇ ਸਰਕਾਰ ਨੇ ਕਾਲਜ ਮੈਨੇਜਮੈਂਟ ’ਚ ਗਿਆਰਾਂ ਗੈਰ-ਸਰਕਾਰੀ ਮੈਂਬਰ ਲੈਣ ਦੀ ਮੰਗ ਨੂੰ ਸਵੀਕਾਰ ਕਰ ਲਿਆ। ਇਸ ਦੌਰ ’ਚ ਹੀ ਸਿੱਖ ਧਰਮ ਨਾਲ ਜੁੜੇ ਹੋਏ ਇਤਿਹਾਸਕ ਗੁਰਧਾਮਾਂ ਨੂੰ ਮਹੰਤਾਂ ਦੇ ਕਬਜ਼ੇ ’ਚੋਂ ਛੁਡਵਾਉਣ ਲਈ ਸਿੱਖ ਜਗਤ ਵੱਲੋਂ ਕਈ ਜਥੇਬੰਦੀਆਂ ਮੋਰਚੇ ਲਾ ਰਹੀਆਂ ਸਨ। ਮਹੰਤ ਇਨ੍ਹਾਂ ਗੁਰਧਾਮਾਂ ਦੀ ਦੁਰਵਰਤੋਂ ਕਰ ਰਹੇ ਸਨ ਤੇ ਗੁਰਮਰਿਆਦਾ ਦੇ ਉਲਟ ਚੱਲ ਕੇ ਇਨ੍ਹਾਂ ਸਥਾਨਾਂ ਨੂੰ ਨਿੱਜੀ ਸਵਾਰਥ ਲਈ ਇਸਤੇਮਾਲ ਕਰ ਰਹੇ ਸਨ। ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ ਸਿੱਖ ਜਗਤ ਦਾ ਉਸ ਸਮੇਂ ਇੱਕੋ-ਇੱਕ ਮੁੱਖ ਟੀਚਾ ਬਣ ਚੁੱਕਾ ਸੀ। ਇਸ ਲਈ ਸਿੱਖਾਂ ਨੂੰ ਕੁਰਬਾਨੀਆਂ ਵੀ ਦੇਣੀਆਂ ਪਈਆਂ। ਨਨਕਾਣਾ ਸਾਹਿਬ ਤਾਂ ਲਛਮਣ ਸਿੰਘ ਹੁਰਾਂ ਨੂੰ ਦਰੱਖਤ ਨਾਲ ਬੰਨ੍ਹ ਕੇ ਜ਼ਿੰਦਾ ਹੀ ਜਲਾ ਦਿੱਤਾ ਗਿਆ ਤੇ ਹੋਰ ਅਨੇਕ ਸਿੰਘਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਇਸ ਪਵਿੱਤਰ ਜਨਮ ਅਸਥਾਨ ਦੀ ਹਦੂਦ ਅੰਦਰ ਹੀ ਟੋਕਿਆਂ ਨਾਲ ਟੋਟੇ ਟੋਟੇ ਵੀ ਕੀਤਾ ਗਿਆ। ਆਖਰ ਇਹ ਗੁਰਦੁਆਰੇ ਮਹੰਤਾਂ ਦੇ ਕਬਜ਼ੇ ’ਚੋਂ ਆਜ਼ਾਦ ਹੋ ਗਏ ਤਾਂ ਪੰਜਾਬ ਦੀ ਅਸੈਂਬਲੀ ’ਚ ਪਾਸ ਹੋਏ ਕਾਨੂੰਨ ਅਨੁਸਾਰ ਸਾਰੇ ਇਤਿਹਾਸਕ ਗੁਰਦੁਆਰਿਆਂ ਦੇ ਯੋਗ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ’ਚ ਲਿਆਂਦੀ ਗਈ। ਇਸ ਸਮਾਗਮ ’ਚ ਪ੍ਰਿੰਸੀਪਲ ਤੇਜਾ ਸਿੰਘ ਹੁਰਾਂ ਨੇ ਵਧ-ਚੜ੍ਹ ਕੇ ਯੋਗਦਾਨ ਪਾਇਆ। ਸੰਨ 1923 ’ਚ ਉਨ੍ਹਾਂ ਨੂੰ ਕੈਦ ਵੀ ਕੀਤਾ ਗਿਆ ਤੇ ਇੱਕ ਤੋਂ ਵੱਧ ਸਾਲ ਉਹ ਜੇਲ੍ਹ ’ਚ ਵੀ ਰਹੇ। ਕੈਦ ਤੋਂ ਛੁੱਟ ਕੇ ਉਨ੍ਹਾਂ ਸੰਨ 1925 ’ਚ ਫਿਰ ਤੋਂ ਖਾਲਸਾ ਕਾਲਜ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਾਲਜ ’ਚ ਕੰਮ ਕਰਦਿਆਂ ਹੋਇਆਂ ਵੀ ਤੇਜਾ ਸਿੰਘ ਹੁਰੀਂ ਆਪਣੀਆਂ ਲਿਖਤਾਂ ਤੇ ਲੈਕਚਰਾਂ ਰਾਹੀਂ ਸਿੱਖ ਜਗਤ ਨਾਲ ਜੁੜੀਆਂ ਸਭ ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਸਮੱਸਿਆਵਾਂ ਦਾ ਹੱਲ ਲੱਭਣ ਲਈ ਆਪਣੀ ਵਿੱਤ ਮੁਤਾਬਕ ਯੋਗਦਾਨ ਪਾਉਂਦੇ ਰਹੇ। ਸੰਨ 1939 ’ਚ ਉਨ੍ਹਾਂ ਮਲਾਇਆ ਤੇ ਮਲੇਸ਼ੀਆ ਜਾ ਕੇ ਦੋ ਮਹੀਨੇ ਦੀ ਯਾਤਰਾ ਦੌਰਾਨ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਵਕਫੇ ’ਚ ਉਨ੍ਹਾਂ 300 ਤੋਂ ਵੀ ਵੱਧ ਲੈਕਚਰ ਦਿੱਤੇ। ਇਹ ਲੈਕਚਰ ਟੂਰ ਬੜਾ ਹੀ ਲਾਭਦਾਇਕ ਹੋਇਆ। ਉੱਥੇ ਰਹਿੰਦੀ ਸਿੱਖ ਵਸੋਂ ਨੂੰ ਤਾਂ ਉਹ ਗੁਰੂ ਦੇ ਦੱਸੇ ਹੋਏ ਰਾਹ ਬਾਰੇ ਹੋਰ ਚੰਗੀ ਤਰ੍ਹਾਂ ਜਾਗ੍ਰਿਤ ਕਰਨ ’ਚ ਸਫਲ ਹੋਏ ਹੀ  ਨਾਲ ਹੀ ਉੱਥੋਂ ਦੀ ਸਥਾਨਕ ਵਸੋਂ ਨੇ ਜਦੋਂ ਉਨ੍ਹਾਂ ਕੋਲੋਂ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ ਤੇ ਗੁਰਬਾਣੀ ’ਚ ਦੱਸੀ ਹੋਈ ਫ਼ਿਲਾਸਫੀ ਬਾਰੇ ਸੁਣਿਆ ਤਾਂ ਇਨ੍ਹਾਂ ਲੋਕਾਂ ਦੇ ਮਨ ’ਚ ਸਿੱਖਾਂ ਪ੍ਰਤੀ ਆਦਰ ਤੇ ਸਨਮਾਨ ’ਚ ਵਾਧਾ ਹੋਇਆ। ਵੱਡੀ ਗੱਲ ਤਾਂ ਇਹ ਵੀ ਹੈ ਕਿ ਸਿੱਖ ਸਮਾਜ ’ਚ ਚੰਗੇ ਪ੍ਰਚਾਰਕਾਂ ਦੀ ਹਮੇਸ਼ਾ ਹੀ ਕਮੀ ਰਹੀ ਹੈ। ਜੋ ਪੇਸ਼ਾਵਰ ਪ੍ਰਚਾਰਕ ਹੁੰਦੇ ਹਨ ਉਨ੍ਹਾਂ ਦੀ ਨਜ਼ਰ ਤਾਂ ਕੀਰਤਨ, ਕਥਾ ਤੇ ਲੈਕਚਰ ਦੇ ਕੇ ਵੱਧ ਤੋਂ ਵੱਧ ਰੁਪਏ ਪੈਸੇ ਬਟੋਰਨਾ ਹੀ ਹੁੰਦਾ ਹੈ, ਪਰ ਪ੍ਰਿੰਸੀਪਲ ਤੇਜਾ ਸਿੰਘ ਵਰਗੇ ਉੱਚਕੋਟੀ ਦੇ ਬੁੱਧੀਜੀਵੀ ਤਾਂ ਕਦੇ-ਕਦਾਈਂ ਹੀ ਇਸ ਧਰਤੀ ’ਤੇ ਪ੍ਰਗਟ ਹੁੰਦੇ ਹਨ। ਪੰਜਾਬੀ ਸਭਿਆਚਾਰ, ਸਾਹਿਤ, ਇਤਿਹਾਸ, ਚਿੰਤਨ ਤੇ ਫ਼ਿਲਾਸਫ਼ੀ ’ਤੇ ਉਨ੍ਹਾਂ ਦੀ ਚੰਗੀ ਪਕੜ ਸੀ। ਆਪਣੀਆਂ ਲਿਖਤਾਂ ਰਾਹੀਂ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਨਵਾਂ ਮੁਹਾਂਦਰਾ ਦਿੱਤਾ। ਆਪਣੀ ਵਾਰਤਕ ਰਾਹੀਂ ਉਨ੍ਹਾਂ ਕਈ ਨਵੀਆਂ ਲੀਹਾਂ ਪਾਈਆਂ, ਮੁਹਾਵਰੇ ਘੜੇ, ਨਵੀਆਂ ਕਦਰਾਂ ਕੀਮਤਾਂ ਦਿੱਤੀਆਂ ਤੇ ਸਥਾਪਤ ਵੀ ਕੀਤੀਆਂ। ਪੰਜਾਬੀ ਭਾਸ਼ਾ ਦੇ ਨੈਣ-ਨਕਸ਼ ਸੰਵਾਰੇ। ਪ੍ਰਿੰਸੀਪਲ ਤੇਜਾ ਸਿੰਘ ਦੀ ਸ਼ਖਸੀਅਤ ਸੋਚ ਤੇ ਸੂਝ-ਬੂਝ ਪੂਰਬ ਤੇ ਪੱਛਮ ਦਾ ਸੁਮੇਲ ਸੀ। ਉਨ੍ਹਾਂ ਦੀ ਵਿਚਾਰਧਾਰਾ ਸੰਗਮ ਸੀ ਦੋਨਾਂ ਵੱਖੋ-ਵੱਖ ਕਦਰਾਂ ਕੀਮਤਾਂ ਦਾ। ਉਨ੍ਹਾਂ ਦਾ ਗਿਆਨ ਭੰਡਾਰ ਭੌਤਿਕ ਵੀ ਸੀ ਤੇ ਅਧਿਆਤਮਕ ਵੀ। ਉਨ੍ਹਾਂ ਦੀਆਂ ਲਿਖਤਾਂ ਨੇ ਪੰਜਾਬੀ ਭਾਸ਼ਾ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ ਤੇ ਆਧੁਨਿਕ ਹੋਣ ਦਾ ਦਰਜਾ ਵੀ ਦਿਵਾਇਆ। ਉਨ੍ਹਾਂ ਦੀਆਂ ਲਿਖਤਾਂ ਨੇ ਕਈ ਨਵੇਂ ਲੇਖਕਾਂ ਨੂੰ ਪੰਜਾਬੀ ’ਚ ਲਿਖਣ ਲਈ ਪ੍ਰੇਰਿਆ ਤੇ ਕਈ ਨਵੇਂ ਪੁੰਗਰਦੇ ਲਿਖਾਰੀ ਉਨ੍ਹਾਂ ਦੀ ਵਿਚਾਰਧਾਰਾ ਤੋਂ ਕਾਫੀ ਪ੍ਰਭਾਵਿਤ ਹੋਏ  ਤੇ ਕਈ ਲੇਖਕ ਤਾਂ ਆਪਣੀ ਹਰ ਨਵੀਂ ਲਿਖਤ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪੜ੍ਹਾਉਣ ’ਚ ਆਪਣਾ ਮਾਣ ਸਮਝਦੇ ਸਨ। ਬਤੌਰ ਇੱਕ ਸਿੱਖ ਵਿਦਵਾਨ ਸਿੱਖ  ਧਰਮ ਬਾਰੇ ਉਨ੍ਹਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਲਿਖਿਆ। ਉਨ੍ਹਾਂ ਕੋਲ ਗੁਰਮਤਿ ਗਿਆਨ ਸੀ। ਗੁਰਬਾਣੀ ਦਾ ਗਹਿਰਾ ਅਭਿਆਸ ਸੀ, ਇੱਕ ਖੁੱਲ੍ਹੀ ਵਿਚਾਰਧਾਰਾ ਸੀ। ਪ੍ਰਿੰਸੀਪਲ ਤੇਜਾ ਸਿੰਘ ਹੁਰਾਂ ਨੇ ਆਪਣੇ ਵਿਚਾਰਾਂ ਦੇ ਆਧਾਰ ’ਤੇ ਗੁਰਬਾਣੀ ਦੀ ਵਿਆਖਿਆ ਕੀਤੀ ਤੇ ਅੰਗਰੇਜ਼ੀ ਜ਼ੁਬਾਨ ’ਚ ਕਈ ਲੇਖ ਲਿਖੇ। ਦਰਅਸਲ ਗੈਰ-ਸਿੱਖ ਜਗਤ ਦੇ ਸਾਹਮਣੇ ਸਿੱਖ  ਧਰਮ ਦੀ ਮਹਾਨਤਾ ਨੂੰ ਸਹੀ ਅਰਥਾਂ ’ਚ ਪੇਸ਼ ਕਰਨਾ ਤੇ ਸਮਝਾਉਣਾ ਹੀ ਉਨ੍ਹਾਂ ਦਾ ਇੱਕੋ-ਇੱਕ ਉਦੇਸ਼ ਸੀ। ਸੰਨ 1938 ’ਚ ਉਨ੍ਹਾਂ ਦੀ ਪੁਸਤਕ ਛਪੀ ਜਿਸ ਦਾ ਸਿਰਲੇਖ ਸੀ Sikhism: Its Ideals and Institutions ਤੇ ਛੇ ਸਾਲਾਂ ਬਾਅਦ ਸੰਨ 1944 ’ਚ ਦੂਜੀ ਕਿਤਾਬ ਵੀ ਛਪੀ ਜਿਸ ਦਾ ਨਾਂ ਸੀ Essays in Sikhism. ਪ੍ਰਿੰਸੀਪਲ ਤੇਜਾ ਸਿੰਘ ਹੁਰਾਂ ਨੇ ਵਕਤ ਦੀ ਲੋੜ ਨੂੰ ਮਹਿਸੂਸ ਕਰਦੇ ਹੋਇਆਂ ਇੱਕ ਛੋਟੀ ਜਿਹੀ ਪੁਸਤਕ tim ਲਿਖੀ, ਜੋ ਸੰਨ 1950 ’ਚ ਛਪੀ। ਇਸ ਪੁਸਤਕ ਲਈ ਉਨ੍ਹਾਂ ਨੇ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਹੁਰਾਂ ਦੀ ਵੀ ਸਹਾਇਤਾ ਲਈ। ਅਜਿਹੀ ਪੁਸਤਕ ਲਿਖਣਾ ਕੋਈ ਆਸਾਨ ਕੰਮ ਨਹੀਂ ਸੀ। ਸੰਖੇਪਤਾ ’ਚ ਲਿਖਣਾ ਸਾਗਰ ਨੂੰ ਸਿੱਪੀ ’ਚ ਸਮੇਟਣ ਵਾਂਗ ਹੁੰਦਾ ਹੈ। ਅੱਜ ਭਾਵੇਂ ਕਈ ਸਿੱਖ ਇਤਿਹਾਸਕਾਰਾਂ ਨੂੰ ਅੰਗਰੇਜ਼ੀ ਭਾਸ਼ਾ ’ਚ ਸਿੱਖ ਧਰਮ ਦੇ ਇਤਿਹਾਸ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕਰਨ ਦੀ ਜਾਚ ਆ ਗਈ ਹੈ ਤੇ ਆਏ ਦਿਨ  ਨਵੀਆਂ ਨਵੀਆਂ ਕਿਤਾਬਾਂ ਇਸ ਵਿਸ਼ੇ ਨੂੰ ਲੈ ਕੇ ਛਪ ਰਹੀਆਂ ਹਨ, ਪਰ ਜਿਨ੍ਹਾਂ ਦਿਨਾਂ ’ਚ ਪ੍ਰਿੰਸੀਪਲ ਤੇਜਾ ਸਿੰਘ ਹੁਰਾਂ  ਨੇ ਇਹ ਪੁਸਤਕ ਲਿਖੀ ਸੀ, ਉਨ੍ਹਾਂ ਦਿਨਾਂ ’ਚ ਉਨ੍ਹਾਂ ਦੀ ਲਿਖੀ ਹੋਈ ਇਸ ਪੁਸਤਕ ਨੇ ਇੱਕ ਅਹਿਮ ਭੂਮਿਕਾ ਨਿਭਾਈ ਸੀ। ਪ੍ਰਿੰਸੀਪਲ ਤੇਜਾ ਸਿੰਘ ਹੁਰਾਂ  ਨੇ ਕਈ ਬਾਣੀਆਂ ਦਾ ਢੁਕਵਾਂ  ਅੰਗਰੇਜ਼ੀ ’ਚ ਅਨੁਵਾਦ ਵੀ ਕੀਤਾ ਜਿਨ੍ਹਾਂ ਵਿੱਚ ਜਪੁਜੀ, ਆਸਾ ਦੀ ਵਾਰ ਤੇ ਸੁਖਮਨੀ ਸਾਹਿਬ ਪ੍ਰਮੁੱਖ ਹਨ। ਅੱਜ ਵੀ ਉਨ੍ਹਾਂ ਦੇ ਕੀਤੇ ਹੋਏ ਇਹ ਅਨੁਵਾਦ ਕਲਾਸਿਕ  ਮੰਨੇ ਜਾਂਦੇ ਹਨ। ਉਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸ਼ਬਦਾਰਥ ਨਾਂ ਦੀ ਪੁਸਤਕ ਵੀ ਛਪਵਾਈ ਜਿਸ ਨੂੰ ਗੁਰੂ ਸੇਵਕ ਸਭਾ ਨੇ ਛਾਪਿਆ। ਪ੍ਰਿੰਸੀਪਲ ਤੇਜਾ ਸਿੰਘ ਹੁਰਾਂ  ਅੰਗਰੇਜ਼ੀ-ਪੰਜਾਬੀ ਡਿਕਸ਼ਨਰੀ ਵੀ ਪ੍ਰਕਾਸ਼ਿਤ ਕਰਵਾਈ। ਦਰਅਸਲ  ਪ੍ਰਿੰਸੀਪਲ ਤੇਜਾ ਸਿੰਘ ਹੁਰਾਂ  ਦੇ  ਮਨ ਦੀ ਤੀਬਰ ਇੱਛਾ ਸੀ ਕਿ ਹੌਲੀ-ਹੌਲੀ ਸੰਪੂਰਨ ਗੁਰੂ ਗਰੰਥ ਸਾਹਿਬ ਦਾ ਅੰਗਰੇਜ਼ੀ ’ਚ ਅਨੁਵਾਦ ਕੀਤਾ ਜਾਵੇ, ਪਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਾ ਹੋਇਆ। ਇਸ ਪਰੰਪਰਾ ਦੇ ਉਹ ਮੋਢੀ ਜ਼ਰੂਰ ਬਣ ਗਏ।  ਭਾਵੇਂ ਮੈਕਾਲਿਫ ਨੇ ਵੀ ਇਸ ਪਾਸੇ ਕਾਫੀ ਕੁਝ ਕੀਤਾ ਤੇ ਬਾਅਦ ਡਾ. ਗੋਪਾਲ ਸਿੰਘ ਤੇ ਡਾ. ਦਰਸ਼ਨ ਸਿੰਘ ਨੇ ਇਸ ਪਰੰਪਰਾ ਨੂੰ ਸੰਪੂਰਨ ਰੂਪ ਦੇਣ ’ਚ ਸਫਲਤਾ ਪ੍ਰਾਪਤ ਕੀਤੀ ਪਰ ਜਿਸ ਸੁਚੱਜੇ ਢੰਗ ਨਾਲ ਪੂਰੇ ਗੁਰੂ ਗਰੰਥ ਸਾਹਿਬ ਦਾ ਅਨੁਵਾਦ ਪ੍ਰਿੰਸੀਪਲ ਗੁਰਬਚਨ ਸਿੰਘ ਤਾਲਿਬ ਹੁਰਾਂ ਨੇ ਕੀਤਾ ਉਹ ਬਾਕਮਾਲ ਹੈ ਤੇ ਲਾਜਵਾਬ ਵੀ। ਮਜ਼ੇ ਦੀ ਗੱਲ ਤਾਂ ਇਹ ਹੈ ਕਿ ਇਹ ਦੋਵੇਂ ਮਹਾਂਪੁਰਖ ਖਾਲਸਾ ਕਾਲਜ ਮੁੰਬਈ ਦੇ ਪ੍ਰਿੰਸੀਪਲ ਰਹੇ। ਪ੍ਰਿੰਸੀਪਲ ਤੇਜਾ ਸਿੰਘ ਹੁਰਾਂ ਨੂੰ ਬਤੌਰ ਨਿਬੰਧਕਾਰ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਪਹਿਲਾ ਨਿਬੰਧ-ਸੰਗ੍ਰਹਿ ਨਵੀਆਂ ਸੋਚਾਂ (1941) ਸੀ। ਇੱਕ ਸਾਲ ਬਾਅਦ ਦੂਜਾ ਸੰਗ੍ਰਹਿ ਸਹਿਜ ਸੁਭਾਅ ਤੇ ਫਿਰ ਕੁਝ ਸਾਲਾਂ ਬਾਅਦ ਸਾਹਿਤ ਦਰਸ਼ਨ (1951) ਛਪਿਆ। ਉਨ੍ਹਾਂ ਨੇ ਆਰਸੀ ਨਾਂ ਦੀ ਸਵੈ-ਜੀਵਨੀ ਵੀ ਲਿਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦਾਂ ਤੱਕ ਲਗਾਂ ਮਾਤਰਾ ਦੇ ਗੁੱਝੇ ਭੇਦ ਨਾਂ ਦੀ ਪੁਸਤਕ ਲਿਖ ਕੇ ਉਨ੍ਹਾਂ ਗੁਰਬਾਣੀ ਦੀ ਵਿਆਖਿਆ ਦੀਆਂ ਕਈ ਗੁੰਝਲਾਂ ਖੋਲ੍ਹੀਆਂ। ਪ੍ਰਿੰਸੀਪਲ ਤੇਜਾ ਸਿੰਘ ਦੇ ਲੇਖਾਂ ’ਚ ਵਗਦੇ ਪਾਣੀ ਦੀ ਸਵੱਛਤਾ ਹੈ। ਵਿਅਕਤੀਗਤ ਛੋਹ ਹੈ, ਸ਼ਕਤੀਸ਼ਾਲੀ ਦਲੀਲਾਂ ਦੇ ਆਧਾਰ ’ਤੇ ਕੀਤੀ ਪੇਸ਼ਕਾਰੀ ਹੈ। ਇਨ੍ਹਾਂ ਲੇਖਾਂ ਨੇ ਪੰਜਾਬੀ  ਭਾਸ਼ਾ ਨੂੰ ਘਰਾਂ ਦੀ ਘੁਟਣ ਤੇ ਗੁਰਦੁਆਰਿਆਂ ਦੀ ਚਾਰਦੀਵਾਰੀ ’ਚੋਂ ਬਾਹਰ ਕੱਢ ਕੇ ਸਿਰਫ ਬਾਹਰ ਧਰਤੀ ’ਤੇ ਹੀ ਨਹੀਂ ਲਿਆ ਕੇ ਖੜ੍ਹਾ ਕੀਤਾ, ਬਲਕਿ ਸਿਰਜਣਾ ਦੇ ਖੇਤਰ ’ਚ ਇੱਕ ਵਿਸ਼ਾਲ ਆਕਾਸ਼ ਵੀ ਸਿਰਜ ਦਿੱਤਾ। ਇਨ੍ਹਾਂ ਲੇਖਾਂ ਨੇ ਸਿਰਜਕਾਂ ਨੂੰ ਖੰਭ ਲਾ ਕੇ, ਖੁੱਲ੍ਹੇ ਆਕਾਸ਼ ’ਚ ਕਲਪਨਾ ਦੀਆਂ ਉੱਚੀਆਂ ਉਡਾਰੀਆਂ ਭਰਨ ਦੀ ਖੁੱਲ੍ਹ ਵੀ ਦਿੱਤੀ ਤੇ ਪੰਜਾਬੀ ਭਾਸ਼ਾ  ਨੂੰ ਆਪਣੀਆਂ ਸੱਧਰਾਂ, ਭਾਵਨਾਵਾਂ ਤੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਮਾਧਿਅਮ ਵੀ ਬਣਾਇਆ ਹੈ। ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਸਿੱਖ ਰਾਜਨੀਤੀ ਦਾ ਅਖਾੜਾ ਬਣੀ ਰਹੀ ਹੈ ਤੇ ਅੰਮ੍ਰਿਤਸਰੋਂ ਦੂਰ, ਮੁੰਬਈ ਸ਼ਹਿਰ ’ਚ ਬਣਾਏ ਗਏ ਇਸ ਕਾਲਜ ਦੀ ਵਾਗਡੋਰ ਵੀ ਕਾਫੀ ਦੇਰ ਉਨ੍ਹਾਂ ਲੋਕਾਂ ਦੇ ਹੱਥ ’ਚ ਰਹੀ, ਜਿਨ੍ਹਾਂ ਕੋਲ ਦੂਰਅੰਦੇਸ਼ੀ ਦੀ ਘਾਟ ਸੀ। ਪ੍ਰਿੰਸੀਪਲ ਤੇਜਾ ਸਿੰਘ ਹੁਰਾਂ ਨੇ ਇਸ ਕਾਲਜ ਦਾ Motto  ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’   Essence of wisdom is Service to Humanity ਦੇ ਆਧਾਰ ’ਤੇ ਘੜਿਆ। ਪਰ ਪਰਉਪਕਾਰ ਕਰਨ ਦੀ ਥਾਂ ਇਹ ਇਕ ਮਹਾਨ ਸੰਸਥਾ ਅੱਜ ਲੱਖਾਂ-ਕਰੋੜਾਂ ਰੁਪਏ, ਵਿਦਿਆ ਪ੍ਰਦਾਨ ਕਰਨ ਦੇ ਬਹਾਨੇ ਇਕੱਠੇ ਕਰਨ ਦੀ ਟਕਸਾਲ ਬਣ ਕੇ ਰਹਿ ਗਈ ਹੈ। ਪ੍ਰਿੰਸੀਪਲ ਤੇਜਾ ਸਿੰਘ ਹੁਰਾਂ  ਨੂੰ ਤਿੰਨ ਸਾਲ ਬਾਅਦ ਕਾਲਜ ਛੱਡ ਕੇ ਜਾਣਾ ਪਿਆ। ਉਨ੍ਹਾਂ ਦਿਨਾਂ ’ਚ ਜਦੋਂ ਪਾਕਿਸਤਾਨ ਬਣਿਆ ਸੀ ਤਾਂ ਹਜ਼ਾਰਾਂ ਸਿੱਖ ਪਾਰਲੇ ਪਾਸਿਓਂ ਉਜੜ ਕੇ ਮੁੰਬਈ ਆ ਗਏ। ਭਾਵੇਂ ਉਸ ਵੇਲੇ ਇਕ ਗੁਰਦੁਆਰਾ ਵੀ.ਟੀ. ਸਟੇਸ਼ਨ ਕੋਲ ਵੀ ਹੁੰਦਾ ਸੀ ਤੇ ਦੂਜਾ ਕਾਲਬਾ ਦੇਵੀ, ਪਰ ਹਰ ਐਤਵਾਰ ਖਾਲਸਾ ਕਾਲਜ ਦੇ ਗੁਰਦੁਆਰੇ ਵਿੱਚ ਜਦੋਂ ਦੀਵਾਨ ਸਜਾ ਕੇ ਕੀਰਤਨ ਹੁੰਦਾ ਤਾਂ ਦੂਰੋਂ-ਦੂਰੋਂ ਆਈਆਂ ਸੰਗਤਾਂ ਨਾਲ ਹਾਲ ਭਰ ਜਾਂਦਾ। ਕਈ ਪ੍ਰੇਮੀਆਂ ਨੂੰ ਪੌੜੀਆਂ ’ਚ ਵੀ ਬੈਠ ਕੇ ਕੀਰਤਨ ਸੁਣਨ ਨੂੰ ਮਿਲਦਾ। ਪ੍ਰਿੰਸੀਪਲ ਤੇਜਾ ਸਿੰਘ ਹੁਰੀਂ ਵੀ ਦੀਵਾਨ ’ਚ ਹਾਜ਼ਰੀ ਭਰ ਕੇ ਲੈਕਚਰ ਦਿੰਦੇ। ਮੈਂ ਵੀ ਉਨ੍ਹਾਂ ਦਿਨਾਂ ’ਚ ਕਾਲਬਾ ਦੇਵੀ ਤੋਂ ਆ ਕੇ ਹਾਜ਼ਰੀ ਭਰਦਾ ਤੇ ਮੈਂ ਦਾਅਵੇ ਨਾਲ ਤਾਂ ਨਹੀਂ ਕਹਿ ਸਕਦਾ ਪਰ ਮੇਰੀਆਂ ਕਈ ਧੁੰਦਲੀਆਂ ਯਾਦਾਂ ਦੀ ਪਟਾਰੀ ਦੇ ਇੱਕ ਕੋਨੇ ’ਚ ਪ੍ਰਿੰਸੀਪਲ ਸਾਹਿਬ ਦਾ ਇੱਕ ਝਾਉਲਾ ਜ਼ਰੂਰ ਪਿਆ ਹੋਇਆ ਹੈ। ਮੁੰਬਈ ਤੋਂ ਬਾਅਦ ਪ੍ਰਿੰਸੀਪਲ ਤੇਜਾ ਸਿੰਘ ਹੁਰੀਂ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ’ਚ ਬਤੌਰ ਸੈਕਟਰੀ ਕੰਮ ਕਰਦੇ ਰਹੇ। ਸੰਨ 1949 ’ਚ ਉਹ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਨਿਯੁਕਤ ਕੀਤੇ ਗਏ ਤੇ ਨਾਲ ਹੀ ਨਾਲ ਉਹ ਨਵੇਂ ਨਵੇਂ ਪੰਜਾਬੀ ਭਾਸ਼ਾ ਵਿਭਾਗ ਦੇ ਪਹਿਲਾਂ ਸਕੱਤਰ ਤੇ ਫਿਰ ਡਾਇਰੈਕਟਰ ਵੀ ਬਣੇ ਰਹੇ। 1951 ’ਚ ਆਪ ਪੈਪਸੂ ਸਰਕਾਰ ਦੀ ਸਰਵਿਸ ਤੋਂ ਰਿਟਾਇਰ ਹੋਏ ਤੇ 10 ਜਨਵਰੀ 1958 ਨੂੰ ਦਿਲ ਦਾ ਦੌਰਾ ਪੈ ਜਾਣ ਕਰਕੇ ਅੰਮ੍ਰਿਤਸਰ ਸ਼ਹਿਰ ਛੱਡ ਕੇ ਦੇਵ ਲੋਕ ’ਚ ਜਾ ਪਧਾਰੇ ਤੇ ਸਪਤਰਿਸ਼ੀਆਂ ’ਚ ਜਾ ਸ਼ਾਮਲ ਹੋਏ। ਪ੍ਰਿੰਸੀਪਲ ਤੇਜਾ ਸਿੰਘ ਤਾਂ ਇਸ ਧਰਤੀ ’ਤੇ ਜੀਉਂਦਿਆਂ ਵੀ ਤਾਂ ਰਿਸ਼ੀ ਹੀ ਸਨ ਪਰ ਸਵਰਗਵਾਸ ਹੋ ਜਾਣ ਤੋਂ ਬਾਅਦ ਵੀ ਰਿਸ਼ੀ ਬਣੇ ਰਹਿਣਗੇ। ਉਨ੍ਹਾਂ ਦੀ ਧਾਰਮਿਕ ਬਿਰਤੀ, ਲਗਨ ਤੇ ਅਥਾਹ ਸ਼ਰਧਾ ਕਰਕੇ ਉਨ੍ਹਾਂ ਨੂੰ ਸਿਰਫ ਰਿਸ਼ੀ ਹੀ ਨਹੀਂ ਇੱਕ ਮਹਾਨ ਰਿਸ਼ੀ ਵੀ ਕਿਹਾ ਜਾਏ ਤਾਂ ਗਲਤ ਨਹੀਂ ਹੋਵੇਗਾ।

ਮੋਬਾਈਲ: 09987308283

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All