
ਕੁਲਦੀਪ ਕੌਰ
ਗੱਲ 1980 ਦੀ ਹੈ। ਮੈਂ ਆਪਣੇ ਪਿੰਡ ਗਿੱਲ (ਜ਼ਿਲ੍ਹਾ) ਮੋਗਾ ਵਿੱਚ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੀ ਸੀ। ਸਾਡੇ ਕਲਾਸ ਦੇ ਅਧਿਆਪਕ ਅਜਮੇਰ ਸਿੰਘ ਪਿੰਡ ਚੰਦ (ਮੋਗਾ) ਤੋਂ ਸਾਈਕਲ ‘ਤੇ ਸਾਨੂੰ ਪੜ੍ਹਾਉਣ ਆਉਂਦੇ ਸਨ। ਮੈਂ ਸ਼ਾਇਦ ਇੰਨਾ ਮਿਹਨਤੀ ਹੋਰ ਅਧਿਆਪਕ ਆਪਣੀ ਜ਼ਿੰਦਗੀ ਵਿੱਚ ਅਜੇ ਤੱਕ ਨਹੀਂ ਦੇਖਿਆ। ਉਨ੍ਹਾਂ ਸਾਨੂੰ ਪਹਿਲੀ ਤੇ ਦੂਜੀ ਜਮਾਤ ਤੱਕ ਪੰਜਾਬੀ ਪੜ੍ਹਾਈ, ਤੀਜੀ ਕਲਾਸ ਤੋਂ ਹਿੰਦੀ। ਅਸੀਂ ਦਿਨ ਵਿੱਚ ਪੰਜ ਵਾਰ ਫੱਟੀ ਪੋਚਦੇ ਤੇ ਲਿਖਦੇ। ਉਨ੍ਹਾਂ ਆਪ ਸਾਡੇ ਲਈ ਵਧੀਆ ਕਲਮਾਂ ਘੜਨੀਆਂ ਤੇ ਫਿਰ ਸਾਨੂੰ ਵਧੀਆ ਲਿਖਾਈ ਲਈ ਪ੍ਰੇਰਨਾ।
ਸਾਡੀ ਪੰਜਾਬੀ ਸੁਧਾਰਨ ਲਈ ਉਨ੍ਹਾਂ ਸਾਨੂੰ ਚਿੱਠੀਆਂ ਲਿਖਣ ਲਈ ਹੱਲਾਸ਼ੇਰੀ ਦੇਣੀ। ਅਸੀਂ ਵੀ ਕਿਤੇ ਮਾਸੀ ਨੂੰ, ਕਿਤੇ ਭੂਆ ਨੂੰ ਚਿੱਠੀਆਂ ਲਿਖਣੀਆਂ। ਫਿਰ ਮਾਸਟਰ ਜੀ ਨੇ ਸਾਡੀਆਂ ਲਿਖੀਆਂ ਚਿੱਠੀਆਂ ਪੜ੍ਹਨੀਆਂ ਤੇ ਗ਼ਲਤੀਆਂ ਸੁਧਾਰਨੀਆਂ। ਅਸੀਂ ਚਾਈਂ ਚਾਈਂ ਲੈਟਰ ਬਾਕਸ ਵਿੱਚ ਚਿੱਠੀਆਂ ਪਾਉਣ ਜਾਣਾ। ਸਾਰੇ ਬੱਚਿਆਂ ਨੇ ਆਪੋ ਆਪਣੀਆਂ ਚਿੱਠੀਆਂ ਦੇ ਜਵਾਬ ਉਡੀਕਣੇ। ਫਿਰ ਜਦੋਂ ਚਿੱਠੀ ਦਾ ਜਵਾਬ ਆਉਣਾ, ਉਹ ਵੀ ਅਸੀਂ ਮਾਸਟਰ ਜੀ ਨੂੰ ਦਿਖਾਉਣਾ। ਮਾਸਟਰ ਜੀ ਕਦੇ ਗੁੱਸੇ ਨਹੀਂ ਸਨ ਹੰਦੇ, ਉਹ ਹਮੇਸ਼ਾਂ ਸਾਨੂੰ ਪੜ੍ਹਾਉਣ, ਸਾਡੀਆਂ ਗ਼ਲਤੀਆਂ ਸੁਧਾਰਨ ਵਿੱਚ ਲੱਗੇ ਰਹਿੰਦੇ। ਸਾਨੂੰ ਪੰਜਵੀਂ ਕਲਾਸ ਤੱਕ ਵਿਆਜ਼ ਦੇ ਸਵਾਲ, ਬਰੈਕਟਾਂ ਹੱਲ ਕਰਨ ਦੇ ਸਵਾਲਾਂ ਵੀ ਖੂਬ ਆਉਣ ਲੱਗ ਪਏ। ਹਿੰਦੀ ਤੇ ਪੰਜਾਬੀ ਦਾ ਉਚਾਰਨ ਤਾਂ ਲਾਜਵਾਬ ਸੀ। 30 ਤੱਕ ਪਹਾੜੇ ਰੱਟੇ ਲੱਗੇ ਹੋਏ ਸਨ।
ਫਿਰ ਉਹ ਐਤਵਾਰ ਨੂੰ ਸਪੈਸ਼ਲ ਕਲਾਸ ਲਗਾਉਣ ਆਉਂਦੇ। ਉਦੋਂ ਪੰਜਵੀਂ ਕਲਾਸ ਬੋਰਡ ਦੀ ਹੁੰਦੀ ਸੀ। ਪੇਪਰ ਤੋਂ ਪਹਿਲਾਂ ਛੁੱਟੀ ਵਾਲੇ ਦਿਨ ਸਕੂਲ ਲਾ ਕੇ ਸਾਡੀ ਤਿਆਰੀ ਕਰਵਾਉਂਦੇ। ਇੱਥੋਂ ਤੱਕ ਕਿ ਪੇਪਰ ਖ਼ਤਮ ਹੋਣ ਤੋਂ ਬਾਅਦ ਸਕੂਲੇ ਫਿਰ ਦੂਜੇ ਪੇਪਰ ਦੀ ਤਿਆਰੀ ਕਰਵਾਉਂਦੇ।
ਅੱਜ ਵੀ ਹੈਰਾਨ ਹੋ ਜਾਂਦੀ ਹਾਂ ਕਿ ਇੰਨੀਆਂ ਥੋੜ੍ਹੀਆਂ ਤਨਖਾਹਾਂ ਸਨ ਮਾਸਟਰਾਂ ਦੀਆਂ ਤੇ ਉਨ੍ਹਾਂ ਵਿੱਚ ਪੜ੍ਹਾਉਣ ਦਾ ਜਜ਼ਬਾ ਤਾਂ ਮੈਂ ਬਿਆਨ ਹੀ ਨਹੀਂ ਕਰ ਸਕਦੀ। ਜੇ ਉਹ ਮੇਰੇ ਅਧਿਆਪਕ ਨਾ ਹੁੰਦੇ ਤਾਂ ਮੈਂ ਸ਼ਾਇਦ ਛੋਟੇ ਜਿਹੇ ਪਿੰਡ ‘ਚੋਂ ਉਠ ਕੇ ਸਰਕਾਰੀ ਸਕੂਲ ਵਿੱਚ ਬਾਇਲੌਜੀ ਵਿਸ਼ੇ ਦੀ ਲੈਕਚਰਾਰ ਨਾ ਲੱਗ ਸਕਦੀ। ਬੱਚਿਆਂ ਨੂੰ ਪੜ੍ਹਾਉਣ ਦੇ ਮਾਮਲੇ ‘ਤੇ ਮੈਂ ਵੀ ਉਨ੍ਹਾਂ ਦੀ ਰੀਸ ਕਰਨ ਦਾ ਯਤਨ ਕਰਦੀ ਹਾਂ। ਬੱਚਿਆਂ ਖ਼ਾਤਿਰ ਮਿਹਨਤ ਕਰਦੀ ਹਾਂ। ਸੋਚਦੀ ਰਹਿੰਦੀ ਹਾਂ ਕਿ ਬੱਚਿਆਂ, ਖਾਸ ਕਰਕੇ ਪੇਂਡੂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਵਿਗਿਆਨ ਵਿਸ਼ੇ ਨਾਲ ਜੋੜਾਂ ਅਤੇ ਉਨ੍ਹਾਂ ਨੂੰ ਕਾਮਯਾਬ ਇਨਸਾਨ ਬਣਾਉਣ ਵਿੱਚ ਉਸੇ ਤਰ੍ਹਾਂ ਦਾ ਰੋਲ ਨਿਭਾਵਾਂ ਜਿਸ ਤਰ੍ਹਾਂ ਮਾਸਟਰ ਜੀ ਨੇ ਨਿਭਾਇਆ।
ਸੰਪਰਕ: 95013-44880
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ