ਪ੍ਰਸਿੱਧ ਕੱਵਾਲ ਸ਼ੌਕਤ ਅਲੀ ਮਤੋਈ

ਰਜਿੰਦਰ ਸਿੰਘ* ਸੰਗੀਤ ਦੀ ਦੁਨੀਆਂ ਵਿਚ ਮਾਲੇਰਕੋਟਲਾ ਇਲਾਕੇ ਦਾ ਵੱਡਾ ਨਾਂ ਹੈ। ਇੱਥੇ ਸਦੀਆਂ ਤੋਂ ਹੀ ਮੁਸਲਮਾਨ ਗਵੱਈਏ ਆਪਣੇ ਬਜ਼ੁਰਗਾਂ ਵੱਲੋਂ ਦਿੱਤੀ ਸੰਗੀਤ ਦੀ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਰਹੇ ਹਨ। ਇੱਥੋਂ ਦੇ ਸ਼ੌਕਤ ਅਲੀ ਮਤੋਈ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਆਪਣਾ ਅਤੇ ਆਪਣੇ ਖ਼ਾਨਦਾਨ ਦਾ ਨਾਮ ਰੌਸ਼ਨ ਕੀਤਾ ਹੈ। ਉਸਦਾ ਜਨਮ 4 ਨਵੰਬਰ, 1962 ਨੂੰ ਮਾਲੇਰਕੋਟਲਾ ਦੇ ਨਜ਼ਦੀਕੀ ਪਿੰਡ ਮਤੋਈ ਵਿਚ ਹੋਇਆ। ਮਤੋਈ ਪਿੰਡ ਦਾ ਵਸਨੀਕ ਹੋਣ ਕਾਰਨ ਉਸਨੂੰ ਸ਼ੌਕਤ ਅਲੀ ਮਤੋਈ ਕਿਹਾ ਜਾਣ ਲੱਗਿਆ। ਆਪਣੀ ਪਾਰਟੀ ਸਥਾਪਿਤ ਕਰਨ ਤੋਂ ਪਹਿਲਾਂ ਉਸਨੇ ਕਈ ਕੱਵਾਲ ਪਾਰਟੀਆਂ ਵਿਚ ਕੰਮ ਕੀਤਾ। ਉਸਦੀ ਬੁਲੰਦ ਅਤੇ ਸੁਰੀਲੀ ਆਵਾਜ਼ ਦਾ ਹੀ ਜਾਦੂ ਹੈ ਕਿ ਜਦੋਂ ਕਦੇ ਉਹ ਬਿਰਹਾ ਰੰਗ ਪੇਸ਼ ਕਰਦੇ ਹਨ ਤਾਂ ਸੁਣਨ ਵਾਲੇ ਦੀਆਂ ਅੱਖਾਂ ਵਿਚ ਹੰਝੂ ਆ ਜਾਣੇ ਆਮ ਗੱਲ ਹੈ। ਉਸਨੂੰ ਸਰੋਤਿਆਂ ਦੀ ਨਬਜ਼ ਪਛਾਣ ਕੇ ਗਾਉਣਾ ਬਾਖ਼ੂਬੀ ਆਉਂਦਾ ਹੈ, ਪਰ ਕਦੇ ਗਾਇਕੀ ਦਾ ਮਿਆਰ ਡਿੱਗਣ ਨਹੀਂ ਦਿੱਤਾ। ਪੰਜਾਬ ਦੀ ਸੰਗੀਤਕ ਵਿਰਾਸਤ ਸੰਭਾਲਣ ਵਿਚ ਉਸਨੇ ਅਹਿਮ ਭੂਮਿਕਾ ਅਦਾ ਕੀਤਾ ਹੈ। ਇਸ ਬਦਲੇ ਉਸਨੂੰ ਕਈ ਸੰਸਥਾਵਾਂ ਵੱਲੋਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਪੇਸ਼ ਹੈ ਸ਼ੌਕਤ ਅਲੀ ਮਤੋਈ ਨਾਲ ਹੋਈ ਗੱਲਬਾਤ ਦੇ ਅੰਸ਼: ਤੁਸੀਂ ਆਪਣੀ ਸੰਗੀਤ ਦੀ ਤਾਲੀਮ ਬਾਰੇ ਦੱਸੋ ? ਸੰਗੀਤ ਮੈਨੂੰ ਵਿਰਾਸਤ ਵਿਚ ਹੀ ਮਿਲਿਆ ਹੈ। ਮੇਰੇ ਦਾਦਾ ਜੀ ਉਸਤਾਦ ਚਾਨਣ ਖਾਂ ਸ਼ਾਸਤਰੀ ਸੰਗੀਤ ਦੇ ਉੱਚ ਕੋਟੀ ਦੇ ਗਵੱਈਏ ਸਨ। ਉਨ੍ਹਾਂ ਤੋਂ ਇਲਾਵਾ ਮੈਂ ਆਪਣੇ ਪਿਤਾ ਅਬਦੁਲ ਮਜ਼ੀਦ ਖਾਂ ਕੋਲੋਂ ਵੀ ਸੰਗੀਤ ਦੇ ਗੁਰ ਸਿੱਖੇ। ਸ਼ਾਸਤਰੀ ਸੰਗੀਤ ਦੀ ਸਿੱਖਿਆ ਉਸਤਾਦ ਬਾਕੁਰ ਹੁਸੈਨ ਖਾਂ (ਪਟਿਆਲਾ ਘਰਾਣਾ) ਅਤੇ ਕੱਵਾਲੀ ਦੀ ਤਾਲੀਮ ਉਸਤਾਦ ਮੁਹੰਮਦ ਸ਼ਰੀਫ਼ (ਮੁਬਾਰਕਪੁਰ ਚੁੰਘਾਂ) ਕੋਲੋਂ ਲਈ। ਮੇਰੇ ਤੋਂ ਇਲਾਵਾ ਮੇਰੇ ਭਰਾ ਅਤੇ ਬੇਟਾ ਵੀ ਪਰਿਵਾਰ ਦੀ ਇਸ ਲੜੀ ਨੂੰ ਅੱਗੇ ਤੋਰਨ ਲਈ ਯਤਨਸ਼ੀਲ ਹਨ। ਆਪਣੇ ਪਰਿਵਾਰਕ ਜੀਵਨ ਬਾਰੇ ਵੀ ਕੁਝ ਦੱਸੋ? ਮੇਰਾ ਵਿਆਹ 30 ਕੁ ਸਾਲ ਪਹਿਲਾਂ ਖੰਨੇ ਲਾਗਲੇ ਪਿੰਡ ਈਸੜੂ ਵਿਖੇ ਨਜ਼ੀਰ ਮੁਹੰਮਦ ਦੀ ਬੇਟੀ ਰਸ਼ੀਦਾ ਨਾਲ ਹੋਇਆ। ਕਈ ਕਹਿੰਦੇ ਹਨ ਕਿ ਵਿਆਹ ਤੋਂ ਬਾਅਦ ਗਾਣਾ ਮਰ ਜਾਂਦਾ ਹੈ, ਪਰ ਮੈਂ ਕਹਿੰਦਾ ਹਾਂ ਕਿ ਮੇਰਾ ਗਾਣਾ ਤਾਂ ਹੋਰ ਪ੍ਰਫੁਲਿੱਤ ਹੋਇਆ ਹੈ। ਰਸ਼ੀਦਾ ਨੇ ਸੰਗੀਤ ਵਿਚ ਮੇਰਾ ਬਹੁਤ ਸਾਥ ਦਿੱਤਾ ਕਿਉਂਕਿ ਉਹ ਖ਼ੁਦ ਸੁਰੀਲਿਆਂ ਦੀ ਧੀ ਸੀ। ਕੁਝ ਸਮਾਂ ਪਹਿਲਾਂ ਉਹ ਸਾਨੂੰ ਛੱਡ ਕੇ ਚਲੀ ਗਈ। ਮੇਰਾ ਬੇਟਾ ਆਬਿਦ ਹੁਸੈਨ ਖ਼ੁਦ ਲਿਖਦਾ ਅਤੇ ਗਾਉਂਦਾ ਹੈ। ਉਸ ਦੀਆਂ ਲਿਖੀਆਂ ਹੋਈਆਂ ਕੱਵਾਲੀਆਂ ਮੈਂ ਵੀ ਗਾਉਂਦਾ ਹਾਂ। ਕੱਵਾਲੀ ਤੋਂ ਇਲਾਵਾ ਤੁਸੀਂ ਸੰਗੀਤ ਦੀਆਂ ਹੋਰ ਕਿਹੜੀਆਂ ਵੰਨਗੀਆਂ ਨੂੰ ਗਾਉਂਦੇ ਹੋ ? ਕੱਵਾਲੀ ਗਾਇਕੀ ਵਿਚ ਆਉਣ ਤੋਂ ਪਹਿਲਾਂ ਮੈਂ ਸਟੇਜ ’ਤੇ ਜ਼ਿਆਦਾਤਰ ਲੋਕ ਗੀਤ ਹੀ ਗਾਉਂਦਾ ਸੀ, ਪਰ ਮੈਨੂੰ ਇਹ ਸਹੀ ਨਹੀਂ ਲੱਗਿਆ ਅਤੇ ਸਰੋਤਿਆਂ ਨੇ ਵੀ ਮੈਨੂੰ ਕੱਵਾਲੀ ਵਿਚ ਹੀ ਕਬੂਲਿਆ। ਬਾਬਾ ਸ਼ੇਖ਼ ਫ਼ਰੀਦ, ਸੁਲਤਾਨ ਬਾਹੂ, ਸੈਫ਼ਲ ਮਲੂਕ ਆਦਿ ਸੂਫ਼ੀਆਂ ਦੇ ਕਲਾਮ ਗਾਉਂਦਾ ਹਾਂ। ਜਦੋਂ ਕਿਸੇ ਸਟੇਜ ਉੱਪਰ ਗੀਤ, ਗ਼ਜ਼ਲ, ਠੁਮਰੀ ਅਤੇ ਖਿਆਲ ਦੀ ਫ਼ਰਮਾਇਸ਼ ਆਉਂਦੀ ਹੈ ਤਾਂ ਮੈਂ ਉਹ ਵੀ ਗਾ ਦਿੰਦਾ ਹਾਂ। ਕੀ ਤੁਸੀਂ ਫ਼ਿਲਮਾਂ ਵਿਚ ਵੀ ਆਪਣੀ ਆਵਾਜ਼ ਦਿੱਤੀ ਹੈ ? ਹਾਂ, ਮੈਨੂੰ ਫ਼ਿਲਮਾਂ ਵਿਚ ਵੀ ਗਾਉਣ ਦਾ ਮੌਕਾ ਮਿਲਿਆ ਹੈ। ‘ਸ਼ਹੀਦ-ਏ-ਮੁਹੱਬਤ’, ‘ਸ਼ਰੀਕ’, ‘ਦਿਲ ਪਰਦੇਸੀ ਹੋ ਗਿਆ’, ‘ਰੱਬ ਦਾ ਰੇਡੀਓ’, ‘ਸਰਦਾਰ ਮੁਹੰਮਦ’ ਅਤੇ ‘ਮੁੰਡਾ ਫ਼ਰੀਦਕੋਟੀਆ’ ਆਦਿ ਫ਼ਿਲਮਾਂ ਵਿਚ ਮੈਂ ਆਪਣੀ ਆਵਾਜ਼ ਦੇ ਚੁੱਕਾ ਹਾਂ। ਇਸ ਤੋਂ ਬਿਨਾਂ ਟੀ.ਵੀ. ਲੜੀਵਾਰ ‘ਅਮਰ ਖ਼ਾਲਸਾ’, ‘ਦਾਣੇ ਅਨਾਰ ਦੇ’, ‘ਮਹਾਰਾਜਾ ਰਣਜੀਤ ਸਿੰਘ’ ਅਤੇ ‘ਧਰਮ ਦੀ ਚਾਦਰ’ ਵਿਚ ਵੀ ਆਪਣੀ ਆਵਾਜ਼ ਰਿਕਾਰਡ ਕਰਵਾ ਚੁੱਕਾ ਹਾਂ। ਕੀ ਤੁਸੀਂ ਕੋਈ ਨਵਾਂ ਗੀਤ ਲੈ ਕੇ ਆ ਰਹੇ ਹੋ? ਹਾਂ, ਮੇਰਾ ਅਤੇ ਫ਼ਿਰੋਜ਼ ਖ਼ਾਨ ਦਾ ਇਕ ਗੀਤ ਜੈਦੇਵ ਕੁਮਾਰ ਦੇ ਸੰਗੀਤ ਵਿਚ ਜਲਦੀ ਹੀ ਸੋਨੀ ਕੰਪਨੀ ਰਾਹੀਂ ਰਿਲੀਜ਼ ਹੋ ਰਿਹਾ ਹੈ। ਉਮੀਦ ਹੈ ਕਿ ਸਰੋਤੇ ਇਸ ਨੂੰ ਵੀ ਓਨਾ ਹੀ ਪਿਆਰ ਦੇਣਗੇ ਜਿੰਨਾ ਉਨ੍ਹਾਂ ਨੇ ਮੇਰੇ ਬਾਕੀ ਗੀਤਾਂ ਨੂੰ ਦਿੱਤਾ ਹੈ। ਜਿਸ ਤਰ੍ਹਾਂ ਤੁਸੀਂ ਸੰਗੀਤ ਦੀ ਤਾਲੀਮ ਗੁਰੂ-ਸ਼ਿਸ਼ ਪਰੰਪਰਾ ਅਧੀਨ ਪ੍ਰਾਪਤ ਕੀਤੀ ਹੈ, ਕੀ ਤੁਸੀਂ ਅੱਗੋਂ ਵੀ ਇਸ ਪਰੰਪਰਾ ਨੂੰ ਚਲਾ ਰਹੇ ਹੋ ? ਆਪਣੇ ਬਜ਼ੁਰਗਾਂ ਵੱਲੋਂ ਦਿੱਤੀ ਇਸ ਅਨਮੋਲ ਦਾਤ ਨੂੰ ਮੈਂ ਆਪਣੇ ਸ਼ਾਗਿਰਦਾਂ ਨੂੰ ਦੇ ਰਿਹਾ ਹਾਂ। ਘਰ ਵਿਚ ਮੇਰਾ ਬੇਟਾ ਆਬਿਦ ਹੁਸੈਨ ਅਤੇ ਪੋਤਾ ਨਵੀਦ ਹੁਸੈਨ ਸੰਗੀਤ ਦੀ ਤਾਲੀਮ ਲੈ ਰਹੇ ਹਨ। ਇਸ ਤੋਂ ਇਲਾਵਾ ਮੇਰੇ ਸ਼ਾਗਿਰਦ ਫ਼ਿਰੋਜ਼ ਖ਼ਾਨ, ਲਵਜੀਤ, ਸਲਾਮਤ ਅਲੀ, ਸੁੱਖੀ ਖ਼ਾਨ, ਸੋਨੂੰ, ਸ਼ਬਨਮ ਨੌਧਰਾਣੀ ਆਦਿ ਬਾਖ਼ੂਬੀ ਗਾ ਰਹੇ ਹਨ। ਅੱਜਕੱਲ੍ਹ ਦੇ ਕਲਾਕਾਰ ਨੱਚ-ਟੱਪ ਕੇ ਹੀ ਆਪਣੀ ਪੇਸ਼ਕਾਰੀ ਦਿੰਦੇ ਹਨ, ਜਿਨ੍ਹਾਂ ਦਾ ਮਕਸਦ ਸਿਰਫ਼ ਪੈਸਾ ਕਮਾਉਣਾ ਹੁੰਦਾ ਹੈ, ਉਨ੍ਹਾਂ ਬਾਰੇ ਤੁਸੀਂ ਕੀ ਕਹੋਗੇ? ਕਈ ਵਾਰੀ ਮੈਂ ਖ਼ੁਦ ਹੈਰਾਨ ਹੋ ਜਾਂਦਾ ਹਾਂ ਕਿ ਇਹ ਲੋਕ ਕਿਸ ਤਰ੍ਹਾਂ ਨੱਚ-ਟੱਪ ਕੇ ਗਾ ਲੈਂਦੇ ਹਨ, ਜਦੋਂ ਕਿ ਸੁਰ ਤਾਂ ਬੈਠ ਕੇ ਹੀ ਕਾਬੂ ਵਿਚ ਕਰਨਾ ਮੁਸ਼ਕਿਲ ਹੁੰਦਾ ਹੈ। ਸੁਰ ਈਸ਼ਵਰ ਹੈ, ਭਗਵਾਨ ਹੈ ਤੇ ਭਗਵਾਨ ਨਾਲ ਖੇਡਣਾ ਕੋਈ ਸੌਖੀ ਗੱਲ ਨਹੀਂ ਹੈ। ਸੁਰ ਤਾਂ ਸਿਰਫ਼ ਧਿਆਨ ਮਗਨ ਹੋ ਕੇ ਹੀ ਲਗਾਇਆ ਜਾ ਸਕਦਾ ਹੈ। ਨਵੇਂ ਗਾਇਕਾਂ ਤੇ ਗੀਤਕਾਰਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ? ਮੌਜੂਦਾ ਦੌਰ ਵਿਚ ਸੰਗੀਤ ਨੂੰ ਸਿਰਫ਼ ਪੈਸੇ ਕਮਾਉਣ ਦਾ ਸਾਧਨ ਮੰਨਿਆ ਜਾ ਰਿਹਾ ਹੈ ਜਿਸ ਨਾਲ ਸਾਡਾ ਅਸਲ ਵਿਰਾਸਤੀ ਸੰਗੀਤ ਲੋਪ ਹੁੰਦਾ ਜਾ ਰਿਹਾ ਹੈ। ਜੋ ਵੀ ਇਸ ਖੇਤਰ ਵਿਚ ਆਉਣਾ ਚਾਹੁੰਦਾ ਹੈ, ਉਸ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਉਸਤਾਦਾਂ ਕੋਲੋਂ ਚੰਗੀ ਤਰ੍ਹਾਂ ਸਿੱਖ ਕੇ ਆਵੇ। ਗੀਤਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਇਹੋ ਜਿਹਾ ਲਿਖਣ ਜੋ ਸੱਭਿਆਚਾਰ ਦੀ ਗੱਲ ਕਰਦਾ ਹੋਵੇ, ਜਿਸ ਨੂੰ ਪਰਿਵਾਰ ਦੇ ਸਾਰੇ ਮੈਂਬਰ ਬੈਠ ਕੇ ਸੁਣ ਸਕਣ। ਅੱਜਕੱਲ੍ਹ ਜਿਹੜੇ ਸੂਫ਼ੀ ਗਾਇਕੀ ਗਾਉਣਾ ਚਾਹੁੰਦੇ ਹਨ, ਉਹ ਪਹਿਲਾਂ ਉਨ੍ਹਾਂ ਬਾਰੇ ਕਿਤਾਬਾਂ ਪੜ੍ਹ ਲੈਣ ਕਿ ਅਸੀਂ ਕਿਨ੍ਹਾਂ ਦੀ ਗੱਲ ਕਰਦੇ ਹਾਂ। ਸੂਫ਼ੀ ਗਾਇਕੀ ਦੇ ਨਾਮ ’ਤੇ ਕੁਝ ਹੋਰ ਸ਼ਬਦ ਪਾਏ ਜਾਂਦੇ ਹਨ, ਪਰ ਉਸ ਨਾਲ ਸੂਫ਼ੀ ਨਹੀਂ ਬਣਦਾ। ਪਹਿਲਾਂ ਗੁਰੂ ਦੇ ਲੜ ਲੱਗੋ ਅਤੇ ਉਸ ਵੱਲੋਂ ਦਿਖਾਏ ਰਸਤੇ ’ਤੇ ਚੱਲੋ, ਫਿਰ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ। *ਖੋਜਾਰਥੀ, ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਸੰਪਰਕ: 90237-12455

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All