ਪ੍ਰਬੁੱਧ ਲੇਖਕ, ਖੋਜੀ ਤੇ ਅਨੁਵਾਦਕ ਡਾ. ਸਵਰਨ ਸਿੰਘ

ਪ੍ਰਬੁੱਧ ਲੇਖਕ, ਖੋਜੀ ਤੇ ਅਨੁਵਾਦਕ ਡਾ. ਸਵਰਨ ਸਿੰਘ

ਮਨਮੋਹਨ ਸਿੰਘ ਦਾਊਂ

10209cd _New Doc 2017_08_19_1ਜ਼ਿਲ੍ਹਾ ਰੂਪਨਗਰ ਦਾ ਮਸ਼ਹੂਰ ਪਿੰਡ ਹੈ ਭਿਓਰਾ। ਇਸ ਪਿੰਡ ਤੋਂ ਥੋੜ੍ਹੀ ਦੂਰ ਭਾਖੜਾ ਨੰਗਲ ਨਹਿਰ ਪੱਛਮ ਦੀ ਕੁੱਖ ਨਾਲ ਵਗਦੀ ਹੈ। ਪਿੰਡ ਭਿਓਰਾ ਦੇ ਹੀ ਜੰਮਪਲ ਸਵਰਨ ਸਿੰਘ ਦਾ ਜਨਮ 10 ਮਈ, 1934 ਨੂੰ ਪਿਤਾ ਸ੍ਰੀ ਚਮੇਲ ਸਿੰਘ ਤੇ ਮਾਤਾ ਪ੍ਰਤਾਪ ਕੌਰ ਦੇ ਗ੍ਰਹਿ ਵਿਖੇ ਹੋਇਆ। ਪੰਜਾਬੀ ਦੇ ਸਮਰੱਥ ਕਹਾਣੀਕਾਰ ਨਵਤੇਜ ਪੁਆਧੀ ਦਾ ਵੀ ਇਹੋ ਜੱਦੀ ਪਿੰਡ ਸੀ। ਸਵਰਨ ਸਿੰਘ ਦੇ ਵੱਡੇ ਭਰਾ ਸੰਤੋਖ ਸਿੰਘ ਕਾਨੂੰਨਗੋ ਦੇ ਅਹੁਦੇ ’ਤੇ ਰਹੇ। ਜੱਦੀ ਜਾਇਦਾਦ ਦੀ ਸਾਂਭ-ਸੰਭਾਲ ਕਰਨ ਲਈ ਉਨ੍ਹਾਂ ਨੇ ਪਿੰਡ ਦੇ ਸਮਾਜ-ਸੇਵੀ ਵਿਅਕਤੀ ਮੋਤਾ ਸਿੰਘ (ਚੱਕੀ ਵਾਲੇ) ਨੂੰ ਜ਼ਿੰਮੇਵਾਰੀ ਦੇ ਦਿੱਤੀ ਤੇ ਆਪ ਪਰਿਵਾਰ ਸਮੇਤ ਦਿੱਲੀ ਵਿਖੇ ਵਾਸਾ ਕਰ ਲਿਆ। ਸਵਰਨ ਸਿੰਘ ਨੇ ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਗ੍ਰਹਿਣ ਕੀਤੀ। ਮੈਟ੍ਰਿਕ ਪਾਸ ਕਰਨ ਪਿੱਛੋਂ ਬੀ.ਏ. ਦੀ ਡਿਗਰੀ ਸਰਕਾਰੀ ਕਾਲਜ ਰੋਪੜ ਤੋਂ ਹਾਸਲ ਕੀਤੀ। ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਸੀ। ਐੱਮ.ਏ. ਪੰਜਾਬੀ ਦਿੱਲੀ ਜਾ ਕੇ ਕੀਤੀ ਅਤੇ ਪੀਐੱਚ.ਡੀ. ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਫਿਰ ਮਰਾਠੀ ਭਾਸ਼ਾ ਦੀ ਮੁਹਾਰਤ ਲਈ ਪੂਨਾ ਯੂਨੀਵਰਸਿਟੀ ਦਾਖਲ ਹੋ ਕੇ 1964 ’ਚ ਵਿਸ਼ੇਸ਼ ਕੋਰਸ ਮਰਾਠੀ ਦਾ ਕੀਤਾ। ਦਿੱਲੀ ਯੂਨੀਵਰਸਿਟੀ ਵਿੱਚ ਬਤੌਰ ਪੰਜਾਬੀ ਪ੍ਰੋਫੈਸਰ 33 ਸਾਲ ਅਧਿਆਪਨ ਦੇ ਖੇਤਰ ’ਚ ਨਾਮਣਾ ਖੱਟਿਆ। ਦੋ ਸਾਲ ਅਲਾਹਾਬਾਦ ਯੂਨੀਵਰਸਿਟੀ ਵਿੱਚ ਸੇਵਾ ਨਿਭਾਈ। ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਯੂਨੀਵਰਸਿਟੀ ਕੈਂਪਸ ਦਿੱਲੀ ਵਿਖੇ ਪੰਜਾਬੀ ਵਿਭਾਗ ’ਚ ਬਤੌਰ ਰੀਡਰ ਸੇਵਾਵਾਂ ਨਿਭਾਈਆਂ। ਇਸ ਸਮੇਂ ਦੌਰਾਨ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਸਕੱਤਰ ਵਜੋਂ ਕਾਰਜਸ਼ੀਲ ਰਹੇ। ਕੁਝ ਅਰਸਾ ਕੌਮੀ ਸਾਹਿਤ ਮੰਚ-ਕਲਾ ਅਤੇ ਸਾਹਿਤ ਪੰਜਾਬੀ ਸਭਾ ਦੇ ਜਨਰਲ ਸਕੱਤਰ ਵੀ ਰਹੇ। ਇਨ੍ਹਾਂ ਜ਼ਿੰਮੇਵਾਰੀਆਂ ਨੂੰ ਬੜੀ ਸਿਦਕਦਿਲੀ ਤੇ ਸੁਹਿਰਦਤਾ ਨਾਲ ਨਿਭਾਇਆ। ਦਿੱਲੀ ਤੋਂ ਛਪਦੇ ਪੰਜਾਬੀ ਸਪਤਾਹਿਕ/ਪੰਦਰਾਂ ਰੋਜ਼ਾ ਅਖ਼ਬਾਰ ‘ਕੌਮੀ ਵੰਗਾਰ’ ਦੇ ਮੁੱਖ ਸੰਪਾਦਕ ਵਜੋਂ ਕੰਮ ਕੀਤਾ। ਇਹ ਅਖ਼ਬਾਰ 1983 ਤੋਂ ਪ੍ਰਾਰੰਭ ਹੋਇਆ ਸੀ।

ਮਨਮੋਹਨ ਸਿੰਘ ਦਾਊਂ ਮਨਮੋਹਨ ਸਿੰਘ ਦਾਊਂ

ਪੰਜਾਬੀ ਸਾਹਿਤ ਨੂੰ ਸਵਰਨ ਸਿੰਘ ਹੁਰਾਂ ਦੀ ਵੱਡਮੁੱਲੀ ਦੇਣ ਹੈ। ਨਜ਼ਰ ਮਾਰਿਆਂ ਜਿਨ੍ਹਾਂ ਪੁਸਤਕਾਂ ਦਾ ਵੇਰਵਾ ਮਿਲਦਾ ਹੈ, ਉਹ ਮੌਲਿਕ-ਰਚਨਾਵਾਂ ਇਸ ਪ੍ਰਕਾਰ ਹਨ: ਨਾਵਣ ਚੱਲੇ ਤੀਰਥੀਂ (1990) (ਸਫਰਨਾਮਾ), ਸਰਦਾਰ ਭਗਤ ਸਿੰਘ (ਜੀਵਨੀ), ਧਰਤਿ ਸੁਹਾਵੀ (ਪੇਂਡੂ ਸੱਭਿਆਚਾਰ), ਰੁਤਿਫਿਰੀ (ਪੇਂਡੂ ਸੱਭਿਆਚਾਰ), ਚਿੱਤਰ ਵਚਿੱਤਰ (ਲੇਖਕਾਂ ਦੇ ਕਲਮੀ ਚਿੱਤਰ), ਆਜ਼ਾਦੀ ਦੇ ਸੁੱਚੇ ਵਣਜਾਰੇ (ਚਿੱਤਰ ਸ਼ਬਦ), ਮੋਹੜੀ ਗੱਡੀ ਪਿੰਡ ਵੱਸਿਆ (ਪੇਂਡੂ ਸੱਭਿਆਚਾਰ), ਦਿੱਲੀ-ਦਿਲ ਹਿੰਦੁਸਤਾਨ ਦਾ, ਮੇਰੇ ਨਿੱਕੇ-ਨਿੱਕੇ ਯੁੱਧ (ਸਵੈ-ਜੀਵਨੀ), ਕੁਝ ਹੋਰ ਵਣਜਾਰੇ ਆਜ਼ਾਦੀ ਦੇ ਸੁਤੰਤਰਤਾ ਸੈਨਾਨੀਆਂ ਦੇ ਸ਼ਬਦ (ਚਿੱਤਰ) ਅਤੇ ਆਜ਼ਾਦੀ ਲਹਿਰ ਦੇ ਸੁੱਚੇ ਸੂਰਮੇ (ਆਖਰੀ ਪੁਸਤਕ ਉਨ੍ਹਾਂ ਦੇ ਸ਼ਗਿਰਦ  ਬੀ. ਵਰਿੰਦਰਜੀਤ ਸਿੰਘ ਨੇ ਸੰਪਾਦਿਤ ਕੀਤੀ)। ਡਾ. ਸਵਰਨ ਸਿੰਘ ਨੇ ਕੁਝ ਪੁਸਤਕਾਂ ਸੰਪਾਦਿਤ ਵੀ ਕੀਤੀਆਂ ਜਿਵੇਂ ‘ਅਜੋਕੀ ਪੰਜਾਬੀ ਕਹਾਣੀ’, ਗੁਰਬਚਨ ਸਿੰਘ ਦਾ ਪ੍ਰੀਤ ਸੰਸਾਰ ਤੇ ਸਰਬਾਂਗੀ ਸਾਹਿਤਕਾਰ ਗੁਰਬਚਨ ਸਿੰਘ ਅਰਸ਼ੀ। ਮੌਲਿਕ ਮਰਾਠੀ ਤੋਂ ਪੰਜਾਬੀ ਵਿੱਚ ਅਨੁਵਾਦ ਵਾਲੀਆਂ ਡਾ. ਸਵਰਨ ਸਿੰਘ ਹੁਰਾਂ ਦੀਆਂ ਮਹੱਤਵਪੂਰਨ ਪੁਸਤਕਾਂ ਦਸ ਹਨ: ਬਨਗਰਵਾੜੀ (ਨਾਵਲ), ਮੈਂ (ਨਾਵਲ), ਬ੍ਰਾਹਮਣ ਕੰਨਿਆ (ਨਾਵਲ), ਫੁੱਲ ਕੁਮਲਾਇਆ (ਨਾਵਲ), ਨਾਮਦੇਵ (ਜੀਵਨੀ), ਮਾਹੀਮ ਦੀ ਖਾੜੀ (ਨਾਵਲ), ਵਾਮਨ ਮਲ੍ਹਾਰ ਜੋਸ਼ੀ (ਜੀਵਨ ਤੇ ਰਚਨਾ), ਆਗਰਕਰ (ਲੇਖ-ਸੰਗ੍ਰਹਿ), ਮਰਾਠੀ ਨਿੱਕੀ ਕਹਾਣੀ ਤੇ ਰੇਸ਼ਮ ਦੇ ਕੀੜੇ ਦਾ ਘਰੌਂਦਾ (ਨਾਵਲ)। ਇਹ ਪੁਸਤਕਾਂ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਅਤੇ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ। ਉਨ੍ਹਾਂ ਵੱਲੋਂ ਜਪੁਜੀ ਸਾਹਿਬ ਦਾ 1969 ਵਿੱਚ ਮਰਾਠੀ ’ਚ ਕੀਤਾ ਅਨੁਵਾਦ ਬਹੁਤ ਸਲਾਹਿਆ ਗਿਆ, ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ। ਇਸ ਤੋਂ ਇਲਾਵਾ ਡਾ. ਸਵਰਨ ਸਿੰਘ ਦੀਆਂ ਅੰਗਰੇਜ਼ੀ ’ਚ ਲਿਖੀਆਂ ਦੋ ਪੁਸਤਕਾਂ ਵੀ ਮਿਲਦੀਆਂ ਹਨ। ਇਸ ਅਦੁੱਤੀ ਸਾਹਿਤਕ ਘਾਲਣਾ ਦੀ ਕੀਰਤੀ ਦੇ ਸਦਕਾ, ਉਨ੍ਹਾਂ ਜੀ ਨੂੰ 1989 ’ਚ ਵਿਸ਼ੇਸ਼ ਸਾਹਿਤਕਾਰ ਪੁਰਸਕਾਰ ਨਾਲ ਨਿਵਾਜਿਆ ਗਿਆ। ਪੰਜਾਬੀ ਅਕਾਦਮੀ, ਦਿੱਲੀ ਵੱਲੋਂ ਸਾਧੂ ਸਿੰਘ ਹਮਦਰਦ ਪੱਤਰਕਾਰਿਤਾ ਪੁਰਸਕਾਰ, ਵਿਸ਼ੇਸ਼ ਪੰਜਾਬੀ ਵਾਰਤਕ ਪੁਰਸਕਾਰ ਤੇ ਅਨੁਵਾਦ ਪੁਰਸਕਾਰ ਪ੍ਰਦਾਨ ਕੀਤੇ। ਸਾਹਿਤ ਅਕਾਦਮੀ, ਦਿੱਲੀ ਨੇ ਅਨੁਵਾਦ ਪੁਰਸਕਾਰ (ਮਰਾਠੀ ਤੋਂ ਪੰਜਾਬੀ) ਨਾਲ ਉਨ੍ਹਾਂ ਨੂੰ ਅਲੰਕ੍ਰਿਤ ਕੀਤਾ। ਇਸ ਤੋਂ ਬਿਨਾਂ ਪੰਜਾਬੀ ਸੱਥ ਲਾਂਬੜਾ, ਜਲੰਧਰ ਨੇ ਡਾ. ਮਹਿੰਦਰ ਸਿੰਘ ਰੰਧਾਵਾ ਸੱਭਿਆਚਾਰ ਪੁਰਸਕਾਰ ਦੇ ਕੇ ਉਨ੍ਹਾਂ ਦੀ ਪੰਜਾਬੀ ਮਾਂ-ਬੋਲੀ ਪ੍ਰਤੀ ਮੁਹੱਬਤ ਨੂੰ ਸ਼ੋਭਾ ਦਿੱਤੀ। ਪੰਜਾਬੀ ਕਲਾ ਸੰਗਮ ਨਵੀਂ ਦਿੱਲੀ ਨੇ ਆਪ ਨੂੰ ਪ੍ਰੋ. ਤੇਜਾ ਸਿੰਘ ਵਾਰਤਕ ਪੁਰਸਕਾਰ ਦੇ ਕੇ ਆਪਣਾ ਮਾਣ ਵਧਾਇਆ। ‘ਆਜ਼ਾਦੀ ਲਹਿਰ ਦੇ ਸੁੱਚੇ ਸੂਰਮੇ’ ਪੁਸਤਕ ’ਚ 29 ਪ੍ਰਮੁੱਖ ਸ਼ਖ਼ਸੀਅਤਾਂ ਬਾਰੇ ਨਿਬੰਧ ਹਨ। ਇਸ ਪੁਸਤਕ ਦੀ ਭੂਮਿਕਾ ’ਚ ਡਾ. ਜਸਪਾਲ ਸਿੰਘ (ਸਾਬਕਾ ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਡਾ. ਸਵਰਨ ਸਿੰਘ ਦੀ ਲਿਖਣ-ਸ਼ੈਲੀ ਬਾਰੇ ਸਹੀ ਤਰਜਮਾਨੀ ਕੀਤੀ ਹੈ: ‘‘ਡਾ. ਸਵਰਨ ਸਿੰਘ ਦੀ ਵਾਰਤਕ ਸ਼ੈਲੀ ਦੀ ਖ਼ੂਬਸੂਰਤੀ ਇਹ ਹੈ ਕਿ ਜਦੋਂ ਉਹ ਇਤਿਹਾਸਕ ਘਟਨਾਵਾਂ ਦਾ ਬਿਆਨ ਕਰਦਾ ਹੈ ਤਾਂ ਉਹ ਤਰਕਸ਼ੀਲ ਵਿਧੀ ਅਪਣਾਉਂਦਾ ਹੈ ਅਤੇ ਜਦੋਂ ਉਹ ਮਾਨਵੀ ਸਥਿਤੀਆਂ ਦਾ ਜ਼ਿਕਰ ਕਰਦਾ ਹੈ ਤਾਂ ਉਸ ਦੀ ਵਾਰਤਕ ਭਾਵਨਾਤਮਕ ਲਹਿਜਾ ਅਖਤਿਆਰ ਕਰ ਲੈਂਦੀ ਹੈ।’’ ਡਾ. ਸਵਰਨ ਸਿੰਘ ਦੀਆਂ ਪੇਂਡੂ ਸੱਭਿਆਚਾਰ ਵਾਲੀਆਂ ਪੁਸਤਕਾਂ ਪੜ੍ਹ ਕੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਡਾ. ਸਵਰਨ ਸਿੰਘ ਨੇ ਭਾਵੇਂ ਰੋਟੀ-ਰੋਜ਼ੀ ਲਈ ਦਿੱਲੀ ਨਹੀਂ ਛੱਡੀ, ਪ੍ਰੰਤੂ ਉਨ੍ਹਾਂ ਦੀ ਰੂਹ ਪਿੰਡ ਦੀ ਮਿੱਟੀ ਨਾਲ ਜੁੜੀ ਰਹੀ। ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿਣਾ, ਆਪਣੇ ਵਿਰਸੇ ਤੇ ਇਤਿਹਾਸ ਨੂੰ ਮੁਹੱਬਤ ਕਰਨ ਵਾਲਾ ਕਰਮ ਹੁੰਦਾ ਹੈ। ਉਨ੍ਹਾਂ ਦਾ ਦਿਹਾਂਤ 11 ਨਵੰਬਰ, 2011 ਨੂੰ ਦਿੱਲੀ ਵਿਖੇ ਹੋਇਆ। ਪੁਆਧ ਦੇ ਜੰਮਪਲ ਡਾ. ਸਵਰਨ ਸਿੰਘ ਸਚਮੁੱਚ ਪ੍ਰਬੁੱਧ ਸਾਹਿਤਕਾਰ, ਖੋਜੀ-ਵਿਦਵਾਨ ਅਤੇ ਨਿਪੁੰਨ ਅਨੁਵਾਦਕ ਸਨ, ਜਿਨ੍ਹਾਂ ਦੀ ਸਾਹਿਤਕ ਦੇਣ ਇੱਕ ਸੰਸਥਾ ਵਰਗੀ ਹੈ।

ਸੰਪਰਕ: 98151-23900

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All