ਪ੍ਰਧਾਨਗੀ ਛੱਡਣ ਲਈ ਤਿਆਰ ਹਾਂ: ਸੁਖਬੀਰ

ਭਾਈ ਮਨਜੀਤ ਸਿੰਘ ਨੂੰ ਮਿਲ ਕੇ ਸ਼ਿਕਵੇ ਕੀਤੇ ਦੂਰ; ਟਕਸਾਲੀ ਆਗੂਆਂ ਨੂੰ ਪਾਰਟੀ ਦਾ ਅਹਿਮ ਹਿੱਸਾ ਦੱਸਿਆ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 28 ਅਕਤੂਬਰ ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੇ ਅੰਦਰੂਨੀ ਸੰਕਟ ਦੌਰਾਨ ਅੱਜ ਪਹਿਲੀ ਵਾਰ ਜਥੇਬੰਦੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕਹੇਗੀ ਤਾਂ ਉਹ ਪਾਰਟੀ ਲਈ ਪ੍ਰਧਾਨ ਦਾ ਅਹੁਦਾ ਛੱਡ ਦੇਣਗੇ ਕਿਉਂਕਿ ਉਨ੍ਹਾਂ ਲਈ ਪਾਰਟੀ ਪਹਿਲਾਂ ਹੈ ਅਤੇ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਕੁਰਬਾਨੀ ਦੇਣ ਵਾਸਤੇ ਤਿਆਰ ਹਨ। ਇਹ ਪ੍ਰਗਟਾਵਾ ਉਨ੍ਹਾਂ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਦੇ ਘਰ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਨਾਰਾਜ਼ ਹੋਏ ਅਕਾਲੀ ਆਗੂ ਭਾਈ ਮਨਜੀਤ ਸਿੰਘ ਨੇ ਪਾਰਟੀ ਪ੍ਰਤੀ ਗਿਲੇ ਸ਼ਿਕਵੇ ਦੂਰ ਕਰਦਿਆਂ ਮੁੜ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਨਾਲ ਚੱਲਣ ਦਾ ਐਲਾਨ ਕੀਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪਾਰਟੀ ਵਿੱਚ ਬਣੇ ਸੰਕਟ ਅਤੇ ਟਕਸਾਲੀ ਅਕਾਲੀਆਂ ਵੱਲੋਂ ਪ੍ਰਗਟਾਈ ਜਾ ਰਹੀ ਨਾਰਾਜ਼ਗੀ ਬਾਰੇ ਗੱਲ ਕਰਦਿਆਂ ਉਨ੍ਹਾਂ ਪਹਿਲੀ ਵਾਰ ਖੁੱਲ੍ਹ ਕੇ ਆਖਿਆ ਕਿ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਆਦਿ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਉਹ ਇਨ੍ਹਾਂ ਸਾਰਿਆਂ ਦਾ ਹੀ ਦਿਲੋਂ ਸਤਿਕਾਰ ਕਰਦੇ ਹਨ। ਇਨ੍ਹਾਂ ਦਾ ਪਾਰਟੀ ਪ੍ਰਤੀ ਵੱਡਾ ਯੋਗਦਾਨ ਹੈ। ਉਨ੍ਹਾਂ ਆਖਿਆ ਕਿ ਸ੍ਰੀ ਬ੍ਰਹਮਪੁਰਾ ਉਨ੍ਹਾਂ ਦੇ ਪਿਤਾ ਸਮਾਨ ਹਨ। ਉਨ੍ਹਾਂ ਆਖਿਆ ਕਿ ਉਹ ਪਾਰਟੀ ਦੇ ਪਰਿਵਾਰਕ ਮੈਂਬਰ ਹਨ। ਸ਼੍ਰੋਮਣੀ ਅਕਾਲੀ ਦਲ ਸਭ ਦੀ ਪਾਰਟੀ ਹੈ ਅਤੇ ਇਹ ਇਕ ਪਰਿਵਾਰ ਹੈ। ਇਸ ਵਿੱਚ ਕਿਸੇ ਨੂੰ ਅੱਖੋਂ ਪਰੋਖੇ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਪਾਰਟੀ ਪ੍ਰਧਾਨ ਵਜੋਂ ਉਨ੍ਹਾਂ ਨੂੰ ਜ਼ਿੰਮੇਵਾਰੀ ਵੀ ਇਨ੍ਹਾਂ ਸਾਰਿਆਂ ਨੇ ਸੌਂਪੀ ਸੀ। ਜੇਕਰ ਹੁਣ ਪਾਰਟੀ ਕਹੇਗੀ ਤਾਂ ਪਾਰਟੀ ਹਿੱਤ ਵਿੱਚ ਉਹ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਪਾਰਟੀ ਲਈ ਉਹ ਹਰ ਕੁਰਬਾਨੀ ਲਈ ਤਿਆਰ ਹਨ। ਨਾਰਾਜ਼ ਅਕਾਲੀ ਆਗੂਆਂ ਨੂੰ ਮਨਾਉਣ ਬਾਰੇ ਉਨ੍ਹਾਂ ਆਖਿਆ ਕਿ ਜਿਸ ਕਿਸੇ ਨੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਉਹ ਉਨ੍ਹ੍ਹਾਂ ਦੇ ਘਰ ਜਾ ਕੇ ਨਾਰਾਜ਼ਗੀ ਦੂਰ ਕਰਕੇ ਆਏ ਹਨ। ਸ੍ਰੀ ਬ੍ਰਹਮਪੁਰਾ ਜਾਂ ਡਾ. ਅਜਨਾਲਾ ਜਦੋਂ ਵੀ ਉਨ੍ਹਾਂ ਨੂੰ ਸੱਦਣਗੇ, ਉਹ ਉਨ੍ਹਾਂ ਦੇ ਘਰ ਜ਼ਰੂਰ ਜਾਣਗੇ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਉਨ੍ਹਾਂ ਨੂੰ ਕੋਈ ਨਾਰਾਜ਼ਗੀ ਹੈ ਤਾਂ ਉਹ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਗੱਲਬਾਤ ਕਰ ਸਕਦੇ ਹਨ। ਭਾਈ ਮਨਜੀਤ ਸਿੰਘ ਦੀ ਨਾਰਾਜ਼ਗੀ ਬਾਰੇ ਉਨ੍ਹਾਂ ਆਖਿਆ ਕਿ ਉਹ ਕਦੇ ਵੀ ਪਾਰਟੀ ਤੋਂ ਬਾਹਰ ਨਹੀਂ ਗਏ ਅਤੇ ਹਮੇਸ਼ਾ ਪਾਰਟੀ ਨਾਲ ਖੜ੍ਹੇ ਰਹੇ ਹਨ।

ਭਾਈ ਮਨਜੀਤ ਸਿੰਘ ਦੀ ਨਾਰਾਜ਼ਗੀ ਦੂਰ ਕਰਨ ਮਗਰੋਂ ਉਨ੍ਹਾਂ ਨਾਲ ਦਿਖਾਈ ਦੇ ਰਹੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹੋਰ।

ਨਾਰਾਜ਼ਗੀ ਦੂਰ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਦੇ ਕੁਝ ਪੰਥਕ ਮਸਲਿਆਂ ਨੂੰ ਲੈ ਕੇ ਵਖਰੇਵੇਂ ਸਨ, ਜਿਨ੍ਹਾਂ ’ਤੇ ਅੱਜ ਚਰਚਾ ਹੋਈ ਹੈ ਅਤੇ ਪਾਰਟੀ ਨੇ ਇਹ ਸਾਰੇ ਵਖਰੇਵੇਂ ਦੂਰ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਅੱਜ ਉਨ੍ਹਾਂ ਦੇ ਘਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਅਕਾਲੀ ਆਗੂ ਪੁੱਜੇ ਸਨ ਅਤੇ ਆਪਸ ਵਿੱਚ ਖੁੱਲ੍ਹੀ ਗੱਲਬਾਤ ਹੋਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਇੱਥੇ ਭਾਈ ਗੁਰਦਾਸ ਹਾਲ ’ਚ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਬ੍ਰਹਮਪੁਰਾ ਦੇ ਸਮਰਥਕ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਸੀ। ਮੀਟਿੰਗ ਦੌਰਾਨ ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸ੍ਰੀ ਬ੍ਰਹਮਪੁਰਾ ਦੀ ਨਾਰਾਜ਼ਗੀ ਦੂਰ ਕਰਨ ਤੇ ਮਨਾਉਣ ਵਾਸਤੇ ਵੀ ਆਖਿਆ ਸੀ। ਇਸ ਤੋਂ ਪਹਿਲਾਂ ਪਾਰਟੀ ਬੁਲਾਰੇ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਸ੍ਰੀ ਬ੍ਰਹਮਪੁਰਾ ਦੇ ਘਰ ਗਏ ਸਨ ਪਰ ਉਨ੍ਹਾਂ ਆਪਣਾ ਅਸਤੀਫਾ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਸੀ। ਸ੍ਰੀ ਢੀਂਡਸਾ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮੌਕੇ ਉਨ੍ਹਾਂ ਨਾਲ ਪ੍ਰੋ. ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ (ਸਾਰੇ ਸਾਬਕਾ ਵਿਧਾਇਕ) ਤੇ ਹੋਰ ਆਗੂ ਹਾਜ਼ਰ ਸਨ।

ਸੁਖਬੀਰ ਨੂੰ ਪਹਿਲਾਂ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ: ਟਕਸਾਲੀ ਆਗੂ

ਰਣਜੀਤ ਸਿੰਘ ਬ੍ਰਹਮਪੁਰਾ

ਸੇਵਾ ਸਿੰਘ ਸੇਖਵਾਂ

ਡਾ. ਰਤਨ ਸਿੰਘ ਅਜਨਾਲਾ

ਅੰਮ੍ਰਿਤਸਰ: ਨਾਰਾਜ਼ ਟਕਸਾਲੀ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਆਖਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਪਾਰਟੀ ਦੀ ਨਮੋਸ਼ੀ ਭਰੀ ਹਾਰ ਹੋਈ ਸੀ ਤਾਂ ਉਸ ਵੇਲੇ ਹੀ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦੇਣਾ ਚਾਹੀਦਾ ਸੀ। ਅੱਜ ਇੱਥੇ ਟੀਵੀ ਚੈਨਲ ਨਾਲ ਕੀਤੀ ਗੱਲਬਾਤ ਮਗਰੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡਿਓ ’ਚ ਸ੍ਰੀ ਬ੍ਰਹਮਪੁਰਾ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਮੀਡੀਆ ਸਲਾਹਕਾਰ ਦਮਨਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ੍ਰੀ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਕਹਿਣ ’ਤੇ ਪ੍ਰਧਾਨਗੀ ਛੱਡਣ ਦੇ ਦਿੱਤੇ ਬਿਆਨ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਜੋ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਹ ਪਾਰਟੀ ਦੀਆਂ ਕੁਝ ਨੀਤੀਆਂ ਕਾਰਨ ਹੋਇਆ ਹੈ। ਪਿਛਲੇ ਪੰਜ ਸਾਲਾਂ ਦੌਰਾਨ ਕਈ ਅਜਿਹੇ ਫ਼ੈਸਲੇ ਕੀਤੇ ਗਏ, ਜਿਸ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਨਹੀਂ ਪੁੱਛਿਆ ਗਿਆ। ਇਸੇ ਦੌਰਾਨ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਆਖਿਆ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ ਇਹ ਵਿਚਾਰ ਦਿਲੋਂ ਪ੍ਰਗਟਾਏ ਹਨ ਤਾਂ ਉਹ ਇਨ੍ਹਾਂ ਦਾ ਸਵਾਗਤ ਕਰਦੇ ਹਨ। ਇਹ ਫ਼ੈਸਲਾ ਪਾਰਟੀ ਦੇ ਹਿੱਤ ’ਚ ਹੋਵੇਗਾ। ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਆਗੂ ਡਾ. ਰਤਨ ਸਿੰਘ ਅਜਨਾਲਾ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਨੂੰ 2017 ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ। ਉਸ ਵੇਲੇ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨੇ ਇਸ ਸਬੰਧੀ ਪਾਰਟੀ ਮੰਚ ’ਤੇ ਆਪਣਾ ਵਿਚਾਰ ਵੀ ਰੱਖਿਆ ਸੀ, ਪਰ ਉਸ ਵੇਲੇ ਇਸ ਗੱਲ ਨੂੰ ਅਣਦੇਖਿਆਂ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਉਹ ਤੇ ਬਾਕੀ ਸੀਨੀਅਰ ਆਗੂ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਨ ਲਈ ਤਿਆਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All