ਪੈਸਿਆਂ ਬਦਲੇ ਬੈਂਡ ਦਿਵਾਉਣ ਦਾ ਝਾਂਸਾ ਦੇਣ ਵਾਲਾ ਗਰੋਹ ਬੇਨਕਾਬ

ਪੱਤਰ ਪ੍ਰੇਰਕ ਬਠਿੰਡਾ, 1 ਦਸੰਬਰ ਬਠਿੰਡਾ ਪੁਲੀਸ ਨੇ ਜਾਂਚ ਮਗਰੋਂ ਸਥਾਨਕ ਅਜੀਤ ਰੋਡ ’ਤੇ ਗਲੀ ਨੰਬਰ ਚਾਰ ਵਿੱਚ ਪੀ ਪਰਫੈਕਟ ਦੇ ਨਾਂ ’ਤੇ ਆਈਲੈਟਸ ਕੇਂਦਰ ਚਲਾਉਣ ਵਾਲੇ ਪਿੰਡ ਖੇਮੂਆਣਾ ਦੇ ਪਤੀ-ਪਤਨੀ ਜਸਵਿੰਦਰ ਸਿੰਘ ਤੇ ਮਨਪ੍ਰੀਤ ਕੌਰ ਤੋਂ ਇਲਾਵਾ ਭਗਤਾ ਭਾਈ ਦੇ ਪ੍ਰਵੀਨ ਕੁਮਾਰ ਵਿਰੁੱਧ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਮੁਲਜ਼ਮ ਜਸਵਿੰਦਰ ਸਿੰਘ ਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਅਜੀਤ ਰੋਡ ’ਤੇ ਆਈਲੈਟਸ ਸੈਂਟਰ ਖੋਲ੍ਹਿਆ ਹੋਇਆ ਹੈ।ਜਦੋਂ ਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਪ੍ਰਵੀਨ ਕੁਮਾਰ ਵਾਸੀ ਭਗਤਾ ਆਈਲੈਟਸ ਦੇ ਪੇਪਰ ਦਿਵਾਉਣ ਦਾ ਕੰਮ ਕਰਦਾ ਹੈ। ਪੁਲੀਸ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਦ ਕੋਈ ਵਿਦਿਆਰਥੀ ਆਈਲੈਟਸ ਕਰਨ ਲਈ ਆਉਂਦਾ ਸੀ ਤਾਂ ਕਥਿਤ ਦੋਸ਼ੀ ਉਸ ਨੂੰ ਚੰਗੇ ਬੈਂਡ ਦਿਵਾਉਣ ਦਾ ਦਾਅਵਾ ਕਰਦੇ ਸਨ ਪ੍ਰੰਤੂ ਇਸ ਦੇ ਬਦਲੇ ਮੋਟੀ ਰਾਸ਼ੀ ਨਾਲ ਬੈਂਡ ਵੱਧ ਦਿਵਾਉਣ ਦਾ ਲਾਲਚ ਦੇ ਕੇ ਭੋਲੇ ਭਾਲੇ ਮਾਪਿਆਂ ਤੋਂ ਪੈਸੇ ਬਟੋਰਦੇ ਸਨ। ਸੂਚਨਾ ਮੁਤਾਬਿਕ ਸਭ ਤੋਂ ਪਹਿਲਾਂ ਇਨ੍ਹਾਂ ਕੋਲ ਹਰਮਨਜੋਤ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਲੱਖਮੀਰੋਆਣਾ ਆਈਲੈਟਸ ਕਰਨ ਲਈ ਗਈ ਸੀ। ਕਥਿਤ ਦੋਸ਼ੀਆਂ ਨੇ ਉਸ ਨੂੰ ਸੱਤ ਬੈਂਡ ਦਿਵਾਉਣ ਦਾ ਭਰੋਸਾ ਦਿੱਤਾ ਤੇ ਇਸ ਦੇ ਬਦਲੇ 3 ਲੱਖ 90 ਹਜ਼ਾਰ ਬਟੋਰ ਲਏ। ਹਾਲਾਂਕਿ ਉਸ ਨੂੰ ਪਹਿਲਾਂ ਚੰਡੀਗੜ੍ਹ ਤੇ ਬਾਅਦ ਵਿੱਚ ਪ੍ਰਵੀਨ ਦੀ ਮਦਦ ਨਾਲ ਗੁਜਰਾਤ ਵਿੱਚ ਪੇਪਰ ਦਿਵਾਇਆ ਗਿਆ। ਪੀੜਤ ਲੜਕੀ ਨੂੰ ਸੱਤ ਬੈਂਡ ਤਾਂ ਕੀ ਮਿਲਣੇ ਸਨ, ਬਲਕਿ ਉਸ ਦੇ ਉੱਪਰ ਦੋ ਸਾਲ ਲਈ ਪੇਪਰ ਦੇਣ ਉੱਪਰ ਵੀ ਪਾਬੰਦੀ ਲੱਗ ਗਈ ਪ੍ਰੰਤੂ ਇਸ ਦੌਰਾਨ ਹੀ ਹਰਮਨਜੋਤ ਕੌਰ ਦੇ ਭੂਆ ਦੇ ਲੜਕੇ ਬਲਕਰਨ ਸਿੰਘ ਵਾਸੀ ਭਾਗਸਰ ਨੇ ਵੀ ਵਿਦੇਸ਼ ਜਾਣ ਦੀ ਚਾਹਤ ’ਚ ਕਥਿਤ ਦੋਸ਼ੀਆਂ ਕੋਲ ਆਈਲੈਟਸ ਕਰਨੀ ਸ਼ੁਰੂ ਕਰ ਦਿੱਤੀ। ਇਸ ਨਾਲ ਵੀ ਇਨ੍ਹਾਂ ਨੇ ਕੈਨੇਡਾ ਦੇ ਕਿਸੇ ਸਰਕਾਰੀ ਕਾਲਜ ’ਚ ਦਾਖ਼ਲਾ ਦਿਵਾਉਣ ਦਾ 14 ਲੱਖ ਰੁਪਏ ਵਿੱਚ ਸੌਦਾ ਕਰ ਲਿਆ। ਬਲਕਰਨ ਸਿੰਘ ਦੀ ਮਾਸੀ ਦਾ ਲੜਕਾ ਨਵਦੀਪ ਸਿੰਘ ਵਾਸੀ ਨੰਦਗੜ੍ਹ ਨੇ ਵੀ ਵਿਦੇਸ਼ ਜਾਣ ਦੀ ਇੱਛਾ ਜਤਾਈ। ਜਿਸ ਨਾਲ ਵੀ ਇਨ੍ਹਾਂ ਕਥਿਤ ਦੋਸ਼ੀਆਂ ਨੇ ਸੱਤ ਬੈਂਡ ਦਿਵਾਉਣ ਦਾ ਭਰੋਸਾ ਦਿੱਤਾ ਤੇ 2 ਲੱਖ 80 ਹਜ਼ਾਰ ਰੁਪਏ ਵਿਚ ਸੌਦਾ ਕਰ ਲਿਆ। ਨਵਦੀਪ ਸਿੰਘ ਮੁਤਾਬਿਕ ਉਸ ਨੂੰ ਵੀ ਪ੍ਰਵੀਨ ਤੇ ਜਸਵਿੰਦਰ ਸਿੰਘ ਗੁਜਰਾਤ ਲੈ ਕੇ ਗਏ ਪ੍ਰੰਤੂ ਉਸ ਦੇ ਪੇਪਰ ਤੋਂ ਬਾਅਦ ਸਿਰਫ਼ ਚਾਰ ਬੈਂਡ ਆਏ। ਇਸ ਦੌਰਾਨ ਮੁਲਜ਼ਮਾਂ ਦੇ ਇਰਾਦੇ ਬਾਰੇ ਪਤਾ ਲੱਗਣ ’ਤੇ ਜਦ ਪੀੜਤਾਂ ਨੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਟਾਲ-ਮਟੋਲ ਕੀਤੀ ਜਾਣ ਲੱਗੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All