ਪੈਪਸੂ ਮੁਜਾਰਾ ਲਹਿਰ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ

ਸੱਤ ਪ੍ਰਕਾਸ਼ ਸਿੰਗਲਾ ਜ਼ਿਲ੍ਹਾ ਮਾਨਸਾ ਵਿੱਚ ਬਰੇਟਾ ਲਾਗੇ ਪੈਂਦਾ ਕਿਸ਼ਨਗੜ੍ਹ ਉਹ ਪਿੰਡ ਹੈ, ਜਿਸ ਨੂੰ ਮੁਜਾਰਾ ਲਹਿਰ ਦਾ ਮੋਢੀ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਇਹ ਪਿੰਡ ਮੁਜਾਰਾ ਲਹਿਰ ਅਧੀਨ ਆਉਂਦੇ 784 ਪਿੰਡਾਂ ’ਚੋਂ ਪ੍ਰਸਿੱਧ ਹੋਇਆ। ਇਸ ਪਿੰਡ ’ਤੇ 19 ਮਾਰਚ 1949 ਨੂੰ ਆਜ਼ਾਦ ਭਾਰਤ ਦੀ ਫ਼ੌਜ ਨੇ ਮੁਜਾਰਿਆਂ ਨੂੰ ਖਦੇੜਨ ਲਈ ਧਾਵਾ ਬੋਲਿਆ ਸੀ। ਉਸ ਸਮੇਂ ਮੁਜਾਰਾ ਲਹਿਰ 8 ਜਨਵਰੀ 1948 ਨੂੰ ਨਕੋਦਰ (ਜ਼ਿਲ੍ਹਾ ਜਲੰਧਰ) ਵਿੱਚ ਹੋਂਦ ’ਚ ਆਈ ਲਾਲ ਪਾਰਟੀ ਦੀ ਅਗਵਾਈ ਹੇਠ ਚੱਲ ਰਹੀ ਸੀ। ਲਾਲ ਪਾਰਟੀ ਦੇ ਸੱਕਤਰ ਕਾਮਰੇਡ ਤੇਜਾ ਸਿੰਘ ਸੁਤੰਤਰ ਸਨ ਅਤੇ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਚੈਨ ਸਿੰਘ ਚੈਨ ਸਨ। ਮੁਜਾਰਾ ਘੋਲ ਨੂੰ ਹੋਰ ਤੇਜ਼ ਕਰਨ ਲਈ ਮੁਜਾਰਾ ਵਾਰ ਕੌਂਸਲ ਕਾਇਮ ਕੀਤੀ ਗਈ ਅਤੇ ਪੈਪਸੂ ਕਿਸਾਨ ਸਭਾ ਬਣਾਈ ਗਈ। ਵਿਸਵੇਦਾਰਾਂ ਦੀਆਂ ਵਧੀਕੀਆਂ ਦਾ ਜਵਾਬ ਦੇਣ ਲਈ ਹਥਿਆਰਬੰਦ ਗੁਰੀਲਾ ਦਸਤਾ ਵੀ ਬਣਾਇਆ ਗਿਆ। ਇਸ ਦੇ ਮੋਹਰੀ ਕਾਮਰੇਡ ਪਿਰਥਾ ਸਿੰਘ ਅਤੇ ਜਰਨੈਲ ਗਿਆਨੀ ਬਚਨ ਸਿੰਘ ਬਖਸ਼ੀਵਾਲਾ ਸਨ। ਮੁਜਾਰਾ ਘੋਲ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਮੁਜਾਰੇ ਕਿਸਾਨ ਜ਼ਮੀਨ ਨੂੰ ਆਪਣਾ ਹੱਕ ਜਤਾਉਂਦੇ ਸਨ ਪਰ ਵਿਸਵੇਦਾਰ ਜ਼ਮੀਨ ਨੂੰ ਆਪਣੀ ਮਾਲਕੀ ਸਮਝਦੇ ਸਨ ਕਿਉਂਕਿ ਰਿਆਸਤਾਂ ਦੇ ਰਾਜੇ ਉਨ੍ਹਾਂ ਦੀ ਹੀ ਗੱਲ ਸੁਣਦੇ ਸਨ। 11 ਮਾਰਚ, 1947 ਨੂੰ ਪਟਿਆਲਾ ਗਜਟ ਵਿੱਚ ਇੱਕ ਫੁਰਮਾਨ ਛਾਪਿਆ, ਜਿਸ ਅਨੁਸਾਰ ਦਫਾ 5 ਦੇ ਮਰੂਸ ਮੁਜਾਰੇ ਚੌਥੇ ਹਿੱਸੇ ਦੀ ਜ਼ਮੀਨ ਵਿਸਵੇਦਾਰ ਨੂੰ ਦੇ ਕੇ ਬਾਕੀ ਜ਼ਮੀਨ ਦੇ ਮਾਲਕ ਬਣ ਸਕਦੇ ਸਨ ਅਤੇ ਦੂਜੇ ਮੁਜਾਰੇ ਪੰਜ ਹਿੱਸਿਆਂ ’ਚੋਂ ਦੋ ਹਿੱਸੇ ਵਿਸਵੇਦਾਰ ਨੂੰ ਦੇ ਕੇ ਬਾਕੀ ਜ਼ਮੀਨ ਦੇ ਮਾਲਕ ਬਣ ਸਕਦੇ ਸਨ। ਇਸ ਦੇ ਨਾਲ ਹੀ ਬਟਾਈ ਦੇ ਬਕਾਏ ਦੇਣ ਦੀ ਵੀ ਸ਼ਰਤ ਰੱਖੀ ਗਈ। ਇਸ ਫੁਰਮਾਨ ’ਤੇ ਵਿਚਾਰ ਕਰਨ ਲਈ ਮੁਜਾਰਾ ਵਾਰ ਕੌਂਸਲ ਅਤੇ ਪੈਪਸੂ ਕਿਸਾਨ ਸਭਾ ਦੀ ਮੀਟਿੰਗ ਰਾਤ ਨੂੰ ਪਿੰਡ ਖੜਕ ਸਿੰਘ ਵਾਲਾ ਦੇ ਖੇਤਾਂ ਵਿੱਚ ਹੋਈ। ਡੂੰਘੀਆਂ ਵਿਚਾਰਾਂ ਕਰਨ ਤੋਂ ਬਾਅਦ ਇਹ ਫੁਰਮਾਨ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ। ਵਿਸਵੇਦਾਰ ਇਸ ਨੂੰ ਲਾਗੂ ਕਰਵਾਉਣਾ ਚਾਹੁੰਦੇ ਸਨ। ਮੁਜਾਰੇ ਇਸ ਵਿਰੁੱਧ ਨਿੱਤਰ ਰਹੇ ਸਨ। ਮਾਲ ਮਹਿਕਮਾ ਅਤੇ ਪੁਲੀਸ ਦੀ ਮਦਦ ਨਾਲ ਵਿਸਵੇਦਾਰ ਮੁਜਾਰਿਆਂ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਦੌਰਾਨ ਦੇਸ਼ ਆਜ਼ਾਦ ਹੋ ਗਿਆ ਅਤੇ ਭਾਰਤ ਦੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਨੇ ਅੱਠ ਰਿਆਸਤਾਂ ਨੂੰ ਮਿਲਾ ਕੇ 15 ਜੁਲਾਈ 1948 ਨੂੰ ਪੈਪਸੂ ਕਾਇਮ ਕਰ ਦਿੱਤਾ। ਗਿਆਨ ਸਿੰਘ ਰਾੜੇ ਵਾਲੇ ਨੂੰ ਨਾਮਜ਼ਦ ਸਰਕਾਰ ਦਾ ਮੁੱਖ ਮੰਤਰੀ ਬਣਾਇਆ ਗਿਆ, ਜੋ ਮਹਾਰਾਜਾ ਯਾਦਵਿੰਦਰ ਸਿੰਘ ਦਾ ਮਾਮਾ ਸੀ। ਯਾਦਵਿੰਦਰ ਸਿੰਘ ਨੂੰ ਪੈਪਸੂ ਦਾ ਰਾਜ ਪ੍ਰਮੁੱਖ ਬਣਾ ਦਿੱਤਾ ਗਿਆ, ਜਿਸ ਕਾਰਨ ਇਸ ਨੂੰ ਮਾਮੇ-ਭਾਣਜੇ ਦੀ ਸਰਕਾਰ ਵੀ ਕਿਹਾ ਜਾਂਦਾ ਸੀ। ਬੇਸ਼ੱਕ ਭਾਰਤ ਆਜ਼ਾਦ ਹੋ ਗਿਆ ਪਰ ਪੈਪਸੂ ਦੇ ਮੁਜਾਰੇ ਹਾਲੇ ਵੀ ਗ਼ੁਲਾਮੀ ਵਾਲੀ ਹਾਲਤ ਵਿੱਚ ਸਨ। ਇਹ ਸਰਕਾਰ ਵੀ ਪੁਰਾਣਾ ਕਾਨੂੰਨ ਲਾਗੂ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਵਿਸਵੇਦਾਰਾਂ ਨੂੰ ਸਰਕਾਰ ਦੀ ਸਰਪ੍ਰਸਤੀ ਸੀ। ਵਿਸਵੇਦਾਰ ਸਹੀ ਫੁਰਮਾਨ ਲਾਗੂ ਕਰਵਾਉਣ ਲਈ ਅੜੇ ਹੋਏ ਸਨ ਤੇ ਜਦਕਿ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਿੱਚ ਮੁਜਾਰੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਚੁੱਕੇ ਸਨ। ਇਸ ਲਈ ਟਕਰਾਅ ਦਾ ਮਾਹੌਲ ਬਣਿਆ ਹੋਇਆ ਸੀ। ਇਸ ਦੌਰਾਨ 11 ਅਪਰੈਲ, 1947 ਨੂੰ ਕਾਲਵੰਜਾਰਾ (ਸੰਗਰੂਰ) ਵਿੱਚ ਵਿਸਵੇਦਾਰ ਅਤੇ ਮੁਜਾਰਿਆਂ ਦੀ ਲੜਾਈ ਹੋਈ। 5 ਮੁਜਾਰੇ ਮਾਰੇ ਗਏ ਅਤੇ 7 ਜ਼ਖਮੀ ਹੋ ਗਏ। 3 ਜੂਨ, 1947 ਨੂੰ ਪਿੰਡ ਕਸਾਈਵਾੜੇ ਵਿੱਚ 2 ਮੁਜਾਰੇ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ। 26 ਅਕਤੂਬਰ, 1947 ਨੂੰ ਪਿੰਡ ਬਖੋਰਾ ਕਲਾਂ ਵਿੱਚ ਪੁਲੀਸ ਨੇ ਖੇਤਾਂ ’ਤੇ ਕਬਜ਼ਾ ਕਰ ਕੇ ਕਪਾਹ ਦੀ ਚੁਗਾਈ ਸ਼ੁਰੂ ਕਰ ਦਿੱਤੀ। ਆਲੇ-ਦੁਆਲੇ ਦੇ ਪਿੰਡਾਂ ਦੇ ਮੁਜਾਰੇ ਪਿੰਡ ਵਿੱਚ ਇਕੱਠੇ ਹੋ ਗਏ ਅਤੇ ਬਚਨ ਸਿੰਘ ਬਖਸ਼ੀਵਾਲਾ ਦੀ ਅਗਵਾਈ ਵਿੱਚ ਪੁਲੀਸ ਅਤੇ ਗੁੰਡਿਆਂ ਨੂੰ ਭਜਾ ਦਿੱਤਾ, ਜਿਸ ਨੇ ਮੁਜਾਰਾ ਏਕਤਾ ਦੀ ਮਿਸਾਲ ਪੇਸ਼ ਕੀਤੀ। ਜਦੋ ਬਰੇਟਾ ਸਟੇਸ਼ਨ ’ਤੇ ਉੱਤਰ ਕੇ ਪੁਲੀਸ ਘੋੜਿਆਂ ’ਤੇ ਸਵਾਰ ਹੋ ਕੇ ਕਿਸ਼ਨਗੜ੍ਹ ਵੱਲ ਆ ਰਹੀ ਸੀ ਤਾਂ ਮੁਜਾਰਿਆਂ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਲੱਗ ਗਿਆ। ਪੁਲੀਸ ਦੇ ਕਿਸ਼ਨਗੜ੍ਹ ਪਹੁੰਚਣ ’ਤੇ ਉਨ੍ਹਾਂ ਦਾ ਮੁਜਾਰਿਆਂ ਨਾਲ ਸਾਹਮਣਾ ਹੋਇਆ। ਇਹ ਘਟਨਾ 16 ਮਾਰਚ 1949 ਦੀ ਹੈ। ਇਸ ਝੜੱਪ ਵਿੱਚ ਇਕ ਥਾਣੇਦਾਰ ਪ੍ਰਦੁਮਨ ਸਿੰਘ ਅਤੇ ਇੱਕ ਮਾਲ ਪਟਵਾਰੀ ਸੁਖਦੇਵ ਸਿੰਘ ਆਹਲੂਵਾਲੀਆ ਮਾਰੇ ਗਏ, ਬਾਕੀ ਸਭ ਭੱਜ ਗਏ। ਲਗਭਗ ਤਿੰਨ ਮੁਜਾਰੇ ਆਗੂਆਂ ਅਤੇ ਹੋਰ ਲੋਕਾਂ ’ਤੇ ਕੇਸ ਦਰਜ ਕੀਤੇ ਗਏ। ਇਹ ਪਹਿਲੀ ਘਟਨਾ ਸੀ, ਜਿਸ ਦੌਰਾਨ ਮੁਜਾਰਿਆਂ ਦੀ ਸਰਕਾਰੀ ਅਮਲੇ ਸਮੇਤ ਵਿਸਵੇਦਾਰਾਂ ਨਾਲ ਸਿੱਧੀ ਟੱਕਰ ਹੋਈ। ਇਸ ਦੌਰਾਨ ਸਰਕਾਰੀ ਕਰਮਚਾਰੀ ਮਾਰੇ ਗਏ। ਇਸ ਲਈ ਇਸ ਘਟਨਾ ਨੂੰ ਬਗ਼ਾਵਤ ਕਿਹਾ ਗਿਆ। ਇਸ ਬਗਾਵਤ ਦੀ ਖ਼ਬਰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਗ੍ਰਹਿ ਸਕੱਤਰ ਪੈਪਸੂ ਪਟਿਆਲਾ ਨੂੰ ਭੇਜੀ ਗਈ। ਮਹਾਰਾਜਾ ਪਟਿਆਲਾ ਨੇ ਉਸੇ ਵੇਲੇ ਮਾਰਸ਼ਲ ਲਾਅ ਲਗਾ ਕੇ ਪਿੰਡ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦੇ ਦਿੱਤਾ। 19 ਮਾਰਚ, 1949 ਦੀ ਸਵੇਰ ਹੋਣ ਤੋਂ ਪਹਿਲਾਂ 400 ਫ਼ੌਜੀਆਂ ਅਤੇ ਤਕਰੀਬਨ 100 ਪੁਲੀਸ ਮੁਲਾਜ਼ਮਾਂ ਨੇ ਪਿੰਡ ਨੂੰ ਘੇਰਾ ਪਾ ਲਿਆ। 11 ਟੈਂਕ ਤੇ 5 ਹਥਿਆਰਾਂ ਨਾਲ ਭਰੀਆਂ ਗੱਡੀਆਂ ਨਾਲ ਲੈਸ ਫ਼ੌਜ ਦੀ ਅਗਵਾਈ ਮੇਜਰ ਗੁਰਦਿਅਲ ਸਿੰਘ ਬਰਾੜ ਕਰ ਰਹੇ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਫ਼ੌਜ ਨੇ ਘੇਰਾ ਪਾ ਕੇ ਮਾਰਸ਼ਲ ਲਾਅ ਲਗਾਉਣ ਦਾ ਐਲਾਨ ਕਰ ਦਿੱਤਾ। ਪਿੰਡ ਵਾਸੀਆਂ ਨੂੰ ਘੇਰੇ ’ਚੋਂ ਬਾਹਰ ਆ ਕੇ ਵਿਸਵੇਦਾਰਾ ਦੀ ਹਵੇਲੀ ਵਿੱਚ ਇੱਕਠੇ ਹੋਣ ਲਈ ਕਿਹਾ। ਅਜਿਹਾ ਨਾ ਕਰਨ ’ਤੇ ਪਿੰਡ ਨੂੰ ਤੋਪਾਂ ਨਾਲ ਉਡਾ ਦੇਣ ਦੀ ਚਿਤਾਵਨੀ ਦਿੱਤੀ ਗਈ। ਲੋਕ ਧਮਕੀਅਂ ਨੂੰ ਦਰਕਿਨਾਰ ਕਰਦਿਆਂ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਗਏ ਅਤੇ ਵਿਸਵੇਦਾਰਾਂ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਦਾ ਮਾਹੌਲ ਬਹੁਤ ਤਣਾਅ ਵਾਲਾ ਬਣ ਗਿਆ। ਫ਼ੌਜ ਵੱਲੋਂ ਕੁਝ ਤੋਪ ਦੇ ਗੋਲੇ ਦਾਗੇ ਗਏ। ਇੱਕ ਗੋਲਾ ਧਰਮਸ਼ਾਲਾ ਵਿੱਚ ਜਾ ਡਿੱਗਿਆ, ਜਿੱਥੇ ਬਾਰਾਤ ਠਹਿਰੀ ਹੋਈ ਸੀ। ਇੱਥੇ ਇੱਕ ਬਾਰਾਤੀ ਮਰ ਗਿਆ। ਇਸ ਮਗਰੋਂ ਸਾਰੇ ਪਿੰਡ ਵਾਸੀਆਂ ਨੂੰ ਹਵੇਲੀ ਵਿੱਚ ਇੱਕਠਾ ਕਰ ਲਿਆ ਗਿਆ। ਫ਼ੌਜ ਅਤੇ ਪੁਲੀਸ ਨੇ ਸਾਰੇ ਪਿੰਡ ਵਿੱਚ ਗਸ਼ਤ ਸ਼ੁਰੂ ਕਰ ਦਿੱਤੀ ਅਤੇ ਘਰ ਘਰ ਦੀ ਤਲਾਸ਼ੀ ਲਈ। ਗਸ਼ਤ ਦੌਰਾਨ ਇੱਕ ਘਰ ਵਿੱਚ ਰਾਮ ਸਿੰਘ ਬਾਗੀ ਅਤੇ ਉਸ ਦੇ 2 ਸਾਥੀ ਲੁਕੇ ਸਨ। ਫ਼ੌਜ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਪਰ ਤਲਾਸ਼ੀ ਦੌਰਾਨ ਕੁਝ ਵੀ ਇਤਰਾਜ਼ਯੋਗ ਨਾ ਮਿਲਿਆ। ਲਗਭਗ 100 ਦੇ ਕਰੀਬ ਲੋਕਾਂ ਨੂੰ ਰੋਕ ਕੇ ਬਾਕੀਆਂ ਨੂੰ ਘਰ ਜਾਣ ਦਿੱਤਾ ਗਿਆ। ਉਨ੍ਹਾਂ ਦੀ ਛਾਣਬੀਣ ਕਰ ਕੇ ਸੂਚੀ ਤਿਆਰ ਕੀਤੀ ਜਾਣ ਲੱਗੀ। ਜਦੋਂ ਧਰਮ ਸਿੰਘ ਫੱਕਰ ਨੇ ਆਪਣਾ ਨਾਂ ਲਿਖਵਾਇਆ ਤਾਂ ਡਿਪਟੀ ਕਮਿਸ਼ਨਰ ਨੇ ਪੁਲੀਸ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਪਰ ਮੇਜਰ ਗੁਰਦਿਆਲ ਸਿੰਘ ਬਰਾੜ ਨੇ ਤੁਰੰਤ ਰੋਕ ਦਿੱਤਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਕਿਹਾ ਕਿ ਧਰਮ ਸਿੰਘ ਉਨ੍ਹਾਂ ਦੀ ਹਿਰਾਸਤ ਵਿੱਚ ਹੈ, ਉਹ ਇਸ ਨੂੰ ਗੋਲੀ ਨਹੀਂ ਮਾਰ ਸਕਦੇ। ਇਸ ਮਗਰੋਂ 24 ਵਿਅਕਤੀਆਂ ’ਤੇ ਕੇਸ ਦਰਜ ਕੀਤਾ ਗਿਆ, ਜਿਨ੍ਹਾਂ ਵਿੱਚ 19 ਕਿਸ਼ਨਗੜ੍ਹ ਵਾਸੀ ਸਨ। ਇਸ ਘਟਨਾ ਨੇ ਸਾਰੇ ਦੇਸ਼ ਨੂੰ ਹਲੂਨ ਕੇ ਰੱਖ ਦਿੱਤਾ। ਇਸ ਸਬੰਧੀ ਵੇਰਵਾ ਅੰਬਾਲੇ ਤੋਂ ਛਪਦੇ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਵਿੱਚ ਛਾਪੇ ਗਏ। ਸਾਰੀਆਂ ਰਾਜਸੀ ਪਾਰਟੀਆਂ ਨੇ ਬੜੇ ਤਿੱਖੇ ਪ੍ਰੀਤਕਰਮ ਦਿੱਤੇ। ਕਾਂਗਰਸ ਦੇ ਬਾਬੂ ਬ੍ਰਿਛਭਾਨ ਦੀ ਅਗਵਾਈ ਵਿੱਚ ਅਤੇ ਅਕਾਲੀ ਦਲ ਦੇ ਜਥੇਦਾਰ ਕਰਤਾਰ ਸਿੰਘ ਦੀ ਅਗਵਾਈ ਵਿੱਚ ਪੜਤਾਲੀਆ ਕਮੇਟੀ ਬਣਾਈ ਗਈ। ਸਾਰੇ ਦੇਸ਼ ਵਿੱਚ ਇਸ ਕਾਰਵਾਈ ਦੀ ਵੱਡੇ ਪੱਧਰ ’ਤੇ ਚਰਚਾ ਹੋਈ। ਗ੍ਰਿਫ਼ਤਾਰ ਹੋਏ ਮੁਜਾਰਾ ਆਗੂਆਂ ਅਤੇ ਹੋਰਨਾਂ ਦਾ ਕੇਸ ਲੜਨ ਲਈ ਕਾਮਰੇਡ ਜੰਗੀਰ ਸਿੰਘ ਜੋਗਾ ਦੀ ਪ੍ਰਧਾਨਗੀ ਹੇਠ ਡਿਫੈਂਸ ਕਮੇਟੀ ਬਣਾਈ ਗਈ। ਇਸ ਘਟਨਾ ਨੇ ਮੁਜਾਰਾ ਵਾਰ ਕੌਂਸਲ ਨੂੰ ਆਪਣੀ ਸਥਿਤੀ ਹੋਰ ਮਜਬੂਤ ਕਰਨ ਲਈ ਪ੍ਰੇਰਿਆ। ਇਸ ਤਹਿਤ ਹਥਿਆਰਬੰਦ ਵਲੰਟੀਅਰਾਂ ਨੂੰ ਸਿਖਲਾਈ ਦੇ ਕੇ ਤਿਆਰ ਕਰਨ ਲਈ ਪ੍ਰੋਗਰਾਮ ਬਣਾਇਆ ਅਤੇ ਵਿਸਵੇਦਾਰ ਦੇ ਗੁੰਡਿਆਂ ਨੂੰ ਸਿੱਧੀ ਟੱਕਰ ਦੇਣ ਦੀ ਨੀਤੀ ਬਣਾਈ ਗਈ। ਸਤੰਬਰ 1956 ਨੂੰ ਸਾਰੇ ਆਗੂ ਬਰੀ ਹੋ ਗਏ। ਗਿਆਨ ਸਿੰਘ ਰਾੜੇਵਾਲਾ ਦੀ ਸਰਕਾਰ ਮੁਜਾਰਿਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ। ਇਸ ਲਈ ਲੋਕ ਪੱਖੀ ਸਾਰੀਆਂ ਧਿਰਾਂ ਉਸ ਖ਼ਿਲਾਫ਼ ਹੋ ਗਈਆਂ। ਉਨ੍ਹਾਂ ਦਿਨਾਂ ਵਿੱਚ ਪਰਜਾ ਮੰਡਲ, ਲਾਲ ਪਾਰਟੀ ਮੁਜਾਰਾ ਵਾਰ ਕੌਂਸਲ ਅਤੇ ਪੈਪਸੂ ਕਿਸਾਨ ਸਭਾ ਦਾ ਪ੍ਰਤੀਨਿਧ ਮੰਡਲ, ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਿਆ ਅਤੇ ਮੁਜਾਰਿਆਂ ’ਤੇ ਹੋ ਰਹੇ ਜ਼ੁਲਮ ਸਬੰਧੀ ਯਾਦ ਪੱਤਰ ਦਿੱਤਾ, ਜਿਸ ਨਾਲ ਗਿਆਨ ਸਿੰਘ ਰਾੜੇਵਾਲਾ ਦੀ ਸਰਕਾਰ ਭੰਗ ਹੋ ਗਈ। ਇਸ ਮਗਰੋਂ ਕੇਂਦਰ ਨੇ ਪੈਪਸੂ ਦਾ ਰਾਜ ਪ੍ਰਬੰਧ ਚਲਾਉਣ ਲਈ ਪੀਐੱਸ ਰਾਓ ਨੂੰ ਸੁਰੱਖਿਆ ਸਲਾਹਕਾਰ ਨਿਯੁਕਤ ਕਰ ਦਿੱਤਾ। ਹੁਣ ਸਾਰੀ ਤਾਕਤ ਰਾਓ ਅਤੇ ਰਾਜ ਪ੍ਰਮੁੱਖ ਯਾਦਵਿੰਦਰ ਸਿੰਘ ਹੱਥ ਆ ਗਈ। ਦੇਸ਼ ਦੇ ਗ੍ਰਹਿ ਮੰਤਰੀ ਕੈਲਾਸ਼ ਨਾਥ ਕਾਟਜੂ ਨੇ ਕਿਸ਼ਨਗੜ੍ਹ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਪੀਐੱਸ ਰਾਓ ਨੇ ਕਿਸ਼ਨਗੜ੍ਹ ਘਟਨਾ ਦੀ ਪੜਤਾਲ ਕੀਤੀ। ਵਿਸਵੇਦਾਰ ਮੁਜਾਰਿਆਂ ਦੀ ਜ਼ਮੀਨ ਖੋਹਣਾ ਚਾਹੁੰਦੇ ਸਨ, ਜੋ ਉਨ੍ਹਾਂ ਦੇ ਰੁਜ਼ਗਾਰ ਦਾ ਸਾਧਨ ਸੀ। ਸੰਨ 1953 ਵਿੱਚ ਤਿੰਨ ਕਾਨੂੰਨ ਬਣਾਏ ਗਏ: ਆਲ੍ਹਾ ਮਾਲਕੀ ਹੱਕਾ ਦੇ ਖਾਤਮੇ ਸਬੰਧੀ ਕਾਨੂੰਨ 1953 ਮਰੂਸੀ ਮੁਜਾਰਿਆਂ ਨੂੰ ਮਾਲਕੀ ਹੱਕ ਦੇਣ ਲਈ ਕਾਨੂੰਨ 1953 ਮੁਜਾਰਾ ਅਤੇ ਖੇਤੀਬਾੜੀ ਕਮਿਸ਼ਨ ਕਾਨੂੰਨ 1953 ਇਨ੍ਹਾਂ ਕਾਨੂੰਨਾਂ ਨਾਲ ਮੁਜਾਰਿਆਂ ਦੀਆਂ ਬਹੁਤੀਆਂ ਸਮੱਸਿਆਵਾਂ ਹੱਲ ਹੋ ਗਈਆਂ। ਇਹ ਲਾਲ ਪਾਰਟੀ ਦੀ ਇਤਹਾਸਿਕ ਜਿੱਤ ਸੀ। ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ, ਬਚਨ ਸਿੰਘ ਬਖਸ਼ੀਵਾਲਾ, ਯੋਗਾ ਸਿੰਘ ਅਤੇ ਹੋਰ ਸਾਥੀਆਂ ਦੀ ਮੁਜਾਰਾ ਕਿਸਾਨਾਂ ਨੂੰ ਵਡਮੁੱਲੀ ਦੇਣ ਹੈ। ਇਨ੍ਹਾਂ ਸਦਕਾ ਮੁਜਾਰੇ ਜ਼ਮੀਨਾਂ ਦੇ ਮਾਲਕ ਬਣੇ। ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ 19 ਮਾਰਚ (6 ਚੇਤ) ਨੂੰ ਭਾਰਤੀ ਕਮਿਊਨਿਸਟ ਪਾਰਟੀ ਅਤੇ ਕਿਸ਼ਨਗੜ੍ਹ ਵਾਸੀ ਸਮਾਗਮ ਕਰਦੇ ਹਨ।

ਸੰਪਰਕ: 94640-71641

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

ਕਿਸਾਨ ਬੀਬੀਆਂ ਨੇ ਸੰਭਾਲੀ ਕਿਸਾਨ ਸੰਸਦ ਦੀ ਕਮਾਨ; ਮਹਿਲਾ ਕਿਸਾਨ ਆਗੂ ਕ...

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਰਾਜ ਭਵਨ ਜਾ ਕੇ ਰਾਜਪਾਲ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਪੁਲੀਸ ਨੇ ਰਣਦੀਪ ਸੁਰਜੇਵਾਲਾ ਤੇ ਬੀ.ਵੀ. ਸ੍ਰੀਨਿਵਾਸ ਸਣੇ ਹੋਰ ਕਈ ਕਾਂਗ...

ਸ਼ਹਿਰ

View All