ਪੇਪਰਾਂ ਦਾ ਪੁਨਰ ਮੁਲੰਕਣ ਤੇ ਅਧਿਆਪਕ

ਜਸਵਿੰਦਰ ਸਿੰਘ ਚਾਹਲ ਸਿੱਖਿਆ ਬੋਰਡ ਸਾਲ ਵਿਚ ਤਿੰਨ ਵਾਰੀ ਵਿਦਿਆਰਥੀਆਂ ਦੇ ਪੇਪਰ ਲੈਂਦਾ ਹੈ, ਇਕ ਵਾਰੀ ਸਾਲਾਨਾ ਤੇ ਦੋ ਵਾਰੀ ਸਪਲੀਮੈਂਟਰੀ। ਦੂਜੇ ਪ੍ਰੋਫ਼ੈਸ਼ਨਲ ਕੋਰਸਾਂ ਲਈ ਵੀ ਸਾਲ ਵਿਚ ਦੋ ਵਾਰੀ ਪੇਪਰ ਲਏ ਜਾਂਦੇ ਹਨ। ਇਹੋ ਰਵਾਇਤ ਕਾਲਜਾਂ ਵਿਚ ਵੀ ਚਲਦੀ ਹੈ। ਹਰ ਵਾਰੀ ਵਿਦਿਆਰਥੀ ਭਾਰੀ ਦਾਖਲਾ ਫੀਸ ਦਿੰਦੇ ਹਨ। ਜਦੋਂ ਵਿਦਿਆਰਥੀਆਂ ਦਾ ਨਤੀਜਾ ਆਉਂਦਾ ਹੈ ਤਾਂ ਵਿਦਿਆਰਥੀਆਂ ਵਿਚ ਤਿੰਨ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲਦੀਆਂ ਹਨ। ਪਹਿਲੀ ਪ੍ਰਤੀਕਿਰਿਆ ਵਿਚ ਜਦੋਂ ਵਿਦਿਆਰਥੀ 2-3 ਅੰਕਾਂ ਤੋਂ ਫੇਲ੍ਹ ਹੋ ਜਾਂਦਾ ਹੈ ਤਾਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪੁਨਰ ਮੁਲੰਕਣ ਜਾਂ ਮੁੜ ਪੜਤਾਲ ਲਈ ਫੀਸ ਭਰ ਦੇਵਾਂ। ਦੂਜੀ ਪ੍ਰਤੀਕਿਰਿਆ ਕਮਜ਼ੋਰ ਵਿਦਿਆਰਥੀ ਵਿਚ ਦੇਖਣ ਨੂੰ ਮਿਲਦੀ ਹੈ ਜਿੱਥੇ ਉਹ ਫੇਲ੍ਹ ਹੋ ਜਾਂਦਾ ਹੈ। ਇਸ ਕੇਸ ਵਿਚ ਵਿਦਿਆਰਥੀ ਪੁਨਰ ਮੁਲੰਕਣ/ਮੁੜ ਪੜਤਾਲ ਲਈ ਫੀਸ ਨਹੀਂ ਭਰਦਾ, ਕਿਉਂਕਿ ਅੰਕਾਂ ਦਾ ਅੰਤਰ ਜ਼ਿਆਦਾ ਹੋਣ ਕਰਕੇ ਉਸ ਨੂੰ ਸਫਲਤਾ ਮਿਲਦੀ ਨਹੀਂ ਜਾਪਦੀ। ਤੀਜਾ ਪ੍ਰਤੀਕਰਮ ਉਨ੍ਹਾਂ ਵਿਦਿਆਰਥੀਆਂ ਵਿਚ ਦੇਖਣ ਨੂੰ ਮਿਲਦਾ ਹੈ ਜਿਹੜੇ ਕਾਫੀ ਹੁਸ਼ਿਆਰ ਹੁੰਦੇ ਹਨ। ਉਨ੍ਹਾਂ ਦੇ ਪੇਪਰ ਵੀ ਵਧੀਆ ਹੋਏ ਹੁੰਦੇ ਹਨ ਪਰ ਕਿਸੇ ਵਿਸ਼ੇ ਵਿਚੋਂ ਫੇਲ੍ਹ ਹੋ ਜਾਂਦੇ ਹਨ ਜਦੋਂਕਿ ਬਾਕੀ ਵਿਸ਼ਿਆਂ ਵਿਚੋਂ ਉਹ 80 ਫੀਸਦੀ ਤੋਂ ਵੀ ਜ਼ਿਆਦਾ ਅੰਕ ਹਾਸਲ ਕਰਦੇ ਹਨ। ਇਸ ਤੀਜੇ ਕੇਸ ਵਿਚ ਵਿਦਿਆਰਥੀ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ। ਵਿਦਿਆਰਥੀ ਰਿਜ਼ਲਟ ਦੇਖ ਕੇ ਹੱਕਾ ਬੱਕਾ ਰਹਿ ਜਾਂਦਾ ਹੈ। ਵਿਦਿਆਰਥੀ ਦੇ ਮਾਪੇ ਉਸ ਤੋਂ ਵੀ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਹਨ। ਜਿਹੜਾ ਵਿਦਿਆਰਥੀ ਹੁਸ਼ਿਆਰ ਹੁੰਦਾ ਹੈ, ਉਥੇ ਉਸ ਦੀਆਂ ਅਤੇ ਉਸ ਦੇ ਮਾਂ ਬਾਪ ਦੀਆਂ ਉਮੀਦਾਂ ਬਹੁਤ ਜ਼ਿਆਦਾ ਹੁੰਦੀਆਂ ਹਨ। ਹਰ ਕੋਈ ਚੰਗੇ ਕਾਲਜ ਜਾਂ ਕੋਰਸ ਵਿਚ ਦਾਖ਼ਲਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਕਈ ਵਾਰ ਵਿਦਿਆਰਥੀ ਅੰਤਾਂ ਦਾ ਨਿਰਾਸ਼ ਹੋ ਜਾਂਦਾ ਹੈ ਕਿਉਂਕਿ ਕਿਸੇ ਇਕ ਪੇਪਰ ਵਿਚੋਂ ਇੰਨੇ ਘੱਟ ਨੰਬਰ ਆਉਣ ਜਾਂ ਕੰਪਾਰਟਮੈਂਟ ਆਉਣ ਨਾਲ ਵਿਦਿਆਰਥੀ ਦਾ ਸਾਲ ਖਰਾਬ ਹੋ ਜਾਂਦਾ ਹੈ। ਫਿਰ ਵਿਦਿਆਰਥੀ ਭਾਰੀਆਂ ਫੀਸਾਂ ਭਰ ਕੇ ਪੁਨਰ ਮੁਲੰਕਣ ਜਾਂ ਮੁੜ ਪੜਤਾਲ ਦੇ ਚੱਕਰ ਵਿਚ ਫਸ ਜਾਂਦਾ ਹੈ। ਪਹਿਲਾਂ ਜਦੋਂ ਪੇਪਰਾਂ ਦੀ ਚੈਕਿੰਗ ਹੁੰਦੀ ਸੀ ਤਾਂ ਤਿੰਨ ਤਰ੍ਹਾਂ ਦੇ ਅਧਿਆਪਕ ਆਉਂਦੇ ਸਨ। ਇਕ ਉਹ ਅਧਿਆਪਕ ਹੁੰਦੇ ਸਨ ਜਿਹੜੇ ਲੋੜ ਤੋਂ ਜ਼ਿਆਦਾ ਪੇਪਰਾਂ ਦੇ ਬੰਡਲ ਆਪਣੇ ਘਰ ਲਿਜਾ ਕੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਚੈੱਕ ਕਰਕੇ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਸਨ। ਦੂਜੇ ਅਧਿਆਪਕ ਉਹ ਹੁੰਦੇ ਸਨ ਜੋ ਆਪਣਾ ਕੰਮ ਬਿਲਕੁਲ ਠੀਕ ਤਰੀਕੇ ਨਾਲ ਅਤੇ ਸੌਂਪਿਆ ਕੰਮ ਮਿਥੇ ਸਮੇਂ ਵਿਚ ਆਪਣੇ ਹੱਥੀਂ ਕਰਕੇ ਦਿੰਦੇ ਸਨ। ਇਥੇ ਗਲਤੀ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਸੀ। ਤੀਜੇ ਕਿਸਮ ਦੇ ਅਧਿਆਪਕ ਉਹ ਹੁੰਦੇ ਸਨ ਜੋ ਆਪਣਾ ਕੰਮ ਆਪ ਕਰਨ ਦੀ ਬਜਾਏ ਕਿਸੇ ਹੋਰ ਸਿੱਖਿਅਤ ਜਾਂ ਅਣਸਿੱਖਿਅਤ ਅਧਿਆਪਕ ਤੋਂ ਕਰਾਉਂਦੇ ਸਨ, ਉਸ ਦਾ ਮਿਹਨਤਾਨਾ ਵੀ ਉਸੇ ਅਧਿਆਪਕ ਨੂੰ ਦੇ ਦਿੱਤਾ ਜਾਂਦਾ ਸੀ। ਫਿਰ ਪਹਿਲੇ ਅਤੇ ਤੀਜੇ ਕਿਸਮ ਦੇ ਅਧਿਆਪਕਾਂ ਦੁਆਰਾ ਕੀਤੀ ਪੇਪਰਾਂ ਦੀ ਚੈਕਿੰਗ ਵਿਚ ਊਣਤਾਈਆਂ ਅਤੇ ਵਿਦਿਆਰਥੀਆਂ ਨਾਲ ਬੇਇਨਸਾਫੀ ਦੀਆਂ ਸ਼ਿਕਾਇਤਾਂ ਦੀ ਗਿਣਤੀ ਵਧਣ ਲੱਗੀ। ਅਖ਼ਬਾਰਾਂ ਵਿਚ ਵਿਭਾਗ ਦੀ ਨੁਕਤਾਚੀਨੀ ਵੀ ਹੋਣ ਲੱਗੀ। ਵਿਦਿਆਰਥੀਆਂ ਨਾਲ ਹੁੰਦੀ ਬੇਇਨਸਾਫੀ ਨੂੰ ਦੇਖਦੇ ਹੋਏ ਸਕੂਲ ਸਿੱਖਿਆ ਵਿਭਾਗ ਨੇ ਤਾਂ ਸਾਕਾਰਤਮਕ ਕਦਮ ਚੁੱਕੇ ਹਨ ਪਰ ਦੂਜੇ ਵਿਭਾਗ ਅਜੇ ਵੀ ਸੁੱਤੇ ਪਏ ਹਨ। ਪਿਛਲੇ ਸਮੇਂ ਦੌਰਾਨ ਸਕੂਲ ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰਕੇ ਹਰ ਵਿਸ਼ੇ ਦਾ ਮੌਕੇ ‘ਤੇ ਮੁਲੰਕਣ (ਟੇਬਲ ਮਾਰਕਿੰਗ) ਜ਼ਰੂਰੀ ਕਰ ਦਿੱਤਾ ਹੈ। ਨਾਲ ਹੀ ਇਹ ਵੀ ਜ਼ਰੂਰੀ ਕਰ ਦਿੱਤਾ ਕਿ ਹਰ ਅਧਿਆਪਕ ਤੈਅ ਗਿਣਤੀ ਅਨੁਸਾਰ ਹੀ ਪੇਪਰ ਚੈੱਕ ਕਰੇਗਾ, ਉਸ ਤੋਂ ਜ਼ਿਆਦਾ ਨਹੀਂ। ਪੇਪਰਾਂ ਦਾ ਬੰਡਲ ਚੈੱਕ ਕਰਨ ਲਈ ਦਿਨ ਵੀ ਨਿਸ਼ਚਿਤ ਕਰ ਦਿੱਤੇ ਗਏ। ਇਹ ਵਧੀਆ ਉਪਰਾਲਾ ਹੈ। ਇਸ ਤਰ੍ਹਾਂ ਕਰਨ ਨਾਲ ਜਿਹੜੇ ਅਧਿਆਪਕ ਲਾਲਚ ਵੱਸ ਜ਼ਿਆਦਾ ਪੇਪਰ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਚੈੱਕ ਕਰਦੇ ਸਨ, ਉਹ ਇਸ ਸਿਸਟਮ ਵਿਚੋਂ ਬਾਹਰ ਹੋ ਗਏ। ਤੀਜੀ ਕਿਸਮ ਦੇ ਕੁਝ ਅਧਿਆਪਕ ਜਿਹੜੇ ਆਪਣਾ ਕੰਮ ਅਜੇ ਵੀ ਦੂਜੇ ਅਣਸਿੱਖਿਅਤ ਅਧਿਆਪਕਾਂ ਤੋਂ ਕਰਵਾਉਂਦੇ ਸਨ, ਅਜੇ ਵੀ ਆਪਣੀ ਹੋਂਦ ਰੱਖਦੇ ਹਨ ਕਿਉਂਕਿ ਮਾਰਕਿੰਗ ਸੈਂਟਰ ਦੇ ਇੰਚਾਰਜ ਕੋਲ ਇੰਨਾ ਕੰਮ ਹੁੰਦਾ ਹੈ ਕਿ ਉਹ ਹਰ ਅਧਿਆਪਕ ‘ਤੇ ਨਜ਼ਰ ਨਹੀਂ ਰੱਖ ਸਕਦਾ। ਦੇਖਣ ਵਿਚ ਆਇਆ ਹੈ ਕਿ ਦੂਰ ਦੁਰਾਡੇ ਦੇ ਅਧਿਆਪਕ ਤਾਂ ਮਾਰਕਿੰਗ ਸਮੇਂ ਦੌਰਾਨ ਮਾਰਕਿੰਗ ਸੈਂਟਰ ‘ਤੇ ਕਈ ਕਈ ਦਿਨ ਹਾਜ਼ਰ ਹੀ ਨਹੀਂ ਹੁੰਦੇ, ਉਨ੍ਹਾਂ ਦੀ ਹਾਜ਼ਰੀ ਵੀ ਉਨ੍ਹਾਂ ਦੇ ਸਾਥੀ ਹੀ ਲਗਾ ਦਿੰਦੇ ਹਨ। ਅਧਿਆਪਨ ਕਿੱਤੇ ਨਾਲ ਜੁੜੇ ਹੋਣ ਕਰਕੇ ਮੈਨੂੰ ਕਈ ਕੇਸ ਅਜਿਹੇ ਯਾਦ ਹਨ ਜਿਥੇ ਪੁਨਰ ਮੁਲੰਕਣ ਦੌਰਾਨ ਵਿਦਿਆਰਥੀਆਂ ਦੇ ਅੰਕਾਂ ਵਿਚ ਹੈਰਾਨੀਜਨਕ ਵਾਧਾ ਦੇਖਣ ਨੂੰ ਮਿਲਿਆ। ਇਕ ਵਿਦਿਆਰਥੀ ਤਾਂ ਅਧਿਆਪਕ ਦੀ ਗਲਤੀ ਕਰਕੇ ਮੈਰਿਟ ਵਿਚ ਆਉਣ ਤੋਂ ਖੁੰਝ ਗਿਆ। ਜਦੋਂ ਪੇਪਰਾਂ ਦਾ ਪੁਨਰ ਮੁਲੰਕਣ ਕਰਵਾਇਆ ਤਾਂ ਵਿਦਿਆਰਥੀ ਮੈਰਿਟ ਵਿਚ ਆ ਗਿਆ। ਜ਼ਿਆਦਾ ਫੀਸਾਂ ਹੋਣ ਕਰਕੇ ਵਿਦਿਆਰਥੀ ਨੂੰ ਆਰਥਿਕ ਨੁਕਸਾਨ ਹੁੰਦਾ ਹੈ, ਉਹ ਅਤੇ ਉਸ ਦੇ ਮਾਪੇ ਦਿਮਾਗੀ ਪ੍ਰੇਸ਼ਾਨੀ ਝੱਲਦੇ ਹਨ, ਉਸ ਦਾ ਸਾਲ ਖਰਾਬ ਹੁੰਦਾ ਹੈ। ਇਸ ਸਭ ਲਈ ਕੌਣ ਜ਼ਿੰਮੇਵਾਰ ਹੈ? ਸਿਰਫ ਤੇ ਸਿਰਫ ਅਧਿਆਪਕ। ਸਾਨੂੰ ਆਪਣਾ ਆਲਸ ਤਿਆਗ ਕੇ, ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਇਥੇ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਅਧਿਆਪਕ ਵਰਗ ਵਿਚ ਬਹੁਤਾਤ ਉਨ੍ਹਾਂ ਅਧਿਆਪਕਾਂ ਦੀ ਹੈ ਜਿਹੜੇ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ, ਆਪਣੀ ਡਿਊਟੀ ਵਧੀਆ ਤਰੀਕੇ ਨਾਲ ਨਿਭਾਉਂਦੇ ਹਨ ਪਰ ਕੁਝ ਅਧਿਆਪਕਾਂ ਦੀ ਅਣਗਹਿਲੀ ਕਾਰਨ ਪੂਰੇ ਅਧਿਆਪਕ ਵਰਗ ਅਤੇ ਵਿਭਾਗ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਸ ਹੋਣ ਜਾਂ ਅੰਕ ਵਧਣ ਦੀ ਸੂਰਤ ਵਿਚ ਭਰੀ ਫੀਸ ਵਿਦਿਆਰਥੀ ਨੂੰ ਵਾਪਸ ਕਰਨਾ ਯਕੀਨੀ ਬਣਾਇਆ ਜਾਵੇ। ਵਿਦਿਆਰਥੀ ਦਾ ਸਾਲ ਖਰਾਬ ਹੋਣ ਤੋਂ ਬਚਾਉਣ ਲਈ ਢੁੱਕਵਾਂ ਹੱਲ ਲੱਭਿਆ ਜਾਣਾ ਚਾਹੀਦਾ ਹੈ। ਸੰਪਰਕ: 94172-72498

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All