ਪੇਂਡੂ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇਣ ਵਾਲਾ ਕੇਂਦਰ ਤਿੰਨ ਸਾਲਾਂ ਤੋਂ ਬੰਦ

ਪਿੰਡ ਹੰਦਵਾਲ ਵਿੱਚ ਰੂਰਲ ਸਕਿੱਲ ਸੈਂਟਰ ਦੀ ਬੰਦ ਪਈ ਇਮਾਰਤ ਦਿਖਾਉਂਦੇ ਹੋਏ ਇਲਾਕਾ ਵਾਸੀ।

ਜਗਜੀਤ ਸਿੰਘ ਮੁਕੇਰੀਆਂ, 12 ਜਨਵਰੀ ਪਿੰਡ ਹੰਦਵਾਲ ਵਿੱਚ ਸਰਕਾਰ ਵੱਲੋਂ ਪੇਂਡੂ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਾਉਣ ਲਈ ਖੋਲ੍ਹੇ ਰੂਰਲ ਸਕਿੱਲ ਸੈਂਟਰ ਬੰਦ ਹੋਣ ਕਾਰਨ ਇਲਾਕੇ ਦੇ ਪੇਂਡੂ ਨੌਜਵਾਨ ਤਕਨੀਕੀ ਸਿੱਖਿਆ ਤੋਂ ਵਾਂਝੇ ਹੋਣ ਲੱਗੇ ਹਨ। ਕਰੀਬ ਤਿੰਨ ਸਾਲਾਂ ਇਹ ਤਕਨੀਕੀ ਸਿੱਖਿਆ ਕੇਂਦਰ ਬੰਦ ਪਿਆ ਹੋਣ ਨਾਲ ਸਰਕਾਰ ਵੱਲੋਂ ਪੇਂਡੂ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਦੇ ਦਾਅਵੇ ਖੋਖਲੇ ਸਾਬਿਤ ਹੋਣ ਲੱਗੇ ਹਨ। ਪਿੰਡ ਦੇ ਵਸਨੀਕਾਂ ਨੇ ਇਹ ਮਾਮਲਾ ਹਲਕਾ ਵਿਧਾਇਕਾ ਬੀਬੀ ਇੰਦੂ ਕੌਂਡਲ ਦੀ ਸਿਫ਼ਾਰਿਸ਼ ਸਮੇਤ ਏਡੀਸੀ ਹੁਸ਼ਿਆਰਪੁਰ ਕੋਲ ਉਠਾ ਕੇ ਇਹ ਕੇਂਦਰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਜੇਕਰ ਇਹ ਸੈਂਟਰ ਮੁੜ ਚਾਲੂ ਨਹੀਂ ਕੀਤਾ ਜਾਂਦਾ ਤਾਂ ਇਸ ਖ਼ਿਲਾਫ਼ ਸੰਘਰਸ਼ ਆਰੰਭਿਆ ਜਾਵੇਗਾ। ਇਸ ਸਬੰਧੀ ਪਿੰਡ ਦੀ ਸਰਪੰਚ ਸੋਨੀਆ ਰਾਣੀ, ਨੇੜਲੇ ਪਿੰਡਾਂ ਦੇ ਸਰਪੰਚ ਬਲਵੀਰ ਸਿੰਘ, ਸਰਪੰਚ ਜਗੀਰ ਕੌਰ, ਸਰਪੰਚ ਗੁਰਨਾਮ ਸਿੰਘ ਤੇ ਪੰਚ ਸੁਭਾਸ਼ ਚੰਦ ਸਮੇਤ ਇਲਾਕੇ ਦੇ ਹੋਰ ਪੰਚਾਂ-ਸਰਪੰਚਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਲ 2014 ਵਿੱਚ ਪੇਂਡੂ ਲੜਕੇ-ਲੜਕੀਆਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਾਉਣ ਲਈ ਇਹ ਸਕਿੱਲ ਸੈਂਟਰ ਖੋਲ੍ਹਿਆ ਗਿਆ ਸੀ। ਇਸ ਕੇਂਦਰ ਵਿੱਚ ਇਲੈਕਟ੍ਰੀਕਲ ਟਰੇਡ ਸਮੇਤ ਕਟਿੰਗ ਤੇ ਟੇਲਰਿੰਗ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਸ ਸੈਂਟਰ ਦੇ ਖੁੱਲ੍ਹਣ ਤੋਂ ਬਾਅਦ ਕੇਂਦਰ ਵਿੱਚ ਸਿਰਫ਼ ਦੋ ਬੈਚਾਂ ਦੀ ਸਿਖਲਾਈ ਮੁਕੰਮਲ ਹੋਈ ਤੇ ਉਸ ਤੋਂ ਬਾਅਦ ਜਲਦ ਹੀ ਇਹ ਸੈਂਟਰ ਬੰਦ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੈਂਟਰ ਰਾਹੀਂ ਤਕਨੀਕੀ ਸਿੱਖਿਆ ਮਿਲਣ ਕਾਰਨ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦੀ ਆਸ ਬੱਝੀ ਸੀ ਅਤੇ ਕੰਢੀ ਖੇਤਰ ਦੀਆਂ ਲੜਕੀਆਂ ਨੇ ਵੀ ਕਟਿੰਗ ਤੇ ਟੇਲਰਿੰਗ ਦੀ ਸਿਖਲਾਈ ਲੈ ਕੇ ਆਪਣਾ ਘਰੇਲੂ ਰੁਜ਼ਗਾਰ ਆਰੰਭਿਆ ਸੀ। ਹੁਣ ਇਸ ਕੇਂਦਰ ਦੇ ਬੰਦ ਹੋਣ ਨਾਲ ਇਹ ਸੰਭਾਵਨਾ ਵੀ ਖ਼ਤਮ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕੇਂਦਰ ਪੇਂਡੂ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਸਕਦਾ ਸੀ, ਪਰ ਸਰਕਾਰ ਵੱਲੋਂ ਇਸ ਨੂੰ ਚਲਾਉਣ ਵੱਲ ਤਵੱਜੋਂ ਨਹੀਂ ਦਿੱਤੀ ਗਈ। ਪਿੰਡ ਵਾਸੀਆਂ ਨੇ ਇਸ ਕੇਂਦਰ ਨੂੰ ਮੁੜ ਚਾਲੂ ਕਰਨ ਲਈ ਲਿਖਤੀ ਦਰਖ਼ਾਸਤ ਇਲਾਕੇ ਦੇ ਸਰਪੰਚਾਂ ਤੇ ਹਲਕਾ ਵਿਧਾਇਕ ਦੀ ਸਿਫ਼ਾਰਿਸ਼ ਸਮੇਤ ਵਧੀਕ ਡਿਪਟੀ ਕਮਿਸ਼ਨਰ ਨੂੰ ਭੇਜੀ ਹੈ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨੂੰ ਉੱਪਰ ਚੁੱਕਦਿਆਂ ਰੂਰਲ ਸਕਿੱਲ ਡਿਵੈਲਪਮੈਂਟ ਨੂੰ ਮੁੜ ਚਾਲੂ ਕਰ ਕੇ ਪੇਂਡੂ ਨੌਜਵਾਨਾਂ ਦਾ ਤਕਨੀਕੀ ਵਿਕਾਸ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸੈਂਟਰ ਨੂੰ ਦੁਬਾਰਾ ਨਾ ਖੋਲ੍ਹਿਆ ਗਿਆ ਤਾਂ ਇਲਾਕਾ ਵਾਸੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All