ਪੁਲੀਸ ਨੇ ਸ਼ਾਹੀਨ ਬਾਗ਼ ਦਾ ਧਰਨਾ ਚੁਕਵਾਇਆ

9 ਜਣਿਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ

ਪੁਲੀਸ ਸ਼ਾਹੀਨ ਬਾਗ ਦਾ ਧਰਨਾ ਚੁਕਵਾਉਂਦੀ ਹੋਈ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 24 ਮਾਰਚ ਕਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਦਿੱਲੀ ਬੰਦ ਦੇ ਦੂਜੇ ਦਿਨ ਦਿੱਲੀ ਪੁਲੀਸ ਨੇ ਸ਼ਾਹੀਨ ਬਾਗ਼ ਵਿੱਚ 100 ਦਿਨਾਂ ਤੋਂ ਵੱਧ ਸਮੇਂ ਤੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਚੱਲ ਰਿਹਾ ਰੋਸ ਧਰਨਾ ਅੱਜ ਚੁਕਵਾ ਦਿੱਤਾ। ਦਿੱਲੀ ਪੁਲੀਸ ਨੇ ਅਰਧ ਸੈਨਿਕ ਬਲਾਂ ਦੀ ਮੌਜੂਦਗੀ ’ਚ ਸੜਕ ਨੰਬਰ-13 ਤੋਂ ਬੈਰੀਕੇਡ, ਟੈਂਟ, ਪੋਸਟਰ, ਬੈਨਰ, ਇੰਡੀਆ ਗੇਟ ਦਾ ਪ੍ਰਤੀਰੂਪ ਤੇ ਕੌਮੀ ਝੰਡਾ ਸਤਿਕਾਰ ਨਾਲ ਹਟਾ ਦਿੱਤੇ। ਬਾਕੀ ਸਾਰਾ ਸਾਮਾਨ ਇੱਕ ਟਰੱਕ ਵਿੱਚ ਭਰ ਕੇ ਲੈ ਗਏ। ਕਰੋਨਾਵਾਇਰਸ ਵਧਣ ਦੀਆਂ ਚਿੰਤਾਵਾਂ ਦੌਰਾਨ ਦਿੱਲੀ ਪੁਲੀਸ ਕਮਿਸ਼ਨਰ ਐੱਸਐੱਨ ਸ੍ਰੀਵਾਸਤਵ ਦੇ ਹੁਕਮਾਂ ਮਗਰੋਂ ਸਵੇਰੇ 7 ਵਜੇ ਪੁਲੀਸ ਨੇ ਪ੍ਰਦਰਸ਼ਨਕਾਰੀ ਹਟਾ ਦਿੱਤੇ। ਦਿੱਲੀ ’ਚ ਸੀਏਏ ਖ਼ਿਲਾਫ਼ ਹੋਰ ਥਾਵਾਂ ਜਾਮੀਆ ਮਿਲੀਆ ਇਸਲਾਮੀਆ, ਹੌਜ ਰਾਣੀ, ਜਾਫ਼ਰਾਬਾਦ, ਮਾਲਵੀਆ ਨਗਰ ਤੇ ਤੁਰਕਮਾਨ ਗੇਟ ਦੇ ਧਰਨੇ ਵੀ ਹਟਵਾ ਦਿੱਤੇ। ਇਹ ਕਾਰਵਾਈ ਦਿੱਲੀ ’ਚ ਲੱਗੀ ਧਾਰਾ-144 ਤਹਿਤ ਕੀਤੀ ਗਈ। ਅਰਧ ਸੈਨਿਕ ਬਲਾਂ ਦੀ ਕੰਪਨੀ ਵੀ ਤਾਇਨਾਤ ਕੀਤੀ ਗਈ। ਬੀਤੀ ਰਾਤ ਨਿਜ਼ਾਮੂਦੀਨ ਖੇਤਰ ਵਿੱਚ ਵੀ ਇਕ ਸਥਾਨ ਖਾਲੀ ਕਰਵਾਇਆ ਗਿਆ ਸੀ। ਨੋਇਡਾ ਨੂੰ ਦੱਖਣੀ-ਪੂਰਬੀ ਦਿੱਲੀ ਨਾਲ ਜੋੜਦੀ ਇਸ ਸੜਕ ’ਤੇ ਸੀਏਏ ਦਾ ਵਿਰੋਧ ਕਰਦੀਆਂ ਔਰਤਾਂ 15 ਦਸੰਬਰ 2019 ਤੋਂ ਟੈਂਟ ਗੱਡ ਕੇ ਬੈਠੀਆਂ ਹੋਈਆਂ ਸਨ। ਸ਼ਾਹੀਨ ਬਾਗ਼ ਵਿੱਚ ਟੈਂਟ ਉਖਾੜੇ ਜਾਣ ਦੌਰਾਨ ਪ੍ਰਦਰਸ਼ਨਕਾਰੀਆਂ ਵਿੱਚੋਂ ਕਈਆਂ ’ਤੇ ਪੁਲੀਸ ਕਾਰਵਾਈ ਦਾ ਵਿਰੋਧ ਕਰਨ ’ਤੇ ਅੱਧੀ ਦਰਜਨ ਔਰਤਾਂ ਤੇ 3 ਮਰਦਾਂ ਨੂੰ ਧਾਰਾ 144 ਦੀ ਉਲੰਘਣਾ ਕਰਨ ’ਤੇ ਹਿਰਾਸਤ ਵਿੱਚ ਲੈ ਲਿਆ ਗਿਆ। ਡੀਸੀਪੀ ਆਰਪੀ ਮੀਣਾ ਨੇ ਦੱਸਿਆ ਕਿ ‘ਲੌਕਡਾਊਨ’ ਹੋਣ ਕਰ ਕੇ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਨੂੰ ਹਟਣ ਲਈ ਕਿਹਾ ਗਿਆ ਪਰ ਕੁੱਝ ਵੱਲੋਂ ਪੁਲੀਸ ਦਾ ਵਿਰੋਧ ਕਰਨ ਮਗਰੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸੇ ਦੌਰਾਨ ਇਕ ਪ੍ਰਬੰਧਕ ਨੇ ਆਪਣਾ ਨਾਂ ਨਹੀਂ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਕਰੋਨਾਵਾਇਰਸ ’ਤੇ ਕਾਬੂ ਪਾਏ ਜਾਣ ਤੋਂ ਬਾਅਦ ਫਿਰ ਤੋਂ ਪ੍ਰਦਰਸ਼ਨ ਸ਼ੁਰੂ ਕਰਨ ਬਾਰੇ ਫ਼ੈਸਲਾ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All