ਪੁਲੀਸ ਨੇ ਬੇਰੁਜ਼ਗਾਰ ਹੈਲਥ ਵਰਕਰ ਥਾਣੇ ਡੱਕੇ

ਪਟਿਆਲਾ ਵਿਚ ਐਤਵਾਰ ਨੂੰ ਮਲਟੀਪਰਪਜ਼ ਬੇਰੁਜ਼ਗਾਰ ਹੈਲਥ ਵਰਕਰਾਂ ਦਾ ਧਰਨੇ ਵਾਲਾ ਤੰਬੂ ਪੁੱਟਣ ਤੋਂ ਬਾਅਦ ਉਸੇ ਜਗ੍ਹਾ ਬੈਠੇ ਪੁਲੀਸ ਕਰਮੀ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ ਪਟਿਆਲਾ, 8 ਦਸੰਬਰ ਆਪਣੀਆਂ ਮੰਗਾਂ ਦੀ ਪੂਰਤੀ ਲਈ ਇੱਕ ਹਫ਼ਤੇ ਤੋਂ ਇੱਥੇ ਮਾਲ ਰੋਡ ’ਤੇ ਪੱਕਾ ਮੋਰਚਾ ਲਾ ਕੇ ਬੈਠੇ ਬੇਰੁਜ਼ਗਾਰ ਹੈਲਥ ਵਰਕਰਾਂ ਵੱਲੋਂ 8 ਦਸੰਬਰ ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਨੂੰ ਟਾਲਣ ਲਈ ਪੁਲੀਸ ਨੇ ਐਤਵਾਰ ਨੂੰ ਸੁਵੱਖਤੇ ਹੀ ਹੱਲਾ ਬੋਲ ਦਿੱਤਾ। ਜਿਸ ਦੌਰਾਨ ਮੋਰਚੇ ਵਾਲੀ ਥਾਂ ’ਤੇ ਮੌਜੂਦ ਆਗੂਆਂ ਵਿੱਚੋਂ ਦਰਜਨ ਭਰ ਆਗੂਆਂ ਨੂੰ ਹਿਰਾਸਤ ’ਚ ਲੈਂਦਿਆਂ ਥਾਣੇ ਡੱਕ ਕੇ ਉਨ੍ਹਾਂ ਦਾ ਟੈਂਟ ਵੀ ਪੁੱਟ ਦਿੱਤਾ ਗਿਆ। ਬਾਅਦ ’ਚ ਇਨ੍ਹਾਂ ਵਰਕਰਾਂ ਦੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਕਰਵਾਈ ਗਈ ਗੱਲਬਾਤ ਦੌਰਾਨ ਯੂਨੀਅਨ ਆਗੂਆਂ ਦੀ ਮੰਤਰੀ ਨਾਲ 10 ਦਸੰਬਰ ਨੂੰ ਮੀਟਿੰਗ ਮੁਕੱਰਰ ਹੋ ਗਈ, ਜਿਸ ਦੌਰਾਨ ਮੋਤੀ ਮਹਿਲ ਵੱਲ ਨਾ ਕੂਚ ਕਰਨ ਸਬੰਧੀ ਬਣੀ ਸਹਿਮਤੀ ਮਗਰੋਂ ਪੁਲੀਸ ਨੇ ਇਨ੍ਹਾਂ ਸਾਰੇ ਯੂਨੀਅਨ ਆਗੂਆਂ ਨੂੰ ਭੇਜ ਦਿੱਤਾ ਗਿਆ। ਉੱਧਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਨੂੰ ਗੱਲਬਾਤ ਲਈ ਹੀ ਥਾਣੇ ਲਿਆਂਦਾ ਗਿਆ ਸੀ ਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹੈਲਥ ਵਰਕਰਾਂ ਦੀ ਨਵੀਂ ਭਰਤੀ ਲਈ ਉਮਰ ਹੱਦ ’ਚ ਛੋਟ ਦੇ ਕੇ ਜਲਦੀ ਨਵਾਂ ਇਸ਼ਤਿਹਾਰ ਜਾਰੀ ਕਰਨ ਸਮੇਤ ਕੁਝ ਹੋਰ ਮੰਗਾਂ ਨੂੰ ਲੈ ਕੇ ਇਹ ਬੇਰੁਜ਼ਗਾਰ ਹਫਤੇ ਤੋਂ ਇੱਥੇ ਮਾਲ ਰੋਡ ’ਤੇ ਬਾਰਾਂਦਰੀ ਗਾਰਡਨ ਕੋਲ ਤੰਬੂ ਵਿੱਚ ਪੱਕਾ ਮੋਰਚਾ ਲਾ ਕੇ ਬੈਠੇ ਸਨ। ਉਨ੍ਹਾਂ ਵੱਲੋਂ ਸੱਤ ਦਸੰਬਰ ਤੱਕ ਮੰਗ ਦੀ ਪੂਰਤੀ ਨਾ ਹੋਣ ਦੇ ਚੱਲਦਿਆਂ, 8 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਮਾਰਚ ਕਰਦਿਆਂ, ਮਹਿਲ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਸੀ। ਉਨ੍ਹਾਂ ਨੇ ਮਹਿਲ ਵੱਲ ਦੁਪਹਿਰ ਸਮੇਂ ਰਵਾਨਗੀ ਪਾਉਣੀ ਸੀ ਪਰ ਅੱਜ ਤੜਕੇ ਛੇ ਕੁ ਵਜੇ ਹੀ ਪੁਲੀਸ ਨੇ ‘ਹੱਲਾ’ ਬੋਲਦਿਆਂ ਟੈਂਟ ਪੁੱਟ ਦਿੱਤਾ ਅਤੇ ਦਰਜਨ ਭਰ ਵਰਕਰਾਂ ਨੂੰ ਹਿਰਾਸਤ ’ਚ ਲੈਂਦਿਆਂ ਥਾਣੇ ਲੈ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉੱਥੇ ਹੀ ਪੁਲੀਸ ਅਧਿਕਾਰੀਆਂ ਨੇ ਯੂਨੀਅਨ ਦੇ ਇੱਕ ਵਫ਼ਦ ਦੀ 10 ਦਸੰਬਰ ਨੂੰ ਸਿਹਤ ਮੰਤਰੀ ਨਾਲ ਮੀਟਿੰਗ ਮੁਕੱਰਰ ਕਰਵਾਈ। ਇਸੇ ਦੌਰਾਨ ਮਹਿਲ ਵੱਲ ਮਾਰਚ ਨਾ ਕਰਨ ਸਬੰਧੀ ਪੁਲੀਸ ਤੇ ਯੂਨੀਅਨ ਦਰਮਿਆਨ ਬਣੀ ਸਹਿਮਤੀ ਮਗਰੋਂ ਪੁਲੀਸ ਨੇ ਹਿਰਾਸਤ ਵਿੱਚ ਲਏ ਆਗੂਆਂ ਨੂੰ ਇੱਕ ਵਜੇ ਛੱਡ ਦਿੱਤਾ। ਹਿਰਾਸਤ ’ਚ ਲਏ ਗਏ ਆਗੂਆਂ ’ਚ ਰਮਨਦੀਪ ਸਿੰਘ ਦਿੜਬਾ, ਤਰਲੋਚਨ ਸਿੰਘ ਨਾਗਰਾ, ਜਸਮੇਰ ਸਿੰਘ ਦੇਧਨਾ ਅਤੇ ਹਰਵਿੰਦਰ ਸਿੰਘ ਥੂਹੀ ਆਦਿ ਸ਼ਾਮਲ ਹਨ। ਉੱਧਰ ਥਾਣਾ ਲਾਹੌਰੀ ਗੇਟ ਦੇ ਕਾਰਜਸ਼ੀਲ ਟਰੇਨੀ ਡੀਐੱਸਪੀ ਪ੍ਰਿਥੀਪਾਲ ਸਿੰਘ ਚਹਿਲ ਨੇ ਇਨ੍ਹਾਂ ਨੌਜਵਾਨਾਂ ਨੂੰ ਥਾਣੇ ਬੰਦ ਕਰਨ ਦੀ ਕਾਰਵਾਈ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਮੀਟਿੰਗ ਲਈ ਬੁਲਾਇਆ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All