ਪੁਆਧੀ ਦਾ ਖੋਜੀ-ਵਿਦਵਾਨ ਸੀ ਬਲਬੀਰ ਸਿੰਘ ਸੰਧੂ

ਮਨਮੋਹਨ ਸਿੰਘ ਦਾਊਂ ਮਨਮੋਹਨ ਸਿੰਘ ਦਾਊਂ

ਉੱਘੇ ਅੰਗਰੇਜ਼ ਵਿਦਵਾਨ, ਭਾਸ਼ਾ ਵਿਗਿਆਨੀ ਅਤੇ ਖੋਜੀ ਡਾ. ਗਰੀਅਰਸਨ ਨੇ ਜਿਵੇਂ ਭਾਰਤ ਦੀਆਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਉੱਤੇ ਬੜਾ ਮੁੱਲਵਾਨ ਕੰਮ ਕੀਤਾ ਹੈ ਉੱਥੇ ਪੁਆਧੀ ਉਪ-ਭਾਸ਼ਾ ਬਾਰੇ ਡਾ. ਬਲਬੀਰ ਸਿੰਘ ਸੰਧੂ ਦਾ ਖੋਜ-ਕਾਰਜ ਬਹੁਤ ਨਿਆਰਾ ਤੇ ਸ਼ਲਾਘਾਯੋਗ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਡਾ. ਸੰਧੂ ਭਾਰਤ ਦੇ ਤਿੰਨ ਉਤਕ੍ਰਿਸ਼ਟ ਭਾਸ਼ਾ ਵਿਗਿਆਨੀਆਂ ’ਚੋਂ ਇੱਕ ਸਨ। ਇਹ ਅਫ਼ਸੋਸ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਵੱਡੇ ਖੋਜ-ਕਾਰਜ ਨੂੰ ਉਤਨਾ ਚਰਚਿਤ ਨਹੀੱ ਕੀਤਾ ਗਿਆ, ਜਿੰਨਾ ਉਨ੍ਹਾਂ ਨੇ ਪੁਆਧੀ ਭਾਸ਼ਾ ਬਾਰੇ ਬਹੁਤ ਸਿਦਕਦਿਲੀ ਨਾਲ ਨਿੱ9 ਕੇ ਕੰਮ ਕੀਤਾ। ਉਹ ਪਹਿਲਾ ਖੋਜਾਰਥੀ ਸੀ ਜਿਸ ਨੇ ਪੁਆਧੀ ਬੋਲੀ ’ਤੇ ਪੀ. ਐਚਡੀ. ਕੀਤੀ। ਡਾ. ਬਲਬੀਰ ਸਿੰਘ ਸੰਧੂ ਦਾ ਜਨਮ ਪੁਆਧ ਦੇ ਪਿੰਡ ਨਰੜੂ ਵਿੱਚ ਸਾਧਾਰਨ ਕਿਸਾਨ ਪਰਿਵਾਰ ’ਚ 28 ਸਤੰਬਰ, 1934 ਨੂੰ ਹੋਇਆ। ਇਹ ਪਿੰਡ ਪਟਿਆਲਾ ਤੋਂ ਰਾਜਪੁਰਾ ਸੜਕ ’ਤੇ ਪੈਂਦਾ ਹੈ। ਉਨ੍ਹਾਂ ਦੀ ਮਾਤਾ ਸ੍ਰੀਮਤੀ ਸਾਹਿਬ ਕੌਰ ਅਤੇ ਪਿਤਾ ਬਸੇਸਰ ਸਿੰਘ ਸਨ। ਬਚਪਨ ਕੌਲੀ ਦੇ ਬੀੜ ਵਿੱਚ ਡੰਗਰ ਚਾਰਦਿਆਂ ਤੇ ਸ਼ਿਕਾਰ ਖੇਡਦਿਆਂ ਗੁਜ਼ਰਿਆ। ਦਸਵੀਂ ਦੀ ਪ੍ਰੀਖਿਆ 1959 ’ਚ ਸਿਟੀ ਹਾਈ ਸਕੂਲ ਪਟਿਆਲਾ ਤੋਂ ਪਾਸ ਕੀਤੀ। ਇਸ ਉਪਰੰਤ ਗਿਆਨੀ ਦੀ ਪ੍ਰੀਖਿਆ ਪ੍ਰਾਈਵੇਟ ਵਿਦਿਆਰਥੀ ਦੇ ਤੌਰ ’ਤੇ ਕੀਤੀ। ਬਾਰ੍ਹਵੀਂ ਜਮਾਤ ਪੰਜਾਬ ਯੂਨੀਵਰਸਿਟੀ ਤੋਂ 1953 ’ਚ ਕੀਤੀ ਅਤੇ ਫਿਰ ਅਕਾਲ ਡਿਗਰੀ ਕਾਲਜ ਮਸਤੂਆਣਾ (ਸੰਗਰੂਰ) ’ਚ ਦਾਖਲ ਹੋ ਗਏ। ਉੱਥੇ ਦੋ ਸਾਲ ਹੋਸਟਲ ’ਚ ਰਹਿ ਕੇ ਬੀ.ਏ. ਪਾਸ ਕੀਤੀ। ਇਸ ਅਦਾਰੇ ਦਾ ਡਾ. ਸੰਧੂ ਦੀ ਸ਼ਖ਼ਸੀਅਤ ’ਤੇ ਗੂੜ੍ਹਾ ਪ੍ਰਭਾਵ ਪਿਆ। ਮਹਿੰਦਰਾ ਕਾਲਜ ਪਟਿਆਲਾ ਵਿਚ ਦੋ ਸਾਲ ਪ੍ਰੋ. ਪ੍ਰੀਤਮ ਸਿੰਘ ਦੀ ਸ਼ਾਗਿਰਦੀ ’ਚ ਰਹਿ ਕੇ 1955 ’ਚ ਐਮ.ਏ. ਪੰਜਾਬੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ। 20 ਮਾਰਚ, 1955 ਨੂੰ ਉਨ੍ਹਾਂਦਾ ਵਿਆਹ ਸ੍ਰੀਮਤੀ ਅਜਮੇਰ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ ਅਜੈਬੀਰ ਸਿੰਘ (ਪੁੱਤਰ) ਨੇ ਜਨਮ ਲਿਆ। ਆਪ ਨੇ 1956 ’ਚ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿੱਚ ਬਤੌਰ ਰਿਸਰਚ ਅਸਿਸਟੈਂਟ ਨੌਕਰੀ ਆਰੰਭ ਕੀਤੀ। ਉਦੋਂ ਇਸ ਵਿਭਾਗ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਸਨ ਜਿਨ੍ਹਾਂ ਨੇ ਡਾ. ਸੰਧੂ ਦੀ ਪ੍ਰਤਿਭਾ ਦੀ ਕਦਰ ਕਰਦਿਆਂ ਖੋਜ-ਕਾਰਜ ਕਰਨ ਲਈ ਉਤਸ਼ਾਹਤ ਕੀਤਾ। ਇਸ ਵਿਭਾਗ ’ਚ ਆਪ ਨੇ ਪੰਜ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਆਪ ਦੀ ਨਿਯੁਕਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਈਵਨਿੰਗ ਕਾਲਜ ਵਿਚ ਲੈਕਚਰਾਰ ਵਜੋਂ ਹੋ ਗਈ। ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਆਪ ਦੀ ਰੁਚੀ ਤੇ ਸ਼ੌਕ ਵਧਦਾ ਗਿਆ, ਇਸ ਨਾਲ ਆਪ ਦਾ ਸੰਪਰਕ ਲਿੰਗੁਇਸਟਿਕ ਸੁਸਾਇਟੀ ਆਫ਼ ਇੰਡੀਆ ਨਾਲ ਹੋ ਗਿਆ ਤੇ ਆਪਦੇ ਅਧਿਆਪਨ ਦੇ ਤੌਰ-ਤਰੀਕੇ ਦੀ ਪ੍ਰਸੰਸਾ ਹੋਣ ਲੱਗੀ। 1960 ਦੇ ਨੇੜੇ-ਤੇੜੇ ਆਪ ਨੇ ਕੁਰੂਕਸ਼ੇਤਰ ਯੂਨੀਵਰਸਿਟੀ (ਹਰਿਆਣਾ) ਤੋਂ ਡਾ. ਜੇ.ਡੀ. ਸਿੰਘ ਦੀ ਨਿਗਰਾਨੀ ਹੇਠ ਪੀ. ਐਚਡੀ. ਕੀਤੀ। ਉਨ੍ਹਾਂ ਨੇ ਭਾਸ਼ਾਈ ਖੋਜ ਲਈ ਪੁਆਧੀ ਉਪ ਭਾਸ਼ਾ ਨੂੰ ਚੁਣਿਆ ਤੇ ਇਸ ਉਪ ਭਾਸ਼ਾ ਦੇ ਧੁਨੀ-ਪ੍ਰਬੰਧ ਦਾ ਅਧਿਐਨ ਕੀਤਾ ਤੇ ਇਸ ਦੀ ਵਿਆਕਰਣ ਤਿਆਰ ਕੀਤੀ। ਪੰਜਾਬੀ ਦੀ ਕਿਸੇ ਇੱਕ ਉਪ ਭਾਸ਼ਾ (ਪੁਆਧੀ) ਉੱਤੇ ਵਿਗਿਆਪਨ ਵਿਧੀ ਨਾਲ ਵਿਊਂਤਬੱਧ ਕੰਮ ਹੋਇਆ ਤਾਂ ਉਹ ਪੁਆਧੀ ਉਪ ਭਾਸ਼ਾ ਹੀ ਹੈ ਜਿਸ ਦਾ ਸਿਹਰਾ ਡਾ. ਸੰਧੂ ਨੂੰ ਜਾਂਦਾ ਹੈ। ਡਾ. ਸੰਧੂ ਪਹਿਲਾ ਪੁਆਧੀ ਵਿਦਵਾਨ-ਖੋਜੀ ਸੀ ਜਿਸ ਨੂੰ ਸੋਵੀਅਤ ਯੂਨੀਅਨ (ਰੂਸ) ਦੇ ਸੱਦੇ ’ਤੇ ਲੈਨਿਨਗ੍ਰਾਦ ਵਿਚ 1964 ’ਚ ਫੈਲੋਸ਼ਿਪ ਲਈ ਚੁਣਿਆ ਗਿਆ। ਉੱਥੇ ਆਪ ਨੇ ਸਟੇਟ ਯੂਨੀਵਰਸਿਟੀ ਲੈਨਿਨਗ੍ਰਾਦ ਦੀ ਭਾਸ਼ਾ ਵਿਗਿਆਨੀ ਦੀ ਫੈਕਲਟੀ ਵਿੱਚ ਪੋਸਟ ਡਾਕਟਰੇਟ ਦੀ ਡਿਗਰੀ ਲਈ ਖੋਜ ਕਾਰਜ ਆਰੰਭ ਕੀਤਾ। ਇੱਥੇ ਆਪ ਨੇ ਸੱਤ ਸਾਲ ਖੋਜ ਕਾਰਜ ’ਚ ਲੇਖੇ ਲਾਏ। ਸਿੱਟੇ ਵੱਜੋਂ ਡਾ. ਸੰਧੂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਜਾਣੇ ਜਾਂਦੇ ਭਾਸ਼ਾ ਵਿਗਿਆਨੀ ਵਜੋਂ ਇੱਕ ਸਨ। ਲੈਨਿਨਗ੍ਰਾਦ ਯੂਨੀਵਰਸਿਟੀ ਦੇ ਵਿਸ਼ਵ ਪ੍ਰਸਿੱਧ ਭਾਸ਼ਾ ਸਕੂਲ ਤੋਂ ਇੰਸਟਰੂਮੈਂਟਲ ਫਾਨੇਟਿਕਸ ਦੇ ਖੇਤਰ ਵਿੱਚ ਡੀ.ਐਸਸੀ. ਦੀ ਡਿਗਰੀ ਵੀ ਪ੍ਰਾਪਤ ਕੀਤੀ। ਜਿਸ ਕਾਰਨ ਆਪ ਨੂੰ ਮਾਸਕੋ, ਕੀਵ, ਬਰਲਿਨ ਸਟਾਕਹੋਮ, ਲੰਡਨ, ਹੈਲਿੰਸਕੀ ਆਦਿ ਵਿਚਲੀਆਂ ਭਾਸ਼ਾ ਲੈਬਾਟਰੀਆਂ ’ਚ ਅਧਿਐਨ ਕਰਨ ਦਾ ਮੌਕਾ ਨਸੀਬ ਹੋਇਆ। ਇੱਥੋਂ ਤੱਕ ਹੀ ਨਹੀਂ ਸਗੋਂ ਡਾ. ਸੰਧੂ ਨੇ ਦੇਸ ਅਤੇ ਵਿਦੇਸ਼ਾਂ ਵਿੱਚੋਂ ਬਹੁਤ ਸਾਰੇ ਭਾਸ਼ਾ ਸਿਖਲਾਈ ਕੋਰਸ ਪਾਸ ਕੀਤੇ। ਸੱਤ ਸਾਲ ਦੀ ਖੋਜ ਉਪਰੰਤ 1971 ’ਚ ਡਾ. ਸੰਧੂ ਨੇ ਡੀ. ਐਸਸੀ.ਦੇ ਥੀਸਿਸ ਤਿਆਰ ਕਰਕੇ ਪਬਲਿਕ ਡਿਫੈਂਸ ਪਾਸ ਕੀਤੀ। ਆਪ ਪਹਿਲੇ ਵਿਦੇਸ਼ੀ ਵਿਦਵਾਨ ਸਨ ਜਿਸ ਨੇ ਇਹ ਵਿਲੱਖਣ ਖੋਜ ਕਾਰਜ ਕੀਤਾ। ਸਾਲ 1971 ’ਚ ਮੁੜ ਡਾ. ਸੰਧੂ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਗਏ ਜਿੱਥੇ ਉਹ 1985 ਤੱਕ ਵਿਦਿਆਰਥੀਆਂ ਨੂੰ ਭਾਸ਼ਾ-ਵਿਗਿਆਨ ਦਾ ਵਿਸ਼ਾ ਪੜ੍ਹਾਉਂਦੇ ਰਹੇ। ਇਸ ਦੌਰਾਨ ਆਪ ਨੇ ਸੋਵੀਅਤ-ਯੂਨੀਅਨ ਦੇ ਪ੍ਰਾਪਤ ਕੀਤੇ ਗਿਆਨ ਦੇ ਆਧਾਰ ’ਤੇ ਪੁਸਤਕ ਤਿਆਰ ਕੀਤੀ। ਆਪ ਦੀ ਵਿਦਵਤਾ ਦੀ ਉਸਤੱਤ ਦੇ ਫਲ-ਸਰੂਪ ਆਪ ਨੂੰ ਭਾਸ਼ਾ ਵਿਗਿਆਨੀ ਦੇ ਮਾਹਿਰ ਵੱਜੋਂ ਸੋਵੀਅਤ ਯੂਨੀਅਨ ਤੋਂ ਬਿਨਾਂ ਫਿਨਲੈਂਡ, ਸਵੀਡਨ, ਡੈਨਮਾਰਕ, ਪੋਲੈਂਡ, ਪੂਰਵੀ ਜਰਮਨੀ, ਪੱਛਮੀ ਜਰਮਨੀ, ਨੀਦਰਲੈਂਡ, ਇੰਗਲੈਂਡ, ਫਰਾਂਸ, ਇਟਲੀ ਤੇ ਕੋਪਨਹੈਗਨ ਆਦਿ ਮੁਲਕਾਂ ਵਿੱਚ ਜਾਣ ਦੇ ਮੌਕੇ ਉਪਲਬਧ ਹੋਏ। 1976 ’ਚ ਆਪ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੋਸ਼ਕਾਰੀ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਜਿੱਥੇ ਆਪ ਚੀਫ਼ ਐਡੀਟਰ ਦੇ ਤੌਰ ’ਤੇ ਆਪਣੇ ਅੰਤਿਮ ਸਮੇਂ ਤੱਕ ਕੰਮ ਕਰਦੇ ਰਹੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵੀ ਆਪ ਨੂੰ 1983-84 ਤੱਕ ਭਾਸ਼ਾ-ਵਿਗਿਆਨ ਵਿਭਾਗ ’ਚ ਵਿਜ਼ਟਿੰਗ ਪ੍ਰੋਫੈਸਰ ਦੇ ਤੌਰ ’ਤੇ ਬੁਲਾਇਆ ਜਾਂਦਾ ਰਿਹਾ। ਇਸ ਦੌਰਾਨ ਆਪ ਨੇ ਪੰਜਾਬੀ ਯੂਨੀਵਰਸਿਟੀ ਦੇ ਪ੍ਰਾਜੈਕਟ ਅਧੀਨ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਪਿੰਡਾਂ ਦਾ ਭਾਸ਼ਾ ਅਧਿਐਨ ਕਰਨਾ ਸੀ। ਡਾ. ਸੰਧੂ ਦਾ ਇੱਕ ਉਪਰਾਲਾ ਪੰਜਾਬ ਦੇ ਪਿੰਡ-ਪਿੰਡ ਲਾਇਬਰੇਰੀਆਂ ਖੋਲ੍ਹਣ ਦਾ ਵੀ ਸੀ ਜਿਸ ਲਈ ਉਨ੍ਹਾਂ ਨੇ ਲਗਪਗ 40 ਪਿੰਡਾਂ ਦੀਆਂ ਪੰਚਾਇਤਾਂ ਦਾ ਸਹਿਯੋਗ ਵੀ ਲੈ ਲਿਆ ਸੀ। ਦੁਖ ਦੀ ਗੱਲ ਇਹ ਹੋਈ ਕਿ ਡਾ. ਸੰਧੂ 16 ਅਕਤੂਬਰ, 1985 ਨੂੰ ਇੱਕ ਸੜਕ  ਦੁਰਘਟਨਾ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਕਈ ਯੋਜਨਾਵਾਂ ਧਰੀਆਂ ਧਰਾਈਆਂ ਰਹਿ ਗਈਆਂ। ਭਾਸ਼ਾ ਵਿਗਿਆਨ ਦੇ ਖੇਤਰ ਨੂੰ ਵੱਡਾ ਘਾਟਾ ਪਿਆ। ਡਾ. ਸੰਧੂ ਬਹੁਤ ਹਰਮਨਪਿਆਰੀ ਤੇ ਖ਼ੂਬਸੂਰਤ ਸ਼ਖ਼ਸੀਅਤ ਦੇ ਮਾਲਕ ਸਨ। ਡਾ. ਸੰਧੂ ਵਰਗਾ ਸਿਆਣਾ ਤੇ ਖੋਜੀ ਵਿਦਵਾਨ ਸ਼ਾਇਦ ਹੀ ਕੋਈ ਹੋ ਸਕੇ। ਉਨ੍ਹਾਂ ਦੀ ਆਤਮਾ ਵਿੱਚੋਂ ਪੰਜਾਬ ਦੇ ਪਿੰਡਾਂ ਦੀ ਮਿੱਟੀ ਬੋਲਦੀ ਸੀ। ਪੁਆਧੀ ਭਾਸ਼ਾ ਦਾ ਸਿਰਮੌਰ ਗਿਆਤਾ ਡਾ. ਬਲਬੀਰ ਸਿੰਘ ਸੰਧੂ ਭੁਲਾਇਆ ਨਹੀਂ ਜਾ ਸਕਦਾ। ਉਸ ਦਾ ਵੱਡਮੁੱਲਾ ਖੋਜ-ਕਾਰਜ ਭਾਸ਼ਾ-ਵਿਗਿਆਨੀਆਂ ਲਈ ਮਾਰਗ ਦਰਸ਼ਨ ਵਾਲਾ ਹੈ। ਸੰਪਰਕ: 99151-23900

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All