ਪਿੰਡ ਪੱਤੀ ਦੀ ਗੁੱਲ ਕਰ ਦਿੱਤੀ ਬੱਤੀ

ਪਿੰਡ ਪੱਤੀ ਸੇਖਵਾਂ ਵਿਚ ਲਾਈਟਾਂ ਪੁੱਟਦੇ ਹੋਏ ਕੰਪਨੀ ਕਰਮਚਾਰੀ।

ਪਰਸ਼ੋਤਮ ਬੱਲੀ ਬਰਨਾਲਾ, 12 ਜਨਵਰੀ ਪਿੰਡ ਪੱਤੀ ਸੇਖਵਾਂ ਵਾਸੀਆਂ ਨੇ ਵਿਕਾਸ ਨੂੰ ਪੁੱਠਾ ਮੁੜਦਾ ਵੇਖਿਆ ਹੈ। ਇਸ ਪਿੰਡ ਵਿਚ ਕਾਂਗਰਸ ਦੀ ਹੈ ਅਤੇ ਸਰਪੰਚ ਸਤਨਾਮ ਸਿੰਘ ਕਾਂਗਰਸ ਦਾ ਆਗੂ ਹੈ। ਸਿਆਸੀ ਅਸਰ-ਰਸੂਖ ਵਾਲੀ ਪੰਚਾਇਤ ਦੇ ਕਾਰਜਕਾਲ ਵਿੱਚ ਪੈਸੇ ਦਾ ਭੁਗਤਾਨ ਨਾ ਹੋਣ ਕਾਰਨ ਕੰਪਨੀ ਮੁਲਾਜ਼ਮਾਂ ਨੇ 11 ਸੋਲਰ ਲਾਈਟਾਂ ਪੁੱਟ ਲਈਆਂ ਹਨ। ਪੰਜ ਸਾਲ ਪਹਿਲਾਂ ਪਿੰਡ ਵਿੱਚ ਅਕਾਲੀ ਸਰਕਾਰ ਮੌਕੇ ਤੱਤਕਾਲੀ ਸਰਪੰਚ ਬਲੌਰ ਸਿੰਘ ਦੀ ਅਗਵਾਈ ਹੇਠ ਪੰਚਾਇਤ ਵੱਲੋਂ ਬਲਾਕ ਸਮਿਤੀ ਕੋਟੇ ’ਚੋਂ ਸੂਰਜੀ ਊਰਜਾ ਨਾਲ ਚੱਲਣ ਵਾਲੀਆ ਲਾਈਟਾਂ ਲਾਈਆਂ ਗਈਆਂ ਸਨ, ਜਦ ਪਿੰਡ ਵਿੱਚ ਲਾਈਟਾਂ ਲਾਈਆਂ ਤਾਂ ਪੰਚਾਇਤ, ਬਲਾਕ ਸਮਿਤੀ ਅਤੇ ਸਰਕਾਰੀ ਨੁਮਾਇੰਦਿਆ ਨੇ ਪਿੰਡ ਵਿੱਚ ਵਿਕਾਸ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ। ਵਕਫੇ ਬਾਅਦ ਲਾਈਟਾਂ ਬਣਾਉਣ ਵਾਲੀ ਕੰਪਨੀ ਸਨਗਲੋਬ ਐਨਰਜੀ ਪ੍ਰਾਈਵੇਟ ਲਿਮਟਿਡ ਦੇ ਮੁਲਾਜ਼ਮ ਲਾਈਟਾਂ ਦਾ ਪੂਰਾ ਭੁਗਤਾਨ ਨਾ ਹੋਣ ਕਾਰਨ ਪਿੰਡ ਵਿੱਚੋਂ ਲਾਈਟਾਂ ਪੁੱਟ ਕੇ ਲੈ ਗਏ। ਪਿੰਡ ਦੇ ਮੌਜੂਦਾ ਪੰਚ ਕੁਲਦੀਪ ਸਿੰਘ, ਮੌਜੂਦਾ ਪੰਚ ਸਰਬਜੀਤ ਕੌਰ, ਕੋਆਪ੍ਰੇਟਿਵ ਸੁਸਾਇਟੀ ਮੈਂਬਰ

ਗੁਰਦੁਆਰੇ ਅੱਗੋਂ ਪੁੱਟੀ ਲਾਈਟ ਦਿਖਾਉਂਦੇ ਹੋਏ ਲੋਕ।

ਦਰਸ਼ਨ ਸਿੰਘ, ਗੁਰਤੇਜ ਸਿੰਘ ਨਿਰਮਾਣ ਤੇ ਮੇਲਾ ਸਿੰਘ ਢਿੱਲੋਂ ਨੇ ਪਿੰਡ ਦੇ ਗੁਰਦੁਆਰੇ ਅੱਗਿਓਂ ਪੁੱਟੀ ਲਾਈਟ ਦਾ ਟੋਆ ਵਿਖਾਉਂਦਿਆ ਦੱਸਿਆ ਕਿ ਇਹ ਪਿੰਡ ਵਾਲਿਆਂ ਨਾਲ ਧੋਖਾ ਹੋਇਆ ਹੈ। ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਲਾਈਟਾਂ ਦੇ ਪੋਲ ਪੁੱਟਣ ਆਏ ਕੰਪਨੀ ਦੇ ਪ੍ਰਤੀਨਿਧ ਗੋਬਿੰਦਰ ਸਿੰਘ ਉਰਫ਼ ਲੱਭੀ ਨੇ ਕਿਹਾ ਕਿ ਭੁਗਤਾਨ ਨਾ ਹੋਣ ’ਤੇ ਸਾਲ ਪਿੱਛੋਂ 9 ਲਾਈਟਾਂ ਪੁੱਟ ਲਈਆਂ ਗਈਆਂ ਸਨ। ਰਹਿੰਦੀਆਂ 11 ਲਾਈਟਾਂ ਉਸ ਸਮੇਂ ਕਾਂਗਰਸੀ ਆਗੂ ਤੇ ਹੁਣ ਮੌਜੂਦ ਸਰਪੰਚ ਸਤਨਾਮ ਸਿੰਘ ਨੇ ਸਰਕਾਰ ਆਉਣ ’ਤੇ ਭੁਗਤਾਨ ਦਾ ਭਰੋਸਾ ਦੇ ਕੇ ਰਖਵਾ ਲਈਆਂ ਸਨ। ਨਵੀਂ ਸਰਕਾਰ ਦਾ ਵੀ ਤਿੰਨ ਸਾਲ ਦਾ ਸਮਾਂ ਲੰਘ ਗਿਆ। ਬਕਾਇਆ 1.50 ਲੱਖ ਰੁਪਏ ਨਾ ਮਿਲਣ ’ਤੇ ਕੰਪਨੀ ਨੇ ਲਾੲਂਟਾਂ ਪੁੱਟਣ ਦਾ ਫ਼ੈਸਲਾ ਕੀਤਾ। ਕੰਪਨੀ ਨੂੰ ਬੈਟਰੀਆਂ, ਲਾਈਟਾਂ ਤੇ ਲੇਬਰ ਦਾ ਕਾਫ਼ੀ ਨੁਕਸਾਨ ਝੱਲਣਾ ਪਿਆ।

ਅਕਾਲੀਆਂ ਨੇ ਉਧਾਰ ਵਿੱਚ ਲਾਈਟਾਂ ਲਗਵਾਈਆਂ: ਸਰਪੰਚ

ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਲਾਈਟਾਂ ਅਕਾਲੀਆਂ ਨੇ ਆਪਣੀ ਫੋਕੀ ਬੱਲੇ-ਬੱਲੇ ਕਰਵਾਉਣ ਲਈ ਉਧਾਰ ਵਿੱਚ ਲਗਵਾ ਲਈਆਂ, ਪੈਸਾ ਕੋਈ ਦਿੱਤਾ ਨਹੀਂ। ਨਾ ਹੀ ਮਨਜ਼ੂਰੀ ਜਾਂ ਬਿਲ ਪੈਡਿੰਗ ਦਾ ਕੋਈ ਰਿਕਾਰਡ ਹੈ। ਇਸ ਸਬੰਧੀ ਮੌਜੂਦਾ ਪੰਚਾਇਤ ਕੋਈ ਲੈਣ ਦੇਣ ਜਾਂ ਭੁਗਤਾਨ ਨਹੀਂ ਕਰ ਸਕਦੀ। ਸਾਬਕਾ ਸਰਪੰਚ ਬਲੌਰ ਸਿੰਘ ਨੇ ਬਕਾਇਆ ਭੁਗਤਾਨ ਦੀ ਜਾਣਕਾਰੀ ਤੋਂ ਪੱਲਾ ਝਾੜਦਿਆਂ ਕਿਹਾ ਕਿ ਉਨ੍ਹਾਂ ਦੇ ਸਮੇਂ ਦਾ ਕੋਈ ਭੁਗਤਾਨ ਬਾਕੀ ਨਹੀਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All