ਪਾਬੰਦੀ ਦੇ ਬਾਵਜੂਦ ਚੀਨੀ ਡੋਰ ਦੀ ਵਿੱਕਰੀ ਜ਼ੋਰਾਂ ’ਤੇ

ਗੁਰਿੰਦਰ ਸਿੰਘ ਲੁਧਿਆਣਾ, 12 ਜਨਵਰੀ ਪੁਲੀਸ ਕਮਿਸ਼ਨਰ ਵੱਲੋਂ ਚੀਨੀ ਡੋਰ ਦੀ ਵਿੱਕਰੀ, ਵਰਤੋਂ ਤੇ ਭੰਡਾਰ ਕਰਨ ’ਤੇ ਲਗਾਈ ਪਾਬੰਦੀ ਦੇ ਬਾਵਜ਼ੂਦ ਵੱਖ ਵੱਖ ਥਾਣਿਆਂ ਦੇ ਘੇਰੇ ਅੰਦਰ ਪੈਂਦੇ ਇਲਾਕਿਆਂ ਵਿੱਚ ਚੀਨੀ ਡੋਰ ਦੀ ਵਿੱਕਰੀ ਜ਼ੋਰਾਂ ’ਤੇ ਚੱਲ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਪੁਲੀਸ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਚੀਨੀ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਦੇ ਦਸ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਕਾਰਵਾਈ ਕਰਦਿਆਂ 118 ਗੱਟੂ ਤੇ 128 ਚਰਖੜੀਆਂ ਬਰਾਮਦ ਕਰਕੇ ਦਸ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦਰੇਸੀ ਥਾਣੇ ਦੀ ਪੁਲੀਸ ਨੇ ਨਿਊ ਮਾਧੋਪੁਰੀ ਵਾਸੀ ਕਿੱਟੂ ਨੂੰ ਆਪਣੇ ਘਰ ਦੇ ਬਾਹਰ ਚੀਨੀ ਡੋਰ ਵੇਚਦਿਆਂ ਕਾਬੂ ਕਰਕੇ 10 ਗੱਟੂ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਪੁਲੀਸ ਡਿਵੀਜ਼ਨ ਨੰਬਰ 2 ਨੇ ਹਰਗੋਬਿੰਦ ਨਗਰ ਵਾਸੀ ਸੁਸ਼ੀਲ ਕੁਮਾਰ ਨੂੰ ਸੁਭਾਨੀ ਬਿਲਡਿੰਗ ਚੌਕ ਕੋਲੋਂ ਉਸ ਵਕਤ ਕਾਬੂ ਕੀਤਾ ਜਦੋਂ ਉਹ ਚੀਨੀ ਡੋਰ ਦੀ ਖੁੱਲ੍ਹੇਆਮ ਵੇਚ ਰਿਹਾ ਸੀ। ਉਸ ਨੂੰ ਗ੍ਰਿਫ਼ਤਾਰ ਕਰਕੇ 48 ਗੱਟੂ ਬਰਾਮਦ ਕੀਤੇ ਗਏ ਹਨ। ਇਸੇ ਪੁਲੀਸ ਨੇ ਵਿਸ਼ਨੂੰਪੁਰੀ ਵਾਸੀ ਵਿਸ਼ਾਲ ਖੁਰਾਣਾ ਨੂੰ ਢੋਲੇਵਾਲ ਪੁਲ ਦੇ ਥੱਲੇ 2 ਗੱਟੂਆਂ ਸਮੇਤ ਕਾਬੂ ਕੀਤਾ ਹੈ ਜਦੋਂ ਉਹ ਚੀਨੀ ਡੋਰ ਵੇਚ ਰਿਹਾ ਸੀ।ਪੁਲੀਸ ਡਵੀਜ਼ਨ ਨੰਬਰ 3 ਨੇ ਗੁਲਜ਼ਾਰ ਡਾਬਰ ਵਾਸੀ ਧਰਮਪੁਰਾ ਨੂੰ ਆਪਣੇ ਘਰ ਵਿੱਚ ਹੀ ਚੀਨੀ ਡੋਰ ਵੇਚਦੇ ਰੰਗੇ ਹੱਥੀਂ ਕਾਬੂ ਕਰਕੇ 123 ਚਰਖੜੀਆਂ ਬਰਾਮਦ ਕੀਤੀਆਂ। ਡਵੀਜ਼ਨ ਨੰਬਰ 4 ਦੀ ਪੁਲੀਸ ਨੇ ਛਾਉਣੀ ਮੁਹੱਲਾ ਵਾਸੀ ਤਰਨਜੀਤ ਸਿੰਘ ਨੂੰ ਚੀਨੀ ਡੋਰ ਦੇ 5 ਗੱਟੂਆਂ ਸਣੇ ਗ੍ਰਿਫ਼ਤਾਰ ਕੀਤਾ ਹੈ। ਸਦਰ ਥਾਣੇ ਦੀ ਪੁਲੀਸ ਨੇ ਸਤਜੋਤ ਨਗਰ ਸਥਿਤ ਲਾਲ ਕੋਠੀ ਨੇੜੇ ਰਹਿੰਦੇ ਸੁਭਾਸ਼ ਗਰਗ ਨੂੰ ਦੋ ਫਿਰਕੀਆਂ ਚੀਨੀ ਡੋਰ ਸਣੇ ਕਾਬੂ ਕੀਤਾ ਹੈ। ਇਸੇ ਤਰ੍ਹਾ ਸਦਰ ਥਾਣੇ ਦੀ ਪੁਲੀਸ ਨੇ ਮਾਡਲ ਹਾਊਸ ਵਾਸੀ ਕੁਲਜੀਤ ਸਿੰਘ ਨੂੰ ਸਤਜੋਤ ਨਗਰ ਆਪਣੀ ਕਨਫੈਕਸ਼ਨਰੀ ਦੀ ਦੁਕਾਨ ’ਤੇ ਚੀਨੀ ਡੋਰ ਵੇਚਦਿਆਂ ਕਾਬੂ ਕਰਕੇ 3 ਫਿਰਕੀਆਂ ਬਰਾਮਦ ਕੀਤੀਆਂ ਹਨ। ਪੀਏਯੂ ਥਾਣਾ ਦੀ ਪੁਲੀਸ ਨੇ ਰਿਸ਼ੀ ਨਗਰ ਵਾਸੀ ਲਖਵੀਰ ਸਿੰਘ ਨੂੰ ਆਪਣੇ ਘਰ ਵਿੱਚ ਹੀ ਚੀਨੀ ਡੋਰ ਵੇਚਦਿਆਂ ਕਾਬੂ ਕਰਕੇ 13 ਗੱਟੂ ਬਰਾਮਦ ਕੀਤੇ ਹਨ ਜਦ ਕਿ ਧਰਮਪੁਰਾ ਵਾਸੀ ਸੁਭਾਸ਼ ਚੰਦਰ ਨੂੰ ਡਵੀਜ਼ਨ ਨੰਬਰ 7 ਦੀ ਪੁਲੀਸ ਨੇ 20 ਗੱਟੂਆਂ ਸਮੇਤ ਕਾਬੂ ਕੀਤਾ ਹੈ। ਡਵੀਜ਼ਨ ਨੰਬਰ 7 ਦੀ ਪੁਲੀਸ ਨੇ ਆਦਰਸ਼ ਨਗਰ ਵਾਸੀ ਤਰਨਜੀਤ ਸਿੰਘ ਨੂੰ ਆਪਣੀ ਹੀ ਦੁਕਾਨ ’ਚ ਰੰਗੇ ਹੱਥੀਂ ਕਾਬੂ ਕਰਕੇ 20 ਗੱਟੂ ਬਰਾਮਦ ਕੀਤੇ ਹਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All