ਪਾਕਿ ’ਚ ਬੰਦ ਯਕੀਨੀ ਬਣਾਉਣ ਲਈ ਫ਼ੌਜ ਸਹਾਇਤਾ ਕਰੇਗੀ

ਪਾਕਿਸਤਾਨ ਦੇ ਸ਼ਹਿਰ ਕੋਇਟਾ ਵਿੱਚ ਇੱਕ ਵਿਅਕਤੀ ਵੱਲੋਂ ਗਰੀਬਾਂ ਨੂੰ ਵੰਡੇ ਜਾ ਰਹੇ ਪੈਸਿਆਂ ਦੌਰਾਨ ਪਈ ਆਪੋ-ਧਾਪੀ ਦਾ ਦ੍ਰਿਸ਼। -ਫੋਟੋ: ਏਪੀ

ਇਸਲਾਮਾਬਾਦ, 24 ਮਾਰਚ ਪਾਕਿਸਤਾਨ ’ਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਕੇ 903 ਹੋ ਗਈ ਹੈ। ਸਰਕਾਰ ਨੇ ਪੂਰੇ ਮੁਲਕ ’ਚ ਲੌਕਡਾਊਨ ਨੂੰ ਯਕੀਨੀ ਬਣਾਉਣ ਲਈ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਵਾਸਤੇ ਫੌਜ ਤਾਇਨਾਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਰੇਲਵੇ ਨੇ ਮੁਲਕ ਭਰ ’ਚ ਮੁਸਾਫਰ ਗੱਡੀਆਂ 31 ਮਾਰਚ ਤਕ ਮੁਅੱਤਲ ਕਰ ਦਿੱਤੀਆਂ ਹਨ। ਲਹਿੰਦੇ ਪੰਜਾਬ ’ਚ ਮੰਗਲਵਾਰ ਨੂੰ ਕਰੋਨਾਵਾਇਰਸ ਨਾਲ ਪਹਿਲੀ ਮੌਤ ਹੋਈ ਹੈ ਜਿਸ ਨਾਲ ਮੁਲਕ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ। ਸਿੰਧ ਸੂਬੇ ’ਚ ਕਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਹੋਇਆ ਹੈ ਅਤੇ ਉਥੇ 394 ਪੀੜਤ ਸਾਹਮਣੇ ਆਏ ਹਨ। ਉਥੋਂ ਦੇ ਸੂਚਨਾ ਮੰਤਰੀ ਨਾਸਿਰ ਸ਼ਾਹ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੋਕ ਘਰਾਂ ’ਚੋਂ ਬਾਹਰ ਨਿਕਲੇ ਤਾਂ ਉਥੇ ਕਰਫਿਊ ਲਗਾ ਦਿੱਤਾ ਜਾਵੇਗਾ। ਇਸ ਦੌਰਾਨ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਫਰਾਂਸੀਸੀ ਹਮਰੁਤਬਾ ਯਾਂ-ਯਵੇਸ ਲੀ ਦ੍ਰੀਆਂ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਅਤੇ ਦੋਵੇਂ ਆਗੂਆਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਵਿਕਸਤ ਮੁਲਕ ਪਾਕਿਸਤਾਨ ਵਰਗੇ ਮਾਲੀ ਸੰਕਟ ਨਾਲ ਜੂਝ ਰਹੇ ਮੁਲਕਾਂ ਦੇ ਕਰਜ਼ਿਆਂ ’ਤੇ ਲਕੀਰ ਫੇਰ ਦੇਣ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਤਾਲਮੇਲ ਬਣਾ ਕੇ ਕਰੋਨਾਵਾਇਰਸ ਨਾਲ ਨਜਿੱਠਣ ਲਈ ਕਿਹਾ। -ਪੀਟੀਆਈ

ਪਾਕਿ ਵੱਲੋਂ ਸਾਰਕ ਸਿਹਤ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਦੀ ਪੇਸ਼ਕਸ਼

ਇਸਲਾਮਾਬਾਦ (ਪੀਟੀਆਈ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਰੋਨਾਵਾਇਰਸ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਬਣਾਉਣ ਬਾਰੇ ਵਿਚਾਰ ਵਟਾਂਦਰਾ ਕਰਨ ਵਾਸਤੇ ਸਾਰਕ ਮੁਲਕਾਂ ਦੇ ਸਿਹਤ ਮੰਤਰੀਆਂ ਦੀ ਕਾਨਫਰੰਸ ਦੀ ਮੇਜ਼ਬਾਨੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਉਨ੍ਹਾਂ ਇਹ ਤਜਵੀਜ਼ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ ਕੇ ਅਬਦੁੱਲ ਮੋਮਿਨ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਪੇਸ਼ ਕੀਤੀ। ਸ੍ਰੀ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਦੱਖਣ ਏਸ਼ਿਆਈ ਖੇਤਰੀ ਸਹਿਯੋਗ ਜਥੇਬੰਦੀ (ਸਾਰਕ) ਨੂੰ ਖੇਤਰੀ ਸਹਿਯੋਗ ਲਈ ਅਹਿਮ ਮੰਚ ਮੰਨਦਾ ਹੈ। ਇਸ ਕਰਕੇ ਉਹ ਕੋਵਿਡ-19 ਸਮੇਤ ਸਿਹਤ ਖੇਤਰ ਲਈ ਚੁਣੌਤੀਆਂ ਦਾ ਮੈਂਬਰ ਮੁਲਕਾਂ ਨਾਲ ਮਿਲ ਕੇ ਟਾਕਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਬੈਠਕ ਕੀਤੀ ਜਾ ਸਕਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All