ਪਾਕਿਸਤਾਨ ਵਲੋਂ ਭਾਰਤੀ ਡਿਪਲੋਮੈਟ ਤਲਬ

ਇਸਲਾਮਾਬਾਦ: ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਭਾਰਤ ਵਲੋਂ ਜਾਸੂਸੀ ਦੇ ਦੋਸ਼ ਹੇਠ ਬਰਖਾਸਤ ਕੀਤੇ ਜਾਣ ਦੇ ਫ਼ੈਸਲੇ ਦਾ ਕਰੜਾ ਵਿਰੋਧ ਕਰਦਿਆਂ ਪਾਕਿਸਤਾਨ ਨੇ ਅੱਜ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਤਲਬ ਕੀਤਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਦੱਸਿਆ ਕਿ ਭਾਰਤ ਵਲੋਂ ਐਤਵਾਰ ਨੂੰ ਪਾਕਿਤਸਾਨ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਜਾਸੂਸੀ ਕਰਨ ਦੇ ਦੋਸ਼ ਹੇਠ ‘ਅਣਚਾਹਿਆ ਵਿਅਕਤੀ’ ਐਲਾਨਿਆ ਗਿਆ ਸੀ ਅਤੇ ਦੋਹਾਂ ਨੂੰ 24 ਘੰਟਿਆਂ ਦੇ ਅੰਦਰ ਮੁਲਕ ਛੱਡਣ ਦੇ ਹੁਕਮ ਦਿੱਤੇ ਗਏ ਸਨ। ਦੋਵੇਂ ਅਧਿਕਾਰੀਆਂ ਆਬਿਦ ਹੁਸੈਨ ਅਤੇ ਮੁਹੰਮਦ ਤਾਹਿਰ ਨੂੰ ਦਿੱਲੀ ਪੁਲੀਸ ਨੇ ਭਾਰਤ ਦੀ ਸੁਰੱਖਿਆ ਵਿਵਸਥਾ ਸਬੰਧੀ ਸੰਵੇਦਨਸ਼ੀਲ ਦਸਤਾਵੇਜ਼ ਪ੍ਰਾਪਤ ਕਰਨ ਮੌਕੇ ਕਾਬੂ ਕੀਤਾ ਸੀ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਬਿਆਨ ਰਾਹੀਂ ਦੱਸਿਆ, ‘‘ਸਰਕਾਰ ਵਲੋਂ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਅਣਚਾਹੇ ਵਿਅਕਤੀ ਐਲਾਨਿਆ ਗਿਆ ਹੈ ਕਿਉਂਕਿ ਇਹ ਆਪਣੇ ਕੂਟਨੀਤਕ ਮਿਸ਼ਨ ਦੇ ਮੈਂਬਰ ਦੇ ਰੁਤਬੇ ਅਨੁਸਾਰ ਬੇਮੇਲ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਸਨ ਅਤੇ ਇਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਮੁਲਕ ਛੱਡਣ ਲਈ ਆਖਿਆ ਗਿਆ ਹੈ।’’ ਪਾਕਿਸਤਾਨ ਵਿਦੇਸ਼ ਦਫ਼ਤਰ ਨੇ ਅੱਜ ਕਿਹਾ ਕਿ ਭਾਰਤ ਦੇ ਕੂਟਨੀਤਕ ਮਾਮਲਿਆਂ ਬਾਰੇ ਇੰਚਾਰਜ ਨੂੰ ਅੱਜ ਤਲਬ ਕੀਤਾ ਗਿਆ ਅਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਅਣਚਾਹੇ ਵਿਅਕਤੀ ਐਲਾਨੇ ਜਾਣ ਦੀ ਨਿੰਦਾ ਕਰਦਿਆਂ ਉਨ੍ਹਾਂ ਖ਼ਿਲਾਫ਼ ਲੱਗੇ ਸਾਰੇ ‘ਨਿਰਆਧਾਰ’ ਦੋਸ਼ਾਂ ਨੂੰ ਰੱਦ ਕੀਤਾ ਗਿਆ। ਪਾਕਿਸਤਾਨ ਨੇ ਇਹ ਵੀ ਕਿਹਾ ਕਿ ਭਾਰਤ ਦੀ ਕਾਰਵਾਈ ਕੂਟਨੀਤਕ ਰਿਸ਼ਤਿਆਂ ਅਤੇ ਨੇਮਾਂ ਬਾਰੇ ਵੀਏਨਾ ਕਨਵੈਨਸ਼ਨ ਦੀ ‘ਸਪੱਸ਼ਟ ਉਲੰਘਣਾ’ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All