ਪਰਵਾਸੀ ਦੋਸਤ ਦੇ ਨਾਂ ਖ਼ਤ

ਡਾ. ਨੀਤਾ ਗੋਇਲ

ਕੱਲ੍ਹ ਦੀ ਭੇਜੀ ਤੇਰੀ ਵੀਡੀਓ ਵੇਖੀ। ਆਪਣੀ ਵੱਡੀ ਕਾਰ ਵਿਚ ਬੈਠ ਕੇ ਤੂੰ ਵੈਨਕੁਵਰ ਦੀ ਕਿਸੇ ਸੜਕ ਤੋਂ ਲੰਘਦੇ ਹੋਏ ਸੁਨਹਿਰੀ ਧੁੱਪ ਵਿਚ ਨਹਾਤੇ, ਕਤਾਰਬੱਧ ਪਰ ਇਕ ਦੂਜੇ ਤੋਂ ਕੰਧਾਂ ਦੀ ਸਾਂਝ ਤੋਂ ਬਿਨਾਂ ਖੜ੍ਹੇ, ਉਥੋਂ ਦੇ ਸੋਹਣੇ ਘਰਾਂ ਨੂੰ ਫ਼ਿਲਮਾਇਆ ਹੈ ਤੇ ਨਾਲ ਹੀ ਇਕ ਪੰਜਾਬੀ ਗੀਤ ਚੱਲ ਰਿਹਾ ਹੈ, ‘ਇੰਨਾ ਸੋਹਣਾ ਕਿਉਂ ਰੱਬ ਨੇ ਬਣਾਇਆ...’, ਮੈਨੂੰ ਖ਼ੁਸ਼ੀ ਹੋਈ ਕਿ ਗੀਤ ਤੂੰ ਹਾਲੇ ਤੀਕ ਪੰਜਾਬੀ ਹੀ ਸੁਣਦਾ ਹੈ। ਪਤਾ ਨਹੀਂ ਕਿਵੇਂ ਮੇਰੇ ਜ਼ਹਿਨ ਵਿਚ ਉਹ ਸਮਾਂ ਤਾਜ਼ਾ ਹੋ ਗਿਆ ਜਦੋਂ ਸਾਡੀ ਉਮਰ ਦਾ ਸੂਰਜ ਅਜੇ ਸੋਨੇ ਰੰਗਾ ਹੋਇਆ ਹੀ ਸੀ ਕਿ ਤੂੰ ਮੁਲਕ ਛੱਡਣ ਦਾ ਫ਼ੈਸਲਾ ਕਰ ਲਿਆ। ਤੂੰ ਵੱਡੇ-ਵਡੇਰਿਆਂ ਜਿਹੀ ਸਿਆਣਪ ਆਪਣੇ ਦੁਆਲੇ ਵਲ੍ਹੇਟ ਕੇ ਮੈਨੂੰ ਕਿਹਾ ਸੀ, ‘ਹੁਣ ਇੱਥੇ ਕੁਝ ਨਹੀਂ ਰਿਹਾ। ਮੈਨੂੰ ਸਮਝ ਨਹੀਂ ਆਉਂਦੀ ਕਿ ਤੈਨੂੰ ਇੱਥੇ ਕੀ ਦਿਸਦੈ? ਤੂੰ ਚੱਲਦਾ ਕਿਉਂ ਨਹੀਂ ਮੇਰੇ ਨਾਲ?’ ਤੇ ਤੂੰ ਮਾਪਿਆਂ ਦੀ ਇਕਲੌਤੀ ਔਲਾਦ, ਤੈਨੂੰ ਸਰੂ ਜਿਹਾ ਕੱਦ ਅਤੇ ਦਿਲ ਖਿੱਚਵੇਂ ਨੈਣ-ਨਕਸ਼, ਜਿਨ੍ਹਾਂ ’ਤੇ ਤੈਨੂੰ ਮਾਣ ਹੈ, ਦੇਣ ਵਾਲੀ ਹਵਾ, ਪਾਣੀ, ਤੇ ਮਿੱਟੀ ਨੂੰ ਪਿੱਛੇ ਛੱਡ ਕੇ ਜਹਾਜ਼ ਚੜ੍ਹ ਗਿਆ ਸੀ। ਅੱਜ ਚਾਰ ਵਰ੍ਹੇ ਹੋ ਚੁੱਕੇ ਓਸ ਗੱਲ ਨੂੰ। ਤੂੰ ਪੜ੍ਹਾਈ ਪੂਰੀ ਕਰ ਕੇ ਵਰਕ ਵੀਜ਼ਾ ਲੈ ਕੇ ਲੱਗਦੈ ਚੋਖੇ ਡਾਲਰ ਕਮਾਏੇ ਹਨ, ਪਰ ਫੇਰ ਵੀ ਇਕ ਵਾਰ ਵੀ ਪਿੰਡ ਗੇੜਾ ਨਹੀਂ ਮਾਰਿਆ। ਹਾਂ, ਫੋਨ ’ਤੇ ਗੱਲ ਤਾਂ ਹੋ ਹੀ ਜਾਂਦੀ ਹੈ, ਵੀਡੀਓ ਕਾਲ ’ਤੇ ਵੇਖ ਵੀ ਲਈਦਾ ਹੈ। ਪਿਛਲੇ ਹਫ਼ਤੇ ਜਦੋਂ ਤੇਰੇ ਘਰ ਗਿਆ ਤਾਂ ਤੇਰੇ ਬੇਜੀ ਆਹਦੇਂ ਸਨ, ‘ਘਰ ਦੀਆਂ ਦਹਿਲਜ਼ਾਂ ਵੀ ਆਪਣੇ ਬੱਚਿਆਂ ਨੂੰ ਉਡੀਕਦੀਆਂ ਹਨ, ਪਰ ਚਲੋ ਚੰਗੈ ਕਿ ਉੱਥੇ ਸੋਹਣਾ ਕਮਾਉਣ ਲੱਗ ਪਿਐ।’ ਮੈਂ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਜਿਸ ਲਈ ਉਨ੍ਹਾਂ ਬੜੀ ਰੀਝ ਨਾਲ ਘਰੇ ਝੋਟੀ ਬੰਨ੍ਹੀ ਸੀ, ਉਹ ਉੱਥੇ ਅੱਠ-ਅੱਠ ਘੰਟੇ ਦੀਆਂ ਦੋ-ਦੋ ਸ਼ਿਫਟਾਂ ਵਿਚ ਲਗਾਤਾਰ ਕੰਮ ਕਰਕੇ ਸੁੱਕਾ ਪੀਜ਼ਾ ਖਾ ਕੇ ਸੌਂ ਜਾਂਦੈ, ਕੰਮ ਤੋਂ ਘਰ ਆ ਕੇ ਨਾ ਤਾਂ ਰੋਟੀ ਪਕਾਉਣ ਜਿੰਨੀ ਤਾਕਤ ਹੁੰਦੀ ਹੈ, ਨਾ ਸਮਾਂ, ਫਿਰ ਉਠ ਕੇ ਕੰੰਮ ’ਤੇ ਜੋ ਜਾਣਾ ਹੁੰਦੈ। ਮੈਨੂੰ ਪਤੈ ਇਹ ਪੜ੍ਹ ਕੇ ਤੂੰ ਕੀ ਸੋਚ ਰਿਹੈ। ਤੂੰ ਤਸੱਲੀ ਰੱਖੀਂ ਮੈਂ ਉਨ੍ਹਾਂ ਨੂੰ ਕੁਝ ਨਹੀਂ ਦੱਸਾਗਾਂ। ਹਾਂ, ਯਾਦ ਆਇਆ, ਕੱਲ੍ਹ ਜਿਹੜੀਆਂ ਤਸਵੀਰਾਂ ਤੂੰ ਫੇਸਬੁੱਕ ’ਤੇ ਪਾਈਆਂ ਸਨ, ਉਹ ਵੀ ਵੇਖੀਆਂ। ਸਾਰੀਆਂ ਵਿਚ ਬੜਾ ਕਾਇਮ ਲੱਗ ਰਿਹਾ। ਜਿਹੜੀ ਫੋਟੋ ਵਿਚ ਤੂੰ ਆਪਣੀ ਕਾਰ ਕੋਲ ਖੜ੍ਹਾ ਹੈ, ਤੇਰੇ ਵਾਲ ਧੁੱਪ ’ਚ ਚਮਕ ਰਹੇ ਹਨ, ਪਰ ਉਨ੍ਹਾਂ ਵਿਚ ਐਨ ਮੱਥੇ ਵਿਚਾਲਿਓਂ ਨਿਕਲਦੀ ਹੋਈ ਇਕ ਚਿੱਟੀ ਲਟ ਵੀ ਦਿਸਦੀ ਹੈ। ਜਦੋਂ ਤੂੰ ਘਰੋਂ ਗਿਐਂ ਓਦੋਂ ਤਾਂ ਤੇਰੇ ਵਾਲ ਹਾਲੇ ਕਾਲੇ ਹੀ ਸਨ। ਸੱਚੀ ਦੱਸੀਂ ਕਿ ਕੈਨੇਡਾ ਜਾ ਕੇ ਸਾਰੇ ਹੀ ਐਨੀ ਜਲਦੀ ਸਿਆਣੇ ਹੋ ਜਾਂਦੇ ਨੇ? ਚੱਲ ਛੱਡ ਮੈਂ ਤਾਂ ਹੱਸਦੈਂ, ਪਰ ਤੇਰਾ ਉਹ ਘਰਾਂ ਦੀਆਂ ਕਤਾਰ ਵਾਲਾ ਵੀਡੀਓ ਵੇਖ ਕੇ ਮੈਨੂੰ ਮਹਿਸੂਸ ਹੋਇਆ ਜਿਵੇਂ ਹੁਣ ਤੂੰ ਕੈਨੇਡਾ ਵਿਚ ਆਪਣਾ ਘਰ ਲੱਭ ਰਿਹਾ ਹੈ। ਠੀਕ ਵੀ ਹੈ। ਜੇ ਤੂੰ ਉੱਥੇ ਹੀ ਰਹਿਣ ਦਾ ਫ਼ੈਸਲਾ ਕਰ ਹੀ ਲਿਆ ਹੈ ਤਾਂ ਘਰ ਤਾਂ ਚਾਹੀਦਾ ਹੀ ਹੈ, ਪਰ ਇੱਧਰ ਅਖ਼ਬਾਰਾਂ ਵਿਚ ਮੈਂ ਤਾਂ ਪੜ੍ਹਿਐ ਕਿ ਓਧਰ ਹੁਣ ਪਰਵਾਸੀਆਂ ਲਈ ਸੰਪਤੀ ਖ਼ਰੀਦਣੀ ਪਹਿਲਾਂ ਜਿੰਨੀ ਸੌਖੀ ਨਹੀਂ ਰਹੀ। ਕੀਮਤਾਂ ਬਹੁਤ ਵੱਧ ਗਈਆਂ ਹਨ ਤੇ ਕਿਸ਼ਤਾਂ ਤਾਰਦੇ-ਤਾਰਦੇ ਬੰਦੇ ਦੀ ਉਮਰ ਨਿਕਲ ਜਾਂਦੀ ਹੈ। ਫਿਰ ਮੈਂ ਸੋਚਦੈਂ ਹਰ ਕਿਸੇ ਦੀ ਆਪਣੀ ਕਿਸਮਤ ਹੁੰਦੀ ਹੈ ਤੇ ਆਪਣਾ ਵਾਹਿਗੂਰੁ ਆਪਣੇ ਨਾਲ ਹੈ। ਤੂੰ ਬਸ ਹੁਣ ਤਾਂ ਸਾਰੇ ਫਿਕਰ ਓਸ ’ਤੇ ਛੱਡ ਕੇ ਮਿਹਨਤ ਕਰੀ ਚੱਲ। ਰੱਬ ਸਭ ਭਲੀ ਕਰੂ। ਹਾਂ, ਇਕ ਗੱਲ ਹੋਰ। ਮੈਂ ਤੈਨੂੰ ਦੱਸਣੀ ਤਾਂ ਨਹੀਂ ਸੀ ਚਾਹੁੰਦਾ, ਪਰ ਤੇਰੀ ਕਾਰ ’ਚ ਚੱਲਦੇ ਗਾਣੇ ਨੇ ਚੇਤਾ ਕਰਾ ’ਤਾ। ਜਿਸ ਲਈ ਤੂੰ ਇਹ ਗਾਣਾ ਗਾਉਂਦਾ ਹੁੰਦਾ ਸੀ ਤੇ ਜਿਹਨੂੰ ਜਾਣ ਲੱਗੇ ਵੀ ਤੂੰ ਇਹ ਦਸ ਨਹੀਂ ਸੀ ਸਕਿਆ, ਉਹ ਜਗਦੀਆਂ ਅੱਖਾਂ ਅਤੇ ਮਹਿਕਦੀ ਮੁਸਕਾਨ ਵਾਲੀ ਕੁੜੀ (ਤੂੰ ਇਹ ਕਹਿ ਕੇ ਹੀ ਉਸ ਦੀਆਂ ਗੱਲਾਂ ਕਰਿਆ ਕਰਦਾ ਸੀ ਨਾ) ਤੇਰਾ ਅਣਬੋਲਿਆ ਕਰਾਰ ਜੀਅ ਨੂੰ ਲਾ ਕੇ ਬੈਠੀ ਸੀ, ਪਰ ਕੱਲ੍ਹ ਭੈਣ ਦੀਆਂ ਵੰਗਾਂ ਦਾ ਮਾਪ ਸੁਨਿਆਰੇ ਨੂੰ ਦੇਣ ਲਈ ਬਾਪੂ ਜੀ ਨੇ ਮੈਨੂੰ ਸ਼ਹਿਰ ਘੱਲਿਆ। ਉੱਥੇ ਸੁਨਿਆਰ ਦੀ ਦੁਕਾਨ ’ਤੇ ਅੱਗੇ ਉਹ ਬੈਠੀ ਮਿਲੀ। ਉਸਦੀ ਮਾਂ ਤੇ ਭਾਬੀ ਉਸਨੂੰ ਗਹਿਣੇ ਪਵਾ ਕੇ ਵੇਖ ਰਹੀਆਂ ਸਨ। ਮਾਫ਼ ਕਰੀਂ ਓਦੋਂ ਮੈਂ ਉਸ ਨੂੰ ਨਜ਼ਰ ਭਰ ਕੇ ਵੇਖਣ ਦੀ ਗੁਸਤਾਖ਼ੀ ਕੀਤੀ। ਬੁਝੀਆਂ ਅੱਖਾਂ ਤੇ ਮੁਰਝਾਏ ਹੋਠਾਂ ਤੇ ਗਹਿਣੇ ਪਾਈ ਉਹ ਇਵੇਂ ਲੱਗ ਰਹੀ ਸੀ ਜਿਵੇਂ ਕੋਈ ਸੁਹਾਗਣ ਆਪਣੀ ਅੰਤਿਮ ਯਾਤਰਾ ’ਤੇ ਚੱਲੀ ਹੋਵੇ। ਸ਼ਾਇਦ ਤੇਰੀ ਪੱਕੇ ਹੋ ਕੇ ਆਉਣ ਦੀ ਜ਼ਿੱਦ ਅੱਗੇ ਉਸ ਦੀ ਤਪੱਸਿਆ ਕੱਚੀ ਪੈ ਗਈ। ਬਾਕੀ ਇੱਥੇ ਸਭ ਠੀਕ ਹੈ। ਤੂੂੰ ਕਾਸੇ ਦੀ ਚਿੰਤਾ ਨਾ ਕਰੀਂ। ਭੈਣ ਦਾ ਵਿਆਹ ਕੱਤੇ ਦੀ ਪੁੰਨਿਆ ਦਾ ਪੱਕਾ ਹੋਇਐ। ਹੋ ਸਕੇ ਤਾਂ ਬਹਾਨੇ ਨਾਲ ਗੇੜਾ ਲਾ ਜਾਈਂ। ਜਦੋਂ ਸਮਾਂ ਮਿਲੇ ਫੋਨ ਕਰ ਲਈਂ। ਚੰਗਾ ਓਦੋਂ ਤਾਈਂ ਸਤਿ ਸ੍ਰੀ ਅਕਾਲ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All