ਪਰਲ ਕੰਪਨੀ ਦੇ ਸੈਂਕੜੇ ਏਕੜ ਰਕਬੇ ਵਿਚੋਂ ਦਰੱਖਤਾਂ ਦੀ ਨਜਾਇਜ਼ ਕਟਾਈ

ਪਰਲ ਕੰਪਨੀ ਦੇ ਫਾਰਮ ਵਿਚ ਚੋਰੀ ਕੱਟੇ ਦਰੱਖਤਾਂ ਦੀ ਝਲਕ।

ਜੇ ਬੀ ਸੇਖੋਂ ਗੜ੍ਹਸ਼ੰਕਰ, 25 ਜਨਵਰੀ ਪਿੰਡ ਰਾਮ ਪੁਰ ਬਿਲੜੋਂ ਦੀ ਹੱਦਬਸਤ ਵਿਚ ਪੈਂਦੇ ਪਰਲ ਕੰਪਨੀ ਦੇ ਸੈਂਕੜੇ ਏਕੜ ਰਕਬੇ ਵਿਚੋਂ ਪਿਛਲੇ ਕਈ ਦਿਨ੍ਹਾਂ ਤੋਂ ਲੱਕੜ ਦੀ ਨਜਾਇਜ਼ ਕਟਾਈ ਹੋ ਰਹੀ ਹੈ। ਅੱਜ ਸਥਾਨਕ ਪੁਲੀਸ ਨੇ ਮੌਕੇ ਤੋਂ ਲੱਕੜ ਨਾਲ ਭਰੇ ਇਕ ਵਾਹਨ ਸਮੇਤ ਦੋ ਵਾਹਨ ਜ਼ਬਤ ਕਰਕੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਲੱਕੜ ਦੀ ਹੋ ਰਹੀ ਚੋਰੀ ਰੋਕਣ ਸਬੰਧੀ ਜਦੋਂ ਪਿੰਡ ਰਾਮ ਪੁਰ ਬਿਲੜੋਂ ਦੀ ਸਰਪੰਚ ਜਸਵਿੰਦਰ ਕੌਰ ਦੇ ਪਤੀ ਖੇਮ ਰਾਜ ਅਤੇ ਹੋਰ ਵਸਨੀਕਾਂ ਨੇ ਉਕਤ ਥਾਂ ਦਾ ਦੌਰਾ ਕੀਤਾ ਤਾਂ ਚੋਰੀ ਕਰਨ ਵਾਲੇ ਠੇਕੇਦਾਰਾਂ ਨੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ। ਪੁਲੀਸ ਦੇ ਵਾਰਦਾਤ ਵਾਲੀ ਥਾਂ ਪੁੱਜਣ ਤੋਂ ਪਹਿਲਾਂ ਹੀ ਕਥਿਤ ਚੋਰ ਰਫੂ ਚੱਕਰ ਹੋ ਗਏ ਪਰ ਪੁਲੀਸ ਨੇ ਦੋ ਵਾਹਨ ਜ਼ਬਤ ਕਰਕੇ ਥਾਣੇ ਡੱਕ ਦਿੱਤੇ ਹਨ। ਚੇਤੇ ਰਹੇ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਪਰਲ ਨਾਂ ਦੀ ਚਿੱਟ ਫੰਡ ਕੰਪਨੀ ਵਿਚ ਸੂਬੇ ਦੇ ਹਜ਼ਾਰਾਂ ਲੋਕਾਂ ਨੇ ਨਿਵੇਸ਼ ਕੀਤਾ ਸੀ ਪਰ ਇਸ ਪਿਛੋਂ ਕੰਪਨੀ ਫੇਲ੍ਹ ਹੋ ਜਾਣ ਨਾਲ ਹਜ਼ਾਰਾਂ ਲੋਕਾਂ ਨੂੰ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਇਆ ਅਤੇ ਪੀੜਤ ਲੋਕਾਂ ਨੇ ਪਰਲ ਕੰਪਨੀ ਦੀ ਚੱਲ ਅਤੇ ਅਚੱਲ ਜਾਇਦਾਦ ’ਤੇ ‘ਕਬਜ਼ੇ’ ਕਰਨੇ ਸ਼ੁਰੂ ਕਰ ਦਿੱਤੇ ਸਨ। ਰਾਮ ਪੁਰ ਬਿਲੜੋਂ ਵਿਚ ਵੀ ਪਰਲ ਕੰਪਨੀ ਦਾ ਸੈਂਕੜੇ ਏਕੜ ਦਾ ਫਾਰਮ ਹੈ ਜਿੱਥੇ ਨਿਵੇਸ਼ਕ ਲੋਕਾਂ ਨੇ ਫਰਮ ਨੂੰ ਜਿੰਦਰਾ ਮਾਰਿਆ ਹੋਇਆ ਹੈ ਪਰ ਫਰਮ ਵਿਖੇ ਲੰਮੇਂ ਸਮੇਂ ਤੋਂ ਕੋਈ ਰਹਿੰਦਾ ਨਾ ਹੋਣ ਕਰਕੇ ਇੱਥੇ ਖੜ੍ਹੇ ਲੱਖਾਂ ਦੀ ਕੀਮਤ ਦੇ ਦਰੱਖਤਾਂ ਦੀ ਚੋਰੀ ਲਗਾਤਾਰ ਹੋ ਰਹੀ ਸੀ। ਐਸਐਚਓ ਬਲਵਿੰਦਰ ਸਿੰਘ ਅਨੁਸਾਰ ਉਕਤ ਜ਼ਮੀਨ ਦੀ ਮਾਲਕੀ ਸਬੰਧੀ ਉਹ ਪੜਤਾਲ ਕਰ ਰਹੇ ਹਨ ਤੇ ਲੱਕੜ ਦੀ ਚੋਰੀ ਕਟਾਈ ਕਰਨ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੱਕੜ ਨਾਲ ਭਰਿਆ ਵਾਹਨ ਪੁਲੀਸ ਨੇ ਜ਼ਬਤ ਕਰ ਲਿਆ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All