ਪਰਮਾਣੂ ਧਮਕੀਆਂ ਮਹਿਜ਼ ‘ਮਨ ਕੀ ਬਾਤ’; ‘ਅਕਲ ਕੀ ਬਾਤ’ ਕਰੋ ਹਜ਼ੂਰ!

ਕੁਲਦੀਪ ਸਿੰਘ ਧੀਰ*

ਅਕਲ ਨੂੰ ਛਿੱਕੇ ਟੰਗ ਚੁੱਕੇ ਲੋਕਾਂ ਨੂੰ ਕੌਣ ਕਹੇ ਕਿ ਅੱਗ ਦੀ ਖੇਡ ਚੰਗੀ ਨਹੀਂ। ਅਕਲ, ਅਮਨ, ਅਨੇਕਤਾ, ਦੂਜੇ ਦੀ ਸਵੀਕ੍ਰਿਤੀ ਤੇ ਧਾਰਮਿਕ ਸਦਭਾਵਨਾ ਵਿਰੁੱਧ ਸੋਚੀ-ਸਮਝੀ ਜੰਗ ਪੰਜ ਸਾਲ ਤੋਂ ਉਨ੍ਹਾਂ ਲੋਕਾਂ ਨੇ ਛੇੜੀ ਹੋਈ ਹੈ, ਜਿਨ੍ਹਾਂ ਦੀ ਨੈਤਿਕ/ਸੰਵਿਧਾਨਕ ਜ਼ਿੰਮੇਵਾਰੀ, ਅਮਨ-ਸ਼ਾਂਤੀ, ਨਿਆਂ, ਸਹਿ-ਹੋਂਦ, ਧਰਮ-ਨਿਰਪੇਖਤਾ ਅਤੇ ਸਰਬੱਤ ਦੇ ਭਲੇ ਦੀ ਵਿਰਾਸਤ ਨੂੰ ਬਚਾਉਣ ਦੀ ਸੀ। ਯੂਨੀਵਰਸਿਟੀਆਂ ਦੇ ਸਿਲੇਬਸਾਂ ਨਾਲ ਛੇੜ-ਛਾੜ, ਇਤਿਹਾਸ ਤੇ ਵਿਗਿਆਨ ਦੀ ਪਿਛਲਖੁਰੀ ਮਿਥਿਹਾਸਕ ਵਿਆਖਿਆ, ਉਦਾਰ ਸੋਚ ਤੇ ਚਿੰਤਨ ਦਾ ਵਿਰੋਧ, ਸੰਸਾਰ ਪੱਧਰ ਉੱਤੇ ਜਾਣੇ-ਪਛਾਣੇ ਪ੍ਰੋਫੈਸਰਾਂ/ਚਿੰਤਕਾਂ ਦੇ ਕੰਮ ਕਰਨ ਦੇ ਰਾਹ ਵਿਚ ਅੜਿੱਕੇ, ਸੌੜੇ ਫਿਰਕੂ ਚਿੰਤਨ ਨੂੰ ਹੱਲਾਸ਼ੇਰੀ, ਫਿਰਕੂ ਦੰਗਿਆਂ/ਕਤਲਾਂ ਵਿਚ ਫਸੇ ਬਦਨਾਮ ਲੋਕਾਂ ਨੂੰ ਸਰਕਾਰੀ ਏਜੰਸੀਆਂ ਤੇ ਸਿਆਸਤਦਾਨਾਂ ਵੱਲੋਂ ਬਚਾ ਕੇ ਸਨਮਾਨਿਤ ਕਰਨਾ, ਅਮਨ ਤੇ ਸਹਿ-ਹੋਂਦ ਦੀ ਗੱਲ ਕਰਨ ਵਾਲਿਆਂ ਨੂੰ ਗ਼ੱਦਾਰ ਤੇ ਦੇਸ਼ਧ੍ਰੋਹੀ ਕਹਿਣਾ, ਨਿੱਕੀ ਨਿੱਕੀ ਗੱਲ ਉੱਤੇ ਭੀੜਾਂ ਵੱਲੋਂ ਬੰਦੇ ਮਾਰ ਦੇਣੇ, ਧਾਰਮਿਕ ਤਣਾਅ ਤੇ ਧਰੁਵੀਕਰਨ ਵਧਾਉਣਾ, ਜੰਗ/ਲੜਾਈ ਦਾ ਹਿਸਟੀਰੀਆ ਸਿਰਜਣ ਲਈ ਮੀਡੀਆ/ਸੋਸ਼ਲ ਮੀਡੀਆ ਵਰਤਣਾ ਲੋਕਤੰਤਰ ਲਈ ਸ਼ੁਭ ਸ਼ਗਨ ਨਹੀਂ। ਕੌਂਸਲ ਫਾਰ ਹਿਸਟੌਰੀਕਲ ਰਿਸਰਚ, ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ ਦੇ ਮੁਖੀ ਹੁਣ ਆਰਐੱਸਐੱਸ ਦੇ ਬੰਦੇ ਹਨ। ਜੇਐੱਨਯੂ, ਹੈਦਰਾਬਾਦ, ਦਿੱਲੀ, ਬਨਾਰਸ ਤੇ ਪੰਜਾਬ ਯੂਨੀਵਰਸਿਟੀ ਤੱਕ ਭਗਵਾਂ ਦਖਲਅੰਦਾਜ਼ੀ ਵਿਦਿਆਰਥੀਆਂ, ਖੋਜਾਰਥੀਆਂ ਤੇ ਅਧਿਆਪਕਾਂ ਨੂੰ ਚਿੰਤਤ ਕਰ ਰਹੀ ਹੈ। ਇੰਡੀਅਨ ਸਾਇੰਸ ਕਾਂਗਰਸ ਨੂੰ ਵਿਗਿਆਨੀ ਹੀ ਸਰਕਸ ਕਹਿ ਕੇ ਮਜ਼ਾਕ ਉਡਾ ਰਹੇ ਹਨ। ਪ੍ਰਧਾਨ ਮੰਤਰੀ ਅਤੇ ਉਸ ਦੇ ਮੰਤਰੀ ਮਿਥਿਹਾਸ ਤੇ ਵਿਗਿਆਨ ਦੀਆਂ ਸੀਮਾਵਾਂ ਤੋਂ ਅਣਜਾਣ ਹਨ। ਕੁਰਸੀ ਲਈ ਐਟਮੀ ਹਥਿਆਰਾਂ ਦੀ ਬਚਕਾਨਾ ਸ਼ੇਖੀ ਅਮਨ ਤੇ ਅਕਲ ਵਿਰੁੱਧ ਸੱਤਾਧਾਰੀ ਧਿਰ ਦੀ ਨਵੀਨਤਮ ਗੁਸਤਾਖੀ ਹੈ ਜੋ ਸਾਧਾਰਨ ਬੰਦੇ ਨੂੰ ਫਿਕਰਮੰਦ ਕਰ ਰਹੀ ਹੈ। ਇਸ ਫਿਕਰਮੰਦੀ ਪਿੱਛੇ ਐਟਮੀ ਤਬਾਹੀ ਦੇ ਉਹ ਭਿਆਨਕ ਖਤਰੇ ਹਨ, ਜਿਨ੍ਹਾਂ ਤੋਂ ਅੱਗ ਲਾਉਣ ਵਾਲੇ ਲੋਕ ਜਾਂ ਤਾਂ ਚੇਤੰਨ ਨਹੀਂ, ਤੇ ਜਾਂ ਉਹ ਸਮਝਦੇ ਹਨ ਕਿ ਉਹ ਇਨ੍ਹਾਂ ਤੋਂ ਸੁੱਕੇ ਬਚ ਨਿਕਲਣਗੇ। ਅਜਿਹਾ ਹੋਣਾ ਬਿਲਕੁਲ ਅਸੰਭਵ ਹੈ। ਐਟਮੀ ਹਥਿਆਰ ਵਰਤਣ ਦਾ ਮਤਲਬ ਤਹਿਜ਼ੀਬ ਦੀ ਖ਼ੁਦਕੁਸ਼ੀ ਤੋਂ ਵੱਧ ਕੁਝ ਨਹੀਂ। ਭੱਜਦਿਆਂ ਨੂੰ ਵਾਹਣ ਬਰਾਬਰ ਹੁੰਦੇ ਹਨ। ਨਰਿੰਦਰ ਮੋਦੀ ਨੇ ਵਾਹਗਿਓਂ ਪਾਰ ਜਿਨ੍ਹਾਂ ਸ਼ਰੀਕਾਂ ਨੂੰ ਇਹ ਕਿਹਾ ਕਿ ਅਸੀਂ ਐਟਮੀ ਹਥਿਆਰ ਦੀਵਾਲੀ ਮਨਾਉਣ ਲਈ ਨਹੀਂ ਰੱਖੇ ਹੋਏ, ਉਨ੍ਹਾਂ ਵੀ ਅਗਲੇ ਦਿਨ ਸੁਣਾ ਦਿੱਤਾ ਕਿ ਉਨ੍ਹਾਂ ਵੀ ਇਹ ਈਦ ਮਨਾਉਣ ਲਈ ਨਹੀਂ ਰੱਖੇ। ਜਦੋਂ ਭਾਰਤ ਨੇ ਐਟਮ ਬੰਬ ਦਾ ਪਹਿਲਾ ਤਜਰਬਾ ਕੀਤਾ, ਉਦੋਂ ਪਾਕਿਸਤਾਨ ਦੇ ਲੜਾਕੂ ਸਿਆਸਤਦਾਨ ਭੁੱਟੋ ਨੇ ਵੀ ਕਹਿ ਦਿੱਤਾ ਸੀ: ਅਸੀਂ ਵੀ ਐਟਮ ਬੰਬ ਬਣਾਵਾਂਗੇ, ਭਾਵੇਂ ਘਾਹ ਖਾ ਕੇ ਹੀ ਗੁਜ਼ਾਰਾ ਕਰਨਾ ਪਵੇ। ਦੋਹਾਂ ਦੇਸ਼ਾਂ ਨੇ ਬੰਬ ਬਣਾ ਕੇ ਹੀ ਸਾਹ ਲਿਆ। ਇਹ ਵੱਖਰੀ ਗੱਲ ਹੈ ਕਿ ਦੋਹਾਂ ਦੇਸ਼ਾਂ ਵਿਚ ਆਮ ਆਦਮੀ ਦੀ ਹਾਲਤ ਘਾਹ ਖਾ ਕੇ ਗੁਜ਼ਾਰਾ ਕਰਨ ਨਾਲੋਂ ਬਹੁਤੀ ਬਿਹਤਰ ਨਹੀਂ। 1998 ਵਿਚ ਅਸੀਂ ਟੈਸਟ ਕੀਤੇ ਤਾਂ ਪਾਕਿਸਤਾਨ ਨੇ ਵੀ ਝੱਟ ਹੀ ਇਹ ਟੈਸਟ ਕਰ ਕੇ ਸਾਹ ਲਿਆ। ਅਸੀਂ 11 ਤੇ 13 ਮਈ ਨੂੰ ਪੋਖਰਨ (ਰਾਜਸਥਾਨ) ਵਿਚ ਐਟਮੀ ਧਮਾਕੇ ਕੀਤੇ; ਪਾਕਿਸਤਾਨ ਨੇ ਪੰਦਰਾਂ ਦਿਨ ਪਿੱਛੋਂ 28 ਤੇ 30 ਮਈ 1998 ਨੂੰ ਚਗਈ (ਬਲੋਚਿਸਤਾਨ) ਵਿਚ ਇਹ ਧਮਾਕੇ ਕਰਕੇ ਬਰਾਬਰੀ ਦਾ ਦਿਖਾਵਾ ਕੀਤਾ। ਬੁਲੇਟਿਨ ਆਫ ਐਟਾਮਿਕ ਸਾਇੰਟਿਸਟਸ (ਅਮਰੀਕਾ) ਨੇ 1996 ਵਿਚ ਹੀ ਲਿਖ ਦਿੱਤਾ ਸੀ ਕਿ ਬੀ.ਜੇ.ਪੀ. ਸੱਤਾ ਵਿਚ ਆਈ ਤਾਂ ਭਾਰਤ ਹਾਈਡਰੋਜਨ ਬੰਬ ਟੈਸਟ ਕਰੇਗਾ; ਪਾਕਿਸਤਾਨ ਇਸ ਦਾ ਸਵਾਗਤ ਕਰੇਗਾ, ਕਿਉਂ ਜੋ ਉਸ ਨੂੰ ਵੀ ਆਪਣੇ ਐਟਮੀ ਹਥਿਆਰ ਪਰਖਣ ਦਾ ਬਹਾਨਾ ਮਿਲ ਜਾਏਗਾ। 1999 ਦੇ ਕਾਰਗਿਲ ਟਕਰਾਓ ਵੇਲੇ ਭਾਰਤ ਤੇ ਪਾਕਿਸਤਾਨ, ਦੋਹਾਂ ਨੇ ਘੱਟੋ-ਘੱਟ ਤੇਰਾਂ ਵਾਰ ਇਕ-ਦੂਜੇ ਨੂੰ ਐਟਮੀ ਹਥਿਆਰਾਂ ਦੀ ਧਮਕੀ ਦਿੱਤੀ। ਅਮਰੀਕਾ, ਰੂਸ, ਚੀਨ, ਫਰਾਂਸ, ਇੰਗਲੈਂਡ ਪੰਜ ਵੱਡੀਆਂ ਐਟਮੀ ਤਾਕਤਾਂ ਤੋਂ ਬਾਅਦ ਭਾਰਤ, ਪਾਕਿਸਤਾਨ ਤੇ ਉੱਤਰੀ ਕੋਰੀਆ ਐਟਮੀ ਮੁਲਕ ਹੋਣ ਦੇ ਦਾਅਵੇਦਾਰ ਹਨ। ਸਭ ਕੋਲ ਭਾਂਤ-ਭਾਂਤ ਦੇ ਬੰਬ ਹਨ। ਇਸ ਲਈ ਜਦ ਕਿਸੇ ਦੇਸ਼ ਦੀ ਸੱਤਾ ਉੱਤੇ ਬਿਰਾਜਮਾਨ ਹਾਕਮ ਨੂੰ ਗੱਦੀ ਖੁੱਸਣ ਦਾ ਖਤਰਾ ਲਗਦਾ ਹੈ ਤਾਂ ਉਹ ਐਟਮੀ ਧਮਕੀ ਦੇਣ ਤੋਂ ਗੁਰੇਜ਼ ਨਹੀਂ ਕਰਦਾ। ਅਮਰੀਕਾ/ਰੂਸ, ਅਮਰੀਕਾ/ਕੋਰੀਆ ਤੇ ਭਾਰਤ/ਪਾਕਿਸਤਾਨ ਦੇ ਤਣਾਅ ਭਰੇ ਰਿਸ਼ਤਿਆਂ ਕਾਰਨ ਕਿੰਨੀ ਵਾਰ ਲਗਦਾ ਹੈ ਕਿ ਦੁਨੀਆਂ ਬਾਰੂਦ ਦੇ ਢੇਰ ਉੱਤੇ ਬੈਠੀ ਹੈ। ਇਸ ਲਈ ‘ਮਨ ਕੀ ਬਾਤ’ ਮਤ ਕਰੋ, ‘ਅਕਲ ਕੀ ਬਾਤ’ ਕਰੋ। ਇਸ ਵੇਲੇ ਦੋਹਾਂ ਦੇਸ਼ਾਂ ਕੋਲ ਦੀਵਾਲੀ ਅਤੇ ਈਦ ਲਈ ਘੱਟੋ-ਘੱਟ ਸਵਾ ਸੌ ਬੰਬ ਹਨ। ਜੇ ਦੋਵੇਂ ਪੰਜਾਹ ਪੰਜਾਹ ਚਲਾ ਦੇਣ ਤਾਂ ਦੋਹਾਂ ਦੀ ਵਸੋਂ ਧਰਤੀ ਤੋਂ ਸਾਫ ਹੋ ਜਾਵੇਗੀ; ਕੁਝ ਤੁਰੰਤ, ਕੁਝ ਆਉਂਦੇ ਕੁਝ ਵਰ੍ਹਿਆਂ ਵਿਚ ਅੱਡੀਆਂ ਰਗੜ ਕੇ, ਬਿਮਾਰੀ, ਕਾਲ, ਭੁੱਖਮਰੀ, ਪ੍ਰਦੂਸ਼ਨ, ਰੇਡੀਏਸ਼ਨ ਤੇ ਮੌਸਮੀ ਵਿਗਾੜ ਕਰਕੇ। ਦੋਹਾਂ ਕੋਲ ਆਪਣੇ ਅਤੇ ਰੂਸ, ਚੀਨ, ਅਮਰੀਕਾ ਆਦਿ ਤੋਂ ਖਰੀਦੇ ਮਾਰੂ ਹਥਿਆਰ ਹਨ। ਨਿੱਕੀ ਜਿਹੀ ਗਲਤੀ ਨਾਲ ਡੇਢ ਅਰਬ ਲੋਕ ਮੌਤ ਦੀ ਗਰਾਹੀ ਬਣ ਜਾਣਗੇ। ਸੋਸ਼ਲ ਮੀਡੀਆ ਉੱਤੇ ਮਜ਼ਾਕ ਉਡਾਣ ਵਾਲੇ ਵੀ ਵਿਚੇ ਹੀ ਉਡ ਜਾਣਗੇ। ਤਹਿਖ਼ਾਨਿਆਂ ਵਿਚ ਲੁਕ ਕੇ ਕਿੰਨੇ ਕੁ ਤੇ ਕਿੰਨੀ ਦੇਰ ਬਹਿਣਗੇ? ਆਕਸੀਜਨ ਮੁੱਕ ਗਈ ਤਾਂ ਉਹ ਵੀ ਖਤਮ। ੀeਹ ਦੁਖੀ ਹੋਏ ਕਿਸੇ ਬੰਦੇ ਹੱਥੋਂ ਵੀ ਮਰ ਸਕਦੇ ਹਨ। ਹਿਟਲਰ ਵਾਂਗ ਆਤਮ-ਹੱਤਿਆ ਵੀ ਕਰ ਸਕਦੇ ਹਨ। ਦੋਵੇਂ ਪੰਜਾਬ, ਇਧਰਲਾ ਵੀ ਤੇ ਓਧਰਲਾ, ਸਭ ਤੋਂ ਪਹਿਲਾਂ ਇਸ ਤਬਾਹੀ ਦਾ ਸ਼ਿਕਾਰ ਹੋਣਗੇ। ਉਹ ਪੰਜਾਬ ਜਿਨ੍ਹਾਂ ਦੇ ਪੰਜਾਬੀ ਅੰਮ੍ਰਿਤਸਰ ਤੋਂ ਲਾਹੌਰ ਜਾਂ ਲਾਹੌਰੋਂ ਅੰਮ੍ਰਿਤਸਰ ਆਉਣ ਉੱਤੇ ਜੱਫੀਆਂ ਪਾਉਂਦੇ ਹਨ ਤੇ ਪੁੱਛਦੇ ਹਨ: ਇਹ ਬਰਕਤਾਂ ਕਿੱਥੋਂ ਉੱਤਰੀਆਂ ਨੇ।... ਕਿਸੇ ਐਟਮੀ ਹਮਲੇ ਦਾ ਪ੍ਰਭਾਵ ਦੇਖਣ/ਦਿਖਾਉਣ ਲਈ ਵੈਲਰਸਟਾਈਨ ਨੇ ਨਿਊਕਮੈਪ ਨਾਂ ਦਾ ਵੈੱਬਸਾਈਟ ਬਣਾਇਆ ਹੈ। ਇਸ ਨੂੰ ਵਰਤ ਕੇ ਤੁਸੀਂ ਕਿਸੇ ਟਾਰਗੈਟ ਉੱਤੇ ਕੋਈ ਬੰਬ ਸੁੱਟ ਸਕਦੇ ਹੋ, ਜਿਸ ਤਾਕਤ ਦਾ ਵੀ ਚਾਹੋ। ਮੰਨ ਲਓ, 140 ਟਨ ਦਾ ਬੰਬ ਵਾਸ਼ਿੰਗਟਨ ਡੀਸੀ ਉੱਤੇ ਸੁੱਟਿਆ, ਨਤੀਜਾ ਸਾਹਮਣੇ ਆ ਜਾਵੇਗਾ। ਦੋ ਲੱਖ ਵੀਹ ਹਜ਼ਾਰ ਬੰਦੇ ਮਰ ਜਾਣਗੇ; ਸਾਢੇ ਚਾਰ ਲੱਖ ਜ਼ਖ਼ਮੀ। ਬੰਬ ਡਿੱਗਣ ਨਾਲ ਖੁੰਭ ਵਰਗਾ ਬੱਦਲ ਬਣਨ ਵਾਲੇ ਅੱਗ ਦੇ ਗੋਲੇ ਦਾ ਪਸਾਰ ਇਕ ਬਟਾ ਚਾਰ ਵਰਗ ਮੀਲ। ਸਖਤ ਰੇਡੀਏਸ਼ਨ ਦਾ ਘੇਰਾ ਸਵਾ ਵਰਗ ਮੀਲ। ਸਤਾਰਾਂ ਵਰਗ ਮੀਲ ਘੇਰੇ ਵਿਚ ਸਭ ਬਿਲਡਿੰਗਾਂ ਢੇਰੀ ਤੇ ਮਲਬਾ ਉੱਡ ਕੇ ਚੂਰ ਚੂਰ ਹੋ ਜਾਏਗਾ। ਸਾਢੇ ਤੇਤੀ ਵਰਗ ਮੀਲ ਘੇਰੇ ਵਿਚ ਡੂੰਘੇ ਜ਼ਖ਼ਮ/ਥਰਡ ਡਿਗਰੀ ਸਾੜ (ਬਰਨਜ਼)। ਪੱਤੇ, ਕੱਪੜੇ, ਕਾਗਜ਼, ਟਹਿਣੀਆਂ ਸਭ ਸੜ ਜਾਣਗੇ। ਦਰਦ ਦਾ ਅਹਿਸਾਸ ਕਰਾਉਣ ਵਾਲੀਆਂ ਨਰਵਜ਼ ਹੀ ਮਰ ਜਾਣਗੀਆਂ। ਇਕ ਸੌ ਚੌਂਤੀ ਵਰਗ ਕਿਲੋਮੀਟਰ ਵਿਚ ਸਖਤ ਹਨੇਰੀਆਂ ਨਾਲ ਦਰਵਾਜ਼ੇ, ਸ਼ੀਸ਼ੇ, ਖਿੜਕੀਆਂ, ਕੰਧਾਂ ਚੂਰ ਹੋ ਜਾਣਗੇ। ਸਭ ਪਾਸੇ ਲਾਸ਼ਾਂ, ਮਲਬੇ, ਜ਼ਖ਼ਮੀਆਂ ਤੇ ਕੁਰਲਾਉਂਦੇ ਵਿਕਲਾਂਗ। ਅਰਬਾਂ ਡਾਲਰ ਲਾ ਕੇ ਪਤਾ ਨਹੀਂ ਕਿੰਨੇ ਦਹਾਕਿਆਂ ਵਿਚ ਸ਼ਹਿਰ ਨੂੰ ਰੇਡੀਏਸ਼ਨ ਤੋਂ ਮੁਕਤ ਕਰ ਕੇ ਪੁਨਰ ਉਸਾਰੀ ਹੋਵੇਗੀ। ਇਹ ਇਕ ਬੰਬ ਦਾ ਹਾਲ ਹੈ। ਜੰਗ ਵਿਚ ਦੋਵੇਂ ਧਿਰਾਂ ਦੂਜੀ ਧਿਰ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਲਈ ਕਾਹਲੀਆਂ ਹੁੰਦੀਆਂ ਹਨ। ਇਸ ਨਾਲ ਇਕ ਤੋਂ ਬਾਅਦ ਇਕ ਸ਼ਹਿਰ ਥੇਹ ਹੋਣਗੇ। ਅਸਮਾਨ ਕਾਲੇ ਧੂੰਏਂ ਨਾਲ ਭਰ ਜਾਏਗਾ। ਸੰਘਣੇ ਧੂੰਏਂ ਦੇ ਬੱਦਲ ਸਟਰੈਟਸਫੀਅਰ ਤੱਕ ਜਾ ਪਹੁੰਚਣਗੇ। ਰੁਟਗਰਜ਼ ਯੂਨੀਵਰਸਿਟੀ ਦਾ ਪ੍ਰੋਫੈਸਰ ਐਲਨ ਰੋਬਾਕ ਕਹਿੰਦਾ ਹੈ ਕਿ ਇਸ ਨਾਲ ਸਭ ਪਾਸੇ ਤਾਪਮਾਨ ਅਤਿ ਨੀਵਾਂ ਹੋ ਜਾਏਗਾ। ਬਾਰਸ਼ ਹੋਵੇਗੀ ਵੀ ਘੱਟ ਤੇ ਹੋਵੇਗੀ ਵੀ ਰੇਡੀਏਸ਼ਨ ਵਾਲੀ। ਫਸਲਾਂ, ਫਲ, ਸਬਜ਼ੀਆਂ, ਪਾਣੀ ਕੁਝ ਵੀ ਖਾਣ ਯੋਗ ਨਹੀਂ ਰਹਿਣਾ। ਸਭ ਪਾਸੇ ਕਾਲ, ਭੁੱਖ ਤੇ ਪਿਆਸ ਦਾ ਬੋਲਬਾਲਾ ਹੋਵੇਗਾ। ਜੇ ਕਾਲਾ ਧੂੰਆਂ 50 ਲੱਖ ਤੋਂ ਪੰਜ ਕਰੋੜ ਟਨ ਤੱਕ ਹੋਇਆ ਤਾਂ ਨਿਊਕਲੀ ਆਟਮ (ਪਤਝੜ) ਦਾ ਦ੍ਰਿਸ਼। ਜੇ ਪੰਜ ਕਰੋੜ ਤੋਂ ਪੰਦਰਾਂ ਕਰੋੜ ਟਨ ਹੋ ਗਿਆ ਤਾਂ ਨਿਊਕਲੀ ਵਿੰਟਰ। ਹੌਲੀ ਹੌਲੀ ਸਾਰੀ ਧਰਤੀ ਉੱਤੇ ਹੱਸਦੇ-ਬੋਲਦੇ ਮਨੁੱਖ ਗਾਇਬ। ਸਦੀਆਂ ਦੀ ਉਸਾਰੀ ਤਹਿਜ਼ੀਬ ਖਤਮ। ਥੇਹਾਂ ਉੱਤੇ ਕੌਣ ਰਾਜ ਕਰੇਗਾ? ਇਸ ਭਿਅੰਕਰ ਵਿਨਾਸ਼ ਤੋਂ ਬਚਣ ਲਈ ਜ਼ਰੂਰੀ ਹੈ: ਅਕਲ ਦੀ ਗੱਲ ਕਰੀਏ। ਰਸਲ ਹੌਫਮੈਨ ਨੇ ਨਿਊਕਲੀ ਤਬਾਹੀ ਦੀ ਤਸਵੀਰਕਸ਼ੀ ਕਰਦਿਆਂ 1999 ਵਿਚ ਦੱਸਿਆ ਸੀ ਕਿ ਇਕ ਮੈਗਾ ਟਨ ਦਾ ਬੰਬ ਡਿੱਗੇ ਤਾਂ ਉਸ ਦੇ ਛੇ ਵਰਗ ਮੀਲ ਘੇਰੇ ਵਿਚ ਲੋਕ ਤੁਰਤ ਉੱਡ-ਪੁੱਡ ਜਾਣਗੇ। ਉਨ੍ਹਾਂ ਦੇ ਦਿਮਾਗ ਨੂੰ ਇਸ ਦੀ ਖ਼ਬਰ ਪਹੁੰਚਣ ਤੋਂ ਵੀ ਪਹਿਲਾਂ ਭਾਣਾ ਵਾਪਰ ਜਾਏਗਾ। ਤਕਰੀਬਨ ਦਸ ਵਰਗ ਮੀਲ ਘੇਰੇ ਵਿਚ ਸਭ ਜੀਅ-ਜੰਤ ਚਿੰਦ-ਪਰਿੰਦ ਅੰਨ੍ਹੇ ਹੋ ਜਾਣਗੇ। ਪੰਜਾਹ ਮੀਲ ਦੂਰ ਬੈਠੇ ਲੋਕਾਂ ਦੀਆਂ ਅੱਖਾਂ ਬੰਬ ਦੀ ਤੇਜ਼ ਰੋਸ਼ਨੀ ਨਾਲ ਬੁਰੀ ਤਰ੍ਹਾਂ ਚੁੰਧਿਆ ਜਾਣਗੀਆਂ, ਰੈਟਿਨਾ ਖਰਾਬ ਹੋ ਜਾਣਗੇ। ਬੰਬ ਡਿੱਗਣ ਤੋਂ ਛੇ ਮੀਲ ਦੇ ਚੱਕਰ ਤੋਂ ਬਾਹਰ ਵਾਰ ਸੱਤਰ ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੀਆਂ ਤੇਜ਼ ਹਨੇਰੀਆਂ ਕੰਕਰ, ਸ਼ੀਸ਼ੇ, ਧਾਤ ਦੀਆਂ ਕਿਰਚਾਂ ਉਡਾਉਂਦੀਆਂ ਹਰ ਕਿਸੇ ਨੂੰ ਜ਼ਖ਼ਮੀ ਕਰਨਗੀਆਂ। ਬੰਬ ਦੁਆਰਾ ਪੈਦਾ ਅੱਗ ਦਾ ਗੋਲਾ ਸੌ ਵਰਗ ਮੀਲ ਘੇਰੇ ਵਿਚ ਫੈਲ ਜਾਵੇਗਾ। ਐਟਮੀ ਜੰਗ ਦੀਆਂ ਗੱਲਾਂ ਕਰਨ ਵਾਲਿਓ! ਜ਼ਰਾ ਐਟਮੀ ਤਬਾਹੀ ਦੇ ਨਕਸ਼ੇ ਉਸ ਇੰਟਰਨੈੱਟ ਤੋਂ ਹੀ ਫਰੋਲ ਕੇ ਦੇਖੋ ਜਿਸ ਨਾਲ ਤੁਸੀਂ ਨਫ਼ਰਤ ਦਾ ਪ੍ਰਚਾਰ ਕਰਦੇ ਹੋ।

*ਸਾਬਕਾ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਸੰਪਰਕ: 98722-60550

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All