ਪਠਾਨਕੋਟ ਵਿੱਚ ਆਏ ਦੋ ਨਵੇਂ ਕਰੋਨਾ ਪਾਜ਼ੇਟਿਵ

ਹਰੀਨਗਰ ਦਾ ਨੌਜਵਾਨ ਰਾਜਿੰਦਰ ਕੁਮਾਰ ਪਾਜ਼ੇਟਿਵ ਪਾਏ ਜਾਣ ਬਾਅਦ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਏ ਜਾਣ ਦਾ ਦ੍ਰਿਸ਼।

ਪੱਤਰ ਪ੍ਰੇਰਕ ਪਠਾਨਕੋਟ, 21 ਮਈ ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਮੁੜ ਦੋ ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚ ਇੱਕ ਪਾਜ਼ੇਟਿਵ ਨੌਜਵਾਨ ਸਥਾਨਕ ਹਰੀ ਨਗਰ ਦਾ ਰਹਿਣ ਵਾਲਾ ਹੈ ਜਦ ਕਿ ਦੂਜਾ ਨੌਜਵਾਨ ਨਜ਼ਦੀਕੀ ਪਿੰਡ ਕੋਟਲੀ ਮੁਗਲਾਂ ਦਾ ਰਹਿਣ ਵਾਲਾ ਹੈ। ਇਸ ਤੋਂ ਇੱਕ ਮਹੀਨਾ ਪਹਿਲਾਂ ਮੁਹੱਲਾ ਆਨੰਦਪੁਰ ਹੌਟਸਪਾਟ ਦੀ ਲਿਸਟ ਵਿੱਚ ਆਇਆ ਸੀ। ਹੁਣ ਮੁਹੱਲਾ ਹਰੀ ਨਗਰ ਵਿੱਚ ਦੂਸਰਾ ਮਾਮਲਾ ਆ ਜਾਣ ਬਾਅਦ ਹਰੀ ਨਗਰ ਵੀ ਸ਼ਹਿਰ ਦਾ ਦੂਸਰਾ ਹੌਟਸਪਾਟ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਹਰੀ ਨਗਰ ਵਾਸੀ ਨੌਜਵਾਨ ਦੀ ਨਾ ਤਾਂ ਕੋਈ ਟਰੈਵਲ ਹਿਸਟਰੀ ਹੈ ਅਤੇ ਨਾ ਹੀ ਕੋਈ ਹੋਰ ਕਾਰਨ ਕਿਉਂਕਿ ਉਕਤ ਨੌਜਵਾਨ ਨੂੰ ਕੁਝ ਦਿਨ ਪਹਿਲਾਂ ਹਲਕੇ ਬੁਖਾਰ ਦੀ ਸ਼ਿਕਾਇਤ ਹੋਈ ਸੀ। ਇਸ ਤੋਂ ਬਾਅਦ ਉਹ ਖੁਦ ਹੀ ਆਪਣੀ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਗਿਆ ਸੀ। ਇੱਥੇ ਉਸ ਨੇ ਕਰੋਨਾ ਸਬੰਧੀ ਸੈਂਪਲ ਦਿੱਤਾ ਸੀ। ਉਕਤ ਨੌਜਵਾਨ ਪਹਿਲਾਂ ਸਮੋਸੇ ਵੇਚਣ ਦੀ ਰੇਹੜੀ ਲਗਾਉਂਦਾ ਸੀ ਪਰ ਲੌਕਡਾਊਨ ਦੇ ਦੌਰਾਨ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਜਦ ਕਿ ਦੂਸਰਾ ਨੌਜਵਾਨ ਜੋ ਕਿ ਪਿੰਡ ਨਾਲ ਸਬੰਧਿਤ ਹੈ ਪਰ ਉਹ ਕੁਝ ਦਿਨ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ। ਇਸ ਕਾਰਨ ਉਸ ਨੂੰ ਬਧਾਨੀ ਸਥਿਤ ਆਈਸੋਲੇਸ਼ਨ ਵਾਰਡ ਵਿੱਚ ਪ੍ਰਸ਼ਾਸਨ ਵੱਲੋਂ ਬਣਾਏ ਗਏ ਕੁਆਰੰਟਾਈਨ ਸੈਂਟਰ ਵਿੱਚ ਰੱਖਿਆ ਹੋਇਆ ਸੀ। ਉਹ ਪਾਜ਼ੇਟਿਵ ਪਾਇਆ ਗਿਆ। ਜਾਣਕਾਰੀ ਅਨੁਸਾਰ ਹੁਣ ਤੱਕ 29 ਕੁੱਲ ਕਰੋਨਾ ਪਾਜ਼ੇਟਿਵ ਪਾਏ ਗਏ ਪਰ ਅੱਜ ਦੋ ਅਤੇ ਨਵੇਂ ਕੇਸ ਆ ਜਾਣ ਨਾਲ ਹੁਣ ਜ਼ਿਲ੍ਹੇ ਵਿੱਚ ਕਰੋਨਾ ਨਾਲ ਪੀੜਤਾਂ ਦੀ ਸੰਖਿਆ 31 ਦੇ ਕਰੀਬ ਪੁੱਜ ਗਈ ਹੈ।

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸੱਤ ਨਵੇਂ ਕਰੋਨਾ ਪਾਜ਼ੇਟਿਵ ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 7 ਹੋਰ ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿੱਚ 5 ਮਰੀਜ਼ ਬੀਤੇ ਦਿਨੀਂ ਪਿੰਡ ਜਲਾਲਪੁਰ ਦੇ ਉਸ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ, ਜਿਸ ਦੀ ਗੁਰਦਿਆਂ ’ਚ ਤਕਲੀਫ਼ ਹੋਣ ਕਾਰਨ ਜਲੰਧਰ ਦੇ ਕਿਡਨੀ ਹਸਪਤਾਲ ’ਚ ਮੌਤ ਹੋ ਗਈ ਸੀ। ਮ੍ਰਿਤਕ ਦੀ ਜਾਂਚ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਸੀ। ਹਲਕਾ ਦਸੂਹਾ ਦੇ ਪਿੰਡ ਦਾਤਾ ਨਾਲ ਸਬੰਧਤ ਹੈ ਜਦੋਂ ਕਿ ਇੱਕ ਮਹਾਂਰਾਸ਼ਟਰ ਤੋਂ ਆਇਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 103 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 1710 ਨਮੂਨੇ ਲਏ ਗਏ ਜਿਨ੍ਹਾਂ ਵਿੱਚੋਂ 1462 ਨੈਗੇਟਿਵ ਅਤੇ 103 ਪਾਜ਼ੇਟਿਵ ਪਾਏ ਗਏ ਹਨ ਜਦੋਂਕਿ 115 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। 29 ਨਮੂਨੇ ਇਨਵੈਲਡ ਪਾਏ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ 89 ਮਰੀਜ਼ ਤੰਦਰੁਸਤ ਹੋ ਕੇ ਘਰ ਜਾ ਚੁੱਕੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All