ਪਟਿਆਲਾ ਦੀ ਕ੍ਰਿਕਟ ਟੀਮ ਬਣੀ ਚੈਂਪੀਅਨ

ਪਟਿਆਲਾ ਦੀ ਜੇਤੂ ਕ੍ਰਿਕਟ ਟੀਮ ਟਰਾਫ਼ੀ ਪ੍ਰਾਪਤ ਕਰਦੀ ਹੋਈ।

ਰਵੇਲ ਸਿੰਘ ਭਿੰਡਰ ਪਟਿਆਲਾ, 14 ਅਕਤੂਬਰ ਇੱਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿੱਚ ਪੰਜਾਬ ਸਕੂਲ ਖੇਡਾਂ ਦੇ ਅੰਡਰ-17 (ਲੜਕੇ) ਕ੍ਰਿਕਟ ਮੁਕਾਬਲਿਆਂ ਵਿੱਚ ਪਟਿਆਲਾ ਦੀ ਟੀਮ ਨੇ ਟਰਾਫ਼ੀ ਜਿੱਤ ਲਈ ਹੈ। ਮੁਹਾਲੀ ਦੂਜੇ ਅਤੇ ਮੋਗਾ ਤੀਜੇ ਸਥਾਨ ’ਤੇ ਰਿਹਾ। ਸਾਬਕਾ ਈਓ ਦਵਿੰਦਰਪਾਲ ਸ਼ਰਮਾ ਤੇ ਈਓ ਰਾਜਿੰਦਰ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਸਾਰੇ ਮੈਚ 20-20 ਓਵਰਾਂ ਦੇ ਹੋਏ। ਫਾਈਨਲ ਵਿੱਚ ਹਰਸ਼ (35 ਦੌੜਾਂ) ਅਤੇ ਹਰਜਸ (34 ਦੌੜਾਂ) ਦੀਆਂ ਪਾਰੀਆਂ ਦੀ ਬਦੌਲਤ ਪਟਿਆਲਾ ਨੇ 160 ਦੌੜਾਂ ਬਣਾਈਆਂ। ਮੁਹਾਲੀ ਦੇ ਮਯੰਕ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਜਵਾਬ ਵਿੱਚ ਮੁਹਾਲੀ 118 ਦੌੜਾਂ ’ਤੇ ਆਊਟ ਹੋ ਗਈ ਅਤੇ 42 ਦੌੜਾਂ ਨਾਲ ਹਾਰ ਗਈ। ਮਹਿਕ ਨੇ 39 ਦੌੜਾਂ ਅਤੇ ਮਹਿਤਾਬ ਸਿੰਘ 17 ਦੌੜਾਂ ਬਣਾਈਆਂ। ਪਟਿਆਲਾ ਦਾ ਨਿਖਿਲ ਚਾਰ ਵਿਕਟਾਂ ਲੈ ਕੇ ਸਰਵੋਤਮ ਖਿਡਾਰੀ ਬਣਿਆ। ਦੋਵਾਂ ਟੀਮਾਂ ਦੇ ਖਿਡਾਰੀਆਂ ਵਿੱਚ ਤਕਰਾਰ ਕਾਰਨ ਕੁੱਝ ਸਮਾਂ ਮੈਚ ਨੂੰ ਰੋਕਣਾ ਪਿਆ। ਖਿਡਾਰੀਆਂ ਦੀ ਆਪਸੀ ਬਹਿਸ ਵਿੱਚ ਕੋਚ ਵੀ ਉਲਝ ਗਏ। ਹਾਲਾਂਕਿ ਇਸ ਸਬੰਧੀ ਕਿਸੇ ਧਿਰ ਨੇ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਨੂੰ ਲਿਖਤੀ ਸ਼ਿਕਾਇਤ ਨਹੀਂ ਕੀਤੀ। ਤੀਜੇ ਸਥਾਨ ਲਈ ਮੋਗਾ ਨੇ ਫਿਰੋਜ਼ਪੁਰ ਨੂੰ 16 ਦੌੜਾਂ ਨਾਲ ਸ਼ਿਕਸਤ ਦਿੱਤੀ। ਬਾਸਕਟਬਾਲ (ਲੜਕੀਆਂ) ਦੇ ਅੰਡਰ-17 ਵਰਗ ਵਿੱਚ ਪਟਿਆਲਾ ਨੇ ਸੰਗਰੂਰ ਨੂੰ 30-20, ਅੰਮ੍ਰਿਤਸਰ ਵਿੰਗ ਨੇ ਜਲੰਧਰ ਨੂੰ 48-6, ਲੁਧਿਆਣਾ ਨੇ ਫਤਹਿਗੜ੍ਹ ਸਾਹਿਬ ਨੂੰ 28-8, ਮਾਨਸਾ ਨੇ ਫਾਜ਼ਿਲਕਾ ਨੂੰ 34-12, ਮੁਹਾਲੀ ਨੇ ਬਠਿੰਡਾ ਨੂੰ, ਘੁੱਦਾ ਵਿੰਗ ਨੇ ਅੰਮ੍ਰਿਤਸਰ ਨੂੰ 28-8 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਮੁਕੇਬਾਜ਼ੀ ਵਿੱਚ ਲੜਕੀਆਂ ਦੇ ਸ਼ੁਰੂਆਤੀ ਗੇੜ ਦੇ ਮੁਕਾਬਲੇ ਵੀ ਅੱਜ ਸ਼ੁਰੂ ਹੋ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All