ਨੱਚਣ ਵਾਲਾ ਹਿਰਨ

ਗੁਰਮੀਤ ਸਿੰਘ ਨੱਚਣ ਵਾਲਾ ਹਿਰਨ ਸਿਰਫ਼ ਭਾਰਤ ਵਿਚ ਹੀ ਮਿਲਦਾ ਹੈ। ਇਸ ਨੂੰ ਅੰਗਰੇਜ਼ੀ ਵਿਚ ‘“he Brow-antlered deer ਜਾਂ ਫਿਰ “he Dancing deer ਕਿਹਾ ਜਾਂਦਾ ਹੈ। ਮਨੀਪੁਰ ਇਲਾਕੇ ਵਿਚ ਇਸ ਨੂੰ ਸੰਗਾਈ ਵੀ ਕਿਹਾ ਜਾਂਦਾ ਹੈ। ਇਸ ਹਿਰਨ ਦੀ ਕਿਸਮ ਭਾਰਤ ਦੇ ਮਨੀਪੁਰ ਰਾਜ ਵਿਚ ਹੀ ਮਿਲਦੀ ਹੈ। ਇਹ ਇੱਥੋਂ ਦੀ ਪ੍ਰਸਿੱਧ ਰਾਸ਼ਟਰੀ ਪਾਰਕ ਕੀਬੁਲ ਲਾਮਜਾਓ ਜੋ ਕਿ ਲੋਕਟਾਕ ਝੀਲ ਦੇ ਦੱਖਣ-ਪੂਰਬੀ ਹਿੱਸੇ ਵਿਚ ਪੈਂਦੀ ਹੈ, ਵਿਚ ਰਹਿੰਦਾ ਹੈ। ਇਸ ਝੀਲ ਦੇ ਜ਼ਿਆਦਾ ਹਿੱਸੇ ’ਤੇ ਇੱਥੋਂ ਦੀ ਇਕ ਬੂਟੀ ਤੈਰਦੀ ਰਹਿੰਦੀ ਹੈ, ਜਿਸਨੂੰ ਲੋਕ ‘ਫੂਮਦੀ’ ਕਹਿੰਦੇ ਹਨ। ਇਹ ਪੂਰੀ ਝੀਲ ਇਸ ਨਾਲ ਢਕੀ ਹੋਈ ਹੈ। ਨੱਚਣ ਵਾਲੇ ਹਿਰਨ ਦੀ ਇਹ ਮਨਭਾਉਂਦੀ ਥਾਂ ਹੈ। ਫੂਮਦੀ ਜੈਵਿਕ ਮਲਬੇ ਅਤੇ ਮਿੱਟੀ ਨਾਲ ਬਾਇਓਮਾਸ ਨੂੰ ਇਕੱਠਾ ਕਰਕੇ ਬਣੀ ਹੋਈ ਬਨਸਪਤੀ ਹੈ। ਇਸਦੀ ਮੋਟਾਈ ਕੁਝ ਸੈਂਟੀਮੀਟਰ ਤੋਂ ਲੈ ਕੇ ਦੋ ਮੀਟਰ ਤਕ ਹੁੰਦੀ ਹੈ। ਇਹ ਹਿਰਨ ਜਦੋਂ ਇਸ ਤੈਰਦੀ ਹੋਈ ਬੂਟੀ ਉੱਤੇ ਚੱਲਦਾ ਹੈ ਤਾਂ ਇਸ ਦੇ ਖੁਰ ਬੂਟੀ ਵਿਚ ਧੱਸਦੇ ਹਨ। ਜਦੋਂ ਇਹ ਸਾਰੇ ਹਿਰਨ ਟਪੂਸੀਆਂ ਮਾਰ-ਮਾਰ ਕੇ ਆਪਣੇ ਖੁਰ ਬੂਟੀ ਤੋਂ ਚੁੱਕਦੇ ਹਨ ਤਾਂ ਝੀਲ ਤੋਂ ਬਾਹਰ ਖੜ੍ਹੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਹਿਰਨ ਨੱਚ ਰਹੇ ਹਨ। ਇਸ ਲਈ ਲੋਕਾਂ ਵੱਲੋਂ ਇਸ ਨੂੰ ‘ਡਾਂਸਿੰਗ ਡੀਅਰ’ ਜਾਂ ਨੱਚਣ ਵਾਲਾ ਹਿਰਨ ਦਾ ਨਾਂ ਦੇ ਦਿੱਤਾ ਗਿਆ ਹੈ। ਇਹ ਮੱਧਮ ਆਕਾਰ ਦਾ ਹਿਰਨ ਹੈ। ਇਸ ਦੇ ਸਿੰਗ 100-110 ਸੈਂਟੀਮੀਟਰ ਤਕ ਲੰਬੇ ਹੁੰਦੇ ਹਨ। ਸਿੰਗ ਭੂਰੀ ਝਲਕ ਮਾਰਦੇ ਹਨ, ਇਸ ਲਈ ਇਨ੍ਹਾਂ ਨੂੰ ‘ਬਰੋ ਐਂਟਲਰਡ ਡੀਅਰ’ ਵੀ ਕਿਹਾ ਜਾਂਦਾ ਹੈ। ਇਕ ਵੱਡੇ ਹਿਰਨ ਦੀ ਉੱਚਾਈ 115 ਤੋਂ 125 ਸੈਂਟੀਮੀਟਰ ਅਤੇ ਭਾਰ 95 ਤੋਂ 110 ਕਿਲੋਗ੍ਰਾਮ ਦੇ ਲਗਪਗ ਹੁੰਦਾ ਹੈ। ਮਾਦਾ ਦਾ ਭਾਰ ਨਰ ਨਾਲੋਂ ਘੱਟ ਹੁੰਦਾ ਹੈ। ਪੂਛ ਛੋਟੀ ਹੁੰਦੀ ਹੈ। ਪ੍ਰਜਣਨ ਦਾ ਸਮਾਂ ਫਰਵਰੀ ਤੋਂ ਮਈ ਵਿਚਕਾਰ ਹੁੰਦਾ ਹੈ। ਨਰ, ਮਾਦਾ ਨਾਲ ਪ੍ਰਜਣਨ ਤੋਂ ਪਹਿਲਾਂ ਇਕ ਦੂਸਰੇ ਨਰ ਨਾਲ ਮਾਦਾ ਪਿੱਛੇ ਮੁਕਾਬਲਾ ਕਰਦੇ ਹਨ। ਮਾਦਾ ਹਿਰਨੀ 220 ਤੋਂ 240 ਦਿਨ ਲੰਬੇ ਗਰਭਕਾਲ ਤੋਂ ਬਾਅਦ ਆਮ ਤੌਰ ’ਤੇ ਇਕ ਬੱਚੇ ਨੂੰ ਜਨਮ ਦਿੰਦੀ ਹੈ। ਬੱਚਾ 18 ਮਹੀਨੇ ਤੋਂ ਬਾਅਦ ਜਿਣਸੀ ਤੌਰ ’ਤੇ ਪਰਿਪੱਕ ਹੋ ਜਾਂਦਾ ਹੈ।

ਗੁਰਮੀਤ ਸਿੰਘ

ਇਹ ਹਿਰਨ ਪਾਣੀ ਵਿਚ ਉੱਗੇ ਕਈ ਕਿਸਮ ਦੇ ਪੌਦੇ, ਘਾਹ, ਜ਼ਹਿਰੀਲੇ ਪੌਦੇ ਆਦਿ ਖਾਂਦੇ ਹਨ। ਇਹ ਆਮਤੌਰ ’ਤੇ 10 ਸਾਲ ਤਕ ਦੀ ਉਮਰ ਭੋਗਦਾ ਹੈ। ਮਨੀਪੁਰ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਲੋਕ ਇਸਦਾ ਸਤਿਕਾਰ ਕਰਦੇ ਹਨ ਤਾਂ ਇਹ ਸਮਝਿਆ ਜਾਂਦਾ ਹੈ ਕਿ ਉਹ ਅਸਲ ਵਿਚ ਕੁਦਰਤ ਦਾ ਸਤਿਕਾਰ ਕਰ ਰਹੇ ਹਨ। ਇਸ ਨੂੰ ਮਨੀਪੁਰ ਦਾ ਰਾਜ ਜੰਗਲੀ ਜਾਨਵਰ ਵੀ ਬਣਾਇਆ ਗਿਆ ਹੈ। ਸੰਗਾਈ ਨੂੰ ਇਕ ਬਹੁਤ ਘੱਟ ਮਿਲਣ ਵਾਲੀ ਪ੍ਰਜਾਤੀ ਵਜੋਂ ਜਾਣਿਆ ਜਾਂਦਾ ਹੈ। ਇੰਟਰਨੈਸ਼ਨਲ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ (ਆਈ.ਯੂ.ਸੀ.ਐੱਨ.) ਨੇ ਇਸਨੂੰ ਘੱਟ ਮਿਲਣ ਵਾਲੀ ਪ੍ਰਜਾਤੀ ਵਜੋਂ ਐਲਾਨ ਦਿੱਤਾ ਹੈ। ਭਾਰਤ ਸਰਕਾਰ ਨੇ ਇਸਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਵਿਚ ਐਕਟ ਦੀ ਸੂਚੀ ਇਕ ਵਿਚ ਦਰਜ ਕਰ ਲਿਆ ਹੈ। ਇਸਨੂੰ ਮਾਰਨ ਵਾਲੇ ਨੂੰ ਘੱਟ ਤੋਂ ਘੱਟ ਤਿੰਨ ਸਾਲ ਦੀ ਸਜ਼ਾ ਹੈ ਜਿਸਨੂੰ ਸੱਤ ਸਾਲ ਤਕ ਵਧਾਇਆ ਜਾ ਸਕਦਾ ਹੈ। *ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ,ਪੰਜਾਬ। ਸੰਪਰਕ : 98884-56910

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All