ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਸਰਕਾਰ ਗੀਤਾਂ ਲਈ ਸੈਂਸਰ ਬੋਰਡ ਕਿਉਂ ਨਹੀਂ ਬਣਾਉਂਦੀ

ਬੇਸ਼ੱਕ ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ, ਪਰ ਓਹ ਸੰਗੀਤ ਸਾਨੂੰ ਚੰਗੇ ਪਾਸੇ ਲੈ ਕੇ ਜਾਣ ਵਾਲਾ ਵੀ ਹੋਣਾ ਚਾਹੀਦਾ ਹੈ। ਅੱਜ-ਕੱਲ੍ਹ ਅਸੀਂ ਸੁਣ ਤੇ ਵੇਖ ਹੀ ਰਹੇ ਹਾਂ ਕਿ ਕਿਹੋ ਜਿਹਾ ਸੰਗੀਤ ਸਾਡੀ ਝੋਲੀ ਪੈ ਰਿਹਾ ਹੈ। ਗੰਦ-ਮੰਦ, ਬਦਮਾਸ਼ੀ, ਫੁਕਰਾਪੁਣਾ ਤੇ ਨੰਗਪੁਣੇ ਤੋਂ ਬਿਨਾਂ ਹੋਰ ਕੱਖ ਨਹੀਂ। ਇਸਤਰੀ ਦੀ ਇੱਜ਼ਤ ਨੂੰ ਸ਼ਰੇਆਮ ਰੋਲਿਆ ਹੈ, ਮਾੜੇ ਤੋਂ ਮਾੜੇ ਲਫ਼ਜ਼ ਵਰਤੇ ਜਾ ਰਹੇ ਹਨ। ਸਮਾਜ ਨੂੰ ਸਹੀ ਨਹੀਂ ਗ਼ਲਤ ਰਸਤਾ ਵਿਖਾਇਆ ਜਾ ਰਿਹਾ ਹੈ। ਕਸੂਰ ਇਕੱਲੇ ਗਾਇਕਾਂ-ਗੀਤਕਾਰਾਂ ਦਾ ਹੀ ਨਹੀਂ, ਕੰਪਨੀਆਂ ਅਜਿਹਾ ਕੁਝ ਪੇਸ਼ ਕਰਦੀਆਂ ਹਨ ਤੇ ਲੋਕ ਹੁੱਬ-ਹੁੱਬ ਕੇ ਦੇਖਦੇ ਹਲ। ਸਰਕਾਰ ਸੈਂਸਰ ਬੋਰਡ ਕਿਉਂ ਨਹੀਂ ਬਣਾਉਂਦੀ। ਮੱਖਣ ਸ਼ੇਰੋਂ ਵਾਲਾ, ਪਿੰਡ ਤੇ ਡਾਕ ਸ਼ੇਰੋਂ ਤਹਿ. ਸੁਨਾਮ, ਜ਼ਿਲ੍ਹਾ ਸੰਗਰੂਰ। ਸੰਪਰਕ: 98787-98726

ਨੌਜਵਾਨਾਂ ਨੂੰ ਕੁਰਾਹੇ ਪਾ ਰਹੀ ਲੱਚਰਤਾ

ਸਾਫ ਸੁਥਰੀ ਗਾਇਕੀ ਅੱਜ-ਕੱਲ੍ਹ ਦੇ ਬਹੁਤ ਘੱਟ ਗਾਇਕ ਗਾ ਰਹੇ ਹਨ ਤੇ ਜੋ ਲਿਖਿਆ ਤੇ ਗਾਇਆ ਜਾ ਰਿਹਾ ਹੈ ਉਹ ਨੌਜਵਾਨਾਂ ਨੂੰ ਕੁਰਾਹੇ ਹੀ ਪਾ ਰਿਹਾ ਹੈ। ਅੱਜ-ਕੱਲ੍ਹ ਦੇ ਗੀਤ ਸਿਰਫ ਲੱਚਰਤਾ, ਵੈਲਪੁਣਾ, ਨਸ਼ਿਆਂ ਤੇ ਜਾਤੀਵਾਦ ਤਕ ਹੀ ਸੀਮਿਤ ਰਹਿ ਗਏ ਹਨ। ਇਨ੍ਹਾਂ ਲੱਚਰ ਗੀਤਾਂ ਨੇ ਪੰਜਾਬ ਤੇ ਪੰਜਾਬੀਅਤ ਦਾ ਬਹੁਤ ਨੁਕਸਾਨ ਕੀਤਾ। ਇਸ ਵਿਚ ਗਲਤੀ ਸਾਡੀ ਵੀ ਹੈ ਕਿ ਅਸੀਂ ਇਹ ਸਭ ਸੁਣਨ ਨੂੰ ਪਹਿਲ ਦਿੰਦੇ ਹਾਂ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਚੰਗਾ ਗਾਉਣ ਤੇ ਲਿਖਣ ਵਾਲਿਆਂ ਨੂੰ ਹੀ ਸਪੋਰਟ ਕਰਨ। ਲੱਚਰਤਾ ਪੰਜਾਬੀ ਸਮਾਜ ਦਾ ਹਿੱਸਾ ਨਹੀਂ ਹੈ। ਨਵਜੋਤ ਸਿੰਘ, ਪਿੰਡ ਤੇ ਡਾਕਖਾਨਾ ਭਾਨਾਂ, ਜ਼ਿਲ੍ਹਾ ਹੁਸ਼ਿਆਰਪੁਰ।

ਮਾੜੇ ਗੀਤਾਂ ਨੇ ਪੰਜਾਬੀਆਂ ਦਾ ਅਕਸ ਹਾਸੋਹੀਣਾ ਬਣਾਇਆ

ਕਿਸੇ ਸਮੇਂ ਗੀਤ ਸਾਡੇ ਸੱਭਿਆਚਾਰ ਦਾ ਸ਼ੀਸ਼ਾ ਹੁੰਦੇ ਸਨ। ਪਰ ਅੱਜ ਦੇ ਸਮੇਂ ਦੇ ਗੀਤਾਂ ਦੀ ਲੱਚਰਤਾ ਨੇ ਸੱਭਿਆਚਾਰ ਦੇ ਅਕਸ ਨੂੰ ਡਾਵਾਂਡੋਲ ਕਰ ਦਿੱਤਾ ਹੈ। ਅੱਜ ਦੇ ਸਮੇਂ ਦੇ ਗੀਤਾਂ ਵਿਚਲੀ ਲੱਚਰਤਾ ਜੋ ਕਿ ਵੀਡਿਓ ਰਾਹੀਂ ਫਿਲਮਾਈ ਜਾਂਦੀ ਹੈ, ਉਹ ਹੁੰਦੀ ਤਾਂ ਕਾਲਪਨਿਕ ਹੈ, ਪਰ ਨੌਜਵਾਨਾਂ ਦੁਆਰਾ ਵਾਸਤਵਿਕਤਾ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਕਈ ਵਾਰ ਬੇਹੱਦ ਖਤਰਨਾਕ ਸਾਬਤ ਹੁੰਦੀ ਹੈ। ਗੀਤਾਂ ਵਿੱਚ ਜਿਸ ਤਰ੍ਹਾਂ ਪੰਜਾਬੀਆਂ ਨੂੰ ਦਿਖਾਇਆ ਜਾਂਦਾ ਹੈ, ਉਸ ਨੇ ਪੰਜਾਬੀਆਂ ਦੀ ਸਥਿਤੀ ਨੂੰ ਬਹੁਤ ਹੀ ਹਾਸੋਹੀਣਾ ਬਣਾ ਦਿੱਤਾ ਹੈ। ਅੱਜ ਦੇ ਗੀਤ ਬੱਚਿਆਂ ਨੂੰ ਅਜਿਹੀ ਮਨੋਵਿਗਿਆਨਕ ਸੇਧ ਦਿੰਦੇ ਹਨ ਜੋ ਉਨ੍ਹਾਂ ਨੂੰ ਕੁਰਾਹੇ ਪਾਉਂਦੀ ਹੈ। ਪਰਮਿੰਦਰ ਕੌਰ ਪੱਵਾਰ, ਪਿੰਡ ਭੰਬਾ ਵੱਟੂ, ਜ਼ਿਲ੍ਹਾ ਫਾਜ਼ਿਲਕਾ।

ਲੱਚਰਤਾ ਨੂੰ ਨੱਥ ਪਾਉਣੀ ਜ਼ਰੂਰੀ

ਸੰਗੀਤ ਰੂਹ ਨੂੰ ਸਕੂਨ ਦੇਣ ਦਾ ਵਧੀਆ ਸਾਧਨ ਹੈ ਪਰ ਅਜੋਕੀ ਗਾਇਕੀ ਸਕੂਨ ਦੇਣ ਦੀ ਥਾਂ ਰੂਹ ਨੂੰ ਜ਼ਖ਼ਮੀ ਕਰਨ ਵਾਲੀ ਹੈ। ਅਜੋਕੇ ਗਾਇਕ ਅਤੇ ਗੀਤਕਾਰ ਸ਼ਹੀਦਾਂ, ਸੂਰਵੀਰਾਂ ਅਤੇ ਅਣਖੀਲੇ ਯੋਧਿਆਂ ਦੀ ਪੰਜਾਬੀ ਕੌਮ ਨੂੰ ਨਸ਼ੇੜੀ, ਗੈਂਗਸਟਰ, ਵਿਹਲੜ ਅਤੇ ਅਸਹਿਣਸ਼ੀਲ ਬਣਾ ਕੇ ਪੇਸ਼ ਕਰ ਰਹੇ ਹਨ। ਗੀਤਾਂ ਦੇ ਫਿਲਮਾਂਕਣ ਵਿੱਚ ਹਥਿਆਰ, ਮਹਿੰਗੇ ਸ਼ੌਕ ਅਤੇ ਨੰਗੇਜ ਦਾ ਬਹੁਤ ਭਾਰੀ ਬੋਲਬਾਲਾ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਨੂੰ ਪਰਿਵਾਰ ਵਿੱਚ ਬੈਠ ਕੇ ਦੇਖ-ਸੁਣ ਨਹੀਂ ਸਕਦੇ। ਗਾਇਕਾਂ ਤੇ ਗੀਤਕਾਰਾਂ ਨੇ ਸਿੱਖਿਆ ਸੰਸਥਾਵਾਂ ਨੂੰ ਆਸ਼ਕੀ ਅਤੇ ਲੜਾਈ ਦੇ ਅੱਡੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬੀ ਸੱਭਿਅਤਾ ਅਤੇ ਮਾਂ ਬੋਲੀ ਕਾਇਮ ਰੱਖਣ ਲਈ ਲੱਚਰ ਗਾਇਕੀ ਨੂੰ ਠੱਲ੍ਹ ਪਾਉਣੀ ਜ਼ਰੂਰੀ ਹੈ। ਸਤਗੁਰ ਸਿੰਘ, ਪਿੰਡ ਗੰਢੂ ਖੁਰਦ, ਜ਼ਿਲ੍ਹਾ ਮਾਨਸਾ।

ਲੱਚਰਤਾ ਪੰਜਾਬੀਅਤ ਨੂੰ ਦਾਗ਼ਦਾਰ ਕਰ ਰਹੀ

ਗੀਤ ਕਿਸੇ ਖਿੱਤੇ ਦੇ ਸਮਾਜਿਕ ਸਭਿਆਚਾਰ ਦੇ ਨਕਸ਼-ਨੁਹਾਰ ਹੁੰਦੇ ਹਨ। ਗੀਤਾਂ ਵਿੱਚੋਂ ਹੀ ਉਸ ਸਮਾਜ ਦੀ ਝਲਕ ਨਜ਼ਰ ਆਉਂਦੀ ਹੈ। ਪਰੰਤੂ ਅਜੋਕੀ ਪੰਜਾਬੀ ਗਾਇਕੀ ਲੱਚਰਤਾ ਨਾਲ ਪੰਜਾਬੀਅਤ ਨੂੰ ਦਾਗਦਾਰ ਕਰ ਰਹੀ ਹੈ। ਅਜੋਕੀ ਗਾਇਕੀ ਵਿੱਚ ਹਥਿਆਰ, ਨੰਗੇਜ਼ਬਾਦ, ਨਸ਼ਾ, ਮਹਿੰਗੀਆਂ ਕਾਰਾਂ, ਮੋਟਰਸਾਈਕਲ, ਮਹਿੰਗੇ ਕਪੜੇ, ਸ਼ਰਾਬ, ਬਦਮਾਸ਼ੀ, ਬੰਦੂਕਾਂ, ਤਲਵਾਰਾਂ, ਭੜਕਾਊ ਸ਼ਬਦਾਵਲੀ ਆਦਿ ਦਾ ਪ੍ਰਯੋਗ ਹੁੰਦਾ ਹੈ, ਜੋ ਸਾਡੇ ਸਮਾਜ ਲਈ ਘਾਤਕ ਹੁੰਦਾ ਹੈ। ਇਸ ਕਰਕੇ ਅਣਮਨੱਖੀ ਘਟਨਾਵਾਂ ਸਾਡੇ ਸਮਾਜ ਵਿੱਚ ਨਿੱਤ ਵਾਪਰਦੀਆਂ ਹਨ। ਪੰਜਾਬੀ ਸੰਗੀਤ ਇੰਡਸਟਰੀ ਲਈ ਵੀ ਕੋਈ ਸੈਂਸਰ ਬੋਰਡ ਅਤੀ ਜ਼ਰੂਰੀ ਹੈ, ਤਾਂ ਜੋ ਪੰਜਾਬੀਅਤ ਦਾ ਘਾਣ ਕਰਨ ਵਾਲੇ ਗੀਤਾਂ ਨੂੰ ਨੱਥ ਪਾਈ ਜਾ ਸਕੇ। ਗੁਲਸ਼ੇਰ ਸਿੰਘ ਚੀਮਾ, ਰਾਮਗੜ੍ਹ ਸਰਦਾਰਾਂ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ। ਸੰਪਰਕ: 95929-63950

ਲੱਚਰਤਾ ਦਾ ਛੋਟੇ-ਛੋਟੇ ਬੱਚਿਆਂ ’ਤੇ ਮਾੜਾ ਅਸਰ

ਇੱਕ ਸਮਾਂ ਸੀ ਜਦੋਂ ਮਾਂ ਬੱਚੇ ਨੂੰ ਰੋਟੀ ਖਿਵਾਉਣ ਸਮੇਂ ਜਾਂ ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ ਕਹਾਣੀਆਂ ਸੁਣਾਇਆ ਕਰਦੀ ਸੀ ਤੇ ਅੱਜ ਦਾ ਸਮਾਂ ਹੈ ਕਿ ਮਾਂ ਆਪਣੇ ਬੱਚੇ ਨੂੰ ਮੋਬਾਈਲ ਰਾਹੀਂ ਲੱਚਰ ਗੀਤ ਲਗਾ ਕੇ ਵਿਖਾਉਂਦੀ ਹੋਈ ਬੱਚੇ ਨੂੰ ਖਾਣਾ ਖਵਾਉਂਦੀ ਹੈ, ਬੇਸ਼ੱਕ ਇਹ ਗੀਤ ਬੱਚੇ ਦੀ ਸਮਝ ਤੋਂ ਬਾਹਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇੱਕ ਵਿਅਕਤੀ ਦੀ ਸੋਚ ’ਤੇ ਕਾਫੀ ਹੱਦ ਤੱਕ ਉਸ ਨੂੰ ਦਿੱਤੀ ਮੁੱਢਲੀ ਸਿੱਖਿਆ (ਮਾਂ-ਬਾਪ ਵੱਲੋਂ) ਦਾ ਬਹੁਤ ਪ੍ਰਭਾਵ ਰਹਿੰਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਲੱਚਰਤਾ ਭਰੇ ਗੀਤਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੀਏ। ਰਜਤ ਸੱਚਦੇਵਾ, ਕਰਤਾਰਪੁਰਾ ਮੁਹੱਲਾ, ਨਾਭਾ। ਸੰਪਰਕ: 85680-10068

ਬੇਰੁਜ਼ਗਾਰੀ ਤੇ ਨਸ਼ਿਆਂ ਖ਼ਿਲਾਫ਼ ਗੀਤ ਗਾਏ ਜਾਣ

ਲੱਚਰ ਗਾਇਕੀ ਨੇ ਨੌਜਵਾਨ ਪੀੜੀ ਦੀ ਸੋਚ ਨੂੰ ਬੁਰੀ ਤਰ੍ਹਾਂ ਗੰਧਲਾ ਕਰ ਕੇ ਰੱਖ ਦਿੱਤਾ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਤੇ ਹੋਰ ਭੈੜੇ ਤੋਂ ਭੈੜੇ ਕੰਮਾਂ ਵੱਲ ਆਕਰਸ਼ਿਤ ਹੋ ਰਹੀ ਹੈ। ਅਜੋਕੇ ਗਾਇਕ ਇਸ ਤਰ੍ਹਾਂ ਦੇ ਗੀਤ ਗਾਉਂਦੇ ਹਨ ਜਿਸ ਨਾਲ ਪਰਿਵਾਰ ਘਰ ਵਿਚ ਬੈਠ ਕੇ ਇਕੱਠਿਆਂ ਟੀਵੀ ਨਹੀਂ ਦੇਖ ਸਕਦੇ ਅਤੇ ਇਸ ਕਾਰਨ ਪਰਿਵਾਰਾਂ ’ਚੋਂ ਆਪਸੀ ਭਾਈਚਾਰਾ ਘੱਟ ਰਿਹਾ ਹੈ। ਗੀਤਕਾਰਾਂ ਤੇ ਗਾਇਕਾਂ ਨੂੰ ਚਾਹੀਦਾ ਹੈ ਕਿ ਉਹ ਦਿਨੋ-ਦਿਨ ਵਧ ਰਹੀ ਬੇਰੁਜ਼ਗਾਰੀ ਤੇ ਨਸ਼ਿਆਂ ਖ਼ਿਲਾਫ਼ ਗੀਤ ਲਿਖਣ ਅਤੇ ਗਾਉਣ, ਤਾਂ ਜੋ ਇਨ੍ਹਾਂ ਸਮੱਸਿਆਵਾਂ ਦਾ ਕੋਈ ਹੱਲ ਕੱਢਿਆ ਜਾ ਸਕੇ। ਸੇਬੀ ਸਿੰਘ, ਪਿੰਡ ਖੰਡੇਬਾਦ, ਜ਼ਿਲ੍ਹਾ ਸੰਗਰੂਰ। ਸੰਪਰਕ: 98554-53829

ਪੰਜਾਬ ’ਚ ਵਾਤਾਵਰਨ ਦਾ ਸੰਕਟ

ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਣ ਦੀ ਚੌਤਰਫ਼ਾ ਮਾਰ ਪੈ ਰਹੀ ਹੈ। ਖੇਤੀਬਾੜੀ ਨਿਰੀ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ’ਤੇ ਨਿਰਭਰ ਹੋ ਜਾਣ ਕਾਰਨ ਸਾਡੀ ਜ਼ਰਖੇਜ਼ ਜ਼ਮੀਨ ਸਰਾਪੀ ਗਈ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜ਼ਮੀਨ ਬੰਜਰ ਹੋ ਜਾਣ ਦਾ ਖ਼ਤਰਾ ਹੈ। ਜ਼ਮੀਨ ਹੇਠਲੇ ਪਾਣੀ ਦੀ ਵੱਡੇ ਪੱਧਰ ’ਤੇ ਵਰਤੋਂ ਨੇ ਇਸ ਅੰਮ੍ਰਿਤ ਦਾ ਲਗਪਗ ਭੋਗ ਪਾ ਦਿੱਤਾ ਹੈ। ਦਰਿਆਈ ਪਾਣੀ ਲਈ ਵੀ ਅਨੇਕਾਂ ਸੰਕਟ ਖੜ੍ਹੇ ਹੋ ਰਹੇ ਹਨ। ਕਾਰਖ਼ਾਨੇਦਾਰਾਂ ਵੱਲੋਂ ਦਰਿਆਵਾਂ ਵਿਚ ਕੈਮੀਕਲ ਮਿਲਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ ਤੇ ਹੋਰ ਵੀ ਕਈ ਕਾਰਨਾਂ ਕਰ ਕੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਪਲੀਤ ਹੋ ਰਿਹਾ ਹੈ। ਝੋਨੇ ਦੀ ਪਰਾਲੀ ਤੇ ਕਣਕ ਦਾ ਨਾੜ ਸਾੜੇ ਜਾਣ, ਆਤਿਸ਼ਬਾਜ਼ੀ, ਏਅਰ ਕੰਡੀਸ਼ਨਰਾਂ, ਤਾਪ ਬਿਜਲੀ ਘਰਾਂ ਅਤੇ ਫੈਕਟਰੀਆਂ ਆਦਿ ਦੇ ਪ੍ਰਦੂਸ਼ਣ ਕਾਰਨ ਸਾਡੀ ਹਵਾ ਵੀ ਸਾਹ ਲੈਣ ਜੋਗੀ ਨਹੀਂ ਰਹੀ। ਪੰਜਾਬ ਦਾ ਵਾਤਾਵਰਨ ਬਹੁਤ ਗੰਭੀਰ ਖ਼ਤਰੇ ਵਿਚ ਹੈ। ਨੌਜਵਾਨ ਲੇਖਕ ਇਨ੍ਹਾਂ ਮੁੱਦਿਆਂ ਨੂੰ ਕੇਂਦਰ ਵਿਚ ਰੱਖਦੇ ਹੋਏ ਇਸ ਗੰਭੀਰ ਸੰਕਟ ਬਾਰੇ ਆਪਣੇ ਵਿਚਾਰ ਪ੍ਰਗਟਾਉਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All