ਨੋਬੇਲ ਇਨਾਮ ਜੇਤੂ ਬੇਵਤਨਾ ਪੰਜਾਬੀ

ਨੋਬੇਲ ਇਨਾਮ ਜੇਤੂ ਬੇਵਤਨਾ ਪੰਜਾਬੀ

ਡਾ. ਪਰਮਜੀਤ ਸਿੰਘ ਕੱਟੂ

ਮਿੱਤਰ ਤੋਂ ਲੈ ਕੇ ਮੁਲਕ ਤਕ ਪਤਾ ਨਹੀਂ ਕਿਸ ਵੇਲੇ ਕਿਸ ਦੇ ਕਿਹੜੇ ਹਿੱਤ ਜਾਗ ਪੈਣ ਅਤੇ ਉਮਰਾਂ ਤੇ ਪੁਰਖਿਆਂ ਦੀਆਂ ਸਾਂਝਾਂ ਤਾਰ-ਤਾਰ ਹੋ ਜਾਣ। ਭਾਵੇਂ ਕਿੰਨੀ ਹੀ ਬੇਦਰਦੀ ਨਾਲ ਬੇਕਦਰੀ ਹੋਵੇ, ਫਿਰ ਵੀ ਹਿੰਮਤ ਨਾ ਹਾਰਨਾ ਤੇ ਦੁਨੀਆਂ ਨੂੰ ਹੈਰਾਨ ਕਰਦੇ ਜਾਣਾ ਹੀ ਅਬਦੁਸ ਸਲਾਮ ਦੀ ਜ਼ਿੰਦਗੀ ਦਾ ਕੁੱਲ-ਜੋੜ ਹੈ। ਅਬਦੁਸ ਸਲਾਮ ਪਹਿਲਾ ਪੰਜਾਬੀ ਤੇ ਹੁਣ ਤਕ ਦਾ ਆਖਰੀ ਪੰਜਾਬੀ ਹੈ, ਜਿਸ ਨੇ ਨੋਬੇਲ ਇਨਾਮ ਜਿੱਤਿਆ। ਸਮੇਂ ਨੇ ਉਸ ਦੀਆਂ ਕਈ ਪਛਾਣਾਂ ਬਣਾਈਆਂ, ਕਈ ਪਛਾਣਾਂ ਖੋਹ ਲਈਆਂ। ਸਲਾਮ ਨਾ ਤਾਂ ਪਾਕਿਸਤਾਨ ਦੀਆਂ ਕਿਤਾਬਾਂ ’ਚ ਹੈ, ਨਾ ਉਸ ਦੇ ਨਾਂ ਦੀ ਕੋਈ ਇਮਾਰਤ ਹੈ ਤੇ ਨਾ ਕੋਈ ਸੰਸਥਾ ਪਰ ਦੁਨੀਆਂ ਉਸ ਦੀਆਂ ਖੋਜਾਂ ਦਾ ਲੋਹਾ ਮੰਨਦੀ ਹੈ ਤੇ ਸਲਾਮ ਨੂੰ ‘ਸਲਾਮ’ ਕਰਦੀ ਹੈ। ਅਬਦੁਸ ਸਲਾਮ ਦਾ ਜਨਮ 29 ਜਨਵਰੀ 1926 ਨੂੰ ਅਣਵੰਡੇ ਪੰਜਾਬ ਦੇ ਹੀਰ ਮਾਈ ਵਾਲੇ ਝੰਗ ਵਿਚ ਹੋਇਆ। ਉਸ ਦੇ ਪਿਤਾ ਉਸ ਵੇਲੇ ਦੇ ਸਿੱਖਿਆ ਵਿਭਾਗ ’ਚ ਮੁਲਾਜ਼ਮ ਸਨ। ਉਨ੍ਹਾਂ ਨੇੜੇ ਦੇ ਉਰਦੂ ਮਾਧਿਅਮ ਵਾਲੇ ਸਕੂਲ ਵਿਚ ਮੁੱਢਲੀ ਪੜ੍ਹਾਈ ਕੀਤੀ। ਉਸ ਵੇਲੇ ਪਿੰਡਾਂ ਦੀ ਹਾਲਤ ਇਹ ਹੁੰਦੀ ਸੀ ਕਿ ਦੀਵੇ ਦੇ ਚਾਨਣੇ ਪੜ੍ਹਨਾ ਪੈਂਦਾ ਸੀ। ਜਦ ਤਕ ਸਲਾਮ ਲਾਹੌਰ ਨਹੀਂ ਗਿਆ ਉਦੋਂ ਤਕ ਉਸ ਨੇ ਬਿਜਲੀ ਦਾ ਬਲਬ ਨਹੀਂ ਸੀ ਦੇਖਿਆ। 14 ਸਾਲ ਦੀ ਉਮਰ ਵਿਚ ਸਲਾਮ ਨੇ ਪੰਜਾਬ ਯੂਨੀਵਰਸਿਟੀ ਅਧੀਨ ਦਸਵੀਂ ਦਾ ਇਮਤਿਹਾਨ ਦਿੱਤਾ। ਸਿਆਣੇ ਦੱਸਦੇ ਨੇ ਕਿ ਜਿਸ ਦਿਨ ਇਮਤਿਹਾਨ ਦਾ ਨਤੀਜਾ ਆਉਣਾ ਸੀ, ਉਸ ਦਿਨ ਉਹ ਝੰਗ ਮਘਿਆਣੇ ਮੇਲਾ ਵੇਖਣ ਗਿਆ ਸੀ। ਜਦੋਂ ਸ਼ਾਮ ਨੂੰ ਦੇਰ ਨਾਲ ਵਾਪਸੀ ਹੋਈ ਤਾਂ ਬਾਜ਼ਾਰ ਅਜੇ ਖੁੱਲ੍ਹੇ ਸਨ। ਇੱਕ ਦੁਕਾਨਦਾਰ ਨੂੰ ਸਲਾਮ ਨੇ ਬਾਜ਼ਾਰ ਬੰਦ ਨਾ ਹੋਣ ਦਾ ਕਾਰਨ ਪੁੱਛਿਆ। ਉਸ ਨੇ ਦੱਸਿਆ ਕਿ ਝੰਗ ਦਾ ਅਬਦੁਸ ਸਲਾਮ, ਪੰਜਾਬ ਯੂਨੀਵਰਸਿਟੀ ’ਚੋਂ ਦਸਵੀਂ ਦੇ ਇਮਤਿਹਾਨ ਵਿੱਚ ਅੱਵਲ ਆਇਆ ਹੈ। ਅਬਦੁਸ ਸਲਾਮ ਦੇ 850 ’ਚੋਂ 784 ਨੰਬਰ ਆਏ।

ਡਾ. ਪਰਮਜੀਤ ਸਿੰਘ ਕੱਟੂ

ਉਸ ਸਮੇਂ ਪੰਜਾਬ ਯੂਨੀਵਰਸਿਟੀ ਦੇ ਘੇਰੇ ਵਿੱਚ ਪੂਰਬੀ ਪੰਜਾਬ, ਪੱਛਮੀ ਪੰਜਾਬ, ਹਰਿਆਣਾ ਤੇ ਹਿਮਾਚਲ ਸ਼ਾਮਲ ਸੀ। ਸਲਾਮ ਨੂੰ ਯੂਨੀਵਰਸਿਟੀ ਦੇ ਗੌਰਮਿੰਟ ਕਾਲਜ ਦਾ ਵਜੀਫਾ ਮਿਲਿਆ ਤੇ ਉਨ੍ਹਾਂ ਹਿਸਾਬ ਦੇ ਵਿਸ਼ੇ ਵਿਚ 1946 ਵਿਚ ਐੱਮਏ ਕੀਤੀ। ਛੇ ਸੌ ਵਿੱਚੋਂ ਛੇ ਸੌ ਅੰਕ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। 1949 ਵਿਚ ਸਕਾਲਰਸ਼ਿਪ ਅਧੀਨ ਸੇਂਟ ਜੌਹਨ ਕਾਲਜ, ਕੈਂਬਰਿਜ ਤੋਂ ਭੌਤਿਕ ਵਿਗਿਆਨ ਅਤੇ ਹਿਸਾਬ ਦੇ ਵਿਸ਼ਿਆਂ ਦੀ ਪੜ੍ਹਾਈ ਕੀਤੀ। 24 ਸਾਲ ਦੀ ਉਮਰ ਵਿੱਚ ਭੌਤਿਕ ਵਿਗਿਆਨ ਦੇ ਵਿਸ਼ੇ ਵਿਚ ਪੀਐੱਚਡੀ ਤੋਂ ਪਹਿਲਾਂ ਹੀ ਇਸ ਖੇਤਰ ਵਿਚ ਬਹੁਤ ਹੀ ਵਿਲੱਖਣ ਯੋਗਦਾਨ ਪਾਉਣ ਕਰਕੇ ਅਬਦੁਸ ਸਲਾਮ ਨੂੰ ਦੁਨੀਆਂ ਦਾ ਵੱਕਾਰੀ ਸਨਮਾਨ ਕੈਂਬਰਿਜ ਯੂਨੀਵਰਸਿਟੀ ਦਾ ਸਮਿੱਥ ਇਨਾਮ ਮਿਲਿਆ। 1951 ਵਿਚ ਸਿਧਾਂਤਕ ਭੌਤਿਕ ਵਿਗਿਆਨ ਵਿਚ ਆਪਣਾ ਪੀਐੱਚਡੀ ਦਾ ਥੀਸਿਸ ਲਿਖਿਆ, ਜੋ ਉਸੇ ਸਾਲ ਪ੍ਰਕਾਸ਼ਿਤ ਹੋ ਗਿਆ। ਉਸ ਵੇਲੇ ਤਕ ਸਲਾਮ ਦੀ ਕੁਆਂਟਮ ਇਲੈਕਟਰੋਡਾਇਆਮਿਕਸ ਦੇ ਖੇਤਰ ਦੀ ਖੋਜ ਕਰਕੇ ਉਸ ਦੀ ਦੁਨੀਆਂ ਦੇ ਵਿਗਿਆਨੀਆਂ ਵਿਚ ਪਛਾਣ ਬਣ ਚੁੱਕੀ ਸੀ। ਸਲਾਮ ਆਪਣੇ ਵਤਨ ਆਉਣਾ ਚਾਹੁੰਦਾ ਸੀ। ਮੁਲਕ ਅਜ਼ਾਦ ਹੋ ਚੁੱਕਾ ਸੀ ਪਰ ਦੋ ਟੋਟੇ ਹੋ ਗਏ ਸਨ। ਜੰਮਣ ਭੋਇੰ ਕਰਕੇ ਹੁਣ ਸਲਾਮ ਦਾ ਵਤਨ ਪਾਕਿਸਤਾਨ ਸੀ। ਇਹ ਉਹ ਦਿਨ ਸਨ ਜਦੋਂ ਨਵਾਂ ਬਣਿਆ ਪਾਕਿਸਤਾਨ ਤੇ ਭਾਰਤ ਵੀ ਪੈਰਾਂ ਸਿਰ ਹੋਣ ਦੀ ਜੱਦੋ-ਜਹਿਦ ਵਿਚ ਸਨ। ਅੱਜ ਜਿਵੇਂ ਮੁਲਕ ਉਪਰ ਭੀੜ ਪੈਣ ’ਤੇ ਲੋਕ ਵਿਦੇਸ਼ਾਂ ਨੂੰ ਭੱਜਦੇ ਨੇ, ਉਦੋਂ ਹਾਲੇ ਵਤਨ ਪ੍ਰਸਤੀ ਜਿਉਂਦੀ ਸੀ ਤੇ ਲੋਕ ਔਖੇ ਵੇਲੇ ਵਤਨ ਪਰਤਦੇ ਸਨ। ਜਰਮਨੀ ਜਾ ਕੇ ਆਇਆ ਨੌਜਵਾਨ ਸਿਨਮੈਟੋਗ੍ਰਾਫਰ ਗੁਰਪ੍ਰੀਤ ਚੀਮਾ ਦੱਸਦਾ ਹੈ ਕਿ ਜਰਮਨੀ ਦੀ ਅੱਜ ਦੀ ਹਾਲਤ ਦੇਖ ਕੇ ਲੱਗਦਾ ਹੀ ਨਹੀਂ ਕਿ ਇਹ ਦੋ ਵਿਸ਼ਵ ਯੁੱਧਾਂ ਦੀ ਤਬਾਹੀ ਦਾ ਕੇਂਦਰ ਰਿਹਾ ਹੈ। ਤਬਾਹੀ ਦੇ ਦਿਨਾਂ ਪਿੱਛੋਂ ਜਦੋਂ ਹੀ ਦੁਨੀਆਂ ਦੇ ਹਰ ਕੋਨੇ ’ਚ ਬੈਠੇ ਜਰਮਨੀ ਮਨੁੱਖ ਨੂੰ ਆਵਾਜ਼ ਮਾਰੀ ਗਈ ਤਾਂ ਉਹ ਵਤਨ ਪਰਤਿਆ ਤੇ ਬਰਬਾਦ ਹੋਈ ਜਰਮਨੀ ਨੂੰ ਆਬਾਦ ਕਰ ਦਿੱਤਾ। ਪੰਜਾਬੀ ਵੀ ਇਵੇਂ ਪਰਤਦੇ ਰਹੇ, ਉਹ ਚਾਹੇ ਪ੍ਰੋ. ਪੂਰਨ ਸਿੰਘ ਹੋਣ ਜਾਂ ਅਬਦੁਸ ਸਲਾਮ। ਸਲਾਮ 1951 ਵਿਚ ਗੌਰਮਿੰਟ ਕਾਲਜ ਲਾਹੌਰ ਆ ਕੇ ਹਿਸਾਬ ਪੜ੍ਹਾਉਣ ਲੱਗਾ। ਕਾਲਜ ਦੇ ਪ੍ਰਬੰਧਕਾਂ ਨੂੰ ਪਤਾ ਹੀ ਨਹੀਂ ਸੀ ਕਿ ਕਿੰਨਾ ਵੱਡਾ ਵਿਗਿਆਨੀ ਵਾਪਸ ਪਰਤਿਆ ਹੈ। ਉਹ ਕਹਿੰਦੇ ਕਿ ਪੜ੍ਹਾਉਣ ਦੇ ਨਾਲ-ਨਾਲ ਖੇਡਾਂ ਦਾ ਇੰਚਾਰਜ ਵੀ ਲੱਗ’ਜਾ, ਜਾਂ ਕਾਲਜ ਦੀ ਮੁਨੀਮੀ ਵੀ ਕਰ। ਅੱਜ-ਕੱਲ੍ਹ ਵੀ ਕਾਲਜਾਂ ਵਿਚ ਇਵੇਂ ਹੀ ਹੁੰਦਾ ਹੈ। ਸਲਾਮ ਨੇ ਕੋਰਾ ਜਵਾਬ ਦੇ ਦਿੱਤਾ। ਉਹ ਭੌਤਿਕ ਵਿਗਿਆਨ ਵਿਚ ਖੋਜ ਵਿਭਾਗ ਸਥਾਪਿਤ ਕਰਨਾ ਚਾਹੁੰਦਾ ਸੀ। ਸਲਾਮ ਰਾਜਾ ਭੋਜ ਤੇ ਕਾਲਜ ਆਲੇ ਗੰਗੂ ਤੇਲੀ ਦੀ ਹਾਲਤ ਵਿਚ ਸਨ। ਕੁਝ ਸਮਾਂ ਪੰਜਾਬ ਯੂਨੀਵਰਸਿਟੀ ਦੇ ਹਿਸਾਬ ਵਿਭਾਗ ਦਾ ਮੁਖੀ ਬਣਿਆ ਪਰ ਵੱਖਰਾ ਖੋਜ ਵਿਭਾਗ ਸਥਾਪਿਤ ਨਾ ਹੁੰਦਾ ਦੇਖ ਸਲਾਮ ਲਿੱਖਦਾ ਹੈ ਕਿ ਉਸ ਕੋਲ ਦੋ ਮੌਕੇ ਸਨ ਜਾਂ ਤਾਂ ਭੌਤਿਕ ਵਿਗਿਆਨ ਛੱਡ ਦੇਵੇ ਜਾਂ ਮੁਲਕ। ਅੰਤ ਉਸ ਨੂੰ ਨਿਰਾਸ਼ ਹੋ ਕੇ ਇਕ ਵਾਰ ਫਿਰ ਮੁਲਕ ਹੀ ਛੱਡਣਾ ਪਿਆ। 1953 ਤਕ ਪਾਕਿਸਤਾਨ ਵਿਚ ਅਹਿਮਦੀਆ ਭਾਈਚਾਰੇ ਨੂੰ ਗੈਰ-ਮੁਸਲਮਾਨ ਐਲਾਨ ਦਿੱਤਾ ਗਿਆ ਤੇ ਉਨ੍ਹਾਂ ਖ਼ਿਲਾਫ਼ ਪੂਰੇ ਪਾਕਿਸਤਾਨ ਵਿਚ ਫਸਾਦ ਹੋਣੇ ਸ਼ੁਰੂ ਹੋ ਚੁੱਕੇ ਸਨ। ਸਲਾਮ ਚਾਹੁੰਦਾ ਸੀ ਕਿ ਵਤਨ ਰਹਿ ਕੇ ਵਤਨ ਲਈ ਕੁਝ ਕਰੇ ਪਰ ਵਤਨ ਨੇ ਉਸ ਨੂੰ ਬੇਵਤਨਾ ਐਲਾਨ ਦਿੱਤਾ ਸੀ। ਜਿਵੇਂ ਕਿਸੇ ਨੇ ਸਲਾਮ ਅਤੇ ਅਹਿਮਦੀਆਂ ਭਾਈਚਾਰੇ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿੱਚ ਲਈ ਹੋਵੇ। ਸਲਾਮ ਨੂੰ ਇਸ ਮਾਹੌਲ ਨੇ ਬੁਰੀ ਤਕਲੀਫ਼ ਦਿੱਤੀ ਤੇ ਉਹ ਇੰਪੀਰੀਅਲ ਕਾਲਜ ਲੰਦਨ ’ਚ ਪ੍ਰੋਫੈਸਰਸ਼ਿਪ ਕਰਨ ਲੱਗਾ। 1956 ਵਿਚ ਹੀ ਸਲਾਮ ਨੇ ਪੁਰਾਣੇ ਸਿਧਾਂਤਾਂ ਨੂੰ ਚੁਣੌਤੀ ਦਿੰਦਾ ਪੇਪਰ ਲਿਖਿਆ ਅਤੇ ਆਪਣੇ ਹੀ ਖੇਤਰ ਦੇ ਨੋਬੇਲ ਇਨਾਮ ਜੇਤੂ ਸੀਨੀਅਰ ਭੌਤਿਕ ਵਿਗਿਆਨੀ ਵਾਲਗੈਂਗ ਪੌਲੀ ਨੂੰ ਭੇਜਿਆ ਪਰ ਪੌਲੀ ਨੇ ਵਾਪਿਸ ਸੁਨੇਹਾ ਭੇਜਿਆ, ‘‘ਸਲਾਮ ਨੂੰ ਮੇਰਾ ਸਤਿਕਾਰ ਪਰ ਹੋਰ ਵਧੀਆ ਸੋਚੋ।’’ ਪਰ 1957 ਵਿਚ ਲੀ ਅਤੇ ਯੈਂਗ ਨਾਂ ਦੇ ਦੋ ਨੌਜਵਾਨ ਭੌਤਿਕ ਵਿਗਿਆਨੀਆਂ ਨੂੰ ਬਿਲਕੁਲ ਇਸੇ ਅਬਦੁਸ ਸਲਾਮ ਵਾਲੀ ਖੋਜ ਲਈ ਨੋਬੇਲ ਇਨਾਮ ਮਿਲ ਗਿਆ। ਇਸ ਅਨੁਭਵ ’ਚੋਂ ਸਲਾਮ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਅਨੁਭਵੀ ਸਲਾਹ ਦਿੱਤੀ ਕਿ ਤੁਹਾਡੇ ਕੋਲ ਜਦ ਵੀ ਕੋਈ ਚੰਗਾ ਵਿਚਾਰ ਹੋਵੇ ਤਾਂ ਇਸ ਨੂੰ ਆਪਣੇ ਤੋਂ ਵੱਡੇ ਵਿਅਕਤੀ ਕੋਲ ਪ੍ਰਵਾਨਗੀ ਲਈ ਨਾ ਭੇਜੋ। ਸ਼ਾਇਦ ਉਸ ਕੋਲ ਇਸ ਨੂੰ ਵਾਪਿਸ ਕਰਨ ਦੀ ਜ਼ਿਆਦਾ ਸ਼ਕਤੀ ਹੁੰਦੀ ਹੈ। ਆਪਣੇ ਚੰਗੇ ਵਿਚਾਰ ਨੂੰ ਸਿੱਧੇ ਹੀ ਪ੍ਰਕਾਸ਼ਿਤ ਕਰਵਾ ਦੇਣਾ ਚਾਹੀਦਾ ਹੈ। ਸਲਾਮ ਦੇ ਵਿਦਿਆਰਥੀ ਦੱਸਦੇ ਨੇ ਕਿ ਉਹ ਅਕਸਰ ਕਹਿੰਦਾ ਸੀ ਕਿ ‘ਬੁੱਢਿਆਂ ਦੀ ਕਦੇ ਨਾ ਸੁਣੋ।’ ਬਾਅਦ ਵਿਚ ਸੀਨੀਅਰ ਭੌਤਿਕ ਵਿਗਿਆਨੀ ਵਾਲਗੈਂਗ ਪੌਲੀ ਨੇ ਵੀ ਸਲਾਮ ਤੋਂ ਮੁਆਫੀ ਮੰਗੀ ਪਰ ਸਮਾਂ ਤਾਂ ਲੰਘ ਚੁੱਕਾ ਸੀ ਤੇ ਨੋਬੇਲ ਇਨਾਮ ਸਲਾਮ ਦੇ ਹੱਥੋਂ ਜਾ ਚੁੱਕਾ ਸੀ। 1964 ਨੂੰ ਇਟਲੀ ’ਚ ਅਮਰੀਕਾ ਇੰਗਲੈਂਡ, ਰੂਸ, ਜਰਮਨੀ ਦੇ ਵਿਰੋਧ ਦੇ ਬਾਵਜੂਦ ਸਾਇੰਸ ਸੈਂਟਰ ਬਣਾਇਆ। ਇਸ ਸੈਂਟਰ ਵਿਚ ਲੋਕ ਛੁੱਟੀਆਂ ਸਮੇਂ ਤਿੰਨ ਮਹੀਨੇ ਆਉਂਦੇ ਤੇ ਨਵੇਂ ਵਿਚਾਰਾਂ ਨਾਲ ਲਬਰੇਜ਼ ਹੋ ਕੇ ਆਪਣੇ ਆਪਣੇ ਮੁਲਕ ਪਰਤਦੇ। ਜਦੋਂ ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਨੇ ਅਬਦੁਸ ਸਲਾਮ ਨੂੰ ਵਿਗਿਆਨ ਦੇ ਮਸਲਿਆਂ ਬਾਰੇ ਆਵਦਾ ਸਲਾਹਕਾਰ ਲਾ ਲਿਆ। ਇਹ ਵੀ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਵਾਸਤੇ ਪ੍ਰਮਾਣੂ ਬੰਬ ਬਣਾਉਣ ਦਾ ਕੰਮ ਸਲਾਮ ਦੀ ਦੇਖ ਰੇਖ ’ਚ ਹੀ ਸ਼ੁਰੂ ਹੋਇਆ। ਭੁੱਟੋ ਨੇ ਹੀ 1974 ’ਚ ਕਾਨੂੰਨ ਬਣਾ ਕੇ ਅਹਿਮਦੀਆ ਭਾਈਚਾਰੇ ਤੋਂ ਮੁਸਲਮਾਨ ਹੋਣ ਦਾ ਰੁਤਬਾ ਬਕਾਇਦਾ ਤੌਰ ’ਤੇ ਖੋਹ ਲਿਆ। ਸਲਾਮ ਇਸ ਤੋਂ ਬਾਅਦ ਬੰਬ ਬਣਾਉਣ ਦੇ ਕੰਮ ਤੋਂ ਪਾਸੇ ਹੋ ਗਿਆ। ਨਾਲ ਹੀ ਉਹ ਦੁਨੀਆਂ ਦੇ ਦੇਸ਼ਾਂ ਨੂੰ ਪ੍ਰਮਾਣੂ ਬੰਬ ਨਾ ਬਣਾਉਣ ਦੀ ਮੰਗ ਦੀ ਮੁਹਿੰਮ ’ਚ ਸ਼ਾਮਲ ਹੋ ਗਏ। ਸਮਾਂ ਫਿਰ ਬਦਲਿਆ ਅਤੇ ਭੁੱਟੋ ਨੂੰ ਫਾਂਸੀ ਦੇ ਦਿੱਤੀ ਗਈ। ਪਾਕਿਸਤਾਨ ਦੇ ਫੌਜੀ ਹੁਕਮਰਾਨ ਜੀਆ-ਉਲ-ਹੱਕ ਨੇ ਇਕ ਵਾਰ ਫਿਰ ਸਲਾਮ ’ਤੇ ਡੋਰੇ ਪਾਏ। ਸਲਾਮ ਦੀ ਅੰਤਰਰਾਸ਼ਟਰੀ ਪਛਾਣ ਸੀ ਅਤੇ ਉਸ ਨੂੰ ਇੱਜ਼ਤ ਦੇ ਕੇ ਫ਼ੌਜੀ ਹੁਕਮਰਾਨ ਅਸਲ ’ਚ ਆਪਣੀ ਇੱਜ਼ਤ ਦੁਨੀਆਂ ਵਿੱਚ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਲਾਮ ਨੂੰ ਇਸ ਝੂਠੀ ਇੱਜ਼ਤ ਦੇਣ ਦਾ ਵੀ ਪਾਕਿਸਤਾਨ ’ਚ ਬਹੁਤ ਵਿਰੋਧ ਹੋਇਆ। ਉਨ੍ਹਾਂ ਨੇ ਆਖਰਕਾਰ ਪ੍ਰਮਾਣੂ ਅਤੇ ਚੁੰਬਕੀ ਊਰਜਾ ਵਿੱਚ ਸਾਂਝਾ ਰਿਸ਼ਤਾ ਲੱਭ ਕੇ 1979 ’ਚ ਨੋਬੇਲ ਇਨਾਮ ਆਪਣੀ ਝੋਲੀ ਪਾ ਹੀ ਲਿਆ। ਅਬਦੁਸ ਸਲਾਮ ਨੂੰ ਜਦੋਂ ਨੋਬੇਲ ਇਨਾਮ ਮਿਲ ਰਿਹਾ ਸੀ ਤਾਂ ਉਹ ਪੰਜਾਬੀ ਹੋਣ ਨਾਤੇ ਪੱਗ ਬੰਨ੍ਹ ਕੇ ਗਿਆ। ਨਾਲ ਦੇ ਵਿਗਿਆਨੀ ਕਹਿ ਰਹੇ ਸਨ ਕਿ ਅਸੀਂ ਸਾਰੇ ਪੈਂਟ ਕੋਟਾਂ ਵਿਚ ਪੈਂਗੁਅਨਾਂ ਜਿਹੇ ਲੱਗ ਰਹੇ ਸਾਂ ਪਰ ਅਬਦੁਲ ਸਲਾਮ ਸ਼ਹਿਜ਼ਾਦਾ ਲੱਗਦਾ ਸੀ। ਜਿਸ ਦਿਨ ਸਲਾਮ ਨੂੰ ਨੋਬੇਲ ਇਨਾਮ ਮਿਲਿਆ ਤਾਂ ਉਸ ਨੇ ਮਾਣ ਨਾਲ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਹ ਭੌਤਿਕ ਵਿਗਿਆਨ ਦੇ ਖੇਤਰ ਵਿਚ ਇਨਾਮ ਲੈਣ ਵਾਲਾ ਪਹਿਲਾ ਮੁਸਲਮਾਨ ਹੈ। ਇਸ ਤਰ੍ਹਾਂ ਉਸ ਨੇ ਕਈ ਤਰ੍ਹਾਂ ਦੀਆਂ ਹੀਣ-ਭਾਵਨਾਵਾਂ ਦਾ ਘੇਰਾ ਤੋੜਿਆ ਹੈ, ਜਿਹੜੀਆਂ ਹੀਣ-ਭਾਵਨਾਵਾ ਸਦੀਆਂ ਤੋਂ ਮੁਸਲਮਾਨ ਨੌਜਵਾਨਾਂ ’ਤੇ ਲੱਦੀਆਂ ਹੋਈਆਂ ਹਨ। ਜਦ ਸਲਾਮ ਨੂੰ ਨੋਬੇਲ ਇਨਾਮ ਮਿਲਿਆ ਤਾਂ ਉਸ ਨੇ ਆਪਣੇ ਸਕੂਲ ਅਧਿਆਪਕ ਨੂੰ ਲੱਭਿਆ, ਜੋ ਉਦੋਂ ਭਾਰਤ ਵਿਚ ਸੀ। ਸਲਾਮ ਆਇਆ। ਚਰਨ ਛੂਹੇ ਤੇ ਆਪਣੇ ਅਧਿਆਪਕ ਦੀ ਹਥੇਲੀ ਉਪਰ ਨੋਬੇਲ ਮੈਡਲ ਰੱਖ ਕੇ ਕਹਿੰਦਾ, ‘‘ਇਹ ਤੁਹਾਡਾ ਹੈ, ਮੇਰਾ ਕੁਝ ਨਹੀਂ।’’ ਸਲਾਮ ਬੜਾ ਦਿਆਲੂ ਬੰਦਾ ਸੀ, ਉਸ ਨੇ ਆਪਣੀ ਨੋਬੇਲ ਇਨਾਮ ਦੀ ਵਧੇਰੇ ਰਾਸ਼ੀ ਸਿੱਖਿਆ ਦੇ ਖੇਤਰ ਲਈ ਦਾਨ ਕਰ ਦਿੱਤੀ। ਆਮ ਤੌਰ ’ਤੇ ਧਰਮ ਅਤੇ ਵਿਗਿਆਨ ਨੂੰ ਵੱਖਰਾ ਹੀ ਨਹੀਂ ਬਲਕਿ ਇਕ ਦੂਜੇ ਦਾ ਵਿਰੋਧੀ ਵੀ ਮੰਨ ਲਿਆ ਜਾਂਦਾ ਹੈ ਪਰ ਸਲਾਮ ਦੀ ਜ਼ਿੰਦਗੀ ਨੇ ਇਸ ਗੱਲ ਨੂੰ ਨਵੀਂ ਰੌਸ਼ਨੀ ਦਿੱਤੀ। ਸਲਾਮ ਧਾਰਮਿਕ ਖਿਆਲਾਂ ਵਾਲਾ ਸੀ। ਉਸ ਦੇ ਪੜ੍ਹਣ ਲਿਖਣ ਵਾਲੇ ਕਮਰੇ ’ਚ ਕੁਰਾਨ ਦੀ ਰਿਕਾਰਡਿੰਗ ਚੱਲਦੀ ਰਹਿੰਦੀ ਸੀ। ਉਸ ਨੂੰ ਆਪਣੇ ਧਰਮ ਅਤੇ ਵਿਗਿਆਨ ’ਚ ਕੋਈ ਵਿਰੋਧ ਨਜ਼ਰ ਨਹੀਂ ਸੀ ਆਉਂਦਾ। ਸਲਾਮ ਲਿਖਦਾ ਹੈ, ‘‘ਭੌਤਿਕ ਵਿਗਿਆਨੀ ਹੋਣ ਨਾਤੇ ਇਕ ਆਧਾਰ ਸ਼ਕਤੀ ਵਿਚ ਵਿਸ਼ਵਾਸ ਕਰਨਾ ਚੰਗਾ ਹੈ ਨਾ ਕਿ ਚਾਰ ਵਿਚ। ਮੈਨੂੰ ਤਾਂ ਇਹ ਮੇਰੇ ਸਭਿਆਚਾਰ ਵਿਚੋਂ ਹੀ ਮਿਲਿਆ ਸੀ।’’ ਲੰਦਨ ਦੀ ਅਹਿਮਦੀਆ ਮਸਜਿਦ ਦਾ ਮੌਲਵੀ ਦੱਸਦਾ ਹੈ, ‘‘ਸਲਾਮ ਅਕਸਰ ਹੀ ਮਸਜਿਦ ਆਇਆ ਕਰਦਾ ਸੀ। ਮੈਂ ਜਦ ਇਸਲਾਮ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰਦਾ ਤਾਂ ਸਲਾਮ ਆਪਣੀ ਜੇਬ ’ਚੋਂ ਡਾਇਰੀ ਕੱਢਦਾ ਅਤੇ ਕੁਝ ਨਾ ਕੁਝ ਲਿਖਦਾ ਰਹਿੰਦਾ।’’ ਸਲਾਮ ਦੇ ਸਾਥੀ ਦੱਸਦੇ ਨੇ ਕਿ ਉਹ ਬਹੁਤ ਮਿਹਨਤ ਕਰਦਾ ਸੀ। ਹਰ ਦਿਨ ਤਕਰੀਬਨ 15 ਘੰਟੇ ਕੰਮ ਕਰਦਾ। ਹਰ ਵੇਲੇ ਨਵੇਂ ਨਵੇਂ ਵਿਚਾਰਾਂ ਨਾਲ ਭਰਿਆ ਰਹਿੰਦਾ। ਕਿੰਨੇ ਹੀ ਵਿਚਾਰ ਸਨ ਜੋ ਨੋਬੇਲ ਇਨਾਮ ਦੇ ਬਰਾਬਰ ਸਨ। ਅਬਦੁਸ ਸਲਾਮ ਇੱਕ ਲੰਮੀ ਬੀਮਾਰੀ ਨਾਲ ਜੂਝਦਾ 70 ਸਾਲ ਦੀ ਉਮਰ ਵਿੱਚ (ਸੰਨ 1991) ਆਕਸਫੋਰਡ ਵਿੱਚ ਗੁਜ਼ਰ ਗਿਆ। ਉਸ ਦੀ ਦੇਹ ਪਾਕਿਸਤਾਨ ਲਿਆਂਦੀ ਗਈ ਤੇ ਬਾਹਿਸ਼ਤੀ ਮਕਬਰੇ ਵਿੱਚ ਤਕਰੀਬਨ 25,000 ਲੋਕਾਂ ਦੀ ਹਾਜ਼ਰੀ ਵਿੱਚ ਸਪੁਰਦ-ਏ-ਖ਼ਾਕ ਹੋਈ। ਕਿਉਂਕਿ ਅਹਿਮਦੀਆ ਭਾਈਚਾਰੇ ਨੂੰ ਗੈਰ-ਮੁਸਲਮਾਨ ਗਰਦਾਨ ਦਿੱਤਾ ਜਾ ਚੁੱਕਾ ਸੀ, ਇਸ ਕਰਕੇ ਅਬਦੁਸ ਸਲਾਮ ਦੀ ਕਬਰ ’ਤੇ ਲੱਗਣ ਵਾਂਲੀ ਪੱਥਰ ਦੀ ਤਖਤੀ ’ਤੇ ਲਿਖੇ ‘‘ਪਹਿਲਾ ਮੁਸਲਮਾਨ ਨੋਬਲ ਪੁਰਸਕਾਰੀ’’ ’ਚੋਂ ‘ਮੁਸਲਮਾਨ’ ਸ਼ਬਦ ਹਟਵਾ ਦਿੱਤਾ ਗਿਆ। ਸੰਪਰਕ: 70873-20578

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All