ਨੇਤਾ ਜੀ ਦੀ ਸ਼ਖ਼ਸੀਅਤ ਅਤੇ ਅਸਲੀਅਤ

ਨੇਤਾ ਜੀ ਦੀ ਸ਼ਖ਼ਸੀਅਤ ਅਤੇ ਅਸਲੀਅਤ

ਤਵਾਰੀਖੀ ਮਿਜ਼ਾਜ

ਸੁਮੰਤਰ ਬੋਸ

ਮੈਂ ਨੇਤਾ ਜੀ ਸੁਭਾਸ਼ ਚੰਦਰ ਬੋਸ ਬਾਰੇ ਕਦੇ ਕੁਝ ਨਹੀਂ ਲਿਖਿਆ। ਉਹ ਮੇਰੇ ਪਡ਼ਦਾਦਾ-ਚਾਚਾ ਸਨ। ਉਨ੍ਹਾਂ ਬਾਰੇ ਕਦੇ ਕੁਝ ਨਾ ਲਿਖਣ ਦੇ ਕਾਰਨ ਦੋ ਸਨ: ਪਹਿਲਾ ਤਾਂ ਇਹ ਕਿ ਮੇਰੇ ਆਪਣੇ ਹੀ ਰੁਝੇਵੇਂ ਤੇ ਸ਼ੌਕ ਇੰਨੇ ਹਨ ਕਿ ਉਨ੍ਹਾਂ ਤੋਂ ਫ਼ੁਰਸਤ ਨਹੀਂ ਮਿਲਦੀ; ਦੂਜਾ, ਮੈਂ ਇਹ ਮਹਿਸੂਸ ਕਰਦਾ ਹਾਂ ਕਿ ਪਰਿਵਾਰਕ ਜੀਅ ਹੋਣ ਨਾਤੇ ਮੈਨੂੰ ਇਹ ਹੱਕ ਨਹੀਂ ਮਿਲ ਜਾਂਦਾ, ਜਾਂ ਮੇਰੀ ਇਹ ਜ਼ਿੰਮੇਵਾਰੀ ਨਹੀਂ ਬਣਦੀ, ਕਿ ਮੈਂ ਹਰ ਘਟਨਾ, ਹਰ ਮੋਡ਼ ’ਤੇ ਉਨ੍ਹਾਂ ਬਾਰੇ ਟਿੱਪਣੀ ਕਰਾਂ। ਮੈਂ ਨੇਤਾ ਜੀ ਦੀ ਸ਼ਹਾਦਤ ਤੋਂ ਇੱਕ ਚੌਥਾਈ ਸਦੀ ਬਾਅਦ ਜਨਮਿਆ। ਮੈਂ ਸ਼ਹਾਦਤ ਸ਼ਬਦ ਇਸ ਕਰਕੇ ਵਰਤਿਆ ਹੈ ਕਿਉਂਕਿ ਮੇਰਾ ਯਕੀਨ ਹੈ ਕਿ ਨੇਤਾ ਜੀ ਫਾਰਮੋਸਾ (ਤਾਇਵਾਨ)  ਵਿੱਚ ਹੋਏ ਹਵਾਈ ਹਾਦਸੇ ਵਿੱਚ ਚੱਲ ਵਸੇ ਸਨ। ਉਂਜ ਵੀ, ਉਨ੍ਹਾਂ ਨੂੰ ਇਕੱਲਾ ਪਰਿਵਾਰਕ ਜੀਅ ਜਾਂ ਪੂਰਵਜ ਮੰਨਣਾ ਮੈਨੂੰ ਚੰਗਾ ਨਹੀਂ ਲੱਗਦਾ ਕਿਉਂਕਿ  ਉਹ ਕੌਮੀ ਨੇਤਾ ਸਨ ਅਤੇ ਕੌਮੀ ਨੇਤਾ ਹੋਣ ਨਾਤੇ ਉਹ ਇਤਿਹਾਸਕ ਹਸਤੀ ਸਨ। ਮੈਂ ਨੇਤਾ ਜੀ ਦੇ ‘ਜਾਂਨਸ਼ੀਨ’ ਹੋਣ ਦਾ ਠੱਪਾ ਆਪਣੇ ਉੱਤੇ ਕਦੇ ਨਹੀਂ ਲੱਗਣ ਦਿੱਤਾ। ਇਸ ਠੱਪੇ ਨੂੰ ਪ੍ਰਵਾਨਣ ਤੋਂ ਭਾਵ ਹੈ ਕਿ ਤੁਸੀਂ ਆਪਣੇ ਪੂਰਵਜਾਂ ਦੀ ਘਾਲ-ਕਮਾਈ ਦਾ ਨਾਜਾਇਜ਼ ਲਾਭ ਲੈਣਾ ਲੋਚਦੇ ਹੋ। ਇਹੀ ਕਾਰਨ ਹੈ ਕਿ ਮੈਂ ਨਾ ਤਾਂ ਨੇਤਾ ਜੀ ਬਾਰੇ ਟੀਵੀ ਬਹਿਸਾਂ ਵਿੱਚ ਹਿੱਸਾ ਲੈਂਦਾ ਹਾਂ ਅਤੇ ਨਾ ਹੀ ਸੈਮੀਨਾਰਾਂ ਵਿੱਚ ਭਾਸ਼ਨ ਕਰਦਾ ਹਾਂ। ਇਸ ਸਭ ਤੋਂ ਇਹ ਭਾਵ ਨਹੀਂ ਕਿ ਮੈਂ ਨੇਤਾ ਜੀ ਨਾਲ ਜੁਡ਼ਿਆ ਮਹਿਸੂਸ ਨਹੀਂ ਕਰਦਾ। ਮੈਂ ਉਨ੍ਹਾਂ ਨੂੰ ਉਸੇ ਤਰ੍ਹਾਂ ਸਨੇਹ ਕਰਦਾ ਹਾਂ ਜਿਵੇਂ ਲੱਖਾਂ ਕਰੋਡ਼ਾਂ ਭਾਰਤੀ ਕਰਦੇ ਹਨ। ਕਿਉਂਕਿ ਸਾਡਾ ਰਿਸ਼ਤਾ ਖ਼ੂਨ ਦਾ ਵੀ ਹੈ, ਇਸੇ ਲਈ ਸਨੇਹ-ਸਤਿਕਾਰ ਵਿੱਚ ਕੁਝ ਵਿਸ਼ੇਸ਼ ਜ਼ਰੂਰ ਜੁਡ਼ਿਆ ਹੋਇਆ ਹੈ। ਪਰ ਖ਼ੂਨ ਦੇ ਰਿਸ਼ਤੇ ਦੇ ਬਾਵਜੂਦ ਮੈਂ ਉਨ੍ਹਾਂ ’ਤੇ ਮਲਕੀਅਤ ਜਤਾਉਣ ਦੇ ਸਖ਼ਤ ਖ਼ਿਲਾਫ਼ ਹਾਂ। ਇਸੇ ਲਈ ਜਦੋਂ ਆਪਣੇ ਪਿਤਾ ਡਾ. ਸ਼ਿਸ਼ਿਰ ਕੁਮਾਰ ਬੋਸ ਵੱਲੋਂ ਦੋ ਬੋਸ ਭਰਾਵਾਂ- ਸੁਭਾਸ਼ ਤੇ ਸ਼ਰਤ ਬਾਰੇ ਲਿਖੀ ਕਿਤਾਬ ਨੂੰ ਤਰਤੀਬਬੰਦ ਕਰਨ ਤੇ ਉਸ ਦਾ ਸੰਪਾਦਨ ਕਰ ਕੇ ਛਪਵਾਉਣ ਦ ਮੌਕਾ ਸਾਹਮਣੇ ਆਇਆ ਤਾਂ ਪਹਿਲਾ ਪ੍ਰਤੀਕਰਮ ਤਾਂ ਇਹ ਰਿਹਾ ਕਿ ਇਹ ਪ੍ਰਾਜੈਕਟ ਪਰਿਵਾਰ ਤੋਂ ਕਿਸੇ ਬਾਹਰੀ ਬੰਦੇ ਨੂੰ ਸੌਂਪਿਆ ਜਾਵੇ। ਫਿਰ ਕਈ ਮਹੀਨਿਆਂ ਦੀ ਜੱਕੋਤੱਕੀ ਤੋਂ ਬਾਅਦ ਮੈਂ ਖ਼ੁਦ ਇਸ ਨੂੰ ਹੱਥ ਪਾਉਣ ਦਾ ਫ਼ੈਸਲਾ ਕੀਤਾ। ਮੇਰੇ ਪਿਤਾ ਨੇ 1980ਵਿਆਂ ਵਿੱਚ ਬੋਸ ਭਰਾਵਾਂ- ਸ਼ਰਤ ਤੇ ਸੁਭਾਸ਼ ਬਾਰੇ ਬੰਗਲਾ ਵਿੱਚ ਕਿਤਾਬ ਲਿਖੀ ਸੀ ਜੋ ਬਹੁਤ ਮਕਬੂਲ ਹੋਈ। ਇਹ ਕਿਤਾਬ ਸੁਭਾਸ਼ ਚੰਦਰ ਬੋਸ ਤੇ ਮੇਰੇ ਦਾਦਾ- ਸ਼ਰਤ ਚੰਦਰ ਬੋਸ ਵੱਲੋਂ ਦੇਸ਼ ਦੀ ਆਜ਼ਾਦੀ ਲਈ ਜੱਦੋਜਹਿਦ ਕੀਤੇ ਜਾਣ ਦੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੀ ਹੈ। ਮੇਰੇ ਪਿਤਾ ਨੇ 15 ਸਾਲ ਪਹਿਲਾਂ ਬੰਗਲਾ ਕਿਤਾਬ ਦੇ ਆਧਾਰ ’ਤੇ ਅੰਗਰੇਜ਼ੀ ਵਿੱਚ ਕਿਤਾਬ ਲਿਖੀ ਜਿਸ ਦਾ ਖਰਡ਼ਾ ਮੇਰੇ ਕੋਲ ਪਿਆ ਸੀ। ਇਸ ਨੂੰ ਪਡ਼੍ਹਨ ਉੱਤੇ ਮੈਨੂੰ ਅਹਿਸਾਸ ਹੋਇਆ ਕਿ ਇਸ ਨੂੰ ਜ਼ਰੂਰ ਛਾਪਿਆ ਜਾਣਾ ਚਾਹੀਦਾ ਹੈ। ਇਹ ਕਿਤਾਬ ‘ਸੁਭਾਸ਼ ਐਂਡ ਸ਼ਰਤ: ਐਨ ਇੰਟੀਮੇਟ ਮੈਮੌਇਰ ਆਫ਼ ਇੰਡੀਆ’ਜ਼ ਬੋਸ ਬ੍ਰਦਰਜ਼’ ਅਗਲੇ ਮਹੀਨੇ ਰਿਲੀਜ਼ ਕੀਤੀ ਜਾਵੇਗੀ।

ਸ਼ਰਤ ਚੰਦਰ ਬੋਸ ਆਪਣੇ ਜ਼ਮਾਨੇ ਦੇ ਪ੍ਰਮੁੱਖ ਬੈਰਿਸਟਰ ਤੇ ਸਿਆਸੀ ਆਗੂ ਸਨ। ਉਹ ਆਪਣੇ ਛੋਟੇ ਭਰਾ ਸੁਭਾਸ਼ ਦੇ ਰਾਜ਼ਦਾਨ ਵੀ ਸਨ ਅਤੇ ਕੱਟਡ਼ ਹਮਾਇਤੀ ਵੀ। ਸੁਭਾਸ਼ ਆਪਣੀ ਹਰ ਯੋਜਨਾ ਤੇ ਸੋਚ ਆਪਣੇ ਵੱਡੇ ਭਰਾ ਨਾਲ ਸਾਂਝੀ ਕਰਦੇ ਸਨ। ਇਸੇ ਕਾਰਨ ਦੋਵਾਂ ਦੀ ਸਾਂਝ ਬਹੁਤ ਗੂਡ਼੍ਹੀ ਸੀ। ਮੇਰੇ ਪਿਤਾ ਦੀ ਕਿਤਾਬ ਆਪਣੇ ਆਪ ਵਿੱਚ ਕੀਮਤੀ ਦਸਤਾਵੇਜ਼ ਤਾਂ ਹੈ ਹੀ, ਨਾਲ ਹੀ ਉਹ ਉਸ ਬੰਦੇ ਵੱਲੋਂ ਲਿਖਿਆ ਇਤਿਹਾਸ ਵੀ ਹੈ ਜੋ ਖ਼ੁਦ ਘਟਨਾਵਾਂ ਵਿੱਚ ਭਾਈਵਾਲ ਰਿਹਾ। 1920 ਵਿੱਚ ਜਨਮੇ ਸ਼ਿਸ਼ਿਰ ਕੁਮਾਰ ਬੋਸ, ਸੁਭਾਸ਼ ਚੰਦਰ ਬੋਸ ਦੇ ਹੱਥਾਂ ਵਿੱਚ ਖੇਡ ਕੇ ਵੱਡੇ ਹੋਏ। 1940-41 ਜਨਮੇ ਸ਼ਿਸ਼ਿਰ ਦੀ ਜ਼ਿੰਦਗੀ ਵਿੱਚ ਨਾਟਕੀ ਤਬਦੀਲੀ ਆਈ ਜਦੋਂ ਉਨ੍ਹਾਂ ਦੇ ਚਾਚੇ ਨੇ ਆਪਣੇ ਘਰ ਵਿੱਚ ਨਜ਼ਰਬੰਦੀ ਤੋਂ ਬਚ ਨਿਕਲਣ ਵਿੱਚ ਸ਼ਿਸ਼ਿਰ ਦੀ ਮਦਦ ਮੰਗੀ। ਨੇਤਾ ਜੀ ਕੋਲਕਾਤਾ ਤੋਂ ਬਚ ਨਿਕਲ ਕੇ ਯੂਰਪ ਪੁੱਜਣਾ ਚਾਹੁੰਦੇ ਸਨ ਤਾਂ ਜੋ ਜਰਮਨੀ ਤੇ ਉਸ ਦੇ ਸਾਥੀ ਦੇਸ਼ਾਂ ਦੀ ਮਦਦ ਨਾਲ ਭਾਰਤ ਦੀ ਆਜ਼ਾਦੀ ਲਈ ਫ਼ੌਜੀ ਸੰਘਰਸ਼ ਛੇਡ਼ ਸਕਣ। ਉਸ ਸਮੇਂ ਦੂਜਾ ਵਿਸ਼ਵ ਯੁੱਧ ਪੂਰੇ ਜ਼ੋਰਾਂ ’ਤੇ ਸੀ। ਸ਼ਿਸ਼ਿਰ ਨੂੰ ਆਪਣੇ ਚਾਚੇ ਦੀ ਯੋਜਨਾ ਖ਼ਤਰਨਾਕ ਜਾਪੀ, ਪਰ ਪਿਤਾ ਸ਼ਰਤ ਇਸ ਯੋਜਨਾ ਨੂੰ ਅਮਲੀ ਰੂਪ ਦਿੱਤੇ ਜਾਣ ਦੇ ਹੱਕ ਵਿੱਚ ਸਨ। ਸ਼ਿਸ਼ਿਰ ਨੇ ਜਨਵਰੀ 1941 ਦੀ ਅੱਧੀ ਰਾਤ ਵੇਲੇ ਆਪਣੇ ਚਾਚੇ ਨੂੰ ਬ੍ਰਿਟਿਸ਼ ਪੁਲੀਸ ਦੇ ਪਹਿਰੇ ’ਚੋਂ ਬਚ ਨਿਕਲਣ ਵਿੱਚ ਮਦਦ ਦਿੱਤੀ ਅਤੇ ਕਲਕੱਤਾ ਤੋਂ ਕਾਰ ਉੱਤੇ ਬਿਹਾਰ (ਹੁਣ ਝਾਰਖੰਡ) ਦੇ ਗੋਮੋਹ ਰੇਲਵੇ ਸਟੇਸ਼ਨ ’ਤੇ ਛੱਡ ਕੇ ਆਇਆ। ਉਸ ਸਟੇਸ਼ਨ ਤੋਂ ਨੇਤਾ ਜੀ ਭੇਸ ਵਟਾ ਕੇ ਪਿਸ਼ਾਵਰ ਪਹੁੰਚੇ ਅਤੇ ਪਿਸ਼ਾਵਰ ਤੋਂ ਕਾਬੁਲ ਦੇ ਰਸਤੇ ਬਰਲਿਨ ਪਹੁੰਚ ਗਏ। ਸ਼ਿਸ਼ਿਰ ਨੂੰ ਇਸ ‘ਸਾਜ਼ਿਸ਼’ ਵਿੱਚ ਸ਼ਰੀਕ ਹੋਣ ਦੀ ਕੀਮਤ ਚੁਕਾਉਣੀ ਪਈ। ਉਸ ਨੂੰ ਗ੍ਰਿਫ਼ਤਾਰ ਕਰ ਕੇ ਕੋਲਕਾਤਾ ਬੇਲੂਰਘਾਟ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਚਾਰ ਮਹੀਨੇ ਬਾਅਦ ਰਿਹਾਈ ਹੋਈ, ਪਰ ਚਾਰ ਮਹੀਨਿਆਂ ਬਾਅਦ ਬੰਗਾਲੀ ਇਨਕਲਾਬੀਆਂ ਦੀ ਮਦਦ ਕਰਨ ਅਤੇ ਆਜ਼ਾਦ ਹਿੰਦ ਫ਼ੌਜ (ਆਈਐੱਨਏ) ਲਈ ਹਮਾਇਤ ਜੁਟਾਉਣ ਦੇ ਦੋਸ਼ਾਂ ਹੇਠ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਕਲਕੱਤਾ ਦੀ ਪ੍ਰੈਜ਼ੀਡੈਂਸੀ ਜੇਲ੍ਹ ਵਿੱਚ ਕੈਦ ਕੱਟਦਿਆਂ ਸ਼ਿਸ਼ਿਰ ਬੋਸ ਨੂੰ ਟਾਇਫਾਈਡ ਹੋ ਗਿਆ ਅਤੇ ਉਹ ਮਸਾਂ ਹੀ ਬਚੇ। 1944 ਵਿੱਚ ਉਨ੍ਹਾਂ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਕੈਦ ਕੀਤਾ ਗਿਆ ਅਤੇ ਫਿਰ ਲਾਹੌਰ ਕਿਲ੍ਹੇ ਵਿੱਚ ਭੇਜ ਦਿੱਤਾ ਗਿਆ। ਸਤੰਬਰ 1945 ਵਿੱਚ ਉਨ੍ਹਾਂ ਦੀ ਰਿਹਾਈ ਲਾਇਲਪੁਰ (ਹੁਣ ਫ਼ੈਸਲਾਬਾਦ) ਕੇਂਦਰੀ ਜੇਲ੍ਹ ਵਿੱਚੋਂ ਹੋਈ। ਸ਼ਿਸ਼ਿਰ ਕੁਮਾਰ ਬੋਸ ਅਨੁਸਾਰ ‘‘ਸੁਭਾਸ਼ ਚਾਚਾ ਦੀ ਜ਼ਿੰਦਗੀ ਵਿੱਚ ਫ਼ੈਸਲਾਕੁਨ ਤਬਦੀਲੀ ਨਵੰਬਰ 1940 ਵਿੱਚ ਨਜ਼ਰ ਆਈ ਜਦੋਂ ਉਨ੍ਹਾਂ ਨੇ ਕਾਂਗਰਸ ਦੀਆਂ ਅਹਿੰਸਕ ਗਤੀਵਿਧੀਆਂ ਦੀ ਥਾਂ ਹਥਿਆਰਬੰਦ ਵਿਦਰੋਹ ਬਾਰੇ ਸੋਚਣਾ ਸ਼ੁਰੂ ਕੀਤਾ ਅਤੇ ਇਸ ਕਾਰਜ ਵਿੱਚ ਬ੍ਰਿਟੇਨ-ਵਿਰੋਧੀ ਤਾਕਤਾਂ ਤੋਂ ਮਦਦ ਲੈਣ ਦੀ ਰਣਨੀਤੀ ਘਡ਼ਨੀ ਸ਼ੁਰੂ ਕੀਤੀ।  ਇਸ ਵਿਚਾਰਧਾਰਕ ਤਬਦੀਲੀ ਤੋਂ ਬਾਅਦ ਸੁਭਾਸ਼ ਚਾਚਾ ਨੇ ਪਰਿਵਾਰਕ ਨਾਤਿਆਂ ਨੂੰ ਮਹੱਤਵ ਦੇਣਾ ਬੰਦ ਕਰ ਦਿੱਤਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਖ਼ੁਦ ਨੂੰ ਭਤੀਜਾ ਨਾ ਸਮਝਾਂ ਸਗੋਂ ਸਾਥੀ ਇਨਕਲਾਬੀ ਸਮਝਾਂ। ਸਿਰਫ਼ ਅਜਿਹੀ ਸੋਚ ਸਦਕਾ ਹੀ ਮੈਂ ਉਹ ਕਾਰਜ ਕਰ ਸਕਾਂਗਾ ਜੋ ਉਹ ਮੈਨੂੰ ਸੌਂਪਣਗੇ।’’ ਸਾਧਾਰਨ ਨਜ਼ਰੀੲੇ ਤੋਂ ਨੇਤਾ ਜੀ ਦੀ ਸ਼ਖ਼ਸੀਅਤ ਨੂੰ ਆਂਕਣਾ ਸੁਖਾਲਾ ਨਹੀਂ ਹੈ। ਸੱਤਰ ਸਾਲਾਂ ਤਕ ਭਾਰਤੀ ਲੋਕ ਅਦੁੱਤੀ ਮਹਾਂਨਾਇਕ ਵਜੋਂ ਉਨ੍ਹਾਂ ਦਾ ਸਤਿਕਾਰ ਕਰਦੇ ਰਹੇ। ਆਜ਼ਾਦੀ ਮਗਰੋਂ ਚਾਰ ਦਹਾਕੇ ਤਕ ਸਰਕਾਰੀ ਪੱਧਰ ’ਤੇ ਆਜ਼ਾਦੀ ਦੇ ਘੋਲ ਦੇ ਬਿਰਤਾਂਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਅਣਗੌਲਿਆਂ ਹੀ ਰੱਖਿਆ ਗਿਆ। ੲਿਸ ਦੇ ਬਾਵਜੂਦ ਲੋਕ ਮਨਾਂ ਵਿੱਚ ਨੇਤਾ ਜੀ ਦਾ ਸਤਿਕਾਰ ਘਟਿਆ ਨਹੀਂ। ਸਮੇਂ ਦੀਆਂ ਸਰਕਾਰਾਂ ਵੱਲੋਂ ਆਜ਼ਾਦੀ ਦੇ ਘੋਲ ਵਿੱਚ ਸੁਭਾਸ਼ ਚੰਦਰ ਦੇ ਯੋਗਦਾਨ ਨੂੰ ਨਾ ਉਭਾਰਨ ਦਾ ਸਗੋਂ ਉਲਟਾ ਅਸਰ ਹੀ ਹੋਇਆ। ਉਨ੍ਹਾਂ ਬਾਰੇ ਜਿੰਨੀ ਘੱਟ ਜਾਣਕਾਰੀ ਮੁਹੱਈਆ ਕਰਵਾਈ ਗੲੀ, ਲੋਕਾਂ ਵਿੱਚ ਉਨ੍ਹਾਂ ਬਾਰੇ ਜਾਣਨ ਦੀ ਉਤਸੁਤਕਾ ਓਨੀ ਹੀ ਵਧਦੀ ਗਈ। ਭਾਰਤ ਦੇ ਲੋਕਾਂ ਵੱਲੋਂ ਨੇਤਾ ਜੀ ਅੰਤਰਮਨ ਤੋਂ ਸਤਿਕਾਰੇ ਜਾਂਦੇ ਹਨ। ਨੇਤਾ ਜੀ ਦੀ ਆੲੀਐੱਨਏ ਵਿੱਚ ਕੰਮ ਕਰ ਚੁੱਕੇ ਇੱਕ ਸੀਨੀਅਰ ਅਧਿਕਾਰੀ ਨੂੰ ਆਜ਼ਾਦੀ ਮਗਰੋਂ ਪੰਡਿਤ ਨਹਿਰੂ ਸਮੇਤ ਕਈ ਕੌਮੀ ਅਾਗੂਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਅਾ। ਇਸ ਅਧਿਕਾਰੀ ਨੇ ਇੱਕ ਵਾਰ ਕਿਹਾ ਸੀ ਕਿ ਉਹ ਹੋਰ ਆਗੂਆਂ ਦੀ ਇੱਜ਼ਤ ਕਰਦਾ ਹੈ, ਪਰ ਪਿਆਰ ਸਿਰਫ਼ ਨੇਤਾ ਜੀ ਨੂੰ ਕਰਦਾ ਹੈ। ਮੈਨੂੰ ਚੇਤੇ ਹੈ ਕਿ 1945 ਵਿੱਚ ਬਰਮਾ ਜੰਗ ਦੇ ਨਾਇਕ ਵਜੋਂ ਜਾਣੇ ਜਾਂਦੇ ਤੇ ਆਈਐੱਨਏ ਦੀ ਨਹਿਰੂ ਬ੍ਰਿਗੇਡ ਦੇ ਕਮਾਂਡਰ ਗੁਰਬਖ਼ਸ਼ ਸਿੰਘ ਢਿੱਲੋਂ ਅਤੇ ਆਈਐੱਨਏ ਦੇ ਜਾਂਬਾਜ਼ ਸ਼ਾਹਨਵਾਜ਼ ਖ਼ਾਨ, ਪ੍ਰੇਮ ਕੁਮਾਰ ਸਹਿਗਲ ਅਤੇ ਲਕਸ਼ਮੀ ਸਹਿਗਲ ਹਰ ਵਾਰ ਨੇਤਾ ਜੀ ਬਾਰੇ ਗੱਲ ਕਰਦੇ ਸਮੇਂ ਭਾਵੁਕ ਹੋ ਜਾਂਦੇ ਸਨ। ਨੇਤਾ ਜੀ ਦੇ ਹਿੱਸੇ ਆਇਆ ਇੰਨਾ ਪਿਆਰ ਸਤਿਕਾਰ ਵਾਕਈ ਮਾਣ ਦੀ ਗੱਲ ਹੈ। ਕਿਸੇ ਵਿਅਕਤੀ ਦਾ ਅਥਾਹ ਸਤਿਕਾਰ ਹੋਣ ਦਾ ਨੁਕਸਾਨ ਵੀ ਹੁੰਦਾ ਹੈ। ਪਹਿਲਾ ਨੁਕਸਾਨ ਇਹ ਹੈ ਕਿ ਅਜਿਹੇ ਵਿਅਕਤੀ ਦੀ ਜ਼ਿੰਦਗੀ, ਸ਼ਖ਼ਸੀਅਤ ਅਤੇ ਕੰਮਾਂ ਤੋਂ ਪਰ੍ਹੇ ਜਾ ਕੇ ਲੋਕ ਉਸ ਦੇ ਅਸਲ ਮਕਸਦ ਨੂੰ ਭੁਲਾ ਬੈਠਦੇ ਹਨ। ਮੇਰੇ ਪਿਤਾ ਨੇ ਕਾਫ਼ੀ ਪਹਿਲਾਂ ਇਹ ਗੱਲ ਮਹਿਸੂਸ ਕਰ ਲਈ ਸੀ। ਇਸੇ ਲਈ ਉਨ੍ਹਾਂ ਨੇ 1957 ਵਿੱਚ ਨੇਤਾ ਜੀ ਭਵਨ ਵਿੱਚ ਨੇਤਾ ਜੀ ਰਿਸਰਚ ਬਿਊਰੋ ਸਥਾਪਿਤ ਕੀਤਾ ਤਾਂ ਜੋ ਨੇਤਾ ਜੀ ਦੀ ਜੀਵਨ ਗਾਥਾ ਦਸਤਾਵੇਜ਼ਾਂ ਦੇ ਰੂਪ ਵਿੱਚ ਸਾਂਭੀ ਜਾ ਸਕੇ। ਬੋਸ ਪਰਿਵਾਰ ਦੇ ਜੱਦੀ ਘਰ ਨੂੰ ਹੀ ਨੇਤਾ ਜੀ ਭਵਨ ਕਹਿੰਦੇ ਹਨ ਜਿੱਥੋਂ 1941 ਵਿੱਚ ਸ਼ਿਸ਼ਿਰ ਕੁਮਾਰ ਬੋਸ ਦੀ ਮਦਦ ਨਾਲ ਉਹ ਗ੍ਰਹਿ ਨਜ਼ਰਬੰਦੀ ਵਿੱਚੋਂ ਬਚ ਨਿਕਲੇ ਸਨ। ਦੂਜਾ ਨੁਕਸਾਨ ਇਹ ਹੈ ਕਿ ਮਹਾਨ ਵਿਅਕਤੀ ਦੀ ਇੱਕ ਤਰ੍ਹਾਂ ਦੇਵਤੇ ਵਾਂਗ ਪੂਜਾ ਕੀਤੀ ਜਾਂਦੀ ਹੈ। ਨੇਤਾ ਜੀ ਵੀ ਇਸ ਰੁਝਾਨ ਦੇ ਸ਼ਿਕਾਰ ਹੋਏ ਅਤੇ ਇਸੇ ਲਈ ਉਨ੍ਹਾਂ ਨਾਲ ਦੰਦ-ਕਥਾਵਾਂ ਜੁਡ਼ੀਆਂ ਰਹੀਆਂ ਹਨ। ਇਹ ਕਹਾਣੀਆਂ 1945 ਦੇ ਹਵਾਈ ਹਾਦਸੇ ਤੋਂ ਬਾਅਦ ਦੀ ੳੁਨ੍ਹਾਂ ਦੀ ਜ਼ਿੰਦਗੀ ਨਾਲ ਹੀ ਸਬੰਧਿਤ ਨਹੀਂ ਸਨ ਸਗੋਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨਘਡ਼ਤ ਗੱਲਾਂ ਹੁੰਦੀਆਂ ਰਹੀਆਂ। ਸ਼ਿਸ਼ਿਰ ਬੋਸ ਆਪਣੀ ਪੁਸਤਕ ਵਿੱਚ ਲਿਖਦੇ ਹਨ: ‘‘ਚਾਚਾ ਸੁਭਾਸ਼ ਬਾਰੇ ਇੱਕ ਮਿੱਥ ਫੈਲ ਗਈ ਹੈ ਜੋ ਅਸਲੀਅਤ ਤੋਂ ਕੋਹਾਂ ਦੂਰ ਹੈ। ਆਜ਼ਾਦੀ ਤੋਂ ਮਗਰੋਂ ਕਈ ਦਹਾਕਿਆਂ ਤਕ ਚਾਚਾ ਸੁਭਾਸ਼ ਦੇ ਸਾਧੂ ਦੇ ਭੇਸ ਵਿੱਚ ਦਿਖਾਈ ਦੇਣ ਦੀਆਂ ਅਫ਼ਵਾਹਾਂ ਉੱਡਦੀਆਂ ਰਹੀਆਂ। ਇੱਕ ਯਥਾਰਥਵਾਦੀ ਆਗੂ ਅਤੇ ਪ੍ਰਤੀਬੱਧ ੲਿਨਕਲਾਬੀ ਦੰਦ-ਕਥਾਵਾਂ ਦਾ ਵਿਸ਼ਾ ਬਣ ਗਿਆ ਹੈ।’’ ਨੇਤਾ ਜੀ ਦੇ ਜੀਵਨ ਕਾਲ ਦੌਰਾਨ ਹੀ ਉਨ੍ਹਾਂ ਨਾਲ ਦੰਦ-ਕਥਾਵਾਂ ਜੁਡ਼ਨ ਲੱਗੀਆਂ ਸਨ। 1941 ਵਿੱਚ ਨੇਤਾ ਜੀ ਦੇ ਆਪਣੇ ਜੱਦੀ ਘਰ ਵਿੱਚੋਂ ‘ਗਾਇਬ’ ਹੋਣ ਮਗਰੋਂ ਹੀ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਗਈਆਂ ਸਨ। ਸ਼ਿਸ਼ਿਰ ਨੇ ਆਪਣੀ ਪੁਸਤਕ ਵਿੱਚ ਅਜਿਹੀਆਂ ਕਈ ਮਨਘਡ਼ਤ ਕਹਾਣੀਆਂ ਦਾ ਜ਼ਿਕਰ ਕਰਦਿਆਂ ਨੇਤਾ ਜੀ ਦੇ ਉੱਥੋਂ ਬਚ ਨਿਕਲਣ ਦੀ ਪੂਰੀ ਕਹਾਣੀ ਬਿਆਨ ਕੀਤੀ ਹੈ। ਇੱਕ ਅਫ਼ਵਾਹ ਇਉਂ ਸੀ: ‘ਇੱਕ ਸ਼ਾਮ ਦੋ ਸਿੱਖ ਚਾਚਾ ਸੁਭਾਸ਼ ਨੂੰ ਮਿਲਣ ਆਏ ਅਤੇ ਬਾਅਦ ਵਿੱਚ ਤਿੰਨ ਪਗਡ਼ੀਧਾਰੀ ਵਿਅਕਤੀ ਨੇਤਾ ਜੀ ਦੇ ਘਰ ਵਿੱਚੋਂ ਨਿਕਲੇ ਸਨ।’ ਇੱਕ ਹੋਰ ਕਹਾਣੀ ਇਹ ਸੀ: ‘ਇੱਕ ਰਾਤ ਇੱਕ ਉੱਚਾ ਲੰਮਾ ਤੇ ਸੁਨੱਖਾ ਆਦਮੀ ਗੰਗਾ ਕਿਨਾਰੇ ਦਿਖਾਈ ਦਿੱਤਾ। ਉਸ ਨੇ ਮਲਾਹ ਨੂੰ ਗੰਗਾ ਦੇ ਵਿਚਕਾਰ ਕਿਸ਼ਤੀ ਲਿਜਾਣ ਲਈ ਕਿਹਾ। ਮਲਾਹ ਨੇ ਮੋਟੀ ਰਕਮ ਦੀ ਪੇਸ਼ਕਸ਼ ਸਦਕਾ ਉਸ ਨੂੰ ਲਿਜਾਣਾ ਸਵੀਕਾਰ ਕਰ ਲਿਆ। ਜਦੋਂ ਕਿਸ਼ਤੀ ਨਦੀ ਦੇ ਅੱਧ-ਵਿਚਕਾਰ ਪਹੁੰਚੀ ਤਾਂ ਕਾਫ਼ੀ ਸ਼ੋਰ ਨਾਲ ਪਾਣੀ ਹੇਠੋਂ ਇੱਕ ਪਣਡੁੱਬੀ ਉਪਰ ਆਈ। ਲੰਮੇ ਵਿਅਕਤੀ ਨੇ ਮਲਾਹ ਨੂੰ ਪੈਸੇ ਦਿੱਤੇ ਅਤੇ ਆਪ ਪਣਡੁੱਬੀ ’ਤੇ ਛਾਲ ਮਾਰ ਦਿੱਤੀ। ਮਸ਼ੀਨ ਨੇ ਹੋਰ ਉੱਚੀ ਆਵਾਜ਼ ਕੀਤੀ ਅਤੇ ਫਿਰ ਪਾਣੀ ਹੇਠਾਂ ਗਾਇਬ ਹੋ ਗਈ।’ ਦਰਅਸਲ, ਬੋਸ ਨੇ ਇਸ ਤੋਂ ਦੋ ਸਾਲ ਮਗਰੋਂ ਫਰਵਰੀ 1943 ਵਿੱਚ ਪਣਡੁੱਬੀ ਰਾਹੀਂ ਤਿੰਨ ਮਹੀਨੇ ਵਿੱਚ ਯੂਰਪ ਤੋਂ ਪੂਰਬੀ ਏਸ਼ੀਆ ਦਾ ਸਫ਼ਰ ਕੀਤਾ ਸੀ। ਯੋਜਨਾ ਮੁਤਾਬਿਕ 26 ਜਨਵਰੀ 1941 ਨੂੰ ਬੋਸ ਦੇ ‘ਗਾਇਬ’ ਹੋਣ ਦੀ ਗੱਲ ਸਾਹਮਣੇ ਆਉਣ ’ਤੇ (ਨੇਤਾ ਜੀ ਇਸ ਤੋਂ ਦਸ ਦਿਨ ਪਹਿਲਾਂ ਉੱਥੋਂ ਬਚ ਨਿਕਲੇ ਸਨ) ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਲੱਭਣ ਲਈ ਕੲੀ ਤਰੀਕੇ ਸੁਝਾਏ। ਸਾਰੇ ਭੇਤ ਤੋਂ ਜਾਣੂੰ ਸ਼ਰਤ ਚੰਦਰ ਬੋਸ ਨੇ ਇੱਕ ਸੁਝਾਅ ਦੇ ਪ੍ਰਤੀਕਰਮ ਵਜੋਂ ਭੋਲਾ ਜਿਹਾ ਮੂੰਹ ਬਣਾਉਂਦਿਆਂ ਸ਼ਿਸ਼ਿਰ ਨੂੰ ਕਿਹਾ ਕਿ ਉਹ ਕਲਕੱਤਾ ਦੇ ਸ਼ਮਸ਼ਾਨਘਾਟ ਅਤੇ ਕਾਲੀ ਦੇਵੀ ਦੇ ਮੰਦਿਰ ਵਿੱਚ ਨੇਤਾ ਜੀ ਨੂੰ ਲੱਭਣ ਜਾਵੇ। ਸ਼ਿਸ਼ਿਰ ਬੋਸ ਲਿਖਦੇ ਹਨ: ‘ਸ਼ਮਸ਼ਾਨਘਾਟ ਵਿੱਚ ਸਾਨੂੰ ਅਜੀਬ ਜਿਹੀ ਦਿੱਖ ਵਾਲੇ ਕਈ ਵਿਅਕਤੀ ਹੁੱਕਾ ਗੁਡ਼ਗੁਡ਼ਾਉਂਦੇ ਦਿਸੇ।’ ਕਾਲੀ ਮੰਦਿਰ ਵਿੱਚ ਇੱਕ ਪੁਜਾਰੀ ਨੇ ਬਡ਼ੇ ਵਿਸ਼ਵਾਸ ਨਾਲ ਸ਼ਿਸ਼ਿਰ ਨੂੰ ਦੱਸਿਆ ਕਿ ਉਸ ਦੇ ਚਾਚਾ ਸੰਸਾਰਕ ਮੋਹ ਮਾਇਆ ਤੋਂ ਨਾਤਾ ਤੋਡ਼ ਕੇ ਇੱਕ ਆਸ਼ਰਮ ਵਿੱਚ ਚਲੇ ਗਏ ਹਨ ਜਦੋਂਕਿ ਸੱਚ ਇਹ ਸੀ ਕਿ ਉਸ ਸਮੇਂ ਨੇਤਾ ਜੀ ਨੇ ਪਿਸ਼ਾਵਰ ਰਸਤੇ ਕਾਬੁਲ ਜਾਣਾ ਸੀ। ਦੇਸ਼ ਦੀ ਆਜ਼ਾਦੀ ਮਗਰੋਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੰਦ-ਕਥਾਵਾਂ ਚਲਦੀਆਂ ਰਹੀਆਂ। ਨੇਤਾ ਜੀ ਦੀ ਜੀਵਨ ਗਾਥਾ ਨੂੰ ਪਰਾ-ਕੁਦਰਤੀ ਵਰਤਾਰਿਆਂ ਨਾਲੋਂ ਨਿਖੇਡ਼ਨਾ ਅਤਿ ਜ਼ਰੂਰੀ ਹੈ। ਉਨ੍ਹਾਂ ਦੀ ਅਸਲ ਜ਼ਿੰਦਗੀ ਵਿੱਚ ਇੰਨਾ ਕੁਝ ਹੈ ਕਿ ਅਜੋਕੇ ਭਾਰਤ ਦੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸ ਬਾਰੇ ਅਧਿਐਨ ਕਰਨਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All