ਨੀਲ ਬਸਤ੍ਰ ਲੇ ਕਪੜੇ ਪਹਿਰੇ

ਡਾ. ਧਰਮ ਸਿੰਘ*

ਸਮੁੱਚੀ ਗੁਰਬਾਣੀ ਬੇਸ਼ੱਕ ਰੱਬੀ ਰਮਜ਼ਾਂ ਅਤੇ ਰਹੱਸਾਂ ਨੂੰ ਖੋਲ੍ਹਦੀ ਹੈ, ਪਰ ਇਸ ਦਾ ਸਮਾਜਕ ਅਤੇ ਸੱਭਿਆਚਾਰਕ ਮਹੱਤਵ ਵੀ ਘੱਟ ਨਹੀਂ। ਇਸ ਦਾ ਕਾਰਨ ਇਹ ਹੈ ਕਿ ਹਰ ਲੇਖਕ ਆਪਣੇ ਯੁੱਗ ਦੀ ਪੈਦਾਵਾਰ ਹੁੰਦਾ ਹੈ ਅਤੇ ਤਤਕਾਲੀ ਸਮਾਜਕ ਅਤੇ ਸੱਭਿਆਚਾਰਕ ਸਰੋਕਾਰਾਂ ਵੱਲੋਂ ਉਸ ਦਾ ਅਭਿੱਜ ਰਹਿਣਾ ਸੰਭਵ ਨਹੀਂ। ਇਸ ਲਈ ਗੁਰਬਾਣੀ ਵਿਚੋਂ ਜੋ ਸਮਾਜਕ ਅਤੇ ਸੱਭਿਆਚਾਰਕ ਪ੍ਰਮਾਣ ਮਿਲਦੇ ਹਨ, ਉਹ ਤਤਕਾਲ ਨੂੰ ਸਮਝਣ ਵਿਚ ਬਹੁਤ ਸਹਾਈ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਦੀਆਂ ਲਮੇਰੀਆਂ ਬਾਣੀਆਂ ਵਿਚੋਂ ਇੱਕ ‘ਆਸਾ ਦੀ ਵਾਰ’ ਹੈ। ਇਸ ਵਾਰ ਵਿਚ ਸਮਾਜਕ ਅਤੇ ਸੱਭਿਆਚਾਰਕ ਸੰਕਟਾਂ ਦਾ ਜਿਹੜਾ ਨਿਰੂਪਣ ਗੁਰੂ ਸਾਹਿਬ ਨੇ ਕੀਤਾ ਹੈ, ਉਹ ਬਹੁ-ਪਰਤੀ ਹੈ। ਇਨ੍ਹਾਂ ਵਿਚੋਂ ਇੱਕ ਹੈ ਉਸ ਸਮੇਂ ਦੇ ਭਾਰਤੀ ਸਮਾਜ ਦੀ ਗੁਲਾਮ ਮਾਨਸਿਕਤਾ। ਗੁਰੂ ਜੀ ਤੱਕ ਇਸ ਗੁਲਾਮ ਮਾਨਸਿਕਤਾ ਦੀ ਉਮਰ ਕੋਈ ਸੱਤਾਂ ਸਦੀਆਂ ਦੀ ਹੋ ਚੁੱਕੀ ਸੀ, ਜਿਸ ਕਰਕੇ ਲੋਕਾਂ ਨੇ ਆਤਮ-ਪਛਾਣ ਭੁੱਲ ਕੇ ਹੁਕਮਰਾਨਾਂ ਦਾ ਲਿਬਾਸ, ਖਾਣ-ਪੀਣ ਅਤੇ ਉਨ੍ਹਾਂ ਦੀ ਜੀਵਨ-ਸ਼ੈਲੀ ਆਪਣਾ ਲਈ ਸੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ’ਚੋਂ ਪ੍ਰਮਾਣ ਹਨ: ਆਦਿ ਪੁਰਖ ਕਉ ਅਲਹੁ ਕਹੀਐ, ਸੇਖਾਂ ਆਈ ਵਾਰੀ। ਦੇਵਲ ਦੇਵਤਿਆ ਕਰੁ ਲਾਗਾ, ਐਸੀ ਕੀਰਤਿ ਚਾਲੀ। ਕੂਜਾ ਬਾਂਗ ਨਿਵਾਜ ਮੁਸਲਾ, ਨੀਲ ਰੂਪ ਬਨਵਾਰੀ। (ਗੁਰੂ ਗ੍ਰੰਥ ਸਾਹਿਬ, ਅੰਗ 1191) ਅੱਜ ਅਸੀਂ ਕੇਵਲ ‘ਨੀਲ ਰੂਪ ਬਨਵਾਰੀ’ ਦੀ ਹੀ ਗੱਲ ਕਰਨੀ ਹੈ। ਉਸ ਵੇਲੇ ਦੇ ਬ੍ਰਾਹਮਣੀ ਵਿਹਾਰ ਨੂੰ ਗੁਰੂ ਜੀ ਪਾਖੰਡ ਕਹਿ ਕੇ ਇਸ ਨੂੰ ਛੱਡਣ ਦੀ ਨਸੀਹਤ ਕਰਦੇ ਹਨ। ਹੁਕਮਰਾਨਾਂ ਦੀਆਂ ਨਜ਼ਰਾਂ ਵਿਚ ਪ੍ਰਵਾਨ ਚੜ੍ਹਨ ਲਈ ਜਾਂ ਉਨ੍ਹਾਂ ਦੀ ਖੁਸ਼ਨੂਦੀ ਮਸਲ ਕਰਨ ਲਈ ਬ੍ਰਾਹਮਣਾਂ ਨੇ ਉਨ੍ਹਾਂ ਵਰਗੇ ਹੀ ਨੀਲੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਸਨ। ਨੀਲਾ ਜਾਂ ਨੀਲ ਫ਼ਾਰਸੀ ਸ਼ਬਦ ਹੈ। ਨੀਲ ਇਕ ਪੌਦਾ ਹੈ, ਜਿਸ ਵਿਚੋਂ ਰੰਗ ਨਿਕਲਦਾ ਹੈ। ਲਾਜਵਰਦ ਨੂੰ ਵੀ ਨੀਲ ਕਹਿੰਦੇ ਹਨ। ਤੁਰਕ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ। ਬਾਬਰ ਤੁਰਕ (ਤੁਰਕੀ ਦਾ ਰਹਿਣ ਵਾਲਾ) ਸੀ। ਬਾਬਰ ਵੀ ਤੁਰਕੀ ਸ਼ਬਦ ਹੈ (ਗੁਰੂ ਗ੍ਰੰਥ ਸਾਹਿਬ: ਅਰਬੀ ਫ਼ਾਰਸੀ ਸ਼ਬਦਾਵਲੀ ਕੋਸ਼, ਅਮਰਵੰਤ ਸਿੰਘ, ਪੰਨਾ 175)। ਨੀਲੇ ਕੱਪੜੇ ਪਹਿਨਣਾ ਮੁਸਲਮਾਨੀ ਫੈਸ਼ਨ ਬਣ ਚੁੱਕਾ ਸੀ। ਹਿੰਦੂ, ਮੁਸਲਮਾਨ ਹਾਕਮਾਂ ਨੁੰ ਖੁਸ਼ ਕਰਨ ਲਈ ਏਸੇ ਰੰਗ ਦੇ ਕੱਪੜੇ ਪਹਿਨਣ ਲੱਗ ਪਏ ਸਨ। ਗੁਰੂ ਨਾਨਕ ਇਸ ਵਰਤਾਰੇ ਜਾਂ ਕਹਿ ਲਵੋ ਕਿ ਨੀਲੇ ਕੱਪੜਿਆਂ ਨੂੰ ਗੁਲਾਮੀ ਦਾ ਚਿੰਨ ਸਮਝ ਕੇ ਇਸ ਦੀ ਨਿੰਦਾ ਕਰਦੇ ਹਨ: ਮਥੈ ਟਿਕਾ ਤੇੜਿ ਧੋਤੀ ਕਖਾਈ। ਹਥਿ ਛੁਰੀ ਜਗਤ ਕਾਸਾਈ। ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣ। ਮਲੇਛ ਧਾਨੁ ਲੈ ਪੂਜਹਿ ਪੁਰਾਣੁ। (ਗੁਰੂ ਗ੍ਰੰਥ ਸਾਹਿਬ, ਅੰਗ 871) ‘ਪੰਜਾਬੀ ਲੋਕਧਾਰਾ ਵਿਸ਼ਵ ਕੋਸ਼’ ਦੇ ਕਰਤਾ ਡਾ. ਵਣਜਾਰਾ ਬੇਦੀ ਤਾਂ ਏਥੋਂ ਤੱਕ ਲਿਖਦੇ ਹਨ ਕਿ ਹਿੰਦੂ ਜਾਂ ਗੈਰ ਮੁਸਲਮਾਨ ਨੀਲੇ ਰੰਗ ਦੇ ਕੱਪੜੇ ਪਾ ਕੇ ਹੀ ਤੁਰਕ ਹਾਕਮਾਂ ਪਾਸ ਜਾਂਦੇ ਸਨ ਅਤੇ ਤਾਂ ਹੀ ਉਨ੍ਹਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਂਦੀ ਸੀ (ਜਿਲਦ ਛੇਵੀਂ, ਪੰਨਾ 1824)। ਗੁਰੂ ਨਾਨਕ ਦੇਵ ਜੀ ਜਦ ਮੱਕੇ ਗਏ ਤਾਂ ਉਨ੍ਹਾਂ ਆਪਣੇ ਓਪਰੇਪਨ ਜਾਂ ਵਿਦੇਸ਼ੀਪਨ ਨੂੰ ਲੁਕਾਉਣ ਲਈ ਨੀਲੇ ਵਸਤਰ ਹੀ ਪਾਏ ਸਨ, ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਦਿੱਤੀ ਹੈ: ਫਿਰ ਬਾਬਾ ਮੱਕੇ ਗਇਆ, ਨੀਲ ਬਸਤਰ ਧਾਰੇ ਬਨਵਾਰੀ। (ਪਹਿਲੀ ਵਾਰ, ਪਉੜੀ ਨੰ. 32) ਪੁਰਾਤਨ ਜਨਮ ਸਾਖੀ ਅਨੁਸਾਰ ਜਦ ਬਾਬਾ ਜੀ ਚੌਥੀ ਉਦਾਸੀ ’ਤੇ ਚੜ੍ਹੇ ਤਾਂ ਉਨ੍ਹਾਂ ਵੱਲੋਂ ਨੀਲੇ ਕੱਪੜੇ ਪਹਿਨੇ ਹੋਏ ਸਨ, ‘ਤਬ ਨੀਲੇ ਬਸਤ੍ਰ ਥੇ, ਖੇਡਦਾ-ਖੇਡਦਾ ਹੱਜ ਵਿਚ ਆਇ ਨਿਕਲਿਆ’ (ਪੰਨਾ 182)। ਏਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਗੁਰੂੁ ਨਾਨਕ ਦੇਵ ਜੀ ਨੇ ਜੇ ਨੀਲੇ ਵਸਤਰ ਪਾਏ ਹਨ ਤਾਂ ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਉਹ ਇਨ੍ਹਾਂ ਨੂੰ ਮਾਨਤਾ ਦੇ ਰਹੇ ਹਨ। ਇਹ ਤਾਂ ਇਕ ਹਿਕਮਤਿ ਅਮਲੀ ਹੈ, ਜੋ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੀ ਵਰਤੀ ਗਈ ਜਦ ਉਹ ਮਾਛੀਵਾੜੇ ਵਿਚੋਂ ਨਬੀ ਖਾਂ ਅਤੇ ਗਨੀ ਖਾਂ ਦੀ ਮਦਦ ਨਾਲ ਉੱਚ ਦਾ ਪੀਰ ਬਣ ਕੇ ਮੁਗਲ ਸੈਨਾ ਦੇ ਘੇਰੇ ਵਿਚੋਂ ਨਿਕਲੇ ਸਨ। ਚਮਕੌਰ ਦੀ ਗੜ੍ਹੀ ਛੱਡਣ ਪਿੱਛੋਂ ਗੁਰੂੁ ਗੋਬਿੰਦ ਸਿੰਘ ਜੀ ਮਾਛੀਵਾੜੇ ਵਿਚ ਗੁਲਾਬ ਚੰਦ ਮਸੰਦ ਦੇ ਘਰ ਕੁੱਝ ਸਮਾਂ ਟਿਕੇ, ਪਰ ਮੁਸਲਮਾਨ ਸੈਨਾ ਨੂੰ ਸੂਹ ਮਿਲ ਗਈ ਤੇ ਉਸ ਨੇ ਮਾਛੀਵਾੜੇ ਨੂੰ ਘੇਰਾ ਪਾ ਲਿਆ। ਪੁਰਾਣੀ ਵਫਾਦਾਰੀ ਨਿਭਾਉਣ ਖਾਤਰ ਦੋ ਪਠਾਣ ਨਬੀ ਖਾਂ ਅਤੇ ਗਨੀ ਖਾਂ ਅੱਗੇ ਆਏ। ਪਠਾਣਾਂ ਦੇ ਕੱਪੜੇ ਤਾਂ ਪਹਿਲਾਂ ਹੀ ਨੀਲੇ ਰੰਗ ਦੇ ਸਨ ਪਰ ਉਨ੍ਹਾਂ ਨੇ ਗੁਰੂ ਜੀ ਅਤੇ ਉਨ੍ਹਾਂ ਨਾਲ ਆਏ ਸਿੱਖਾਂ ਦੇ ਵਸਤਰ ਵੀ ਨੀਲੇ ਰੰਗ ਵਿਚ ਰੰਗ ਦਿੱਤੇ ਅਤੇ ਗੁਰੂ ਜੀ ਨੂੰ ਉੱਚ (ਅੱਜ-ਕੱਲ੍ਹ ਬਹਾਵਲਪੁਰ ਰਿਆਸਤ, ਪਾਕਿਸਤਾਨ) ਨੂੰ ਪੀਰ ਬਣਾ ਕੇ ਘੇਰੇ ’ਚੋਂ ਬਾਹਰ ਕੱਢ ਲਿਆਏ। ਜਿਸ ਮੱਟ ਵਿਚ ਗੁਰੂ ਜੀ ਅਤੇ ਬਾਕੀ ਸਿੰਘਾਂ ਦੇ ਕੱਪੜੇ ਨੀਲੇ ਰੰਗ ਵਿਚ ਰੰਗੇ ਗਏ ਸਨ, ਉਹ ਮੱਟ ਅੱਜ ਵੀ ਮਾਛੀਵਾੜੇ ਦੇ ਗੁਰਦੁਆਰਾ ਚੌਬਾਰਾ ਸਾਹਿਬ ਵਿਚ ਸੁਰੱਖਿਅਤ ਹੈ। ਉਸ ਵੇਲੇ ਦਾ ਸਮਾਜ ਧਾਰਮਿਕ ਤੌਰ ’ਤੇ ਤਾਂ ਅਧੋਗਤੀ ਦਾ ਸ਼ਿਕਾਰ ਹੋਇਆ ਹੀ ਸੀ, ਉਨ੍ਹਾਂ ਦੀ ਸੱਭਿਆਚਾਰਕ ਅਧੋਗਤੀ ਦੀ ਜੋ ਤਸਵੀਰ ਆਸਾ ਦੀ ਵਾਰ ਵਿਚ ਮਿਲਦੀ ਹੈ, ਉਹ ਹੋਰ ਕਿਧਰੇ ਘੱਟ ਹੀ ਨਜ਼ਰ ਪੈਂਦੀ ਹੈ। ਹਿੰਦੂ ਪਰਜਾ ਸੀ, ਏਸੇ ਕਰਕੇ ਇਹ ਸੰਬੋਧਨ ਇਸ ਬਾਣੀ ਵਿਚ ਬਹੁਲਤਾ ਸਹਿਤ ਪ੍ਰਾਪਤ ਹੈ। ਪਰਜਾ ਨੂੰ ਅੰਨ੍ਹੀ ਤੱਕ ਕਹਿ ਕੇ ਗਿਆਨਵਾਨ (ਸੁਜਾਖੀ) ਬਣਨ ਦੀ ਨਸੀਹਤ ਕੀਤੀ ਗਈ ਹੈ। ਮੈਂ ਏਥੇ ‘ਗਿਆਨ’ ਸ਼ਬਦ ਦੇ ਅਰਥ ਸੱਭਿਆਚਾਰਕ ਚੇਤਨਾ ਜਾਂ ਜਾਗਰੂਕਤਾ ਦੇ ਲੈਂਦਾ ਹਾਂ ਕਿਉਂਕਿ ਹਿੰਦੂਆਂ (ਵਿਸ਼ੇਸ਼ ਕਰਕੇ ਬ੍ਰਾਹਮਣਾਂ) ਨੂੰ ਵੇਦਾਂ, ਪੌਰਾਣਾਂ, ਉਪਨਿਸ਼ਦਾਂ ਅਤੇ ਹੋਰ ਧਾਰਮਿਕ ਗ੍ਰੰਥਾਂ ਦਾ ਗਿਆਨ ਤਾਂ ਪਹਿਲਾਂ ਹੀ ਸੀ ਪਰ ਸੱਭਿਆਚਾਕ ਚੇਤਨਾ ਅਤੇ ਦ੍ਰਿੜ੍ਹਤਾ ਨਹੀਂ ਸੀ। ਗੁਰੂ ਨਾਨਕ ਦੇਵ ਜੀ ਏਸੇ ਚੇਤਨਾ ਵੱਲ ਹੀ ਸੰਕੇਤ ਕਰਦੇ ਹਨ: ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ।। ਗਿਆਨੀ ਨਚਹਿ ਵਾਜੇ ਵਾਵਹਿ, ਰੂਪ ਕਰਹਿ ਸੀਗਾਰੁ।।

ਡਾ. ਧਰਮ ਸਿੰਘ*

ਹੁਣ ਥੋੜੀ ਜਿਹੀ ਗੱਲ ਨਿਹੰਗ ਸਿੰਘਾਂ ਦੇ ਨੀਲੇ ਬਾਣੇ ਬਾਰੇ। ਪਿੱਛੇ ਅਸੀਂ ਵੇਖਿਆ ਹੈ ਕਿ ਗੁਰੂ ਨਾਨਕ ਦੇਵ ਨੇ ਨੀਲੇ ਕੱਪੜਿਆਂ ਨੂੰ ਹੁਕਮਰਾਨੀ ਪੁਸ਼ਾਕ ਕਹਿ ਕੇ ਕਠੋਰ ਸ਼ਬਦਾਂ ਵਿਚ ਨਿੰਦਿਆ ਹੈ। ਹੁਣ ਪ੍ਰਸ਼ਨ ਉੱਠਦਾ ਹੈ ਕਿ ਗੁਰੂ ਨਾਨਕ ਦੀ ਹੀ ਗੱਦੀ ਦੇ ਇੱਕ ਵਾਰਿਸ ਗੁਰੂੁ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਾਡਲੀਆਂ ਫੌਜਾਂ ਲਈ ਇਹੋ ਹੀ ਰੰਗ ਕਿਉਂ ਨਿਰਧਾਰਿਤ ਕੀਤਾ। ਦੂਜੇ ਸ਼ਬਦਾਂ ਵਿਚ ਕਹਿ ਲਓ ਕਿ ਇਸ ਤਬਦੀਲੀ ਪਿੱਛੇ ਕੀ ਦਲੀਲ ਹੈ? ਗੁਰੂ ਗੋਬਿੰਦ ਸਿੰਘ ਜੀ ਨੇ ਜਦ ਅੰਮ੍ਰਿਤ ਛਕਾਇਆ ਤਾਂ ਸਿੱਖਾਂ ਦੇ ਮਨਾਂ ਵਿਚੋਂ ਹਕੂਮਤੀ ਡਰ, ਭੈਅ ਦੂਰ ਕਰਨ ਹਿੱਤ ਸੱਤਾ ਦੇ ਪ੍ਰਤੀਕ ਉਹ ਸਾਰੇ ਚਿੰਨ੍ਹ ਧਾਰਨ ਕਰਨਾ ਜ਼ਰੂਰੀ ਕਰਾਰ ਦਿੱਤੇ। ਅੰਮ੍ਰਿਤ ਸੰਚਾਰ ਸੰਸਕਾਰ ਦੇ ਪੁਰਾਣੇ ਚਿੱਤਰਾਂ ਵਿਚ ਪੰਜ ਪਿਆਰੇ ਅਤੇ ਖੁਦ ਗੁਰੂ ਗੋਬਿੰਦ ਸਿੰਘ ਜੀ ਵੀ ਨੀਲੇ ਬਾਣੇ ਵਿਚ ਦਰਸਾਏ ਗਏ ਹਨ, ਜਿਸ ਤੋਂ ਸਾਡੀ ਧਾਰਨਾ ਦੀ ਪੁਸ਼ਟੀ ਹੁੰਦੀ ਹੈ। ਇੰਝ ਨੀਲੇ ਵਸਤਰ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਕੂਮਤੀ ਲਿਬਾਸ ਸੀ, ਹੁਣ ਨਾਬਰੀ ਅਤੇ ਹਕੂਮਤੀ ਅਵੱਗਿਆ ਦਾ ਪ੍ਰਤੀਕ ਬਣ ਗਿਆ ਸੀ। ਭਾਈ ਗੁਰਦਾਸ (ਦੂਜਾ) ਦੀ ਵਾਰ ਦਾ ਇਹ ਬੰਦ ਵੀ ਏਸੇ ਤੱਥ ਦੀ ਪੁਸ਼ਟੀ ਕਰਦਾ ਹੈ: ਜਿਨ ਪੰਥ ਚਲਾਯੋ ਖਾਲਸਾ ਧਰ ਤੇਜ ਕਰਾਰਾ। ਸਿਰ ਕੇਸ ਧਾਰਿ ਗਹਿ ਖੜਗ ਕਉ ਸਭ ਦੁਸ਼ਟ ਪਛਾਰਾ। ਇਉ ਉਪਜੇ ਸਿੰਘ ਭੁਜੰਗੀਏ, ਨੀਲੰਬਰ ਧਾਰਾ। (ਪਉੜੀ 15) ਗੁਰੂ ਨਾਨਕ ਦੇਵ ਜੀ ਰਚਿਤ ਲੰਮੇਰੀਆਂ ਬਾਣੀਆਂ ਵਿਚ ਕਿਸੇ ਨਾ ਕਿਸੇ ਵਿਸ਼ੇਸ਼ ਪੱਖ ’ਤੇ ਵਧੇਰੇ ਬੱਲ ਦਿੱਤਾ ਗਿਆ ਮਿਲਦਾ ਹੈ। ਜਿਵੇਂ ਜਪੁ ਜੀ ਸਾਹਿਬ ਵਧੇਰੇ ਦਾਰਸ਼ਨਿਕ ਹੈ, ਦੱਖਣੀ ਓਅੰਕਾਰ ਬੁੱਧੀਜੀਵੀ ਵਰਗ ਨੂੰ ਸੰਬੋਧਿਤ ਹੈ, ਸਿੱਧ ਗੋਸ਼ਟਿ ਨਾਥਾਂ ਜੋਗੀਆਂ ਨੂੰ, ਠੀਕ ਏਸੇ ਤਰ੍ਹਾਂ ਆਸਾ ਦੀ ਵਾਰ ਦਾ ਮਹੱਤਵ ਗੁਰੂ ਜੀ ਦੇ ਤਤਕਾਲੀ ਸੱਭਿਆਚਾਰਕ ਵਰਤਾਰਿਆਂ ਨੂੰ ਉਜਾਗਰ ਕਰਨ ਵਿਚ ਵਧੇਰੇ ਹੈ। ਅਸੀਂ ਜਾਣਦੇ ਹਾਂ ਕਿ ਗੁਰਦੁਆਰਿਆਂ ਵਿਚ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਦੀ ਮਰਿਯਾਦਾ ਹੈ। ਪ੍ਰਸ਼ਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬਾਈ ਵਾਰਾਂ ਵਿਚੋਂ ਇਹ ਮਾਣ ਕੇਵਲ ਆਸਾ ਦੀ ਵਾਰ ਨੂੰ ਹੀ ਕਿਉਂ ਮਿਲਿਆ। ਸਾਡਾ ਅਨੁਮਾਨ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਇਸ ਵਾਰ ਦੇ ਬਾਰ-ਬਾਰ ਪੜ੍ਹਨ ਅਤੇ ਸੁਣਨ ਨਾਲ ਗੁਰੂੁ ਨਾਨਕ ਜਾਂ ਗੁਰੂ ਅੰਗਦ ਦੇਵ ਜੀ ਦੀ ਲੋਕਾਂ ਵਿਚ ਸਭਿਆਚਾਰਕ ਚੇਤਨਾ ਜਗਾਈ ਰੱਖਣਾ ਸੀ। ਸੱਭਿਆਚਾਰਕ ਅਧੋਗਤੀ ਹੀ ਕਿਸੇ ਸਮਾਜ ਦੇ ਪਤਨ ਦਾ ਕਾਰਨ ਬਣਦੀ ਹੈ, ਇਸ ਲਈ ਚੌਕੰਨੇ ਰਹਿਣ ਦੀ ਲੋੜ ਹੈ ਅਤੇ ਆਸਾ ਦੀ ਵਾਰ ਇਹ ਲੋੜ ਬੜੀ ਕੁਸ਼ਲਤਾ ਨਾਲ ਪੂਰਿਆਂ ਕਰਦੀ ਹੈ। *ਪ੍ਰੋਫੈਸਰ ਅਤੇ ਸਾਬਕਾ ਮੁਖੀ, ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ। ਸੰਪਰਕ: 98889-69808

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਹਵਾਈ ਹਾਦਸਾ: ਮ੍ਰਿਤਕਾਂ ਦੀ ਗਿਣਤੀ 18 ਹੋਈ; ਜਹਾਜ਼ ਦਾ ਬਲੈਕ ਬਾਕਸ ਲੱਭਿਆ; ਪੁਰੀ ਵੱਲੋਂ ਮੌਕੇ ਦਾ ਦੌਰਾ

ਹਵਾਈ ਹਾਦਸਾ: ਮ੍ਰਿਤਕਾਂ ਦੀ ਗਿਣਤੀ 18 ਹੋਈ; ਜਹਾਜ਼ ਦਾ ਬਲੈਕ ਬਾਕਸ ਲੱਭਿਆ; ਪੁਰੀ ਵੱਲੋਂ ਮੌਕੇ ਦਾ ਦੌਰਾ

ਬੀਤੇ ਸਾਲ ਮਾੜੀ ਹਾਲਤ ਕਾਰਨ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਜਾਰੀ ਕੀਤਾ ...

ਹਵਾਈ ਹਾਦਸਾ: ਪੁਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

ਹਵਾਈ ਹਾਦਸਾ: ਪੁਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਤੇ ਮਾਮੂਲੀ ਜ਼ਖ਼ਮੀਆਂ ਨੂੰ 50-50 ਹਜ਼ਾ...

ਸ਼ਹਿਰ

View All