ਨਿੱਕੀਆਂ ਜਿੰਦਾਂ ਵੱਡੇ ਸਾਕੇ

ਆਨੰਦਪੁਰ ਸਾਹਿਬ ਦੀ ਨਗਰੀ ਤਿਆਗਣ ਪਿੱਛੋਂ ਰੋਪੜ ਲਾਗੇ ਸਰਸਾ ਨਦੀ ਦੇ ਕਿਨਾਰੇ ਗੁਰੂ ਪਰਿਵਾਰ ਵਿੱਛੜ ਗਿਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਸਿੰਘਾਂ ਨਾਲ ਚਮਕੌਰ ਸਾਹਿਬ ਵੱਲ ਚਲੇ ਗਏ। ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਸਮੇਤ ਰਸੋਈਏ ਗੰਗੂ ਦੀ ਗੱਦਾਰੀ ਕਾਰਨ ਮੋਰਿੰਡੇ ਦੇ ਕੋਤਵਾਲ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ। ਇਸ ਮਗਰੋਂ ਬਿਕਰਮੀ ਸੰਮਤ 1762 ਦੇ 11 ਪੋਹ ਵਾਲੇ ਦਿਨ ਭਾਵ 10 ਦਸੰਬਰ 1705 ਨੂੰ ਉਹ ਸਰਹਿੰਦ ਲਿਆਂਦੇ ਗਏ। ਫਿਰ ਅਗਲੇ ਦੋ ਦਿਨ ਜੋ ਭਾਣਾ ਵਾਪਰਿਆ ਉਸ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਵੀ ਨਹੀਂ ਮਿਲਦੀ। ਇਸਲਾਮ ਨਾ ਕਬੂਲ ਕਰਨ ਦੇ ’ਅਪਰਾਧ’ ਕਾਰਨ ਸੱਤ ਅਤੇ ਨੌਂ ਸਾਲ ਦੇ ਇਨ੍ਹਾਂ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਸਮੇਂ ਇਹ ਜ਼ੁਲਮ ਦੀ ਹਨੇਰੀ ਝੁੱਲ ਰਹੀ ਸੀ, ਉਸ ਸਮੇਂ ਸਰਹਿੰਦ ਵਿੱਚ ਤਿੰਨ ਅਜਿਹੀਆਂ ਰੂਹਾਂ ਵੀ ਮੌਜੂਦ ਸਨ ਜਿਨ੍ਹਾਂ ਨੇ ਮਾਨਵਤਾ ਨੂੰ ਸ਼ਰਮਸਾਰ ਹੋਣ ਤੋਂ ਬਚਾਈ ਰੱਖਣ ਲਈ ਆਪਣਾ ਫ਼ਰਜ਼ ਨਿਭਾਇਆ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਮੁੱਚੀ ਕੌਮ ਉਨ੍ਹਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ। ਇਨ੍ਹਾਂ ਵਿੱਚੋਂ ਇੱਕ ਸਨ ਬਾਬਾ ਮੋਤੀ ਰਾਮ ਮਹਿਰਾ। ਉਨ੍ਹਾਂ ਦਾ ਜਨਮ ਭਾਈ ਹਰਾ ਰਾਮ ਦੇ ਘਰ ਸਰਹਿੰਦ ਜਾਂ ਸਰਹਿੰਦ ਦੇ ਲਾਗੇ ਨਿੱਕੇ ਜਿਹੇ ਪਿੰਡ ਸੰਗਤਪੁਰ ਸੋਢੀਆਂ ਵਿੱਚ 1677 ਈ. ਦੇ ਨੇੜੇ ਹੋਇਆ ਮੰਨਿਆ ਜਾਂਦਾ ਹੈ। ਇਨ੍ਹਾਂ ਬਾਰੇ ਇਤਿਹਾਸ ਵਿੱਚ ਬਹੁਤਾ ਜ਼ਿਕਰ ਤਾਂ ਨਹੀਂ ਮਿਲਦਾ ਪਰ ਕੇਸਰ ਸਿੰਘ ਛਿੱਬਰ,ਕਵੀ ਕਿਸ਼ਨ ਸਿੰਘ, ਦੁੱਨਾ ਸਿੰਘ ਹੰਡੂਰੀਆ ਅਤੇ ਸੰਤੇਰਣ ਭਾਈ ਪਰੇਮ ਸਿੰਘ ਦੀਆਂ ਪੁਸਤਕਾਂ ਵਿੱਚ ਉਨ੍ਹਾਂ ਦਾ ਕੁਝ ਹਵਾਲਾ ਜ਼ਰੂਰ ਮਿਲਦਾ ਹੈ। ਉਹ ਕੈਦ ਦੌਰਾਨ ਠੰਢੇ ਬੁਰਜ ਵਿੱਚ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਦੁੱਧ ਨਾਲ ਸੇਵਾ ਕਰਨ ਗਏ ਸਨ। ਦੱਸਿਆ ਜਾਂਦਾ ਹੈ ਕਿ ਦੁੱਧ ਦਾ ਗੜਵਾ ਪਹੁੰਚਾਉਣ ਲਈ ਉਨ੍ਹਾਂ ਨੇ ਪਹਿਰੇਦਾਰ ਨੂੰ ਰਿਸ਼ਵਤ ਵਜੋਂ ਆਪਣੀ ਪਤਨੀ ਭੋਲੀ ਦੇ ਗਹਿਣੇ ਦਿੱਤੇ ਸਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਮਗਰੋਂ ਉਨ੍ਹਾਂ ਨੇ ਦੀਵਾਨ ਟੋਡਰ ਮੱਲ ਦੇ ਨਾਲ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸਸਕਾਰ ਵੀ ਕੀਤਾ ਸੀ। ਕਵੀ ਕਿਸ਼ਨ ਸਿੰਘ ਮੁਤਾਬਕ ਗੰਗੂ ਦੇ ਇੱਕ ਹੋਰ ਭਰਾ ਪੰਮਾ ਨੇ ਵਜ਼ੀਰ ਖ਼ਾਂ ਕੋਲ ਚੁਗਲੀ ਕੀਤੀ ਕਿ ਉਸ ਨੇ ਹਕੂਮਤ ਵੱਲੋਂ ਬਾਗ਼ੀ ਕਰਾਰ ਦਿੱਤੇ ਗਏ ਗੁਰੂ ਦੇ ਪਰਿਵਾਰ ਦੀ ਸੇਵਾ ਕੀਤੀ ਹੈ। ਵਜ਼ੀਰ ਖ਼ਾਂ ਦੇ ਹੁਕਮ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਗੁਰੂ ਪਰਿਵਾਰ ਦੀ ਸੇਵਾ ਕਰਨ ਦੇ ‘ਜੁਰਮ’ ਬਦਲੇ ਪਹਿਲਾਂ ਉਨ੍ਹਾਂ ਦੇ ਸੱਤ ਸਾਲਾ ਬੱਚੇ ਨਰਾਇਣਾ, ਪਤਨੀ ਭੋਲੀ ਅਤੇ 70 ਸਾਲਾ ਮਾਤਾ ਲੱਧੋ ਨੂੰ ਵੀ ਬੰਨ੍ਹ ਕੇ ਲਿਆਂਦਾ ਗਿਆ। ਫਿਰ ਸਰਹਿੰਦ ਵਿੱਚ ਤੇਲੀਆਂ ਦੇ ਮੁਹੱਲੇ ਪਹਿਲਾਂ ਉਨ੍ਹਾਂ ਦੇ ਪੁੱਤਰ, ਮਾਤਾ ਅਤੇ  ਪਤਨੀ ਅਤੇ ਅੰਤ ਉਨ੍ਹਾਂ ਨੂੰ ਵੀ ਕੋਹਲੂ ਵਿੱਚ ਪੀੜ ਦਿੱਤਾ ਗਿਆ।

ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਅੱਜ ਵੀ ਲੋਕਾਂ ਦੇ ਦਿਲਾਂ ਉੱਪਰ ਉੱਕਰੀ ਹੋਈ ਹੈ। ਇਨ੍ਹਾਂ ਬਾਰੇ ਇਸ ਤੋਂ ਵਧੇਰੇ ਹੋਰ ਕੋਈ ਜਾਣਕਾਰੀ ਨਹੀਂ ਮਿਲਦੀ ਕਿ ਉਨ੍ਹਾਂ ਦੀ ਰਿਹਾਇਸ਼ ਸਰਹਿੰਦ ਵਿੱਚ ਮਨਸੁਵੀਰ ਟਿੱਬੇ ’ਤੇ ਇੱਕ ਕੱਚੇ ਮਕਾਨ ਵਿੱਚ ਸੀ। ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਚਾਰਾਂ ਵਿੱਚੋਂ ਇੱਕ ਦਰਵਾਜ਼ਾ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਹੈ ਅਤੇ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਤੇ ਰੋਜ਼ਾ ਸ਼ਰੀਫ਼ ਸਾਹਮਣੇ ਉਨ੍ਹਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। 13 ਪੋਹ ਨੂੰ ਆਖ਼ਰੀ ਵਾਰ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਫਿਰ ਦੀਨ ਕਬੂਲਣ ਤੋਂ ਇਨਕਾਰ ਕਰ ਦਿੱਤਾ। ਇਸ ਸਮੇਂ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਸੂਬੇ ਦੀ ਕਚਹਿਰੀ ਵਿੱਚ ਮੌਜੂਦ ਸਨ। ਮੈਦਾਨ-ਏ-ਜੰਗ ਵਿੱਚ ਗੁਰੂ ਸਾਹਿਬ ਦੇ ਇੱਕ ਤੀਰ ਨਾਲ ਉਨ੍ਹਾਂ ਦੇ ਬਾਪ ਦੀ ਜਾਨ ਗਈ ਸੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਨੇ ਉਨ੍ਹਾਂ ਨੂੰ ਆਖਿਆ ਕਿ ਹੁਣ ਮੌਕਾ ਹੈ ਕਿ ਉਹ ਸਾਹਿਬਜ਼ਾਦਿਆਂ ਪਾਸੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈ ਸਕਦੇ ਹਨ। ਨਵਾਬ ਸ਼ੇਰ ਮੁਹੰਮਦ ਖਾਂ ਨੇ ਹਾਅ ਦਾ ਨਾਅਰਾ ਮਾਰਦਿਆਂ ਭਰੀ ਕਚਹਿਰੀ ਵਿੱਚ ਆਖਿਆ ਕਿ ਕੁਰਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਬਾਪ ਦਾ ਬਦਲਾ ਉਸ ਦੇ ਪੁੱਤਾਂ ਤੋਂ ਲਿਆ ਜਾਵੇ। ਜੋ ਇਹ ਸਭ ਹੋ ਰਿਹਾ ਹੈ ਉਹ ਗਲਤ ਹੋ ਰਿਹਾ ਹੈ। ਕੋਟਲਾ ਅਫ਼ਗ਼ਾਨਾ ਦੇ ਇਤਿਹਾਸ ਦਾ ਲੇਖਕ ਇਨਾਇਤ ਅਲੀ ਖਾਂ ਲਿਖਦਾ ਹੈ ਕਿ ਸ਼ਾਹੀ ਅਹਿਲਕਾਰਾਂ ਨੇ ਉਸ ਦੇ ਇਸ ਤਕੜੇ ਵਿਰੋਧ ਵੱਲ ਵੀ ਕੋਈ ਧਿਆਨ ਨਾ ਦਿੱਤਾ। ਫਿਰ ਤੇਜ਼ ਧਾਰ ਹਥਿਆਰਾਂ ਨਾਲ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਂ ਦੀ ਯਾਦ ਵਿੱਚ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦਾ ਇੱਕ ਦਰਵਾਜ਼ਾ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਕੌਮ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਅਥਾਹ ਸ਼ਰਧਾ ਹੈ।

1947 ਵਿੱਚ ਜਦੋਂ ਪੂਰੇ ਮੁਲਕ ਵਿੱਚ ਕਤਲੋ-ਗਾਰਤ ਮਚੀ ਹੋਈ ਸੀ ਤਾਂ ਕੇਵਲ ਮਾਲੇਰਕੋਟਲਾ ਹੀ ਇੱਕ ਅਜਿਹਾ ਨਗਰ ਸੀ ਜਿਸ ਵੱਲ ਕਿਸੇ ਨੇ ਅੱਖ ਚੁੱਕ ਕੇ ਨਹੀਂ ਸੀ ਦੇਖਿਆ। ਮਾਲੇਰਕੋਟਲਾ ਵਿੱਚ ਵੀ ਸਿੱਖ ਕੌਮ ਨੇ ਨਵਾਬ ਸ਼ੇਰ ਮੁਹੰਮਦ ਖ਼ਾਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਗੁਰਦੁਆਰਾ ਹਾਅ ਦਾ ਨਾਅਰਾ ਸਥਾਪਿਤ ਕੀਤਾ ਹੋਇਆ ਹੈ। ਬੇਹੱਦ ਦੁੱਖ ਦੀ ਗੱਲ ਇਹ ਹੈ ਕਿ ਸ਼ਹਿਰ ਅੰਦਰ ਸ਼ਾਹੀ ਮਕਬਰੇ ਵਾਲੇ ਕਬਰਿਸਤਾਨ ਵਿੱਚ ਸ਼ੇਰ ਮੁਹੰਮਦ ਖ਼ਾਂ ਦੀ ਕਬਰ ਬਾਕੀ ਗੁੰਮਨਾਮ ਕਬਰਾਂ ਵਾਂਗ ਹੀ ਹੈ। ਹੋਰਨਾਂ ਨਵਾਬਾਂ ਦੀਆਂ ਕਬਰਾਂ ’ਤੇ ਤਾਂ ਇਮਾਰਤਾਂ ਉਸਰੀਆਂ ਹੋਈਆਂ ਹਨ ਪਰ ਨਵਾਬ ਸ਼ੇਰ ਮੁਹੰਮਦ ਖ਼ਾਂ ਦੀ ਕਬਰ ’ਤੇ ਇੱਕ ਛੱਤਰੀ ਤੱਕ ਵੀ ਨਹੀਂ ਅਤੇ ਨਾ ਹੀ ਉਸ ’ਤੇ ਕੋਈ ਇਬਾਰਤ ਉੱਕਰੀ ਹੋਈ ਹੈ। ਕਬਰ ਦੀ ਸ਼ਨਾਖਤ ਸਿਰਫ਼ ਕਬਰਿਸਤਾਨ ਦੀ ਦੇਖਭਾਲ ਕਰਨ ਵਾਲੇ ਮੁਹੰਮਦ ਗੁਲਜ਼ਾਰ ਅਤੇ ਮੁਹੰਮਦ ਇਕਬਾਲ ਦੇ ਸ਼ਬਦਾਂ ਨਾਲ ਹੀ ਹੁੰਦੀ ਹੈ। ਉੱਥੇ ਕੋਈ ਚਿਰਾਗ਼ ਤੱਕ ਨਹੀਂ ਬਾਲਦਾ। ਉਨ੍ਹਾਂ ਦੀ ਕੁੱਲ ਦਾ ਆਖ਼ਰੀ ਚਿਰਾਗ਼ ਨਵਾਬ ਇਫ਼ਤਿਖਾਰ ਅਲੀ ਖ਼ਾਂ ਸੀ ਜੋ  1982 ਵਿੱਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਉਸ ਦੀਆਂ ਬੇਗਮਾਂ ਵਿੱਚੋਂ ਇੱਕ ਟੌਂਕ ਵਾਲੀ ਬੇਗਮ ਮੁਨਵੱਰ ਉਲ ਨਿਸਾਂ ਮਾਲੇਰਕੋਟਲਾ ਵਿੱਚ ਗੁੰਮਨਾਮੀ ਵਾਲੀ ਜ਼ਿੰਦਗੀ ਬਸਰ ਕਰ ਰਹੀ ਹੈ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੇਂ ਸਰਹਿੰਦ ਨਿਵਾਸੀ ਦੀਵਾਨ ਟੋਡਰ ਮੱਲ ਨਗਰ ਵਿੱਚ ਮੌਜੂਦ ਨਹੀਂ ਸੀ। ਜਦੋਂ ਉਸ ਨੂੰ ਇਸ ਭਾਣੇ ਦਾ ਪਤਾ ਲੱਗਾ ਤਾਂ ਉਹ ਫੌਰਨ ਸਰਹਿੰਦ ਪੁੱਜਾ। ਉਸ ਨੇ  ਹੀ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਦਾ ਪ੍ਰਬੰਧ ਕੀਤਾ ਪਰ ਕੋਈ ਜ਼ਮੀਨ ਦੇਣ ਨੂੰ ਤਿਆਰ ਨਹੀਂ ਸੀ। ਆਖਦੇ ਹਨ ਕਿ ਉਸ ਨੇ ਸੋਨੇ ਦੀਆਂ ਖੜ੍ਹੀਆਂ ਮੋਹਰਾਂ ਵਿਛਾ ਕੇ ਨਜ਼ਦੀਕੀ ਪਿੰਡ ਦੇ ਇੱਕ ਚੌਧਰੀ ਅੱਤਾ ਕੋਲੋਂ ਉਹ ਜ਼ਮੀਨ ਖਰੀਦੀ ਜਿਸ ’ਤੇ ਹੁਣ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਨਿਰਸੰਦੇਹ ਉਹ ਬੇਹੱਦ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਸੀ। ਡਾ. ਗੰਡਾ ਸਿੰਘ ਅਤੇ ਡਾ. ਐੱਮ.ਐੱਸ.ਆਹਲੂਵਾਲੀਆ ਮੁਤਾਬਕ ਸ਼ਾਹਜਹਾਨ ਦੀ ਹੁਕਮਰਾਨੀ ਦੇ ਤੇਹਰਵੇਂ ਸਾਲ ਉਸ ਨੂੰ ਰਾਏ ਸਾਹਿਬ ਦੇ ਖਿਤਾਬ ਦੇ ਨਾਲ-ਨਾਲ ਦੀਵਾਨੀ, ਅਮੀਨੀ ਅਤੇ ਫ਼ੌਜਦਾਰ ਦੇ ਰੁਤਬੇ ਵੀ ਪ੍ਰਾਪਤ ਹੋ ਗਏ ਸਨ। ਇਸ ਤੋਂ ਇੱਕ ਸਾਲ ਮਗਰੋਂ ਉਸ ਨੂੰ ਲੱਖੀ ਜੰਗਲ ਦੀ ਫ਼ੌਜਦਾਰੀ ਬਖਸ਼ੀ ਗਈ। ਇਸ ਤੋਂ ਅਗਲੇ ਵਰ੍ਹੇ ਉਸ ਨੂੰ ਹਾਥੀ ਤੇ ਘੋੜੇ ਇਨਾਮ ਵਜੋਂ ਦਿੱਤੇ ਗਏ ਅਤੇ ਜਲਦੀ ਹੀ ਉਸ ਦਾ ਮਨਸਬੀ ਰੁਤਬਾ ਇੱਕ ਹਜ਼ਾਰ ਸਵਾਰਾਂ ਵਾਲਾ ਹੋ ਗਿਆ। ਸ਼ਾਹਜਹਾਨ ਦੀ ਹਕੂਮਤ ਦੇ 19ਵੇਂ ਸਾਲ ਵਿੱਚ ਉਸ ਦੀ ਮਨਸਬ ਵਿੱਚ 522 ਘੋੜੇ ਹੋਰ ਦੇ ਦਿੱਤੇ ਗਏ ਅਤੇ ਇਸ ਤੋਂ ਅਗਲੇ ਸਾਲ 300 ਹੋਰ। ਆਖ਼ਰ ਉਸ ਦੀ ਨਜ਼ਾਮਤ ਵਿੱਚ ਦੀਪਾਲਪੁਰ, ਜਲੰਧਰ ਅਤੇ ਸੁਲਤਾਨਪੁਰ ਵੀ ਸ਼ਾਮਲ ਕਰ ਦਿੱਤੇ ਗਏ ਜਿਸ ਨਾਲ ਉਸ ਦੀ ਨਜ਼ਾਮਤ ਦੀ ਆਮਦਨ 50 ਲੱਖ ਰੁਪਏ ਸਲਾਨਾ ਹੋ ਗਈ। 1648 ਵਿੱਚ ਉਸ ਦੀ ਮਨਸਬ ਵਧਾ ਕੇ 2000 ਸਵਾਰਾਂ ਦੀ ਕਰ ਦਿੱਤੀ ਗਈ ਅਤੇ ਉਸ ਨੂੰ ਰਾਜਾ ਦਾ ਖਿਤਾਬ ਵੀ ਦੇ ਦਿੱਤਾ ਗਿਆ। ਇਹ ਮੰਨਿਆ ਜਾਂਦਾ ਹੈ ਕਿ ਉਸ ਨੇ ਕਾਫ਼ੀ ਲੰਬੀ ਉਮਰ ਭੋਗੀ ਜਿਸ ਸਮੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤਾਂ ਉਹ ਕਾਫ਼ੀ ਵਡੇਰੀ ਉਮਰ ਵਿੱਚ ਸੀ।

ਮਰਹੂਮ ਸੰਤ ਨਰਾਇਣ ਸਿੰਘ ਮੋਨੀ ਉਸ ਦਾ ਪਿਛਲਾ ਪਿੰਡ ਸੰਗਰੂਰ ਜਿਲ੍ਹੇ ਦੇ ਕਸਬਾ ਭਵਾਨੀਗੜ੍ਹ ਲਾਗੇ ਦਾ ਪਿੰਡ ਕਾਕੜਾ ਮੰਨਦੇ ਹਨ। ਉੱਥੇ ਉਨ੍ਹਾਂ ਨੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ। ਸੰਤ ਨਰਾਇਣ ਸਿੰਘ ਜੀ ਦੇ ਪੁੱਤਰ ਸੰਤ ਰਣਜੀਤ ਸਿੰਘ ਮੁਤਾਬਕ ਅੰਤਿਮ ਸੰਸਕਾਰ ਕਰਨ ਮਗਰੋਂ ਦੀਵਾਨ ਟੋਡਰ ਮੱਲ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਨੇੜੇ ਦੇ ਇੱਕ ਹੋਰ ਪਿੰਡ ਆਲੋਅਰਖ ਲੈ ਕੇ ਗਏ ਸਨ ਜਿੱਥੇ ਅੱਜ ਇੱਕ ਗੁਰਦੁਆਰਾ ਹੈ। ਕਾਕੜਾ ਪਿੰਡ ਵਿੱਚ ਦੀਵਾਨ ਟੋਡਰ ਮੱਲ ਦਾ ਕੋਈ ਵੰਸ਼ਜ ਨਹੀਂ ਹੈ। ਮਾਛੀਵਾੜੇ ਦਾ ਇੱਕ ਪਰਿਵਾਰ ਉਨ੍ਹਾਂ ਦੇ ਵੰਸ਼ਜ ਹੋਣ ਦਾ ਦਾਅਵਾ ਕਰਦਾ ਹੈ। ਦੀਵਾਨ ਟੋਡਰ ਮੱਲ ਦੀ ਪ੍ਰਸਿੱਧ ਜਹਾਜੀ ਹਵੇਲੀ ਦੇ ਖੰਡਰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸਾਹਮਣੇ ਰੇਲਵੇ ਲਾਈਨ ਦੇ ਪਾਰ ਦੇਖੇ ਜਾ ਸਕਦੇ ਹਨ। ਸ਼ੁਕਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਜਹਾਜੀ ਹਵੇਲੀ ਨੂੰ ਸਾਂਭਣ ਦਾ ਯਤਨ ਕੀਤਾ ਹੈ। ਨਹੀਂ ਤਾਂ ਦੀਵਾਨ ਟੋਡਰ ਮੱਲ ਦੀ ਇਹ ਨਿਸ਼ਾਨੀ ਵੀ ਹਮੇਸ਼ਾਂ ਲਈ ਖ਼ਤਮ ਹੋ ਜਾਣੀ ਸੀ।

ਜਿੱਥੋਂ ਤੱਕ ਇਤਿਹਾਸ ਨਾਲ ਸਬੰਧਤ ਬਾਕੀ ਪੁਰਾਣੀਆਂ ਯਾਦਗਾਰਾਂ ਦਾ ਸਵਾਲ ਹੈ, ਉਨ੍ਹਾਂ ਦੀ ਹਾਲਤ ਵੀ ਕੋਈ ਬਹੁਤੀ ਬਿਹਤਰ ਨਹੀਂ ਹੈ। ਇਤਿਹਾਸਕ ਠੰਢਾ ਬੁਰਜ ਦਾ ਪੁਰਾਤਨ ਰੂਪ ਦੇਖਣ ਵਾਲੇ ਕਈ ਬਜ਼ੁਰਗ ਅਜੇ ਜਿਉਂਦੇ ਹਨ। ਪਰ ਬੁਰਜ ਦਾ ਅਸਲੀ ਰੂਪ ਸੰਗਮਰਮਰ ਪਿੱਛੇ ਲੁਕ ਚੁੱਕਾ ਹੈ। ਇਹ ਬੁਰਜ ਫਿਰੋਜ਼ਸ਼ਾਹ ਤੁਗਲਕ ਦੁਆਰਾ ਬਣਵਾਏ ਗਏ ਕਿਲ੍ਹਾ ਸਰਹਿੰਦ, ਜਿਸ ਨੂੰ ਉਸ ਨੇ ਫ਼ਿਰੋਜਪੁਰ ਦਾ ਨਾਂ ਦਿੱਤਾ ਸੀ, ਦਾ ਇੱਕ ਭਾਗ ਸੀ। ਇਹ ਉਸ ਦੁਆਰਾ ਦਰਿਆ ਸਤਲੁਜ ਤੋਂ ਕਢਵਾ ਕੇ ਲਿਆਂਦੀ ਗਈ ਨਹਿਰ ਦੇ ਕਿਨਾਰੇ ਸੀ, ਜਿਸ ਅਸਥਾਨ ’ਤੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸੁਸ਼ੋਭਿਤ ਹੈ। ਇਹ ਅਸਥਾਨ ਕਿਲ੍ਹੇ ਦੇ ਅੰਦਰ ਹੀ ਕਤਲਗਾਹ ਸੀ। ਮਾਤਾ ਗੁਜਰੀ ਕਾਲਜ ਦੇ ਬਿਲਕੁਲ ਸਾਹਮਣੇ ਦਿਖਾਈ ਦਿੰਦਾ ਇੱਕ ਉੱਚਾ ਟਿੱਲਾ ਕਿਲ੍ਹਾ ਸਰਹਿੰਦ ਦਾ ਪ੍ਰਮੁੱਖ ਰਿਹਾਇਸ਼ੀ ਇਲਾਕਾ ਸੀ। ਇਸ ਟਿੱਲੇ ਵਿੱਚ ਅੱਜ ਵੀ ਕਿਲ੍ਹੇ ਦੀਆਂ ਇਮਾਰਤਾਂ ਦੇ ਖੰਡਰ ਅਤੇ ਇੱਕ ਖੂਹ ਦੇਖਿਆ ਜਾ ਸਕਦਾ ਹੈ। ਇਸ ਟਿੱਲੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਅਜਾਇਬਘਰ ਬਣਾਉਣ ਦੀ ਯੋਜਨਾ ਹੈ ਪਰ ਪਿੱਛੇ ਜਿਹੇ ਕਾਰ ਸੇਵਾ ਵਾਲੇ ਬਾਬਿਆਂ ਨੇ ਇਸ ਨੂੰ ਜੜੋਂ ਹੀ ਹੂੰਝਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਪਰ ਹਾਈਕੋਰਟ ਨੇ ਇਸ ਨੂੰ ਇਸੇ ਤਰ੍ਹਾਂ ਰੱਖਣ ਦੇ ਹੁਕਮ ਦਿੱਤੇ ਹਨ। ਇਸ ਕਿਲ੍ਹੇ ’ਤੇ 14 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖ ਸੈਨਾ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਕਰਕੇ ਆਪਣੀ ਹਕੂਮਤ ਸਥਾਪਿਤ ਕੀਤੀ ਸੀ ਅਤੇ 12 ਮਈ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਵਜ਼ੀਰ ਖ਼ਾਂ ਦਾ ਸਿਰ ਕਲਮ ਕਰਨ ਵਾਲੇ ਬਾਬਾ ਬਾਜ਼ ਸਿੰਘ ਨੂੰ ਇੱਥੋਂ ਦਾ ਗਵਰਨਰ ਥਾਪਿਆ ਸੀ। ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ ਪਰ ਇਤਿਹਾਸਕ ਸਰੋਤਾਂ ਮੁਤਾਬਕ ਉਨ੍ਹਾਂ ਦੀ ਅਗਵਾਈ ਵਿੱਚ ਸਿੱਖਾਂ ਨੇ ਸਿਰਫ਼ ਕੁਝ ਥਾਵਾਂ ’ਤੇ ਅੱਗ ਹੀ ਲਾਈ ਸੀ। ਇੱਟ ਨਾਲ ਇੱਟ ਵਜਾਉਣ ਵਾਲਾ ਕੰਮ 1764 ਈ.ਵਿੱਚ ਜਨਵਰੀ ਦੇ ਦੂਜੇ ਹਫ਼ਤੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ  ਆਈ ਸਿੱਖ ਫ਼ੌਜ ਨੇ ਕੀਤਾ ਸੀ ਅਤੇ ਇਸੇ ਸਮੇਂ ਇਹ ਕਿਲ੍ਹਾ ਤਬਾਹ ਹੋਇਆ ਸੀ।

ਪੁਰਾਣੀਆਂ ਯਾਦਗਾਰਾਂ ਵਿੱਚੋਂ ਇੱਕ ਯਾਦਗਾਰ ਬਸੀ ਪਠਾਣਾਂ ਰੋਡ ’ਤੇ ਰੇਲਵੇ ਫਾਟਕ ਦੇ ਲਾਗੇ ਹੀ ਖੱਬੇ ਹੱਥ ਥੜ੍ਹਾ ਸਾਹਿਬ ਹੈ। ਕਹਿੰਦੇ ਹਨ ਕਿ ਮੋਰਿੰਡੇ ਦੇ ਕੋਤਵਾਲ ਵੱਲੋਂ ਜਦੋਂ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਲਿਆਂਦਾ ਗਿਆ ਸੀ ਤਾਂ ਕਿਲ੍ਹੇ ਵਿੱਚ  ਪੇਸ਼ ਕਰਨ ਤੋਂ ਪਹਿਲਾਂ ਇਸ ਅਸਥਾਨ ’ਤੇ ਉਨ੍ਹਾਂ ਦਾ ਰਥ ਠਹਿਰਾਇਆ ਗਿਆ ਸੀ। ਇਸ ਦੇ ਬਿਲਕੁਲ ਨਾਲ ਛੋਟੀਆਂ ਇੱਟਾਂ ਵਾਲੀ ਇੱਕ ਛੋਟੀ ਜਿਹੀ ਲਾਲ ਰੰਗ ਦਾ ਇਮਾਰਤ ਵੀ ਹੈ। ਢਾਡੀ ਜਸਵੰਤ ਸਿੰਘ ਤਾਨ ਮੁਤਾਬਕ ਇਹ ਇਮਾਰਤ ਉਸ ਸਮੇਂ ਇੱਕ ਪੁਲੀਸ ਚੌਕੀ ਸੀ। ਹੁਣ ਇਸ ਥਾਂ ਦੇ ਬਿਲਕੁਲ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਤਾਮੀਰ ਹੋ ਰਹੀ ਹੈ ਪਰ ਇਸ ਪੁਰਾਤਨ ਯਾਦਗਾਰ ਨੂੰ ਉਵੇਂ ਹੀ ਛੱਡ ਦਿੱਤਾ ਗਿਆ ਹੈ। ਜੇ ਅਸੀਂ ਇਤਿਹਾਸਕ ਯਾਦਗਾਰਾਂ ਵੱਲ ਧਿਆਨ ਨਾਂ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਕੋਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਉਣ ਲਈ ਕੋਈ ਸਬੂਤ ਵੀ ਨਹੀਂ ਬਚੇਗਾ। ਮਸਜਿਦ ਸਧਨਾ ਕਸਾਈ: ਫ਼ਤਹਿਗੜ੍ਹ ਸਾਹਿਬ ਦੀ ਧਰਤੀ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਇਸ ਧਰਤੀ ’ਤੇ ਭਗਤ ਸਧਨਾ ਜੀ ਦੀ ਯਾਦ ਵਿੱਚ ਇੱਕ ਮਸਜਿਦ ਬਣੀ ਹੋਈ ਹੈ। ਭਗਤ ਸਧਨਾ 12ਵੀਂ ਸਦੀ ਵਿੱਚ ਮੌਜੂਦਾ ਪਾਕਿਸਤਾਨ ਦੇ ਸੂਬਾ ਸਿੰਧ ਦੇ ਕਸਬੇ ਸੇਹਬਾਨ ਵਿੱਚ ਪੈਦਾ ਹੋਏ। ਇਨ੍ਹਾਂ ਨੇ ਆਪਣੇ ਰੁਜ਼ਗਾਰ ਲਈ ਕਸਾਈ ਦਾ ਕਿੱਤਾ ਚੁਣਿਆ ਪਰ ਇਸ ਦੇ ਨਾਲ ਹੀ ਈਸ਼ਵਰ ਦੇ ਪਿਆਰ ਦੀ ਪ੍ਰਾਪਤੀ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦਾ ਇੱਕ ਸ਼ਬਦ ਰਾਗ ਬਿਲਾਵਲ ਵਿੱਚ ਦਰਜ ਹੈ: ‘‘ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ।। ਸਿੰਘ ਸਰ ਨਕਤ ਜਾਈਐ ਜਉਬ ਜੰਬੁਕੁ ਗ੍ਰਾਸੈ ।। (ਗੁ.ਗ੍ਰੰ.ਸਾ.ਪੰਨਾ :858)। ਇਹ ਮਸਜਿਦ ਫ਼ਤਿਹਗੜ੍ਹ ਸਾਹਿਬ ਸਰਹਿੰਦ ਰੇਲਵੇ ਲਾਈਨ ਤੇ ਗੋਬਿੰਦਗੜ੍ਹ ਵੱਲ ਜਾਣ ਵਾਲੀ ਸੜਕ ਵਾਲੇ ਫ਼ਾਟਕਾਂ ਦੇ ਬਿਲਕੁਲ ਨਾਲ ਸੁਸ਼ੋਭਿਤ ਹੈ। ਇਸ ਦਾ ਜ਼ਿਕਰ ਫੂਲਕੀਆ ਸਟੇਟ ਦੇ ਗਜ਼ਟ ਵਿੱਚ ਵੀ ਹੈ। ਉੱਥੇ ਲਿਖਿਆ ਹੈ ਕਿ ਇਹ ਮਸਜਿਦ ਸਧਨਾ ਕਸਾਈ ਦੁਆਰਾ ਸ਼ੁਰੂ ਕੀਤੀ ਗਈ ਸੀ ਪਰ ਕਦੇ ਵੀ ਸੰਪੂਰਨ ਨਹੀਂ ਹੋਈ। ਇਸ ਦਾ ਜ਼ਿਕਰ ਕਨਿੰਘਮ ਅਤੇ ਰੌਜਰ ਦੀਆਂ ਲਿਖਤਾਂ ਵਿੱਚ ਵੀ ਮਿਲਦਾ ਹੈ। ਰੌਜਰ ਮੁਤਾਬਕ  ਇਸ ਦੇ  ਗੁੰਬਦ ਢਹਿ ਚੁੱਕੇ ਸਨ ਜਦੋਂਕਿ ਕਨਿੰਘਮ ਮੁਤਾਬਕ ਇਹ ਇਮਾਰਤ ਪੂਰੀ ਤਰ੍ਹਾਂ ਕਾਇਮ ਸੀ। ਮੰਨਿਆ ਜਾਂਦਾ ਹੈ ਕਿ ਇਹ ਇਮਾਰਤ ਮੁਗਲ ਕਾਲ ਤੋਂ ਪਹਿਲਾਂ 1500 ਏ.ਡੀ. ਵਿੱਚ ਤਿਆਰ ਹੋਈ। ਜੇ ਕਨਿੰਘਮ ਦੀ ਲਿਖਤ ’ਤੇ ਯਕੀਨ ਕਰੀਏ ਤਾਂ ਫੁਲਕੀਆਂ ਸਟੇਟ ਦੇ ਗਜ਼ਟ ਦੀ ਇਹ ਗੱਲ ਗਲਤ ਸਾਬਿਤ ਹੁੰਦੀ ਹੈ ਕਿ ਇਹ ਕਦੇ ਪੂਰੀ ਨਹੀਂ ਹੋਈ। ਇਹ ਸਮਝਿਆ ਜਾਂਦਾ ਹੈ ਕਿ ਇਸ ਦੇ ਗੰਬਦ 1862 ਤੋਂ 1891 ਵਿਚਾਲੇ ਡਿੱਗੇ ਹੋਣਗੇ। ਅੱਜ ਵੀ ਇਸ ਦਾ ਵਿਚਕਾਰਲਾ ਪ੍ਰਮੁੱਖ ਗੁਬੰਦ ਮੌਜੂਦ ਨਹੀਂ ਹੈ। ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਭਗਤ ਸਧਨਾ ਕਦੇ ਸਰਹਿੰਦ ਵਿੱਚ ਆ ਕੇ ਠਹਿਰੇ। ਸਮਝਿਆ ਜਾਂਦਾ ਹੈ ਕਿ ਇਸ ਮਸਜਿਦ ਉਨ੍ਹਾਂ ਦੇ ਸ਼ਰਧਾਲੂਆਂ ਨੇ ਤਿਆਰ ਕਰਵਾਈ ਹੋਵੇਗੀ। ਅੱਜ-ਕੱਲ੍ਹ ਇਹ ਇਮਾਰਤ ਪੁਰਾਤੱਤਵ ਵਿਭਾਗ ਪੰਜਾਬ ਦੀ ਦੇਖ-ਰੇਖ ਹੇਠ ਹੈ। ਸਿੱਖ ਇਤਿਹਾਸ ਲਹੂ ਨਾਲ ਲੱਥਪੱਥ ਹੈ ਜਾਂ ਕਹਿ ਲਓ ਕਿ ਸਿੱਖਾਂ ਨੇ ਇਤਿਹਾਸ ਦੇ ਹਰ ਪੰਨੇ ਨੂੰ ਆਪਣੇ ਲਹੂ ਨਾਲ ਸ਼ਿੰਗਾਰਿਆ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਸ ਲੜੀ ਦਾ ਸਭ ਤੋਂ ਕੀਮਤੀ ਮਣਕਾ ਹੈ। ਸਾਕਾ ਸਰਹਿੰਦ ਨੇ ਸਿੱਖਾਂ ਨੂੰ ਸਹਿਣਸ਼ੀਲਤਾ ਤੇ ਠਰੰਮੇ ਤੋਂ ਕੰਮ ਲੈਂਦਿਆਂ, ਲੰਮੀ ਲੜਾਈ ਲੜਨ ਦੀ ਜਾਚ ਸਿਖਾਈ ਅਤੇ ‘ਨਿਸਚੈ ਕਰ ਅਪਨੀ ਜੀਤ ਕਰੋ’ ਦਾ ਸਬਕ ਕੰਠ ਕਰਵਾਇਆ। ਇੰਨੀ ਵੱਡੀ ਕੁਰਬਾਨੀ ਵਾਲੇ ਸਥਾਨ ਤੋਂ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੀ ਬਜਾਏ ਅਸੀਂ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰ ਰਹੇ। ਸਾਕਾ ਸਰਹਿੰਦ ਸਾਡਾ ਗੌਰਵਮਈ ਵਿਰਸਾ ਹੈ ਪਰ ਇੱਥੇ ਰਾਜਨੀਤਕ ਪਾਰਟੀਆਂ ਆਪਣੇ ਨਿੱਜੀ-ਰਾਜਸੀ ਮੁਫ਼ਾਦ ਦੀ ਖ਼ਾਤਰ ਮੰਦੀ ਸ਼ਬਦਾਵਲੀ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਫ਼ਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ,ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਵਿੱਚ ਸ਼ਹੀਦੀ ਜੋੜ ਮੇਲਾ 26, 27 ਅਤੇ 28 ਦਸੰਬਰ ਨੂੰ ਲੱਗ ਰਿਹਾ ਹੈ। ਫ਼ਤਿਹਗੜ੍ਹ ਸਾਹਿਬ ਉਨ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਵੀ ਗਹੁ ਨਾਲ ਦੇਖ਼ ਰਿਹਾ ਹੈ ਜਿਹੜੇ ਇੱਥੇ ਸ਼ਹੀਦੀ ਜੋੜ ਮੇਲੇ ਮੌਕੇ ਹੋਣ ਵਾਲੇ ਇਕੱਠ ਤੋਂ ਰਾਜਸੀ ਲਾਭ ਲੈਣ ਲਈ 27 ਦਸੰਬਰ ਨੂੰ ਇੱਥੇ ਆ ਰਹੇ ਹਨ। ਪਹਿਲਾਂ ਵੀ ਹਰ ਸਾਲ ਆਗੂ ਜਨਤਾ ਨਾਲ ਵਾਅਦੇ ਕਰ ਕੇ ਜਾਂਦੇ ਰਹੇ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਰਾਜਸੀ ਪਾਰਟੀਆਂ ਵੱਲੋਂ ਕਹਿਣ ਨੂੰ ਤਾਂ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਪਰ ਇਨ੍ਹਾਂ ਵਿੱਚ ਪਾਰਟੀ ਆਗੂ ਹਰ ਵਾਰ ਇੱਕ ਦੂਜੇ ਉੱਤੇ ਚਿੱਕੜ ਸੁੱਟਣ ਅਤੇ ਫੋਕੇ ਵਾਅਦਿਆਂ ਤੋਂ ਇਲਾਵਾ ਕੁਝ ਨਹੀਂ ਕਰਦੇ। ਆਗੂਆਂ ਵੱਲੋਂ ਹਰ ਸਾਲ ਸ਼ਹੀਦੀ ਜੋੜ ਮੇਲੇ ਮੌਕੇ ਸਿਆਸੀ ਕਾਨਫ਼ਰੰਸਾਂ ਵਿੱਚ ਅਸੱਭਿਅਕ ਭਾਸ਼ਾ ਬੋਲਣ ਦੇ ਮੱਦੇਨਜ਼ਰ ਪਿਛਲੇ ਸਾਲ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ਼ਹੀਦੀ ਸਮਾਗਮਾਂ ਮੌਕੇ ਅਸੱਭਿਅਕ ਭਾਸ਼ਾ ਨਾ ਵਰਤਣ ਦੀ ਅਪੀਲ ਵੀ ਕੀਤੀ ਗਈ ਸੀ। ਕਿਸੇ ਵੀ ਸਿਆਸੀ ਪਾਰਟੀ ਨੇ ਇਸ ਅਪੀਲ ਨੂੰ ਨਹੀਂ ਮੰਨਿਆ ਸੀ ਅਤੇ ਇਹ ਰੁਝਾਨ  ਨਿਰੰਤਰ ਜਾਰੀ ਹੈ। ਕੁਝ ਸਾਲ ਪਹਿਲਾਂ ਤਤਕਾਲੀਨ ਡਿਪਟੀ ਕਮਿਸ਼ਨਰ ਐੱਸ.ਕੇ. ਆਹਲੂਵਾਲੀਆ ਨੂੰ ਇੱਥੋਂ ਦੀ ਧਾਰਮਿਕ ਮਹੱਤਤਾ ਬਾਰੇ ਇਤਿਹਾਸਕਾਰਾਂ ਨੇ ਦੱਸਿਆ ਕਿ ਕੋਈ ਸਮਾਂ ਸੀ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ ਵਿੱਚ ਕਿਸੇ ਦੇ ਘਰੇ ਚੁੱਲ੍ਹੇ ਵਿੱਚ ਅੱਗ ਨਹੀਂ ਸੀ ਬਲਦੀ”ਅਤੇ ਉਨ੍ਹਾਂ ਦੀ ਯਾਦ ਵਿੱਚ ਲੱਗਣ ਵਾਲੇ ਤਿੰਨ ਦਿਨਾਂ ਜੋੜ ਮੇਲੇ ਮੌਕੇ ਲੋਕ ਭੁੰਜੇ ਸੌਂਦੇ ਸਨ। ਹੌਲੀ-ਹੌਲੀ ਸਿਆਸੀ ਪਾਰਟੀਆਂ ਅਤੇ ਲੋਕਾਂ ਨੇ ਇਸ ਨੂੰ ਆਮ ਮੇਲਾ ਬਣਾ ਕੇ ਰੱਖ ਦਿੱਤਾ। ਇਸ ਮੌਕੇ ਲਾਊਡ ਸਪੀਕਰਾਂ ਦੀ ਆਵਾਜ਼ ਦੇ ਪ੍ਰਦੂਸ਼ਣ ਨਾਲ ਇਹ ਪਵਿੱਤਰ ਸਥਾਨ ਹਾਲੋਂ ਬੇਹਾਲ ਹੋ ਗਿਆ। ਇਸ ੳੱਤੇ ਡਿਪਟੀ ਕਮਿਸ਼ਨਰ ਨੇ ਸ਼੍ਰੋਮਣੀ ਕਮੇਟੀ ਅਤੇ ਸਰਕਾਰ  ਨਾਲ ਗੱਲਬਾਤ ਕਰਕੇ ਸਖ਼ਤ ਸਟੈਂਡ ਲੈ ਲਿਆ ਅਤੇ ਲਾਊਡ ਸਪੀਕਰਾਂ ਦੇ ਪ੍ਰਦੂਸ਼ਣ ਨੂੰ ਬਿਲਕੁਲ ਬੰਦ ਕਰ ਕੇ ਇਸ ਉਤੇ ਪਾਬੰਦੀ ਲਗਾ ਦਿੱਤੀ। ਇਸ ਨੂੰ ਹਰ ਇੱਕ ਨੇ ਸਲਾਹਿਆ। ਹੁਣ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਜੇ ਇਹ ਸਭ ਕੁਝ ਬੰਦ ਹੋ ਸਕਦਾ ਹੈ ਫਿਰ ਅਜਿਹੀਆਂ ਰਾਜਨੀਤਕ ਕਾਨਫ਼ਰੰਸਾਂ ਕਿਉਂ ਨਹੀਂ ਬੰਦ ਹੋ ਸਕਦੀਆਂ ਜਿਨ੍ਹਾਂ ਵਿੱਚ ਅਸੱਭਿਅਕ ਭਾਸ਼ਾ ਵਰਤਣ ਦੇ ਨਾਲ-ਨਾਲ ਇੱਕ-ਦੂਜੇ ਉਤੇ ਚਿੱਕੜ ਉਛਾਲਿਆ ਜਾਂਦਾ ਹੈ। ਇਨ੍ਹਾਂ ਕਾਨਫ਼ਰੰਸਾਂ ਨੂੰ ਕਰਵਾਉਣ ਅਤੇ ਇਨ੍ਹਾਂ ਲਈ ਲਾਉਡ ਸਪੀਕਰ ਲਗਾਉਣ ਦੀ ਮਨਜ਼ੂਰੀ ਵੀ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੀ ਹਦੂਦ ਅੰਦਰ ਆਉਂਦੇ ਸ਼ਰਾਬ ਦੇ ਠੇਕਿਆਂ ਬੰਦ ਕਿਉਂ ਨਹੀਂ ਕੀਤਾ ਜਾਂਦਾ, ਜਿਨ੍ਹਾਂ ਨੂੰ ਸਿਰਫ਼ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਸਿਰਫ਼ ਤਿੰਨ ਦਿਨਾਂ ਲਈ ਬੰਦ ਕੀਤਾ ਜਾਂਦਾ ਹੈ। ਇੱਥੋਂ ਦੇ ਵਿਕਾਸ ਦੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ਦਾ ਵਿਕਾਸ ਲੀਹ ਤੋਂ ਉੱਤਰ ਚੁੱਕਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ’ਚ ਸਾਲ 1992 ਦੌਰਾਨ ਇਸ ਨੂੰ ਜ਼ਿਲ੍ਹਾ ਬਣਾਇਆ ਗਿਆ ਸੀ। ਤਕਰੀਬਨ 19 ਸਾਲ ਬੀਤਣ ਮਗਰੋਂ ਇਸ ਜ਼ਿਲ੍ਹੇ ਦਾ ਜਿੰਨਾ ਵਿਕਾਸ ਹੋਣਾ ਚਾਹੀਦਾ ਸੀ, ਉਹ ਨਹੀਂ ਹੋ ਸਕਿਆ। ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ: ਇਸ ਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਨੂੰ ਨਵਾਬ ਵਜ਼ੀਰ ਖ਼ਾਨ ਦੇ ਹੁਕਮ ’ਤੇ ਸ਼ਹੀਦ ਕੀਤਾ ਗਿਆ ਸੀ। ਇਸ ਸ਼ਹੀਦੀ ਅਸਥਾਨ ਦੇ ਦਰਸ਼ਨ ਕਰਨ ਲਈ ਯਾਤਰੀ ਦੂਰ-ਦੂਰ ਤੋਂ ਆ ਕੇ ਨਤਮਸਤਕ ਹੁੰਦੇ ਹਨ। ਗੁਰਦੁਆਰਾ ਸ੍ਰੀ ਭੋਰਾ ਸਾਹਿਬ: ਇਤਿਹਾਸਕ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਹੇਠਲੇ ਹਿੱਸੇ ਵਿੱਚ ਤਹਿਖਾਨੇ ਦੀ ਸ਼ਕਲ ਵਿੱਚ ਇਹ ਭੋਰਾ ਬਣਿਆ ਹੋਇਆ ਹੈ। ਇੱਥੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ। ਮਹਾਰਾਜਾ ਕਰਮ ਸਿੰਘ ਤੋਂ ਬਾਅਦ ਉਨ੍ਹਾਂ ਦੇ ਪੜਪੋਤਰੇ ਮਹਾਰਾਜਾ ਰਾਜਿੰਦਰ ਸਿੰਘ ਸਮੇਂ ਇਸ ਸਥਾਨ ਬਾਰੇ ਪਤਾ ਲੱਗਿਆ। ਰਾਜਾ ਗੁਰਦਿਤ ਸਿੰਘ ਚੇਤਗੜ੍ਹ ਦੇ ਯਤਨਾਂ ਨਾਲ ਇਸ ਦੀ ਮੁਰੰਮਤ ਹੋਈ ਅਤੇ ਇਸ ਸਥਾਨ ਉਪਰ ਅੱਜ ਵੀ ਉਹ ਇਤਿਹਾਸਕ ਦੀਵਾਰ ਸਾਹਿਬਜ਼ਾਦਿਆਂ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਇਤਿਹਾਸ ਮੁਤਾਬਕ ਬਾਬਾ ਆਲਾ ਸਿੰਘ ਨੇ 12 ਮਿਸਲਾਂ ਤੇ ਸਿੰਘਾਂ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕਿਲ੍ਹਾ ਸਰਹਿੰਦ ਦੇ ਅਸਥਾਨ ’ਤੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਨੀਂਹ ਰਖਵਾਈ ਅਤੇ ਸੇਵਾ ਸੰਭਾਲ ਲਈ ਪੰਜ ਹਜ਼ਾਰ ਵਿੱਘੇ ਜ਼ਮੀਨ ਦਾ ਚੱਕ ਦਿੱਤਾ। ਸਰਹਿੰਦ ਦਾ ਸ਼ਾਹੀ ਕਿਲ੍ਹਾ ਢਹਿ-ਢੇਰੀ ਹੋਣ ਤੋਂ ਬਾਅਦ ਇਹ ਥਾਂ ਫ਼ਤਿਹਗੜ੍ਹ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੋਈ। ਬਾਅਦ ਵਿੱਚ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਵਾਈ ਅਤੇ ਲੰਗਰ ਚਾਲੂ ਕਰਵਾਇਆ। ਇਸ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਾਫ਼ੀ ਜਮੀਨ ਇਸ ਸਥਾਨ ਲਈ ਦਿੱਤੀ। ਗੁਰਦੁਆਰਾ ਜੋਤੀ ਸਰੂਪ ਸਾਹਿਬ: ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਜਗ੍ਹਾ ਲਈ ਸੀ। ਦੁਨੀਆਂ ਦੀ ਸਭ ਤੋਂ ਕੀਮਤੀ ਥਾਂ ਇਹ ਹੀ ਹੈ। ਇਸ ਥਾਂ ’ਤੇ ਮਾਤਾ ਗੁਜਰੀ ਤੇ ਦੋਵਾਂ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ। ਕੁਝ ਇਤਿਹਾਸਕਾਰਾਂ ਮੁਤਾਬਕ ਮਹਾਰਾਜਾ ਕਰਮ ਸਿੰਘ ਪਟਿਆਲਾ ਨੂੰ ਸੁਪਨੇ ਵਿੱਚ ਇਸ ਥਾਂ ਬਾਰੇ ਸੰਕੇਤ ਹੋਇਆ ਸੀ ਅਤੇ ਇਸ ਥਾਂ ਦੀ ਖੁਦਾਈਂ ਕਰਨ ’ਤੇ ਤਿੰਨ ਵੱਖ-ਵੱਖ ਘੜਿਆਂ ਵਿੱਚ ਮਾਤਾ ਗੁਜਰੀ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਮਿਲੀਆਂ ਸਨ, ਜਿਸ ਕਾਰਨ ਉਨ੍ਹਾਂ ਨੇ ਇਸ ਸਥਾਨ ’ਤੇ ਯਾਦਗਾਰ ਕਾਇਮ ਕਰ ਦਿੱਤੀ। ਇਹ ਗੁਰਦੁਆਰਾ ਸਰਹਿੰਦ-ਚੰਡੀਗੜ੍ਹ ਮਾਰਗ ਤੇ ਸਥਿਤ ਹੈ ਅਤੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਤੋਂ ਇੱਕ ਮੀਲ ਦੂਰ ਹੈ। ਬੁਰਜ ਮਾਤਾ ਗੁਜਰੀ ਜੀ: ਇਹ ਸਥਾਨ ਬੁਰਜ ਦੀ ਸ਼ਕਲ ਵਿੱਚ ਬਣਿਆ ਹੋਇਆ ਹੈ ਜੋ ਗੁਰਦੁਆਰੇ ਤੋਂ ਉੱਤਰ-ਪੱਛਮ ਵੱਲ 50 ਗਜ਼ ਦੀ ਵਿੱਥ ’ਤੇ ਹੈ। ਪਹਿਲਾਂ ਇਸ ਸਥਾਨ ਦਾ ਨਾਂ ਠੰਢੇ ਬੁਰਜ ਨਾਲ ਮਸ਼ਹੂਰ ਸੀ ਕਿਉਂਕਿ ਨਵਾਬ ਵਜ਼ੀਰ ਖ਼ਾਨ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਠੰਢੇ ਬੁਰਜ ਵਿੱਚ ਪੋਹ ਦੇ ਮਹੀਨੇ ਕੜਾਕੇ ਦੀ ਠੰਢ ਵਿੱਚ ਤਸੀਹੇ ਦੇਣ ਲਈ ਰੱਖਿਆ ਸੀ। ਮਾਤਾ ਜੀ ਨੇ ਇੱਥੋਂ ਹੀ ਆਪਣੇ ਪੋਤਰਿਆਂ ਨੂੰ ਲਗਾਤਾਰ ਤਿੰਨ ਦਿਨ ਦੇਸ਼, ਕੌਮ ਅਤੇ ਧਰਮ ਦੀ ਰਾਖੀ ਲਈ ਸਿੱਖਿਆ ਦੇ ਕੇ ਨਵਾਬ ਦੀ ਕਚਹਿਰੀ ਵਿੱਚ ਭੇਜਿਆ ਸੀ। ਇੱਥੇ ਹੀ ਬਾਬਾ ਮੋਤੀ ਰਾਮ ਮਹਿਰਾ ਨੇ ਇਨ੍ਹਾਂ ਮਹਾਨ ਜ਼ਿੰਦਾਂ ਨੂੰ ਗਰਮ ਦੁੱਧ ਪਿਲਾਇਆ ਸੀ ਅਤੇ ਇੱਥੇ ਹੀ ਮਾਤਾ ਗੁਜਰੀ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਪਹਿਲਾਂ ਇਹ ਬੁਰਜ ਪੁਰਾਣੇ ਢੰਗ ਦਾ ਸੀ। ਸਿੰਘਾਂ ਦੇ ਹਮਲਿਆਂ ਸਮੇਂ ਇਹ ਖ਼ਤਮ ਹੋ ਗਿਆ ਅਤੇ ਬਾਅਦ ਵਿੱਚ ਮਹਾਰਾਜਾ ਪਟਿਆਲਾ ਨੇ ਦਰਬਾਰ ਸਾਹਿਬ ਫ਼ਤਹਿਗੜ੍ਹ ਸਾਹਿਬ ਦੀ ਨਵੀਂ ਉਸਾਰੀ ਸ਼ੁਰੂ ਕਰਵਾਈ ਅਤੇ ਉਦੋਂ ਹੀ ਇਸ ਨੂੰ ਮੁੜ-ਸੁਰਜੀਤ ਕੀਤਾ ਗਿਆ। ਇਸ ਬੁਰਜ ਦੇ ਨਾਲ ਹੀ ਮਾਤਾ ਗੁਜਰੀ ਜੀ ਦਾ ਪਵਿੱਤਰ ਸ਼ਹੀਦੀ ਗੁਰਦੁਆਰਾ ਹੈ। ਉਸ ਦੇ ਸਾਹਮਣੇ ਹੇਠਲੇ ਪਾਸੇ ਸੁੰਦਰ ਡਿਉੜੀ ਹੈ ਜਿਸ ਵਿੱਚ ਉਪਰ ਨੂੰ ਪੌੜੀਆਂ ਹਨ, ਅੱਗੇ ਮਾਤਾ ਜੀ ਦਾ ਸ਼ਹੀਦ ਗੰਜ ਹੈ, ਜਿਸ ਵਿੱਚ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈ। ਗੁਰਦੁਆਰਾ ਸ਼ਹੀਦ ਗੰਜ: ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਖ਼ਾਤਰ ਹੋਈ ਜੰਗ ਸਮੇਂ ਹਜ਼ਾਰਾਂ ਸਿੰਘ ਸ਼ਹੀਦ ਹੋਏ ਸਨ। ਉਨ੍ਹਾਂ ਦਾ ਸਸਕਾਰ ਇਸ ਥਾਂ ’ਤੇ ਕੀਤਾ ਗਿਆ ਸੀ। ਇਸ ਲਈ ਇਸ ਥਾਂ ਦਾ ਨਾਮ ਸ਼ਹੀਦ ਗੰਜ ਪੈ ਗਿਆ। ਇਹ ਸਥਾਨ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਅੰਦਰ ਪ੍ਰਕਰਮਾ ਵਿੱਚ ਹੈ। ਇਸੇ ਤਰ੍ਹਾਂ ਸਰਹਿੰਦ-ਬਸੀ ਪਠਾਣਾ ਸੜਕ ਉਪਰ ਗੁਰਦੁਆਰਾ ਰੱਥ ਸਾਹਿਬ ਬਣਿਆ ਹੋਇਆ ਹੈ, ਕਿਹਾ ਜਾਂਦਾ ਹੈ ਕਿ ਜਦੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਲਿਜਾਇਆ ਜਾ ਰਿਹਾ ਸੀ ਤਾਂ ਰੱਥ ਰੁਕਿਆ ਸੀ। ਥੜ੍ਹਾ ਸਾਹਿਬ ਪਾਤਸ਼ਾਹੀ ਛੇਵੀਂ, ਸਰਹਿੰਦ-ਫ਼ਤਿਹਗੜ੍ਹ ਸਾਹਿਬ ਰੋਡ ’ਤੇ ਖੱਬੇ ਪੁਲ ਦੇ ਕੋਲ ਹੈ। ਕਿਹਾ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਜੀ ਇਸ ਥਾਂ ਮਾਲਵੇ ਦੇ ਦੌਰੇ ਸਮੇਂ ਰੁਕੇ ਸਨ। ਜਦੋਂ ਮੁਗਲ ਹਕੂਮਤ ਵੱਲੋਂ ਦੇਸ਼ ’ਤੇ ਜ਼ੁਲਮ ਕੀਤੇ ਜਾ ਰਹੇ ਸਨ ਅਤੇ ਲਾਹੌਰ ਦੇ ਸੂਬਾ ਨਵਾਬ ਖ਼ਾਨ ਨੇ ਸ਼ਹੀਦ ਸਿੰਘਾਂ ਦੇ ਸਿਰਾਂ ਦੇ ਗੱਡੇ ਭਰ ਕੇ ਸਰਹਿੰਦ ਦੇ ਕੋਲ ਰੋਕ ਲਏ ਸਨ ਤਾਂ ਸ਼ਹੀਦ ਸਿੰਘਾਂ ਦੇ ਸਿਰਾਂ ਦਾ ਇੱਥੇ ਸਸਕਾਰ ਕੀਤਾ ਗਿਆ। ਪਹਿਲਾਂ ਇਸ ਸਥਾਨ ’ਤੇ ਸਧਾਰਨ ਮੰਜੀ ਸਾਹਿਬ ਬਣਿਆ ਹੋਇਆ ਸੀ ਪਰ ਬਾਅਦ ਵਿੱਚ ਇਸ ਥਾਂ ’ਤੇ ਵੀ ਗੁਰਦੁਆਰੇ ਦੀ ਸ਼ਾਨਦਾਰ  ਇਮਾਰਤ ਬਣਾਈ ਗਈ। ਸਰਹਿੰਦ-ਬਸੀ ਪਠਾਣਾਂ ਵਾਲੀ ਸੜਕ ਤੋਂ ਪਾਰ ਬਹਾਦਰਗੜ੍ਹ ਦੀ ਜ਼ਮੀਨ ਵਿੱਚ ਦਰਗਾਹ ਹਜ਼ਰਤ ਮੁਜ਼ੱਦਦ ਆਲਿਫਸਾਨੀ ਦੇ ਨਜ਼ਦੀਕ ਸਰਹਿੰਦ ਨੂੰ ਫ਼ਤਹਿ ਕਰਨ ਸਮੇਂ ਦੁਸ਼ਮਣ ਦਾ ਟਾਕਰਾ ਕਰਦੇ ਹੋਏ ਜਥੇਦਾਰ ਸੁੱਖਾ ਸਿੰਘ ਸ਼ਹੀਦ ਹੋਏ ਸਨ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਸ ਥਾਂ ’ਤੇ ਪਹਿਲਾਂ ਸਰਹਿੰਦ ਦੇ ਕੋਤਵਾਲ ਦਾ ਮਕਾਨ ਸੀ ਜੋ ਬਾਅਦ ਵਿੱਚ ਢਹਿ-ਢੇਰੀ ਹੋ ਗਿਆ। ਇਸ ਗੁਰਦੁਆਰੇ ਦੇ ਨਾਂ ਪਿੰਡ ਰਾਜਗੜ੍ਹ ਛੰਨਾ ਦੀ 100 ਵਿੱਘੇ ਜ਼ਮੀਨ ਵੀ ਲੱਗੀ ਹੋਈ ਹੈ। ਗੁਰਦੁਆਰਾ ਮੋਤੀ ਰਾਮ ਮਹਿਰਾ: ਬਾਬਾ ਮੋਤੀ ਰਾਮ ਮਹਿਰਾ, ਸੂਬਾ ਸਰਹਿੰਦ ਨਵਾਬ ਵਜ਼ੀਰ ਖ਼ਾਨ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ ਅਤੇ ਹਿੰਦੂ ਕੈਦੀਆਂ ਨੂੰ ਲੰਗਰ ਛਕਾਉਣ ਦੀ ਇਸ ਦੀ ਜ਼ਿੰਮੇਵਾਰੀ ਸੀ। ਉਹ ਗੁਰੂ-ਘਰ ਦੇ ਸ਼ਰਧਾਲੂ ਸਨ ਅਤੇ ਆਪਣੇ ਘਰ ਆਏ ਸਿੰਘਾਂ ਨੂੰ ਲੰਗਰ ਛਕਾਉਣਾ ਧਰਮ ਸੇਵਾ ਸਮਝਦੇ ਸੀ। ਸ੍ਰੀ ਆਨੰਦਪੁਰ ਸਾਹਿਬ ਨੂੰ ਜਾਂਦੇ ਮਾਲਵੇ ਦੇ ਸਿੱਖ ਉਨ੍ਹਾਂ ਕੋਲ ਰਾਤ ਨੂੰ ਠਹਿਰਦੇ ਸਨ। ਮੋਰਿੰਡਾ ਦੇ ਹਾਕਮ ਨੇ ਜਦੋਂ ਦੋਵੇਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਕੋਲ ਲਿਆਂਦਾ ਤਾਂ ਇਨ੍ਹਾਂ ਨੂੰ ਠੰਢੇ ਬੁਰਜ਼ ਵਿੱਚ ਕੈਦ ਕਰ ਦਿੱਤਾ। ਬਾਬਾ ਮੋਤੀ ਰਾਮ ਮਹਿਰਾ ਬਰਦਾਸ਼ਤ ਨਾ ਕਰ ਸਕੇ ਕਿ ਦੋ ਨਿੱਕੇ-ਨਿੱਕੇ ਬਾਲ ਅਤੇ ਬਿਰਧ ਮਾਤਾ ਭੁੱਖੇ-ਭਾਣੇ ਰਾਤ ਬਤੀਤ ਕਰਨ। ਘਰ ਵਾਲੀ ਨਾਲ ਵਿਚਾਰ ਕਰਕੇ ਘਰੋਂ ਦੁੱਧ ਦਾ ਗੜਵਾ ਕੋਰੇ ਭਾਂਡੇ ਵਿੱਚ ਜਲ ਅਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇਣ ਲਈ ਘਰਵਾਲੀ ਦੇ ਗਹਿਣੇ ਲੈ ਕੇ ਠੰਢੇ ਬੁਰਜ ਵਿੱਚ ਪੁੱਜੇ ਅਤੇ ਉਨ੍ਹਾਂ ਨੂੰ ਦੁੱਧ ਛਕਾਇਆ। ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਵੀ ਰੋਜ਼ਾ ਸਰੀਫ਼ ਦੇ ਨਜ਼ਦੀਕ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਬਣਾਇਆ ਗਿਆ ਹੈ ਜੋ ਇਸ ਮਹਾਨ ਯੋਧੇ ਦੀ ਯਾਦ ਤਾਜ਼ਾ ਕਰਵਾਉਂਦਾ ਰਹੇਗਾ। ਇਹ ਇਤਿਹਾਸਕ ਸਥਾਨ 27 ਅਕਤੂਬਰ 1985 ਨੂੰ ਕਾਇਮ ਕੀਤਾ ਗਿਆ। ਗੁਰਦੁਆਰਾ ਬਿਮਾਨਗੜ੍ਹ ਸਾਹਿਬ: ਇਹ ਸਥਾਨ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਪੂਰਬ ਵੱਲ ਸਥਿਤ ਹੈ। ਇਤਿਹਾਸਕਾਰਾਂ ਮੁਤਾਬਕ ਸ਼ਹੀਦੀ ਮਗਰੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਬਿਮਾਨ ਇੱਥੇ ਰੱਖੇ ਗਏ ਸਨ। ਇੱਥੇ ਵੀ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਭਾਈ ਟੋਡਰ ਮੱਲ ਦੀਵਾਨ ਹਾਲ: ਇਸ ਦੀਵਾਨ ਹਾਲ ਦੀ ਸੇਵਾ ਸੰਤ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਕਰਵਾਈ ਗਈ। ਇੱਥੇ ਹਰ ਸੰਗਰਾਂਦ, ਸਲਾਨਾ ਸ਼ਹੀਦੀ ਜੋੜ ਮੇਲੇ ਸਮੇਂ ਅਤੇ ਹੋਰ ਦਿਨਾਂ ਨੂੰ ਵੱਡੇ ਸਮਾਗਮ ਹੁੰਦੇ ਅਤੇ ਦੀਵਾਨ ਸਜਦੇ ਹਨ। ਦੀਵਾਨ ਟੋਡਰ ਮੱਲ ਦੀ ਜਹਾਜ਼ ਨੁਮਾ ਹਵੇਲੀ ਅੱਜ ਵੀ ਮੌਜੂਦ ਹੈ, ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਯਾਦਗਾਰ ਬਣਾਈ ਜਾ ਰਹੀ ਹੈ। ਬਾਕੀ ਧਰਮਾਂ ਦੇ ਸਥਾਨ: ਮੁਸਲਮਾਨਾਂ ਦਾ ਦੂਜਾ ਮੱਕਾ ਸਮਝਿਆ ਜਾਂਦਾ ਰੋਜ਼ਾ ਸ਼ਰੀਫ਼ ਵੀ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਨੇੜੇ ਹੀ ਸਥਿਤ ਹੈ। ਇਸੇ ਤਰ੍ਹਾਂ ਸਰਹਿੰਦ-ਚੰਡੀਗੜ੍ਹ ਮਾਰਗ ਉਪਰ ਜੈਨ ਧਰਮ ਨਾਲ ਸਬੰਧਤ ਮਾਤਾ ਚਕੇਸ਼ਵਰੀ ਦੇਵੀ ਦਾ ਮੰਦਰ ਹੈ।

ਜ਼ੁਲਮ ਦੀ ਹਨੇਰੀ ਝੁੱਲਣ ਸਮੇਂ ਸਰਹਿੰਦ ਵਿੱਚ ਤਿੰਨ ਅਜਿਹੀਆਂ ਹਸਤੀਆਂ ਮੌਜੂਦ ਸਨ ਜਿਨ੍ਹਾਂ ਨੇ ਮਾਨਵਤਾ ਨੂੰ ਸ਼ਰਮਸਾਰ ਹੋਣ ਤੋਂ ਬਚਾਇਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਾਰੀ ਕੌਮ ਉਨ੍ਹਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ। ਇਤਿਹਾਸਕ ਯਾਦਗਾਰਾਂ ਨੂੰ ਸਾਂਭਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਣਾ ਲੈ ਸਕਣ।

ਗੁਰ ਕ੍ਰਿਪਾਲ ਸਿੰਘ ਅਸ਼ਕ,ਜਸਵੀਰ ਸਿੰਘ ਉਪੱਲ, ਭੂਸ਼ਨ ਸੂਦ ਅਤੇ ਰਮਨੀਤ ਕੌਰ ਟਿਵਾਣਾ ਦੀਆਂ ਰਿਪੋਰਟਾਂ ’ਤੇ ਅਧਾਰਿਤ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All