ਨਿਹੰਗ ਗਊਆਂ ਲੈ ਕੇ ਮੁੜੇ; ਪ੍ਰਸ਼ਾਸਨ ਨੂੰ ਕੈਂਪਸ ਦੀ ਸਫ਼ਾਈ ਦਾ ਫ਼ਿਕਰ

ਪਾਲ ਸਿੰਘ ਨੌਲੀ ਜਲੰਧਰ, 18 ਨਵੰਬਰ

ਯੂਨੀਵਰਸਿਟੀ ਕੈਂਪਸ ਵਿਚ ਡੱਕੀਆਂ ਹੋਈਆਂ ਗਊਆਂ। -ਫੋਟੋ :ਪੰਜਾਬੀ ਟ੍ਰਿਬਿਊਨ

ਮੁੰਡੀ ਮੋੜ ਨੇੜੇ ਯੂਨੀਵਰਸਿਟੀ ਕੈਂਪਸ ਵਿਚ ਡੱਕੀਆਂ ਗਊਆਂ ਨੂੰ ਨਿਹੰਗ ਸਿੰਘ ਅੱਜ ਬਾਅਦ ਦੁਪਹਿਰ ਵਾਪਸ ਬਾਬਾ ਬਕਾਲਾ ਲੈ ਗਏ। ਨਿਹੰਗ ਸਿੰਘਾਂ ਨੇ ਇਹ ਗਊਆਂ ਖੁਖਰੈਣ ਵੱਲ ਦੀ ਢਿੱਲਵਾਂ ਦੇ ਰਾਹ ਪਾ ਕੇ ਅਗਲੀ ਮੰਜ਼ਲ ਵੱਲ ਤੋਰੀਆਂ। ਪਿਛਲੇ ਤਿੰਨ ਚਾਰ ਦਿਨਾਂ ਤੋਂ ਕਪੂਰਥਲਾ ਜ਼ਿਲ੍ਹਾ ਦੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਸੀ ਕਿ ਆਖਰ ਉਹ ਇਨ੍ਹਾਂ ਗਊਆਂ ਨੂੰ ਵਾਪਸ ਮੋੜਨ ਲਈ ਨਿਹੰਗ ਸਿੰਘਾਂ ਨੂੰ ਕਿਵੇਂ ਮਨਾਉਣ। ਪ੍ਰਸ਼ਾਸਨ ਨਾਲ ਹੋਏ ਸਮਝੌਤੇ ਮੁਤਾਬਕ ਤਿੰਨ-ਚਾਰ ਹਫਤਿਆਂ ਲਈ ਇਨ੍ਹਾਂ ਗਊਆਂ ਲਈ ਚਾਰਾ ਮੁਹੱਈਆ ਕਰਵਾਇਆ ਜਾਣਾ ਹੈ। ਜ਼ਿਕਰਯੋਗ ਹੈ ਕਿ ਨਿਹੰਗ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਗਊਆਂ ਨੂੰ ਬਾਬਾ ਬਕਾਲਾ ਤੋਂ ਸੁਲਤਾਨਪੁਰ ਲੋਧੀ ਲੈ ਕੇ ਆਉਂਦੇ ਹਨ। ਇਸ ਵਾਰ ਇਨ੍ਹਾਂ ਨਿਹੰਗ ਸਿੰਘਾਂ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਸੰਗਤ ਵੱਡੀ ਗਿਣਤੀ ’ਚ ਹੋਵੇਗੀ ਜਿਸ ਨਾਲ ਉਥੇ ਰਹਿਣ ਦੀ ਵੀ ਸਮੱਸਿਆ ਬਣ ਜਾਵੇਗੀ। ਇਸੇ ਕਰ ਕੇ ਨਿਹੰਗ ਸਿੰਘ ਪ੍ਰਕਾਸ਼ ਪੁਰਬ ਤੋਂ ਬਾਅਦ ਹੀ 8000 ਦੇ ਕਰੀਬ ਗਊਆਂ ਲੈ ਕੇ ਆਏ ਸਨ ਜਿਸ ਕਾਰਨ ਪ੍ਰਸ਼ਾਸਨ ਨੂੰ ਪ੍ਰੇਸ਼ਾਨੀ ਝੱਲਣੀ ਪਈ। ਮੁੰਡੀ ਮੋੜ ਨੇੜੇ ਇਨ੍ਹਾਂ ਗਊਆਂ ਨੂੰ ਯੂਨੀਵਰਸਿਟੀ ਕੈਂਪਸ ਵਿਚ ਵਾੜ ਕੇ ਆਲੇ ਦੁਆਲੇ ਵੱਡੀ ਪੱਧਰ ’ਤੇ ਪੁਲੀਸ ਦੇ ਜਵਾਨ ਤਾਇਨਾਤ ਕਰ ਦਿੱਤੇ ਸਨ। ਨਿਹੰਗ ਸਿੰਘਾਂ ਤੇ ਪ੍ਰਸ਼ਾਸਨ ਵਿਚ ਹੋਏ ਸਮਝੌਤੇ ਤੋਂ ਬਾਅਦ ਇਹ ਗਊਆਂ ਨੂੰ ਵਾਪਸ ਬਾਬਾ ਬਕਾਲਾ ਨੂੰ ਭੇਜ ਦਿੱਤਾ ਗਿਆ। ਪਿਛਲੇ ਤਿੰਨ ਦਿਨਾਂ ਯੂਨੀਵਰਸਿਟੀ ਕੈਂਪਸ ਵਿਚ ਡੱਕੀਆਂ ਗਊਆਂ ਨੇ ਉਥੇ ਲੱਗੇ ਫੁੱਲ ਬੂਟੇ ਖਾ ਲਏ ਅਤੇ ਕੈਂਪਸ ਗੋਹੇ ਨਾਲ ਭਰ ਗਿਆ। ਐਸਡੀਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਦੀ ਸਫਾਈ ਕਰਨ ਨੂੰ ਕਈ ਦਿਨ ਲੱਗ ਜਾਣਗੇ। ਇਲਾਕੇ ਦੇ ਕਈ ਲੋਕ ਇਨ੍ਹਾਂ ਗਊਆਂ ਲਈ ਚਾਰਾ ਵੀ ਲੈ ਕੇ ਆਏ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All